ਅਨਿਲ ਜੋਸ਼ੀ ਮੁੜ ਅਕਾਲੀ ਦਲ ’ਚ ਸ਼ਾਮਲ
ਗੁਰਿੰਦਰ ਸਿੰਘ
ਲੁਧਿਆਣਾ, 9 ਜੂਨ
ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਅੱਜ ਮੁੜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ। ਸੁਖਬੀਰ ਬਾਦਲ ਨੇ ਕਿਹਾ ਕਿ ਅਨਿਲ ਜੋਸ਼ੀ ਉਨ੍ਹਾਂ ਦੇ ਛੋਟੇ ਭਰਾ ਵਾਂਗ ਹਨ ਅਤੇ ਦੋਵਾਂ ਦੇ ਦੋ ਦਹਾਕਿਆਂ ਤੋਂ ਨਿੱਘੇ ਸਬੰਧ ਹਨ। ਸੁਖਬੀਰ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਪੰਜਾਬ ਤੇ ਪੰਜਾਬੀਅਤ ਲਈ ਜੋਸ਼ੀ ਨੇ ਮੁੜ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ ਹੈ।
ਉਧਰ ਜੋਸ਼ੀ ਨੇ ਕਿਹਾ, ‘‘ਸਮੇਂ ਦੀ ਲੋੜ ਹੈ ਕਿ ਅਸੀਂ ਉਸ ਖੇਤਰੀ ਪਾਰਟੀ ਨੂੰ ਮਜ਼ਬੂਤ ਕਰੀਏ ਜੋ ਪੰਜਾਬੀਆਂ ਦੀਆਂ ਆਸਾਂ ਮੁਤਾਬਕ ਪ੍ਰੋਗਰਾਮ ਤੇ ਨੀਤੀਆਂ ਬਣਾਉਂਦੀ ਹੈ।’’ ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਹੀ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਕੀਤੀ ਹੈ ਤੇ ਉਨ੍ਹਾਂ ਨੂੰ ਵਿਸਵਾਸ਼ ਹੈ ਕਿ ਇਹ ਗੱਲ ਸਮਾਜ ਦੇ ਹਰ ਵਰਗ ਦੀਆਂ ਆਸਾਂ ਵਿੱਚ ਵੀ ਝਲਕੇਗੀ। ਮਗਰੋਂ ਅਨਿਲ ਜੋਸ਼ੀ ਨੇ ਸੁਖਬੀਰ ਸਿੰਘ ਬਾਦਲ ਨਾਲ ਰਲ ਕੇ ਲੁਧਿਆਣਾ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਲਈ ਪ੍ਰਚਾਰ ਵਿੱਚ ਵੀ ਸ਼ਮੂਲੀਅਤ ਕੀਤੀ।