For the best experience, open
https://m.punjabitribuneonline.com
on your mobile browser.
Advertisement

ਹੜ੍ਹ ਰੋਕੂ ਪ੍ਰਬੰਧ ਕਰਨਾ ਭੁੱਿਲਆ ਪ੍ਰਸ਼ਾਸਨ

10:25 AM Jun 10, 2024 IST
ਹੜ੍ਹ ਰੋਕੂ ਪ੍ਰਬੰਧ ਕਰਨਾ ਭੁੱਿਲਆ ਪ੍ਰਸ਼ਾਸਨ
ਗੂਹਲਾ ਖੇਤਰ ਵਿੱਚ ਘੱਗਰ ਦਰਿਆ ਵਿੱਚ ਵਗਦਾ ਪਾਣੀ।
Advertisement

ਰਾਮ ਕੁਮਾਰ ਮਿੱਤਲ
ਗੂਹਲਾ ਚੀਕਾ, 9 ਜੂਨ
ਬਰਸਾਤ ਦਾ ਮੌਸਮ ਦਸਤਕ ਦੇਣ ਵਾਲਾ ਹੈ, ਪਰ ਪ੍ਰਸ਼ਾਸਨ ਹੜ੍ਹਾਂ ਤੋਂ ਬੇਖਬ਼ਰ ਹੈ। ਇਸ ਲਈ ਹੜ੍ਹਾਂ ਤੋਂ ਬਚਾਅ ਸਬੰਧੀ ਹੁਣ ਤੱਕ ਕੋਈ ਵੀ ਤਿਆਰੀ ਨਜ਼ਰ ਨਹੀਂ ਆ ਰਹੀ। ਪਿਛਲੇ ਸਾਲ 8 ਜੁਲਾਈ ਨੂੰ ਪਹਾੜੀ ਖੇਤਰਾਂ ਵਿੱਚ ਹੋਈ ਭਾਰੀ ਬਰਸਾਤ ਮਗਰੋਂ ਗੂਹਲਾ ਖੇਤਰ ਵਿੱਚ ਘੱਗਰ ਦਰਿਆ ਨੇ ਭਾਰੀ ਤਬਾਹੀ ਮੱਚਾਈ ਸੀ। ਘੱਗਰ ਦਰਿਆ ਵਿੱਚ ਪਾਣੀ ਦਾ ਦਬਾਅ ਇੰਨਾ ਜ਼ਿਆਦਾ ਸੀ ਕਿ ਹੜ੍ਹ ਬਚਾਅ ਲਈ ਬਣਾਏ ਗਏ ਰਿੰਗ ਬੰਨ੍ਹ ਨੂੰ ਤੋੜਦੇ ਹੋਏ ਹੜ੍ਹ ਦਾ ਪਾਣੀ ਚੀਕਾ ਸ਼ਹਿਰ ਦੇ ਮੁੱਖ ਚੌਕ ਅਤੇ ਸ਼ਹਿਰ ਦੀਆਂ ਕਲੋਨੀਆਂ ਤੱਕ ਪਹੁੰਚ ਗਿਆ ਸੀ। ਹੜ੍ਹ ਨੇ ਗੂਹਲਾ ਖੇਤਰ ਦੇ ਪਿੰਡ ਟਟਿਆਣਾ, ਸਦਰੇਹੜੀ, ਖੁਸ਼ਹਾਲ ਮਾਜਰਾ, ਸਿਊ ਮਾਜਰਾ, ਭਾਟੀਆ, ਦਾਬਨ ਖੇੜੀ ਸਹਿਤ ਤਿੰਨ ਦਰਜਨ ਤੋਂ ਜ਼ਿਆਦਾ ਪਿੰਡਾਂ ਵਿੱਚ ਫਸਲਾਂ, ਟਿਊਵਬੈਲਾਂ, ਮਕਾਨਾਂ ਅਤੇ ਪਸ਼ੂਧਨ ਤੋਂ ਇਲਾਵਾ ਦਰਜਨਾਂ ਸੜਕਾਂ ਨੂੰ ਨੁਕਸਾਨ ਪਹੁੰਚਾਇਆ ਸੀ। ਹੜ੍ਹ ਦੌਰਾਨ ਚੀਕਾ ਖੇਤਰ ਦੇ ਚਾਰ ਵਿਅਕਤੀਆਂ ਦੀ ਮੌਤ ਵੀ ਹੋ ਗਈ ਸੀ। ਪਿਛਲੇ ਸਾਲ ਦਸ ਜੁਲਾਈ ਨੂੰ ਆਏ ਹੜ੍ਹ ਨੂੰ ਹੁਣ ਸਿਰਫ਼ ਮਹੀਨਾ ਦਾ ਸਮਾਂ ਬਾਕੀ ਹੈ। ਉਧਰ, ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਦੇਰੀ ਦੇ ਬਾਅਦ ਸਥਾਨਕ ਕਿਸਾਨਾਂ ਨੇ ਰਿੰਗ ਬੰਨ੍ਹ ਨੂੰ ਮਜ਼ਬੂਤ ਕਰਨ ਦਾ ਬੀੜਾ ਆਪ ਚੁੱਕਿਆ ਹੈ। ਰੱਤਾਖੇੜਾ, ਸਿਹਾਲੀ, ਬੁੱਢਣਪੁਰ, ਮੋਹਨਪੁਰ, ਮੰਝੇਡੀ ਆਦਿ ਪਿੰਡ ਜੋ ਪੰਜਾਬ ਦੇ ਪਿੰਡ ਜੁਲਾਹਖੇੜੀ ਨਾਲ ਪੈਂਦੇ ਹਨ। ਇਨ੍ਹਾਂ ਪਿੰਡਾਂ ਦੇ ਕਿਸਾਨਾਂ ਨੇ ਆਪਣੇ ਪੱੱਧਰ ’ਤੇ ਰਿੰਗ ਬੰਨ੍ਹ ਨੂੰ ਮਜ਼ਬੂਤ ਕਰਨ ਦਾ ਬੀੜਾ ਚੁੱਕ ਲਿਆ ਹੈ। ਇਨ੍ਹਾਂ ਕਿਸਾਨਾਂ ਨੇ ਪਹਿਲਾਂ ਵੀ ਲਗਪਗ ਡੇਢ ਕਿੱਲੋਮੀਟਰ ਲੰਬੇ ਰਿੰਗ ਬੰਨ੍ਹ ਨੂੰ ਮਜ਼ਬੂਤ ਕੀਤਾ ਸੀ, ਉਥੇ ਹੀ ਦੋ ਦਿਨ ਪਹਿਲਾਂ ਪਿੰਡ ਸਿਹਾਲੀ ਦੇ ਕੋਲ ਕਿਸਾਨਾਂ ਨੇ ਘੱਗਰ ਦੇ ਰਿੰਗ ਬੰਨ੍ਹ ਨੂੰ ਮਜ਼ਬੂਤ ਬਣਾ ਕੇ ਆਲੇ ਦੁਆਲੇ ਦੇ ਪਿੰਡਾਂ ਨੂੰ ਹੜ੍ਹ ਤੋਂ ਸੁਰੱਖਿਅਤ ਕੀਤਾ ਹੈ। ਕਿਸਾਨ ਮਨਜੀਤ ਕੌੜਾ, ਮਲਕੀਤ ਸਿੰਘ , ਸਤਪਾਲ ਸਿੰਘ , ਜੋਗਿੰਦਰ ਸਿੰਘ ਨੇ ਦੱਸਿਆ ਕਿ ਗਿਆਰਾਂ ਮਹੀਨੇ ਗੁਜ਼ਰ ਜਾਣ ਮਗਰੋਂ ਵੀ ਜਦੋਂ ਸਰਕਾਰ ਅਤੇ ਪ੍ਰਸ਼ਾਸਨ ਨੇ ਬੰਨ੍ਹ ਦੀ ਸੁੱਧ ਨਾ ਲਈ ਤਾਂ ਉਨ੍ਹਾਂ ਨੇ ਆਪਣੇ ਪੱਧਰ ਉੱਤੇ ਇਸ ਨੂੰ ਮਜ਼ਬੂਤ ਕੀਤਾ ਹੈ।

Advertisement

ਭਲਕੇ ਡੀਸੀ ਕਰਨਗੇ ਘੱਗਰ ਦਰਿਆ ਦਾ ਦੌਰਾ

ਉਧਰ, ਗੂਹਲਾ ਦੇ ਐੱਸਡੀਐੱਮ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਗੂਹਲਾ ਖੇਤਰ ਵਿੱਚ ਹੜ੍ਹ ਬਚਾਅ ਕੰਮਾਂ ਨੂੰ ਲੈ ਕੇ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ। ਸੋਮਵਾਰ ਨੂੰ ਡਿਪਟੀ ਕਮਿਸ਼ਨਰ ਕੈਥਲ ਅਤੇ ਸਿੰਜਾਈ ਵਿਭਾਗ ਦੇ ਉੱਚ ਅਧਿਕਾਰੀ ਘੱਗਰ ਦਰਿਆ ਦਾ ਦੌਰਾ ਕਰਨਗੇ । ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਹੜ੍ਹ ਬਚਾਅ ਦੇ ਸਾਰੇ ਕੰਮ ਪੂਰੇ ਕਰ ਲਏ ਜਾਣਗੇ।

ਬਚਾਅ ਕਾਰਜਾਂ ਵਿੱਚ ਹਰ ਸਾਲ ਹੁੰਦਾ ਹੈ ਘੁਟਾਲਾ : ਜੀਵਨ ਨੈਣ

ਪਿੰਡ ਸੀਹ ਵਾਸੀ ਐਡਵੋਕੇਟ ਜੀਵਨ ਨੈਣ ਨੇ ਗੂਹਲਾ ਖੇਤਰ ਵਿੱਚ ਹੋਣ ਵਾਲੇ ਹੜ੍ਹ ਬਚਾਅ ਕੰਮਾਂ ਵਿੱਚ ਘੁਟਾਲੇ ਦੇ ਦੋਸ਼ ਲਾਏ ਹਨ। ਜੀਵਨ ਨੈਨ ਨੇ ਕਿਹਾ ਕਿ ਹੜ੍ਹ ਬਚਾਅ ਕੰਮਾਂ ਲਈ ਸਰਕਾਰ ਵੱਲੋਂ ਜੋ ਰਾਸ਼ੀ ਭੇਜੀ ਜਾਂਦੀ ਹੈ , ਉਹ ਰਾਸ਼ੀ ਈਮਾਨਦਾਰੀ ਨਾਲ ਖਰਚ ਨਹੀਂ ਕੀਤੀ ਜਾਂਦੀ। ਉਨ੍ਹਾਂ ਕਿਹਾ ਕਿ ਘੱਗਰ ਦਰਿਆ ਦਾ ਰਿੰਗ ਬੰਨ੍ਹ ਵੱਖ-ਵੱਖ ਸਮੇਂ ਵਿੱਚ ਆਏ ਹੜ੍ਹ ਵਿੱਚ ਇੱਕ ਹੀ ਜਗ੍ਹਾ ਤੋਂ ਤਿੰਨ ਤੋਂ ਚਾਰ ਵਾਰ ਟੁੱਟ ਚੁੱਕਿਆ ਹੈ ਪਰ ਸਿੰਜਾਈ ਵਿਭਾਗ ਦੇ ਅਧਿਕਾਰੀਆਂ ਨੇ ਉਸ ਜਗ੍ਹਾ ਤੋਂ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਅੱਜ ਤੱਕ ਕੋਈ ਕਦਮ ਨਹੀਂ ਚੁੱਕਿਆ। ਉਨ੍ਹਾਂ ਕਿਹਾ ਕਿ ਆਰਟੀਆਈ ਤਹਿਤ ਇਸ ਸਬੰਧੀ ਖਰਚੇ ਦੀ ਜਾਣਕਾਰੀ ਮੰਗੀ ਸੀ ਪਰ ਦਸ ਮਹੀਨੇ ਬੀਤ ਜਾਣ ਮਗਰੋਂ ਵੀ ਕੋਈ ਸੁਨੇਹਾ ਨਹੀਂ ਆਇਆ।

Advertisement
Author Image

sukhwinder singh

View all posts

Advertisement
Advertisement
×