ਪ੍ਰਧਾਨ ਮੰਤਰੀ ਦੀ ਆਮਦ ਨੂੰ ਲੈ ਕੇ ਪ੍ਰਸ਼ਾਸਨ ਪੱਬਾਂ ਭਾਰ
ਪੀ.ਪੀ. ਵਰਮਾ
ਪੰਚਕੂਲਾ, 13 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 17 ਅਕਤੂਬਰ ਦੀ ਆਮਦ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ, ਹਰਿਆਣਾ ਵਿਕਾਸ ਅਥਾਰਿਟੀ( ਹੁੱਡਾ) ਤੇ ਨਗਰ ਨਿਗਮ ਪੱਬਾਂ ਭਾਰ ਹਨ। ਇਨ੍ਹਾਂ ਵਿਭਾਗਾਂ ਵੱਲੋਂ ਸ਼ਹਿਰ ਨੂੰ ਚਮਕਾਇਆ ਜਾ ਰਿਹਾ ਹੈ। ਸ਼ਹਿਰ ਦੇ ਕਈ ਚੌਕਾਂ ਨੂੰ ਭੰਨ ਤੋੜ ਕੇ ਦਰੁਸਤ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਨਗਰ ਨਿਗਮ ਸ਼ਹਿਰ ਵਿੱਚ ਸਫ਼ਾਈ ਦੇ ਕੰਮ ਵੱਲ ਵਿਸ਼ੇਸ਼ ਧਿਆਨ ਦੇ ਰਿਹਾ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ 17 ਅਕਤੂਬਰ ਨੂੰ ਭਾਜਪਾ ਸਰਕਾਰ ਦਾ ਹਲਫਦਾਰੀ ਸਮਾਗਮ ਪੰਚਕੂਲਾ ਦੇ ਸੈਕਟਰ-5 ਦੇ ਪਰੇਡ ਗਰਾਊਂਡ ਵਿੱਚ ਹੋ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਹਨ। ਸ੍ਰੀ ਸੈਣੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਅਤੇ ਹੋਰ ਵੀ ਕਈ ਕੇਂਦਰੀ ਮੰਤਰੀ ਇਸ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਪ੍ਰਧਾਨ ਮੰਤਰੀ ਦੇ ਪੰਚਕੂਲਾ ਆਉਣ ਨਾਲ ਹਰਿਆਣਾ ਭਾਜਪਾ ਬੜੀ ਉਤਸੁਕ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਵਿਧਾਨ ਸਭਾ ਚੋਣਾਂ ਵਿੱਚ 90 ਸੀਟਾਂ ਵਿੱਚੋਂ 48 ’ਤੇ ਭਾਜਪਾ ਜੇਤੂ ਰਹੀ ਹੈ ਜਦਕਿ ਕਾਂਗਰਸ ਨੂੰ 37 ਸੀਟਾਂ ਪ੍ਰਾਪਤ ਹੋਈਆਂ। ਚੋਣ ਜਿੱਤਣ ਵਾਲੇ ਤਿੰਨ ਆਜ਼ਾਦ ਉਮੀਦਵਾਰਾਂ ਨੇ ਵੀ ਭਾਜਪਾ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਹੈ। ਉਧਰ, ਪ੍ਰਧਾਨ ਮੰਤਰੀ ਦੀ ਆਮਦ ਨੂੰ ਲੈ ਕੇ ਡਾਇਰੈਕਟਰ ਜਨਰਲ ਪੁਲੀਸ ਸ਼ਤਰੂਜੀਤ ਕਪੂਰ, ਡੀਜੀਪੀ ਹਾਊਸਿੰਗ ਡਾ. ਆਰਸੀ ਮਿਸ਼ਰਾ, ਪੁਲੀਸ ਕਮਿਸ਼ਨਰ ਸੀ ਕਵੀ ਰਾਜ, ਡੀਸੀਪੀ ਪੰਚਕੂਲਾ ਹਿਮਾਦਰੀ ਕੌਸ਼ਿਕ ਕਈ ਵਾਰ ਸੈਕਟਰ 5 ਦੇ ਪਰੇਡ ਗਰਾਊਂਡ ਦਾ ਦੌਰਾ ਕਰ ਚੁੱਕੇ ਹਨ।