ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇੰਨੀ ਕੁ ਗੱਲ

06:29 AM Aug 27, 2023 IST

ਜਿੰਦਰ

ਜੀਵਨ ਲੋਅ 30

Advertisement

ਮੇਰੇ ਇੱਕ ਪਿਆਰੇ ਮਿੱਤਰ ਨੇ ਮੈਨੂੰ ਫੋਨ ਕਰ ਕੇ ਦੱਸਿਆ:
ਪਿਆਰੇ ਜਿੰਦਰ,
ਮੇਰੀ ਰਿਟਾਇਰਮੈਂਟ ਹੋਈ ਨੂੰ ਸਾਲ ਕੁ ਹੋ ਗਿਆ। ਮੇਰੇ ਪੋਤੇ ਕਰਨ ਨੇ ਕੋਠੀ ਦੀ ਛੱਤ ’ਤੇ ਅੱਠ ਗਮਲੇ ਰੱਖੇ ਨੇ। ਰਵਿੰਦਰ ਨੇ ਮੇਰੀ ਡਿਊਟੀ ਲਾਈ ਹੈ ਕਿ ਮੈਂ ਦੋ ਵੇਲੇ ਇਨ੍ਹਾਂ ਨੂੰ ਪਾਣੀ ਦੇਣਾ ਹੈ।
ਇੱਕ ਦਿਨ ਮੈਂ ਕਰਨ ਨੂੰ ਪੁੱਛਿਆ, ‘‘ਯੰਗਮੈਨ, ਤੈਨੂੰ ਇਨ੍ਹਾਂ ਦਾ ਸ਼ੌਕ ਕਿੱਥੋਂ ਪਿਆ?’’ ਉਸ ਨੇ ਦੱਸਿਆ, ‘‘ਮੇਰੇ ਸਾਰੇ ਦੋਸਤਾਂ ਦੇ ਘਰੇ ਗਮਲੇ ਲੱਗੇ ਹੋਏ ਨੇ। ਸੁਖਬੀਰ ਦੇ ਘਰ ਤਾਂ ਤੀਹ ਗਮਲੇ ਨੇ। ਉਸ ਦੇ ਡੈਡੀ ਜੀ ਕਹਿੰਦੇ ਕਿ ਇੱਕ ਦਿਨ ’ਚ ਜੇ ਅੱਧਾ ਘੰਟਾ ਵੀ ਹਰਿਆਲੀ ਵੱਲ ਸਿੱਧਾ ਦੇਖ ਲਿਆ ਜਾਵੇ ਤਾਂ ਅੱਖਾਂ ਦੀ ਥਕਾਵਟ ਦੂਰ ਹੋ ਜਾਂਦੀ ਏ।’’
ਮਾਰਚ ਦੇ ਆਖ਼ਰੀ ਦਿਨ ਸਨ। ਕੁਝ ਪਰਿੰਦੇ ਵੀ ਇਨ੍ਹਾਂ ਗਮਲਿਆਂ ’ਤੇ ਆ ਬੈਠਦੇ। ਜਿਸ ਕਿਸੇ ਗਮਲੇ ਵਿੱਚ ਥੋੜ੍ਹਾ-ਬਹੁਤਾ ਪਾਣੀ ਹੁੰਦਾ ਉਹ ਔਖੇ-ਸੌਖੇ ਹੋ ਕੇ ਪੀ ਲੈਂਦੇ। ਜਿੱਦਾਂ-ਜਿੱਦਾਂ ਪਰਿੰਦੇ ਆਉਣ ਲੱਗੇ, ਉੱਦਾਂ-ਉੱਦਾਂ ਮੇਰੀ ਇਨ੍ਹਾਂ ਵਿੱਚ ਦਿਲਚਸਪੀ ਵਧਣ ਲੱਗੀ। ਮੈਂ ਦੇਖਿਆ ਕਿ ਆਲੇ-ਦੁਆਲੇ ਕਿਤੇ ਵੀ ਪਾਣੀ ਦੀ ਘੁੱਟ ਨਹੀਂ ਸੀ। ਜਦੋਂ ਕੋਈ ਪਰਿੰਦਾ ਕੋਠੀ ਦੀ ਛੱਤ ’ਤੇ ਆ ਕੇ ਬੈਠਦਾ ਤਾਂ ਮੈਨੂੰ ਵਾਰ-ਵਾਰ ਏਦਾਂ ਲੱਗਦਾ ਕਿ ਉਹ ਅਵੱਸ਼ ਹੀ ਪਿਆਸਾ ਹੋਵੇਗਾ। ਉਹ ਪਾਣੀ ਦੀ ਭਾਲ ਕਰਦਾ-ਕਰਦਾ ਇੱਥੇ ਆ ਕੇ ਬੈਠਿਆ ਹੋਵੇਗਾ।
ਬੀ.ਐੱਮ.ਸੀ. ਚੌਕ ਕੋਲੋਂ ਮੈਨੂੰ ਮਿੱਟੀ ਵਾਲਾ ਕੂੰਡਾ ਮਿਲ ਗਿਆ। ਮੈਂ ਇਹਨੂੰ ਬਨੇਰੇ ਦੇ ਇੱਕ ਸਿਰੇ ’ਤੇ ਰੱਖ ਦਿੱਤਾ। ਹੁਣ ਮੈਂ ਸਵੇਰ ਨੂੰ ਇਹਨੂੰ ਪਾਣੀ ਨਾਲ ਭਰ ਦਿੰਦਾ ਹਾਂ। ਤਿੰਨ ਕੁ ਵੱਜਦੇ ਨੇ ਤਾਂ ਮੈਂ ਮੰਮਟੀ ਦੀ ਛਾਂ ਵਿੱਚ ਮੰਜਾ ਖਿੱਚ ਲਿਆਉਂਦਾ ਹਾਂ। ਕੰਧ ਨਾਲ ਢੋਅ ਲਾ ਕੇ ਕੋਈ ਨਾ ਕੋਈ ਮੈਗਜ਼ੀਨ ਜਾਂ ਕਿਤਾਬ ਪੜ੍ਹਨੀ ਸ਼ੁਰੂ ਕਰ ਦਿੰਦਾ ਹਾਂ। ਕੂੰਡੇ ਵਿੱਚ ਪਾਣੀ ਘੱਟ ਹੋਵੇ ਜਾਂ ਪਾਣੀ ਗਰਮ ਹੋ ਗਿਆ ਹੋਵੇ ਤਾਂ ਮੈਂ ਇਸ ਵਿੱਚ ਬਰਫ਼ ਦੇ ਕੁਝ ਟੁਕੜੇ ਪਾ ਦਿੰਦਾ ਹਾਂ। ਟਾਵਾਂ-ਟਾਵਾਂ ਕੋਈ ਨਾ ਕੋਈ ਪਰਿੰਦਾ ਆਉਂਦਾ ਹੈ। ਪਾਣੀ ਦੀਆਂ ਦੋ ਘੁੱਟਾਂ ਭਰ ਕੇ ਉੱਡ ਜਾਂਦਾ ਹੈ। ਸਿਰਫ਼ ਜੰਗਲੀ ਕਬੂਤਰਾਂ ਦਾ ਜੋੜਾ ਹੀ ਕੁਝ ਚਿਰ ਗੁਟਕੂੰ-ਗੁਟਕੂੰ ਕਰਦਾ, ਚੋਹਲ-ਮੋਹਲ ਕਰਦਾ ਹੈ।
ਪਹਿਲਾਂ ਸ਼ਾਰਕਾਂ, ਜੰਗਲੀ ਕਬੂਤਰ ਤੇ ਕਾਂ ਆਏ ਸਨ। ਵਿੱਚ-ਵਿਚਾਲੇ ਕੋਈ-ਕੋਈ ਘੁੱਗੀ, ਬਾਹਰਲੀ ਚਿੜੀ ਆ ਬੈਠਦੀ। ਮੈਂ ਉਨ੍ਹਾਂ ਦੇ ਪਰਾਂ ਦੀ ਫੜਫੜਾਹਟ ਤੋਂ ਹੀ ਪਛਾਣ ਕਰ ਲੈਂਦਾ ਹਾਂ ਕਿ ਹੁਣ ਕਿਹੜਾ ਪਰਿੰਦਾ ਕੂੰਡੇ ’ਤੇ ਆ ਕੇ ਬੈਠਿਆ ਹੈ। ਸ਼ਾਰਕਾਂ ਇਸ਼ਨਾਨ ਕਰਦੀਆਂ। ਉਹ ਕੂੰਡੇ ਵਿੱਚ ਵੜ ਕੇ ਆਪਣੇ ਪਰਾਂ ਨੂੰ ਪਾਣੀ ਵਿੱਚ ਫੜਫੜਾਉਂਦੀਆਂ। ਫੇਰ, ਜਿੱਦਾਂ ਆਪਾਂ ਛੋਟੇ ਹੁੰਦੇ ਨਹਿਰ ਵਿੱਚ ਛਾਲ ਮਾਰਨ ਵੇਲੇ ਨੱਕ ਨੂੰ ਉਂਗਲਾਂ ਨਾਲ ਘੁੱਟ ਲੈਂਦੇ ਸੀ, ਠੀਕ ਉੱਦਾਂ ਹੀ ਇਹ ਨੱਕ ਨੂੰ ਤਾਂ ਨਹੀਂ ਫੜ ਸਕਦੀਆਂ, ਪਰ ਇਹ ਆਪਣੇ ਵਾਂਗੂੰ ਪਾਣੀ ਵਿੱਚ ਸਿਰ ਵਾੜਦੀਆਂ। ਸਕਿੰਟ ਕੁ ਬਾਅਦ ਸਿਰ ਨੂੰ ਬਾਹਰ ਕੱਢ ਕੇ ਖੰਭਾਂ ਨੂੰ ਛੰਡਦੀਆਂ। ਪਰਾਂ ਨੂੰ ਖੋਲ੍ਹਦੀਆਂ। ਪੂਛ ਨੂੰ ਤੇਜ਼ੀ ਨਾਲ ਉੱਪਰ ਹੇਠਾਂ ਘੁਮਾਉਂਦਿਆਂ ਉੱਡ ਜਾਂਦੀਆਂ ਨੇ। ਕਾਂ ਤੇਜ਼ੀ ਨਾਲ ਸੱਜੇ-ਖੱਬੇ ਦੇਖਦਾ। ਪਾਣੀ ਦੀਆਂ ਦੋ-ਤਿੰਨ ਘੁੱਟਾਂ ਪੀਂਦਾ ਤੇ ਉੱਡ ਜਾਂਦਾ ਏ। ਕਬੂਤਰ ਡਰਦੇ-ਡਰਦੇ ਪਾਣੀ ਪੀਂਦੇ ਨੇ। ਜੇ ਕੂੰਡਾ ਪਾਣੀ ਨਾਲ ਨੱਕੋ-ਨੱਕ ਭਰਿਆ ਹੋਵੇ ਤਾਂ ਇਹ ਕੂੰਡੇ ਵਿੱਚ ਜਾ ਵੜਦੇ ਨੇ। ਪਾਣੀ ਪੀਣ ਤੋਂ ਪਹਿਲਾਂ ਇਹ ਸੱਜੇ-ਖੱਬੇ ਦੇਖਦੇ ਨੇ। ਇੱਕ ਵਾਰੀ ਵਿੱਚ ਗੁਜ਼ਾਰੇ ਕੁ ਜੋਗਾ ਪਾਣੀ ਪੀਂਦੇ। ਫੇਰ ਧੌਣ ਨੂੰ ਲੰਬਾ ਕਰਦੇ। ਅਜਿਹਾ ਕਰਦਿਆਂ ਉਨ੍ਹਾਂ ਦੀਆਂ ਧੌਣਾਂ ਦੇ ਖੰਭਾਂ ਦਾ ਰੰਗ ਹਰੇ ਤੇ ਨੀਲੇ ਰੰਗਾਂ ਦੀ ਭਾਹ ਮਾਰਦਾ ਏ। ਥੋੜ੍ਹਾ ਕੁ ਹੇਠਾਂ ਗੁਲਾਬੀ ਤੇ ਲਾਲ ਜਿਹਾ। ਜਦੋਂ ਕੋਈ ਕਬੂਤਰ ਗੁਟਕਦਾ ਤਾਂ ਦੇਖਣ ਵਾਲਾ ਹੁੰਦਾ ਏ। ਉਹ ਆਪਣੀ ਪੂਛ ਦੇ ਖੰਭਾਂ ਨੂੰ ਐਦਾਂ ਫੈਲਾਉਂਦਾ ਜਿੱਦਾਂ ਕੋਈ ਤਾਸ਼ ਖੇਡਣ ਵਾਲਾ ਆਪਣੇ ਹੱਥ ਵਿੱਚ ਫੜੇ ਤਾਸ਼ ਦੇ ਪੱਤਿਆਂ ਨੂੰ ਫੈਲਾਉਂਦਾ ਹੈ। ਉਸ ਦੀ ਧੌਣ ਤੇ ਦੋਵਾਂ ਪਰਾਂ ਵਿਚਕਾਰ ਦੇ ਖੰਭ ਇਉਂ ਖੜ੍ਹ ਜਾਂਦੇ ਨੇ ਜਿੱਦਾਂ ਕਿਸੇ ਦੇ ਪਿੰਡੇ ਦੀ ਲੂੰਈਂ ਖੜ੍ਹੀ ਹੋਵੇ। ਮੈਂ ਇਨ੍ਹਾਂ ਨੂੰ ਦੇਖਦਾ ਹੋਇਆ ਬਾਗੋ-ਬਾਗ ਹੋ ਜਾਂਦਾ ਹਾਂ।
ਕਰਨ ਕਦੇ-ਕਦੇ ਮੇਰੇ ਨਾਲ ਪਰਿੰਦਿਆਂ ਬਾਰੇ ਗੱਲਾਂ ਕਰਦਾ। ਮੈਥੋਂ ਮੇਰੀ ਰਾਇ ਪੁੱਛਦਾ। ਆਖ਼ਰ ਵਿੱਚ ਕਹਿੰਦਾ, ‘‘ਵੱਡੇ ਪਾਪਾ ਜੀ, ਆਹ ਕੂੰਡਾ ਸੁੱਟ ਦਿਓ ਨਾ।’’ ਮੈਂ ਪੁੱਛਦਾ, ‘‘ਕਿਉਂ?’’ ਉਹ ਕਹਿੰਦਾ, ‘‘ਦੇਖੋ ਇਹ ਬਰਡਜ਼ ਕਿੰਨਾ ਗੰਦ ਪਾਉਂਦੇ ਨੇ। ਕੰਧ ਖਰਾਬ ਕਰ ਦਿੱਤੀ ਆ। ਵੱਡੇ ਮੰਮੀ ਤੁਹਾਨੂੰ ਬੋਲਦੇ ਸੀ।’’ ਮੈਂ ਕਹਿੰਦਾ, ‘‘ਇਹ ਗੰਦ ਮੈਨੂੰ ਚੰਗਾ ਲੱਗਦਾ ਏ।’’ ਉਹ ਹੈਰਾਨੀ ਨਾਲ ਮੇਰੇ ਵੱਲ ਦੇਖਦਾ। ਫਿਰ ਪੋਲਾ ਜਿਹਾ ਮੂੰਹ ਬਣਾ ਕੇ ਕਹਿੰਦਾ, ‘‘ਜੇ ਤੁਹਾਨੂੰ ਇਨ੍ਹਾਂ ਬਰਡਜ਼ ਨਾਲ ਐਨਾ ਹੀ ਪਿਆਰ ਏ ਤਾਂ ਤੁਸੀਂ ਇਨ੍ਹਾਂ ਨੂੰ ਮੇਰੇ ਲੈਪਟੌਪ ’ਤੇ ਦੇਖ ਲਿਆ ਕਰੋ।’’ ਮੈਂ ਉਹਨੂੰ ਪੁੱਛਿਆ, ‘‘ਤੇਰੇ ਲੈਪਟੌਪ ’ਤੇ ਤਾਂ ਫੁੱਲਾਂ ਦੀਆਂ ਵੀ ਬਹੁਤ ਕਿਆਰੀਆਂ ਹੋਣਗੀਆਂ। ਤੂੰ ਕਿਉਂ ਨ੍ਹੀਂ ਉੱਥੇ ਦੇਖਦਾ?’’ ਉਹ ਦੱਸਦਾ, ‘‘ਮੈਂ ਦੇਖਦਾ ਹਾਂ, ਪਰ ਉੱਥੋਂ ਮੈਨੂੰ ਖੁਸ਼ਬੂ ਨ੍ਹੀਂ ਮਿਲਦੀ।’’
ਇੱਕ ਕੋਠੀ ਛੱਡ ਕੇ ਮੈਥੋਂ ਵੱਡੇ ਮਨੀਸ਼ ਦੀ ਕੋਠੀ ਹੈ। ਉਹਨੇ ਕਬੂਤਰ ਰੱਖੇ ਹੋਏ ਨੇ। ਇਨ੍ਹਾਂ ਦਿਨਾਂ ਵਿੱਚ ਹੀ ਕਬੂਤਰਾਂ ਨੂੰ ਬਾਜ਼ੀਆਂ ਲਾਉਣ ਲਈ ਤਿਆਰ ਕੀਤਾ ਜਾਂਦਾ ਹੈ। ਵੀਹ ਅਪਰੈਲ ਦੇ ਨੇੜੇ-ਤੇੜੇ ਕਬੂਤਰਾਂ ਦੀਆਂ ਕੱਚੀਆਂ ਉਡਾਰਾਂ ਕਰਵਾਈਆਂ ਜਾਂਦੀਆਂ। ਅਗਲੇ ਪੰਦਰ੍ਹਾਂ ਦਿਨਾਂ ਬਾਅਦ ਪੱਕੀਆਂ ਉਡਾਰਾਂ ਹੁੰਦੀਆਂ। ਚਾਲੀ ਦਿਨਾਂ ਵਿੱਚ ਕਬੂਤਰਾਂ ਦੇ ਪਰ ਪੱਕ ਜਾਂਦੇ। ਬਾਜ਼ੀ ਲਾਉਣ ਲਈ ਇਨ੍ਹਾਂ ਨੂੰ ਤਿਆਰ ਮੰਨ ਲਿਆ ਜਾਂਦਾ। ਬਾਜ਼ੀ ਤੋਂ ਇੱਕ ਦਿਨ ਪਹਿਲਾਂ ਦੁਪਹਿਰ ਤੱਕ ਇਨ੍ਹਾਂ ਨੂੰ ਚੋਗਾ ਚੁਗਾਇਆ ਜਾਂਦਾ। ਬਾਜ਼ੀ ਵਾਲੇ ਦਿਨ ਗੁਲੂਕੋਸ ਦੇ ਪਾਣੀ ਨਾਲ ਇਨ੍ਹਾਂ ਦਾ ਪੋਟਾ ਭਰ ਦਿੱਤਾ ਜਾਂਦਾ। ਸਵੇਰ ਦੇ ਉੱਡੇ ਹੋਏ ਕਬੂਤਰ ਸ਼ਾਮ ਨੂੰ ਵਾਪਸ ਆਉਂਦੇ। ਕਬੂਤਰ ਹਫਲੇ ਹੋਏ ਹੁੰਦੇ। ਉਹ ਪਿਆਸੇ ਹੁੰਦੇ। ਮੁਨੀਸ਼ ਨੇ ਸਮਝਾਉਣ ਦੇ ਲਹਿਜੇ ਵਿੱਚ ਦੱਸਿਆ, ‘‘ਜਿੱਦਾਂ ਕੋਈ ਦੌੜਾਕ ਦੌੜ ਲਾ ਕੇ ਜਦੋਂ ਵਾਪਸ ਆਉਂਦਾ ਆ ਤਾਂ ਉਹਨੂੰ ਓਨਾ ਚਿਰ ਪਾਣੀ ਪੀਣ ਦੀ ਬੰਦਿਸ਼ ਹੁੰਦੀ ਆ ਜਿੰਨਾ ਚਿਰ ਉਹ ਦਮ ਨ੍ਹੀਂ ਲੈ ਲੈਂਦਾ- ਠੀਕ ਉੱਦਾਂ ਦੀ ਅਵਸਥਾ ਕਬੂਤਰਾਂ ਦੀ ਹੁੰਦੀ ਆ। ਜੇ ਇਹ ਉਤਰਦੇ ਸਾਰ ਪਾਣੀ ਪੀ ਲੈਣ ਤਾਂ ਬਿਮਾਰ ਹੋ ਜਾਂਦੇ ਨੇ।’’
ਉਸ ਨੂੰ ਆਪਣੇ ਕਬੂਤਰ ਜਾਨ ਨਾਲੋਂ ਜ਼ਿਆਦਾ ਪਿਆਰੇ ਨੇ। ਮੈਂ ਬੈਠਾ ਹੋਵਾਂ ਤਾਂ ਉਹ ਮੈਨੂੰ ਉੱਚੀ ਦੇਣੀ ਕਹਿੰਦਾ ਹੈ, ‘‘ਦੇਖੀਂ ਕੋਈ ਕਬੂਤਰ ਪਾਣੀ ਨਾ ਪੀਵੇ।’’ ਜੇ ਉਸ ਫੱਟੀ ਰੱਖੀ ਹੋਵੇ ਤਾਂ ਮੈਂ ਕੂੰਡੇ ਦਾ ਇੱਕ ਸਿਰਾ ਨੰਗਾ ਕਰ ਦਿੰਦਾ ਹਾਂ। ਕਾਂ ਆਪਣੀ ਲੰਬੀ ਚੁੰਝ ਨਾਲ ਪਾਣੀ ਪੀ ਲੈਂਦਾ ਹੈ। ਜੰਗਲੀ ਕਬੂਤਰ ਵੀ ਆਪਣੀ ਪਿਆਸ ਬੁਝਾ ਲੈਂਦੇ ਹਨ। ਸ਼ਾਰਕਾਂ ਲਈ ਔਖਾ ਹੁੰਦਾ ਏ। ਉਨ੍ਹਾਂ ਨੇ ਤਾਂ ਨਹਾਉਣਾ ਹੁੰਦਾ।
ਕੱਲ੍ਹ ਆਮ ਦਿਨਾਂ ਨਾਲੋਂ ਜ਼ਿਆਦਾ ਗਰਮੀ ਸੀ। ਹਵਾ ਬੰਦ ਸੀ। ਅਜੀਬ ਜਿਹਾ ਹੁੰਮਸ ਸੀ। ਮਨੀਸ਼ ਨੇ ਕੂੰਡੇ ਉੱਤੇ ਇੱਟਾਂ ਰੱਖੀਆਂ ਹੋਈਆਂ ਸਨ। ਪਹਿਲਾਂ ਕਾਂ ਆਇਆ। ਉਸ ਆਪਣੇ ਸੱਜੇ-ਖੱਬੇ ਤੇਜ਼ੀ ਨਾਲ ਨਜ਼ਰਾਂ ਘੁੰਮਾਈਆਂ। ਉਹਨੂੰ ਇੱਟਾਂ ਦੀ ਵਿਰਲ ਵਿੱਚੋਂ ਪਾਣੀ ਤਾਂ ਦਿਸ ਪਿਆ, ਪਰ ਵਿਰਲ ਇੰਨੀ ਸੰਘਣੀ ਸੀ ਕਿ ਉਸ ਦੀ ਚੁੰਝ ਅੰਦਰ ਨਹੀਂ ਜਾ ਸਕਦੀ ਸੀ। ਕੁਝ ਚਿਰ ਬਾਅਦ ਜੰਗਲੀ ਕਬੂਤਰਾਂ ਦਾ ਜੋੜਾ ਆਇਆ। ਉਹ ਹੌਂਕ ਰਿਹਾ ਸੀ। ਉਨ੍ਹਾਂ ਇੱਟਾਂ ’ਤੇ ਬੈਠ ਕੇ ਗੁਟਕੂੰ-ਗੁਟਕੂੰ ਕੀਤੀ। ਹੇਠਾਂ ਦਿਸਦੇ ਪਾਣੀ ਵੱਲ ਹਸਰਤ ਭਰੀਆਂ ਨਜ਼ਰਾਂ ਨਾਲ ਦੇਖਿਆ ਤੇ ਫੇਰ ਉੱਡ ਗਏ।
ਮੇਰੇ ਮਨ ਵਿੱਚ ਆਇਆ ਕਿ ਮੈਂ ਹੇਠਾਂ ਜਾ ਕੇ ਬੈਠ ਜਾਵਾਂ ਜਾਂ ਕਿਸੇ ਦੋਸਤ ਕੋਲ ਚਲਾ ਜਾਵਾਂ। ਇਹ ਕੰਮ ਮੇਰੇ ਲਈ ਸੌਖਾ ਸੀ। ਇਹ ਕਿਹੜਾ ਇੱਕ ਦਿਨ ਦੀ ਗੱਲ ਸੀ। ਪੰਦਰ੍ਹਾਂ-ਵੀਹ ਦਿਨ ਲੱਗ ਜਾਣੇ। ਪਰ ਇਨ੍ਹਾਂ ਪੰਦਰ੍ਹਾਂ-ਵੀਹਾਂ ਦਿਨਾਂ ਵਿੱਚ ਪੰਛੀਆਂ ਲਈ ਮੈਂ ਬੇਗਾਨਾ ਹੋ ਜਾਣਾ। ਇਹ ਵੀ ਹੋ ਸਕਦਾ ਕਿ ਉਨ੍ਹਾਂ ਨੂੰ ਨੇੜੇ-ਤੇੜੇ ਪਾਣੀ ਮਿਲੇ ਹੀ ਨਾ। ਉਹ ਇੱਧਰਲਾ ਪਾਸਾ ਹੀ ਭੁੱਲ ਜਾਣ।
ਮੈਂ ਅਜੀਬ ਜਿਹੀ ਦੁਬਿਧਾ ਵਿੱਚ ਫਸ ਗਿਆ। ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ ਲੱਭਦਾ। ਫਿਰ ਮੈਂ ਸਾਰਾ ਦਿਨ ਕੋਠੀ ਦੀ ਛੱਤ ’ਤੇ ਤਾਂ ਬੈਠਣਾ ਨਹੀਂ ਹੁੰਦਾ।
ਪਤਾ ਨਹੀਂ ਕਿੰਨੇ ਚਿਰ ਤੋਂ ਕਰਨ ਮੇਰੇ ਵੱਲ ਦੇਖ ਰਿਹਾ ਸੀ। ਉਸ ਨੇ ਪੁੱਛਿਆ, ‘‘ਵੱਡੇ ਪਾਪਾ ਜੀ ਤੁਸੀਂ ਉਦਾਸ ਲੱਗਦੇ ਹੋ?’’ ‘‘ਨ੍ਹੀਂ ਤਾਂ।’’
‘‘ਕਿਉਂ ਝੂਠ ਬੋਲਦੇ ਹੋ? ਮੈਂ ਦੇਖਿਆ ਤੁਸੀਂ ਕੂੰਡੇ ਵੱਲ ਸਿੱਧੇ ਹੀ ਦੇਖ ਰਹੇ ਓਂ। ਬੁੱਕ ਤਾਂ ਤੁਸੀਂ ਮੂਧੀ ਮਾਰੀ ਹੋਈ ਆ।’’
‘‘ਇਨ੍ਹਾਂ ਕਬੂਤਰਾਂ ਬਾਰੇ ਸੋਚ ਰਿਹਾ ਸੀ।’’
‘‘ਇਨ੍ਹਾਂ ਬਾਰੇ ਕੀ ਸਪੈਸ਼ਲ ਸੋਚਣ ਵਾਲਾ?’’
‘‘ਕੋਈ ਸਮਾਂ ਹੁੰਦਾ ਸੀ ਕਿ ਚੰਗੇ ਕਬੂਤਰ ਇਰਾਨ ਤੇ ਤੂਰਾਨ ਤੋਂ ਆਉਂਦੇ ਸੀ। ਬਾਦਸ਼ਾਹ ਅਕਬਰ ਵੀ ਕਬੂਤਰਾਂ ਦਾ ਬਹੁਤ ਸ਼ੌਕੀਨ ਸੀ। ਉਸ ਆਪਣੇ ਕਬੂਤਰਾਂ ਦੇ ਨਾਂ ਮੋਹਨ, ਆਸ਼ਿਕੀ, ਪਰਿਜ਼ਾਦ ਤੇ ਸ਼ਾਹ ਸੂਦੀ ਰੱਖੇ ਸੀ। ... ਇੱਕ ਸਮਾਂ ਹੁੰਦਾ ਸੀ ਜਦੋਂ ਕਬੂਤਰ ਪੋਸਟਮੈਨ ਦਾ ਕੰਮ ਕਰਦਾ ਸੀ। ਸਾਡੇ ਵੇਲਿਆਂ ’ਚ ਇੱਕ ਗੀਤ ਬੜਾ ਮਸ਼ਹੂਰ ਸੀ- ‘ਚਿੱਠੀ ਮੇਰੇ ਢੋਲ ਦੀ, ਲਿਆਈਂ ਵੇ ਕਬੂਤਰਾ। ਵਾਸਤਾ ਏ ਮੇਰਾ, ਤੂੰ ਜਾਈਂ ਵੇ ਕਬੂਤਰਾ।’ ਤੇਰੇ ਡੈਡੀ ਦੇ ਸਮੇਂ ਵੀ ‘ਕਬੂਤਰ ਜਾਹ ਜਾਹ’ ਗੀਤ ਕਾਫ਼ੀ ਚੱਲਿਆ ਸੀ।’’
‘‘ਮੈਨੂੰ ਲੱਗਦਾ ਜਿਹੜੀ ਗੱਲ ਤੁਸੀਂ ਕਹਿਣਾ ਚਾਹੁੰਦੇ ਓ ਉਹ ਤਾਂ ਕਹਿ ਨ੍ਹੀਂ ਰਹੇ। ਤੁਹਾਡੀ ਪ੍ਰੌਬਲਮ ਕੀ ਆ?’’
‘‘ਮੇਰੀ ਪ੍ਰੌਬਲਮ ਤਾਂ ਇਹੀ ਆ ਕਿ ਮੈਥੋਂ...।’’
‘‘ਦੱਸੋ-ਦੱਸੋ, ਰੁਕ ਕਿਉਂ ਗਏ?’’
‘‘ਆਹ ਕੂੰਡਾ... ਢੱਕਿਆ ਹੋਇਆ... ਦੇਖਿਆ ਨ੍ਹੀਂ ਜਾ ਰਿਹਾ।’’ ‘‘ਇਹ ਕਿਹੜਾ ਔਖਾ ਏ। ਫੱਟੀ ਮੈਂ ਚੁੱਕ ਦਿੰਨਾਂ।’’
‘‘ਪਰ ਉਨ੍ਹਾਂ ਕਬੂਤਰਾਂ ਦਾ ਕੀ ਹੋਵੇਗਾ?’’
‘‘ਤੁਸੀਂ ਐਦਾਂ ਕਰੋ ਜਦੋਂ ਵੱਡੇ ਅੰਕਲ ਦੇ ਕਬੂਤਰ ਪਾਣੀ ਪੀਣ ਆਉਣ ਤਾਂ ਉਨ੍ਹਾਂ ਨੂੰ ਉਡਾ ਦਿਆ ਕਰੋ। ਬਾਕੀਆਂ ਨੂੰ ਪਾਣੀ ਪੀ ਲੈਣ ਦਿਓ।’’
‘‘ਇਨਸਾਨਾਂ ਨਾਲ ਤਾਂ ਹੋਇਆ, ਪਰਿੰਦਿਆਂ ਨਾਲ ਕਿਸ ਗੱਲੋਂ ਵਖਰੇਵਾਂ।’’
ਸੰਪਰਕ: 98148-03254

Advertisement
Advertisement