ਤਿੰਨਾਂ ਸੈਨਾਵਾਂ ਦੇ ਮੁਖੀਆਂ ਦੇ ਏਡੀਸੀ ਵੱਖਰੀ ਸੇਵਾ ਤੋਂ ਹੋਣਗੇ
ਅਜੈ ਬੈਨਰਜੀ
ਨਵੀਂ ਦਿੱਲੀ, 31 ਦਸੰਬਰ
ਹਥਿਆਰਬੰਦ ਬਲਾਂ ਵਿਚ ਕੀਤੇ ਵੱਡੇ ਪ੍ਰਸ਼ਾਸਨਿਕ ਬਦਲਾਅ ਤਹਿਤ ਨਿੱਜੀ ਸਟਾਫ਼ ਅਧਿਕਾਰੀ, ਜਿਸ ਨੂੰ ਕਿਸੇ ਵੀ ਬਲ (ਥਲ, ਜਲ ਤੇ ਹਵਾਈ) ਦੇ ਮੁਖੀ ਦਾ ਏਡ-ਡੀ-ਕੈਂਪ (ਏਡੀਸੀ) ਵੀ ਕਿਹਾ ਜਾਂਦਾ ਹੈ, ਹੁਣ ਆਪਣੀ ਹੀ ਸਰਵਿਸ ਤੋਂ ਨਹੀਂ ਹੋਵੇਗਾ। ਕਹਿਣ ਦਾ ਮਤਲਬ ਕਿ ਥਲ ਸੈਨਾ ਮੁਖੀ ਦਾ ਏਡੀਸੀ ਭਾਰਤੀ ਹਵਾਈ ਸੈਨਾ ਜਾਂ ਜਲਸੈਨਾ ਤੋਂ ਹੋਵੇਗਾ। ਇਹ ਫਾਰਮੂਲਾ ਜਲਸੈਨਾ ਮੁਖੀ ਤੇ ਹਵਾਈ ਸੈਨਾ ਮੁਖੀ ਉੱਤੇ ਵੀ ਲਾਗੂ ਹੋਵੇਗਾ, ਕਿਉਂਕਿ ਉਨ੍ਹਾਂ ਦੇ ਏਡੀਸੀ ਆਪਣੇ ਬਲਾਂ ਤੋਂ ਨਹੀਂ ਹੋਣਗੇ। ਇਹ ਨਵਾਂ ਪ੍ਰਬੰਧ ਪਹਿਲੀ ਜਨਵਰੀ ਤੋਂ ਅਮਲ ਵਿਚ ਆਏਗਾ। ਤਿੰਨਾਂ ਸੈਨਾਵਾਂ ਦੇ ਮੁਖੀਆਂ ਨੇ ਆਪਣੀ ਮਰਜ਼ੀ ਨਾਲ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਦੇ ਏਡੀਸੀ ਵੱਖ-ਵੱਖ ਸੇਵਾਵਾਂ ਤੋਂ ਹੋਣਗੇ। ਇਹ ਫੇਰਬਦਲ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਅਨਿਲ ਚੌਹਾਨ ਵੱਲੋਂ ਫ਼ੌਜਾਂ ਦੀ ਕਾਇਆਕਲਪ ਲਈ ਤਿਆਰ ਕੀਤੀ ਗਈ 200 ਨੁਕਤਿਆਂ ਦੀ ਸੂਚੀ ਦਾ ਹਿੱਸਾ ਹੈ। ਹੁਣ ਤੱਕ ਤਿੰਨਾਂ ਸੈਨਾਵਾਂ ਦੇ ਮੁਖੀਆਂ ਨੂੰ ਨਾ ਸਿਰਫ਼ ਆਪਣੀਆਂ ਹੀ ਸੇਵਾਵਾਂ ਤੋਂ ਬਲਕਿ ਆਪਣੀਆਂ ਹੀ ਯੂਨਿਟਾਂ ’ਚੋਂ ਏਡੀਸੀ’ਜ਼ ਮਿਲਦੇ ਸਨ, ਕਿਉਂਕਿ ਇਸ ਤਰ੍ਹਾਂ ਉਹ ਵਿਸ਼ੇਸ਼ ਕੁਨੈਕਸ਼ਨ ਮਹਿਸੂਸ ਕਰਦੇ ਸਨ। ਹੋਰਨਾਂ ਸੇਵਾਵਾਂ ਤੋਂ ਏਡੀਸੀ’ਜ਼ ਨੂੰ ਸਵੀਕਾਰ ਕਰਨਾ ਛੋਟੀ, ਪਰ ਤਿੰਨਾਂ ਸੈਨਾਵਾਂ ਨੂੰ ਇਕਜੁੱਟ ਕਰਨ ਦੀ ਦਿਸ਼ਾ ’ਚ ਅਹਿਮ ਪੇਸ਼ਕਦਮੀ ਹੈ। ਇਕ ਫੌਜ ਮੁਖੀ ਲਈ ਏਡੀਸੀ ਦੀ ਅਹਿਮ ਭੂਮਿਕਾ ਹੈ ਕਿਉਂਕਿ ਉਸ ਨੂੰ ਸਾਰੇ ਅਧਿਕਾਰਤ ਸਮਾਗਮਾਂ ’ਚ ਵੀ ਮੌਜੂਦ ਰਹਿਣਾ ਪੈਂਦਾ ਹੈ।