‘ਆਪ’ ਆਗੂਆਂ ਨੇ ਝਾੜੂ ਦਾ ਸਾਥ ਛੱਡਿਆ
ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਅਗਸਤ
ਇਥੇ ਆਮ ਆਦਮੀ ਪਾਰਟੀ ਦੇ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਸੈੱਲ (ਆਰਡਬਲਿਊ ਸੈੱਲ) ਦੇ ਦਿੱਲੀ ਦੇ ਪ੍ਰਧਾਨ ਅਜੈ ਕੁਮਾਰ ਜੈਨ ਤੇ ਖਜ਼ਾਨਚੀ ਵਿਜੈ ਕੁਮਾਰ ਥਰੇਜਾ ਆਪਣੇ ਸਮਰਥਕਾਂ ਨਾਲ ਦਿੱਲੀ ਪ੍ਰਦੇਸ਼ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੂੰ ਭਾਜਪਾ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਵੱਲੋਂ ਭਾਜਪਾਈ ਪੱਟੀ ਗਲਾਂ ਵਿੱਚ ਪਵਾ ਕੇ ਸ਼ਮੂਲੀਅਤ ਕਰਨ ਦੀ ਰਸਮ ਅਦਾ ਕੀਤੀ ਗਈ। ਉਨ੍ਹਾਂ ਇਸ ਸਮੇਂ ਆਮ ਆਦਮੀ ਪਾਰਟੀ ਨੂੰ ਵੀ ਭੰਡਣ ਤੋਂ ਗੁਰੇਜ਼ ਨਹੀਂ ਕੀਤਾ। ਸੂਬਾ ਪ੍ਰਧਾਨ ਨੇ ਕਿਹਾ ਕਿ ‘ਆਪ’ ਨੂੰ ਸਫਲ ਬਣਾਉਣ ਲਈ ਆਰਡਬਲਿਊ ਸੈੱਲ ਦੇ ਆਗੂਆਂ ਨੇ ਦਿਨ ਰਾਤ ਮਿਹਨਤ ਕੀਤੀ ਤੇ ਪਾਰਟੀ ਦੀਆਂ ਇਕਾਈਆਂ ਸਥਾਪਤ ਕੀਤੀਆਂ ਪਰ ‘ਆਪ’ ਦੇ ਕੌਮੀ ਕਨਵੀਨਰ ਦੀਆਂ ਨੀਤੀਆਂ ਤੋਂ ਉਹ ਨਿਰਾਸ਼ ਹੀ ਹੋਏ, ਜਿਸ ਮਗਰੋਂ ਉਨ੍ਹਾਂ ਭਾਜਪਾ ਵਿੱਚ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ਦੇ ਸੀਸੀਟੀਵੀ ਕੈਮਰੇ ਲਾਉਣ ਜਾਂ ਵਾਈ-ਫਾਈ ਦੇਣ ਦੇ ਵਾਅਦੇ ਹੋਣ ਉਹ ਪ੍ਰਭਾਵਹੀਣ ਰਹੇ। ਹੁਣ ਸੀਸੀਟੀਵੀ ਕੈਮਰਿਆਂ ਦੇ ਬਕਸੇ ਕਬਾੜ ਦੀਆਂ ਦੁਕਾਨਾਂ ਵਿੱਚ ਵਿਕਦੇ ਦਿਖਾਈ ਦਿੰਦੇ ਹਨ ।
ਤਿਵਾੜੀ ਵੱਲੋਂ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਵਾਗਤ
ਉੱਤਰੀ-ਪੂਰਬੀ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਤੇ ਸਾਬਕਾ ਸੂਬਾ ਪ੍ਰਧਾਨ ਮਨੋਜ ਤਿਵਾੜੀ ਨੇ ਸੁਪਰੀਮ ਕੋਰਟ ਵੱਲੋਂ ਬਾਲੀਵੁੱਡ ਅਦਾਕਾਰ ਸ਼ੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਮਾਮਲੇ ਦੀ ਜਾਂਚ ਸੀਬੀਆਈ ਦੇ ਹਵਾਲੇ ਕਰਨ ਦੇ ਹੁਕਮ ਦਾ ਸਵਾਗਤ ਕੀਤਾ ਤੇ ਕਿਹਾ ਕਿ ਇਹ ਨਿਆਂ ਦੀ ਜਿੱਤ ਹੈ। ਸ੍ਰੀ ਤਿਵਾੜੀ ਨੇ ਹੋਰਨਾਂ ਵਾਂਗ ਮਾਮਲੇ ਦੀ ਸੀਬੀਆਈ ਜਾਂਚ ਮੰਗੀ ਸੀ। ਉਹ ਜੂਨ ਵਿੱਚ ਮਰਹੂਮ ਅਦਾਕਾਰ ਦੇ ਪਰਿਵਾਰ ਨੂੰ ਪਟਨਾ ਵਿੱਚ ਮਿਲੇ ਸਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਕੁਝ ਪਰਿਵਾਰਾਂ ਨੂੰ ਆਪਣੇ ਰਿਸ਼ਤਿਆਂ ਦੀ ਚੀਰ-ਫਾੜ ਕਰਨੀ ਪਈ ਤੇ ਨਜ਼ਦੀਕੀ ਤਸਵੀਰਾਂ ਜਾਰੀ ਕਰਨੀਆਂ ਪਈਆਂ ਤੇ ਕਈ ਦੁਬਿਧਾਵਾਂ ਵਿੱਚੋਂ ਗੁਜ਼ਰਨਾ ਪਿਆ ਸੀ ਕਿਉਂਕਿ ਮਹਾਰਾਸ਼ਟਰ ਸਰਕਾਰ ਨੇ ਸੱਚ ਲੁਕਾਉਣ ਦੀ ਕੋਸ਼ਿਸ਼ ਕੀਤੀ।