ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ 13ਵੀਂ ਬਰਸੀ ਮਨਾਈ
ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 29 ਨਵੰਬਰ
ਪ੍ਰਸਿੱਧ ਪੰਜਾਬੀ ਗਾਇਕ ਤੇ ਕਲੀਆਂ ਦੇ ਬਾਦਸ਼ਾਹ ਮਰਹੂਮ ਕੁਲਦੀਪ ਮਾਣਕ ਨੂੰ ਉਨ੍ਹਾਂ ਦੀ 13ਵੀਂ ਸਾਲਾਨਾ ਬਰਸੀ ਮੌਕੇ ਪਰਿਵਾਰਕ ਮੈਂਬਰਾਂ, ਪਿੰਡ ਜਲਾਲ ਦੀ ਪੰਚਾਇਤ ਤੇ ਨਗਰ ਵਾਸੀਆਂ ਵੱਲੋਂ ਉਨ੍ਹਾਂ ਦੇ ਜੱਦੀ ਨਗਰ ਜਲਾਲ ਵਿੱਚ ਸਾਦਾ ਸਮਾਗਮ ਦੌਰਾਨ ਯਾਦ ਕੀਤਾ ਗਿਆ। ਪਿੰਡ ਦੇ ਕਬਰਸਤਾਨ ’ਚ ਕੁਲਦੀਪ ਮਾਣਕ ਦੇ ਪੁੱਤਰ ਯੁੱਧਵੀਰ ਮਾਣਕ ਤੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਕਬਰ ’ਤੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ। ਆਮ ਆਦਮੀ ਪਾਰਟੀ ਹਲਕਾ ਰਾਮਪੁਰਾ ਫੂਲ ਦੇ ਕੋਆਰਡੀਨੇਟਰ ਬੂਟਾ ਸਿੰਘ ਜਲਾਲ ਨੇ ਕਿਹਾ ਕਿ ਕੁਲਦੀਪ ਮਾਣਕ ਦੇ ਚਲਾਣੇ ਨਾਲ ਪੰਜਾਬੀ ਗਾਇਕੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਤੇ ਉਨ੍ਹਾਂ ਦਾ ਨਾਮ ਪੰਜਾਬੀ ਗਾਇਕੀ ਜਗਤ ‘ਚ ਹਮੇਸ਼ਾ ਧਰੂ ਤਾਰੇ ਵਾਂਗ ਚਮਕਦਾ ਰਹੇਗਾ। ਮੇਸ਼ੀ ਮਾਣਕ, ਡਾ. ਦਿਲਬਾਗ ਬਾਗੀ, ਦਲੇਰ ਪੰਜਾਬੀ, ਮਾਣਕ ਸੁਰਜੀਤ, ਹੈਪੀ ਮਾਣਕ, ਸੋਨੂੰ ਮਾਣਕ, ਭੋਦਾ ਕਲਕੱਤਾ, ਨਰਿੰਦਰ ਕੌਰ, ਨੇਨਾ ਜੀ ਤੇ ਸੋਨੂ ਯੂਕੇ ਨੇ ਕੁਲਦੀਪ ਮਾਣਕ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਗਾਇਕੀ ਦੌਰਾਨ ਸੱਭਿਆਚਾਰਕ ਗੀਤਾਂ ਦੇ ਨਾਲ ਧਾਰਮਿਕ, ਸਮਾਜਿਕ ਤੇ ਇਤਿਹਾਸ ਸਬੰਧੀ ਅਨੇਕਾਂ ਕੀਮਤੀ ਕੈਸੇਟਾਂ ਸਰੋਤਿਆਂ ਦੀ ਝੋਲੀ ਪਾਈਆਂ ਹਨ। ਕੋਆਰਡੀਨੇਟਰ ਬੂਟਾ ਸਿੰਘ ਜਲਾਲ ਨੇ ਯੁਧਵੀਰ ਮਾਣਕ ਸਮੇਤ ਉਨ੍ਹਾਂ ਨਾਲ ਆਈਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ। ਇਸ ਮੌਕੇ ਸਰਪੰਚ ਸ਼ਿੰਦਰਪਾਲ ਸਿੰਘ, ਮਾਸਟਰ ਜਰਨੈਲ ਸਿੰਘ, ਪਰਮਜੀਤ ਸਿੰਘ ਬਰਾੜ, ਸਹਿਕਾਰੀ ਸਭਾ ਦੇ ਪ੍ਰਧਾਨ ਗੁਰਜੀਤ ਸਿੰਘ, ਗੁਰਮੀਤ ਜਲਾਲ, ਗੁਰਪ੍ਰੀਤ ਸੰਧੂ, ਸੋਹਣ ਸਿੰਘ ਪੰਚ, ਜੱਸਾ ਸੰਧੂ, ਗੁਰਜੰਟ ਪ੍ਰਧਾਨ ਤੇ ਜਗਤਾਰ ਖੋਸਾ ਹਾਜ਼ਰ ਸਨ।