ਪ੍ਰਸ਼ਾਸਕ ਨੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ
ਮੁਕੇਸ਼ ਕੁਮਾਰ
ਚੰਡੀਗੜ੍ਹ, 3 ਅਕਤੂਬਰ
ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਚੰਡੀਗੜ੍ਹ ਹਾਊਸਿੰਗ ਬੋਰਡ ਵਿੱਚ ਕਲਰਕ ਦੀਆਂ 46 ਅਸਾਮੀਆਂ ਅਤੇ ਸਥਾਨਕ ਆਡਿਟ ਵਿਭਾਗ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਜੂਨੀਅਰ ਆਡੀਟਰ ਦੀਆਂ 29 ਅਸਾਮੀਆਂ ਲਈ ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਬਨਵਾਰੀ ਲਾਲ ਪੁਰੋਹਿਤ ਨੇ ਸਖ਼ਤ ਚੋਣ ਪ੍ਰਕਿਰਿਆ ਨੂੰ ਸਫਲਤਾਪੂਰਵਕ ਪੂਰਾ ਕਰਨ ਵਾਲੇ ਉਮੀਦਵਾਰਾਂ ਨੂੰ ਵਧਾਈ ਵੀ ਦਿੱਤੀ। ਇਹ ਨਿਯੁਕਤੀ ਪੱਤਰ ਚੰਡੀਗੜ੍ਹ ਹਾਊਸਿੰਗ ਬੋਰਡ ਵਿੱਚ ਕਲਰਕ ਦੀਆਂ 46 ਅਸਾਮੀਆਂ ਅਤੇ ਸਥਾਨਕ ਆਡਿਟ ਵਿਭਾਗ ਚੰਡੀਗੜ੍ਹ ਪ੍ਰਸ਼ਾਸਨ ਵਿੱਚ 29 ਜੂਨੀਅਰ ਆਡੀਟਰ ਦੀਆਂ ਅਸਾਮੀਆਂ ਲਈ ਅਰਜ਼ੀਆਂ ਮੰਗਣ ਵਾਲੇ ਇੱਕ ਜਨਤਕ ਨੋਟਿਸ ਦੇ ਬਾਅਦ ਇੱਕ ਸੁਚੱਜੀ ਭਰਤੀ ਪ੍ਰਕਿਰਿਆ ਦੇ ਸਫਲ ਉਮੀਦਵਾਰਾਂ ਨੂੰ ਵੰਡੇ ਗਏ। ਇਸ ਮੌਕੇ ਬਨਵਾਰੀ ਲਾਲ ਪੁਰੋਹਿਤ ਨੇ ਨਵ-ਨਿਯੁਕਤ ਕਰਮਚਾਰੀਆਂ ਨੂੰ ਭਵਿੱਖ ਦੀਆਂ ਭੂਮਿਕਾਵਾਂ ਵਿੱਚ ਪੂਰੀ ਪਾਰਦਰਸ਼ਤਾ, ਸਮਰਪਣ, ਇਮਾਨਦਾਰੀ, ਸਮੇਂ ਦੇ ਪਾਬੰਦ ਹੋਣ ਅਤੇ ਜ਼ਿੰਮੇਵਾਰੀ ਨਾਲ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਚਰਿੱਤਰ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਜੇਕਰ ਪੈਸਾ ਗੁਆਚ ਜਾਵੇ ਤਾਂ ਕੁਝ ਨਹੀਂ ਗੁਆਚਦਾ ਪਰ ਜੇਕਰ ਚਰਿੱਤਰ ਗੁਆਚ ਜਾਵੇ ਤਾਂ ਸਭ ਕੁਝ ਗੁਆਚ ਜਾਂਦਾ ਹੈ। ਪ੍ਰਸ਼ਾਸਕ ਨੇ ਸਾਰੇ ਨਵੇਂ ਭਰਤੀ ਕੀਤੇ ਗਏ ਕਰਮਚਾਰੀਆਂ ਨੂੰ ਆਪਣੇ ਕੰਮ ਵਿੱਚ ਤਨ-ਮਨ ਲਾਉਣ ਲਈ ਪ੍ਰੇਰਿਤ ਕੀਤਾ ਅਤੇ ਅੰਤ ਵਿੱਚ ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲਿਆਂ ਨੂੰ ਹਾਰਦਿਕ ਵਧਾਈ ਦਿੱਤੀ। ਇਸ ਪ੍ਰੋਗਰਾਮ ਵਿੱਚ ਮੇਅਰ ਅਨੂਪ ਗੁਪਤਾ, ਪ੍ਰਸ਼ਾਸਕ ਦੇ ਸਲਾਹਕਾਰ ’ਤੇ ਸੀਐੱਚਬੀ ਦੇ ਚੇਅਰਮੈਨ ਧਰਮਪਾਲ, ਰਾਜਪਾਲ ਦੇ ਵਧੀਕ ਮੁੱਖ ਸਕੱਤਰ ਕੇ ਸ਼ਵਿ ਪ੍ਰਸਾਦ, ਗ੍ਰਹਿ ਸਕੱਤਰ ਨਿਤਨਿ ਯਾਦਵ, ਵਿੱਤ ਸਕੱਤਰ ਵਿਜੇ ਨਾਮਦੇਵ ਰਾਓ ਜੇਡੇ, ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਸੀਨੀਅਰ ਅਧਿਕਾਰੀ ਅਤੇ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ।
ਮ੍ਰਿਤਕ ਸਫ਼ਾਈ ਕਾਮਿਆਂ ਦੇ 30 ਆਸ਼ਰਿਤਾਂ ਨੂੰ ਨੌਕਰੀਆਂ ਦਿੱਤੀਆਂ
ਨਗਰ ਨਿਗਮ ਵੱਲੋਂ ਇੱਥੇ ਕਰਵਾਏ ਇੱਕ ਵੱਖਰੇ ਪ੍ਰੋਗਰਾਮ ਦੌਰਾਨ ਚੰਡੀਗੜ੍ਹ ਦੇ ਮੇਅਰ ਅਨੂਪ ਗੁਪਤਾ ’ਤੇ ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਅੱਜ ਆਊਟਸੋਰਸ ਰਾਹੀਂ ਭਰਤੀ ਮ੍ਰਿਤਕ ਸਫ਼ਾਈ ਕਰਮਚਾਰੀਆਂ ਦੇ 30 ਆਸ਼ਰਿਤਾਂ ਨੂੰ ਆਊਟਸੋਰਸ ਦੇ ਆਧਾਰ ’ਤੇ ਨਿਯੁਕਤੀ ਪੱਤਰ ਸੌਂਪੇ। ਇਸ ਮੌਕੇ ਮੇਅਰ ਅਨੂਪ ਗੁਪਤਾ ਨੇ ਕਿਹਾ ਕਿ ਨਗਰ ਨਿਗਮ ਦੇ ਮ੍ਰਿਤਕ ਸਫ਼ਾਈ ਸੇਵਕਾਂ ਦੇ ਪਰਿਵਾਰਾਂ ਨੂੰ ਸਮੇਂ ਸਿਰ ਸਹਾਇਤਾ ਦੇਣ ਦੀ ਅਹਿਮ ਲੋੜ ਨੂੰ ਸਮਝਦੇ ਹੋਏ ਪੀੜਿਤ ਪਰਿਵਾਰਾਂ ਨੂੰ ਨਗਰ ਨਿਗਮ ਨੇ ਆਊਟਸੋਰਸ ਦੇ ਆਧਾਰ ’ਤੇ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਇਹ ਕਦਮ ਚੁੱਕਿਆ ਹੈ। ਮੇਅਰ ਨੇ ਸਫ਼ਾਈ ਕਰਮਚਾਰੀਆਂ ਦਾ ਚੰਡੀਗੜ੍ਹ ਦੀ ਸਫ਼ਾਈ ਅਤੇ ਸਵੱਛਤਾ ਵਿੱਚ ਪਾਏ ਵੱਡਮੁੱਲੇ ਯੋਗਦਾਨ ਲਈ ਤਹਿ ਦਿਲੋਂ ਧੰਨਵਾਦ ਕੀਤਾ। ਨਗਰ ਨਿਗਮ ਕਮਿਸ਼ਨਰ ਆਨੰਦਿਤਾ ਮਿਤਰਾ ਨੇ ਸਫਾਈ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੀ ਜ਼ਰੂਰਤ ਦੇ ਸਮੇਂ ਵਿੱਚ ਤੁਰੰਤ ਅਤੇ ਪ੍ਰਭਾਵੀ ਸਹਾਇਤਾ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਆਪਣੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਦੀ ਭਲਾਈ ਲਈ ਨਗਰ ਨਿਗਮ ਦੇ ਸਮਰਪਣ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦਾ ਇਹ ਅਗਾਂਹਵਧੂ ਕਦਮ ਹੋਰਨਾਂ ਨਗਰ ਨਿਗਮਾਂ ਅਤੇ ਸੰਸਥਾਵਾਂ ਲਈ ਸ਼ਲਾਘਾਯੋਗ ਮਿਸਾਲ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਇੱਕ ਸਾਲ ਦੌਰਾਨ ਨਗਰ ਨਿਗਮ ਨੇ ਆਪਣੀ ਸਰਵ-ਵਿਆਪਕ ਮੌਤ ਬੀਮਾ ਯੋਜਨਾ ਰਾਹੀਂ 21 ਪਰਿਵਾਰਾਂ ਨੂੰ ਢਾਈ ਢਾਈ ਲੱਖ ਰੁਪਏ ਦੇ ਬੀਮੇ ਦੀ ਸਹਾਇਤਾ ਪ੍ਰਦਾਨ ਕੀਤੀ ਹੈ।