ਨਸ਼ਾ ਤਸਕਰਾਂ ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਬਣਾਏ ਘਰਾਂ 'ਤੇ ਪ੍ਰਸ਼ਾਸਨ ਨੇ ਚਲਾਇਆ ਪੀਲਾ ਪੰਜਾ
ਦੇਵਿੰਦਰ ਸਿੰਘ ਜੱਗੀ
ਪਾਇਲ, 1 ਮਈ
ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਚਲਾਈ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਜੰਗੀ ਪੱਧਰ ’ਤੇ ਜਾਰੀ ਹੈ। ਅੱਜ ਪਿੰਡ ਧਮੋਟ ਕਲਾਂ ’ਚ ਐੱਸਐੱਸਪੀ ਖੰਨਾ ਡਾ. ਜੋਤੀ ਯਾਦਵ ਬੈਂਸ ਦੀ ਅਗਵਾਈ ਹੇਠ ਤਿੰਨ ਨਸ਼ਾ ਤਸਕਰਾਂ ਦੇ ਘਰਾਂ ਤੇ ਪੀਲਾ ਪੰਜਾ ਚਲਾਇਆ ਗਿਆ। ਇਹ ਮਕਾਨ ਗਲਾਡਾ ਤੋਂ ਬਿਨਾਂ ਮੰਨਜ਼ੂਰੀ ਲਏ ਗੈਰ-ਕਾਨੂੰਨੀ ਢੰਗ ਨਾਲ ਬਣਾਏ ਹੋਏ ਸਨ। ਇਸ ਮੌਕੇ ਗਲਾਡਾ ਤੋਂ ਸਬ ਡਵੀਜ਼ਨਲ ਇੰਜਨੀਅਰ ਲੁਧਿਆਣਾ ਕਰਨ ਅਗਰਵਾਲ, ਗਲਾਡਾ ਤੋਂ ਜ਼ਿਲ੍ਹਾ ਨਗਰ ਯੋਜਨਾਕਾਰ ਰੈਗੂਲੇਟਰ ਲੁਧਿਆਣਾ ਹਰਪ੍ਰੀਤ ਸਿੰਘ ਬਾਜਵਾ ਅਤੇ ਨਾਇਬ ਤਹਿਸੀਲਦਾਰ (ਡਿਊਟੀ ਮੈਜਿਸਟਰੇਟ) ਸ੍ਰੀ ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ।
ਐੱਸਐੱਸਪੀ ਖੰਨਾ ਡਾ. ਜੋਤੀ ਯਾਦਵ ਬੈਂਸ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਜਾ ਰਹੀ ਹੈ ਅਤੇ ਨਸ਼ਿਆਂ ਦੇ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡ ਧਮੋਟ ਕਲਾਂ ਦੇ ਇਨ੍ਹਾਂ 3 ਪਰਿਵਾਰਾਂ ਦੇ ਮੈਂਬਰਾਂ ਵਿਰੁੱਧ ਆਈਪੀਸੀ, ਐੱਨਡੀਪੀਐੱਸ ਐਕਟ ਅਧੀਨ ਵੱਖ-ਵੱਖ ਕੇਸ ਦਰਜ ਹਨ। ਜਿਨ੍ਹਾਂ ਵਿਚ ਸਤਵਿੰਦਰ ਸਿੰਘ ਉਰਫ ਬੌਬੀ ਵਾਸੀ ਧਮੋਟ ਕਲਾਂ ’ਤੇ 6 ਪਰਚੇ, ਪਲਵਿੰਦਰ ਸਿੰਘ ਉਰਫ ਪੱਪੂ ਵਾਸੀ ’ਤੇ 6 ਪਰਚੇ, ਸਰਬਜੀਤ ਕੌਰ ਖ਼ਿਲਾਫ਼ 3 ਪਰਚੇ ਦਰਜ ਅਤੇ ਸਰਬਜੀਤ ਕੌਰ ਦੀ ਮਾਤਾ ਕਰਮਜੀਤ ਕੌਰ ਵਾਸੀ ਖ਼ਿਲਾਫ਼ ਵੀ 3 ਪਰਚੇ ਦਰਜ ਹਨ।
ਉਨ੍ਹਾਂ ਨਸ਼ਿਆਂ ਦੇ ਸੌਦਾਗਰਾਂ ਨੂੰ ਸਖਤ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਨਸ਼ੇ ਵੇਚਣ ਦਾ ਕੰਮ ਛੱਡ ਦੇਣ ਨਹੀਂ ਤਾਂ ਉਨ੍ਹਾਂ ਵਿਰੁੱਧ ਵੀ ਇਹੋ ਜਿਹੀ ਕਾਰਵਾਈ ਕੀਤੀ ਜਾਵੇਗੀ।
ਸੂਬਾ ਸਰਕਾਰ ਅਤੇ ਪ੍ਰਸ਼ਾਸਨ ਦੀ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਦੀ ਪਿੰਡ ਧਮੋਟ ਕਲਾਂ ਦੇ ਸਰਪੰਚ ਕਮਲਜੀਤ ਕੌਰ, ਪੰਚ ਅਮਨਦੀਪ ਸਿੰਘ, ਪੰਚ ਜਗਜੀਵਨ ਸਿੰਘ, ਪੰਚ ਗੁਰਦੀਪ ਸਿੰਘ, ਪੰਚ ਮਨਵੀਰ ਸਿੰਘ, ਪੰਚ ਹਰਪ੍ਰੀਤ ਸਿੰਘ, ਯਾਦਵਿੰਦਰ ਸਿੰਘ ਅਤੇ ਹੋਰ ਪਿੰਡ ਵਾਸੀਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਐੱਸਪੀ (ਐਚ) ਖੰਨਾ ਤੇਜਵੀਰ ਸਿੰਘ, ਡੀਐੱਸਪੀ (ਡੀ) ਮੋਹਿਤ ਸਿੰਗਲਾ, ਡੀਐੱਸਪੀ ਪਾਇਲ ਹੇਮੰਤ ਮਲਹੋਤਰਾ, ਐੱਸਐੱਚਓ ਸੰਦੀਪ ਕੁਮਾਰ, ਐਸਐਚਓ ਸਤਨਾਮ ਸਿੰਘ ਵੀ ਹਾਜ਼ਰ ਸਨ।