ਜੰਮੂ ਕਸ਼ਮੀਰ ਦੇ ਸਕੂਲਾਂ ਵਿੱਚ ਨਵੰਬਰ ਤੋਂ ਸ਼ੁਰੂ ਹੋਵੇਗਾ ਅਕਾਦਮਿਕ ਸੈਸ਼ਨ
ਸ੍ਰੀਨਗਰ, 30 ਅਕਤੂਬਰ
ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦੀ ਅਗਵਾਈ ਵਾਲੀ ਸਰਕਾਰ ਨੇ ਅੱਜ ਇੱਕ ਵੱਡਾ ਫ਼ੈਸਲਾ ਲੈਂਦਿਆਂ ਸਕੂਲਾਂ ਵਿੱਚ ਵਿੱਦਿਅਕ ਸੈਸ਼ਨ ਮਾਰਚ ਤੋਂ ਬਦਲ ਕੇ ਨਵੰਬਰ ਕਰ ਦਿੱਤਾ ਹੈ। ਅਬਦੁੱਲਾ ਦੀ ਅਗਵਾਈ ਵਾਲੀ ਸਰਕਾਰ ਨੇ ਉਪ ਰਾਜਪਾਲ ਪ੍ਰਸ਼ਾਸਨ ਦੇ ਫ਼ੈਸਲੇ ਨੂੰ ਪਲਟ ਦਿੱਤਾ ਹੈ। ਅਬਦੁੱਲਾ ਨੇ ਸਕੂਲ ਸਿੱਖਿਆ ਮੰਤਰੀ ਸਕੀਨਾ ਮਸੂਦ ਇਟੂ ਦੀ ਮੌਜੂਦਗੀ ਵਿੱਚ ਇਸ ਫ਼ੈਸਲੇ ਦਾ ਐਲਾਨ ਕੀਤਾ। ਅਬਦੁੱਲਾ ਨੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ, ‘‘ਵਿਦਿਆਰਥੀਆਂ ਤੇ ਮਾਪਿਆਂ ਵੱਲੋਂ ਕਸ਼ਮੀਰ ਤੇ ਜੰਮੂ ਡਿਵੀਜ਼ਨ ਦੇ ਸਰਦ ਰੁੱਤ ਜ਼ੋਨ ਦੇ ਸਕੂਲਾਂ ਵਿੱਚ ਵਿੱਦਿਅਕ ਸੈਸ਼ਨ ਮਾਰਚ ਤੋਂ ਬਦਲ ਕੇ ਨਵੰਬਰ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਮੈਂ ਸਕੂਲ ਸਿੱਖਿਆ ਮੰਤਰੀ ਸਕੀਨਾ ਇਟੂ ਦਾ ਇਸ ਮੁੱਦੇ ਨੂੰ ਕੈਬਨਿਟ ਵਿੱਚ ਰੱਖਣ ਲਈ ਸ਼ੁੱਕਰ ਗੁਜ਼ਾਰ ਹਾਂ। ਇਸ ਨੂੰ ਕੈਬਨਿਟ ਦੀ ਪ੍ਰਵਾਨਗੀ ਮਿਲ ਗਈ ਹੈ।’’ ਅਬਦੁੱਲਾ ਨੇ ਕਿਹਾ ਕਿ ਇਸ ਸਾਲ ਪਹਿਲੀ ਤੋਂ ਨੌਵੀਂ ਤੱਕ ਦੀਆਂ ਪ੍ਰੀਖਿਆਵਾਂ ਨਵੰਬਰ ਮਹੀਨੇ ਹੋਣਗੀਆਂ, ਜਦਕਿ ਦਸਵੀਂ ਤੋਂ 12ਵੀਂ ਤੱਕ ਦੀਆਂ ਪ੍ਰੀਖਿਆਵਾਂ ਅਗਲੇ ਸਾਲ ਲਈਆਂ ਜਾਣਗੀਆਂ। -ਪੀਟੀਆਈ