ਟੌਹਰ ਬਣਾਉਣ ਵਾਲੇ
ਪ੍ਰਿੰਸੀਪਲ (ਰਿਟਾ.) ਨਰਿੰਦਰ ਸਿੰਘ
ਚੀਮਾ ਸਾਹਿਬ ਪੁਰਾਣੇ ਮਿੱਤਰ ਹਨ। ਮੇਰੇ ਨੇੜਲੀ ਕਲੋਨੀ ਵਿਚ ਹੀ ਰਹਿੰਦੇ ਹਨ। ਬਹੁਤ ਮਿਲਣਸਾਰ ਅਤੇ ਸਾਊ ਸੁਭਾਅ ਦੇ ਮਾਲਕ ਹਨ। ਅਕਸਰ ਮਿਲਦੇ ਰਹਿੰਦੇ ਹਨ। ਕਦੇ ਕਦੇ ਫੋਨ ਵੀ ਕਰ ਲੈਂਦੇ ਹਨ। ਮੈਂ ਫੋਨ ਕਰਨ ’ਚ ਅਕਸਰ ਫਾਡੀ ਰਹਿੰਦਾ ਹਾਂ। ਚੀਮਾ ਸਾਹਿਬ ਨੇ ਸਾਲ ਪਹਿਲਾਂ ਆਪਣੇ ਪੁੱਤਰ ਦਾ ਸ਼ਾਨਦਾਰ ਵਿਆਹ ਕੀਤਾ। ਪੁੱਤਰ ਚੰਡੀਗੜ੍ਹ ਸੈੱਟ ਹੈ। ਧੀ ਐੱਮਬੀਬੀਐੱਸ ਪੂਰੀ ਕਰ ਕੇ ਐੱਮਡੀ ਦੀ ਤਿਆਰੀ ਕਰ ਰਹੀ ਹੈ। ਪਤਨੀ ਸੀਨੀਅਰ ਫਾਰਮਾਸਿਸਟ ਹੈ। ਆਪਣੀ 8-10 ਕਿੱਲੇ ਜ਼ਮੀਨ ਵੀ ਹੈ; ਭਾਵ, ਬਹੁਤ ਖੁਸ਼ਹਾਲ ਪਰਿਵਾਰ ਹੈ।
ਸ਼ੁਰੂਆਤੀ ਦਿਨਾਂ ਦੌਰਾਨ ਮੈਂ ਅਤੇ ਚੀਮਾ ਸਾਹਿਬ ਨੇ ਕੁਝ ਸਾਲ ਇਕੱਠਿਆਂ ਸ਼ਹਿਰ ਦੇ ਵੱਡੇ ਪਬਲਿਕ ਸਕੂਲ ਵਿਚ ਬਤੌਰ ਪੀਜੀਟੀ ਨੌਕਰੀ ਕੀਤੀ। ਬਾਅਦ ਵਿਚ ਉਨ੍ਹਾਂ ਦੀ ਸਰਕਾਰੀ ਪਾਲੀਟੈੇਕਨਿਕ ਕਾਲਜ ਅਤੇ ਮੇਰੀ ਸਰਕਾਰੀ ਸਕੂਲ ਵਿਚ ਬਤੌਰ ਲੈਕਚਰਾਰ ਨਿਯੁਕਤੀ ਹੋ ਗਈ। ਸਬਬੀਂ ਸਾਡੀ ਦੋਵਾਂ ਦੀ ਸੇਵਾਮੁਕਤੀ ਦੀ ਮਿਤੀ ਵੀ ਇਕੋ ਹੀ ਹੈ। ਉਹ ਸੀਨੀਅਰ ਲੈਕਚਰਾਰ ਅਤੇ ਮੈਂ ਪ੍ਰਿੰਸੀਪਲ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਹਾਂ। ਸੇਵਾਮੁਕਤੀ ਤੋਂ ਕੁਝ ਦਿਨ ਪਹਿਲਾਂ ਚੀਮਾ ਸਾਹਿਬ ਨੇ ਗੱਲਾਂ ਬਾਤਾਂ ਦੌਰਾਨ ਕਿਹਾ ਕਿ ਆਪਣੀ ਵਿਦਾਇਗੀ ਪਾਰਟੀ ’ਚ ਉਨ੍ਹਾਂ ਨੂੰ ਬੁਲਾਉਣਾ ਨਾਂ ਭੁੱਲਣਾ। ਮੈਂ ਵਿਸ਼ਵਾਸ ਦਿਵਾਇਆ ਕਿ ਜ਼ਰੂਰ ਯਾਦ ਰੱਖਾਂਗਾ।
ਸੇਵਾਮੁਕਤੀ ਤੋਂ ਮਹੀਨਾ ਕੁ ਬਾਅਦ ਚੀਮਾ ਸਾਹਿਬ ਨੇ ਸ਼ਾਮ ਦੀ ਚਾਹ ਇਕੱਠਿਆਂ ਪੀਣ ਲਈ ਸੱਦਾ ਦਿਤਾ। ਮੈਂ ਅਤੇ ਮੇਰੀ ਪਤਨੀ ਦਿੱਤੇ ਸਮੇਂ ’ਤੇ ਉਨ੍ਹਾਂ ਦੇ ਘਰ ਪਹੁੰਚ ਗਏ। ਕਾਫੀ ਦੇਰ ਗੱਲਾਂ ਬਾਤਾਂ ਚੱਲਦੀਆਂ ਰਹੀਆਂ। ਉਹ 4-5 ਛੋਟੀਆਂ ਐਲਬਮਾਂ ਚੁੱਕ ਲਿਆਏ, ਤੇ ਦੱਸਿਆ ਕਿ ਇਹ ਉਨ੍ਹਾਂ ਦੀ ਵਿਦਾਇਗੀ ਦੀਆਂ ਵੱਖ ਵੱਖ ਪਾਰਟੀਆਂ ਦੀਆਂ ਐਲਬਮਾਂ ਹਨ, ਕੁੱਲ ਪੰਜ ਵਿਦਾਇਗੀ ਪਾਰਟੀਆਂ ਹੋਈਆਂ ਸਨ। ਮੈਨੂੰ ਕਿਸੇ ਵੀ ਪਾਰਟੀ ਵਿਚ ਸ਼ਾਮਿਲ ਨਾ ਕਰਨ ਦਾ ਮੈਨੂੰ ਕੋਈ ਮਲਾਲ ਨਹੀਂ ਸੀ ਪਰ ਮੇਰੀ ਪਤਨੀ ਤੋਂ ਰਿਹਾ ਨਾ ਗਿਆ, ਉਹ ਝੱਟ ਬੋਲੀ, “ਵੀਰ ਜੀ, ਤੁਸੀਂ ਸਾਨੂੰ ਕਿਸੇ ਵੀ ਪਾਰਟੀ ਵਿਚ ਯਾਦ ਨਹੀਂ ਕੀਤਾ।” ਚੀਮਾ ਸਾਹਿਬ ਨੇ ਕਿਹਾ ਕਿ ਗ਼ਲਤੀ ਉਨ੍ਹਾਂ ਤੋਂ ਹੋਈ ਹੈ; ਮੈਂ ਕਿਹਾ ਕਿ ਪਾਰਟੀਆਂ ਦੀ ਬਜਾਇ ਇੱਦਾਂ ਹੀ ਮਿਲਦੇ ਰਹਿਣਾ ਸਗੋਂ ਵਧੀਆ ਗੱਲ ਹੈ।
ਕੁਝ ਦਿਨਾਂ ਬਾਅਦ ਚੀਮਾ ਸਾਹਿਬ ਦੀ ਸਿਹਤ ਨਾਸਾਜ਼ ਹੋਣ ਬਾਰੇ ਪਤਾ ਲੱਗਿਆ। ਮਿਲਣ ਗਏ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਐੱਚਬੀ ਕਾਫੀ ਘਟ ਹੈ, ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੇ ਕਈ ਰਿਸ਼ਤੇਦਾਰ ਡਾਕਟਰ ਹਨ, ਧੀ ਵੀ ਡਾਕਟਰ ਹੈ ਅਤੇ ਉਨ੍ਹਾਂ ਦੀ ਪਤਨੀ ਖ਼ੁਦ ਸਿਹਤ ਵਿਭਾਗ ਵਿਚ ਹੈ; ਇਸ ਲਈ ਮੈਂ ਆਪਣੇ ਵੱਲੋਂ ਇਲਾਜ ਬਾਰੇ ਕੋਈ ਸਲਾਹ ਦੇਣੀ ਵਾਜਬਿ ਨਹੀਂ ਸਮਝੀ ਅਤੇ ਉਨ੍ਹਾਂ ਨੂੰ ਜਲਦੀ ਠੀਕ ਹੋਣ ਦਾ ਦਿਲਾਸਾ ਦੇ ਕੇ ਜਾਣ ਦੀ ਆਗਿਆ ਲਈ।
ਚੀਮਾ ਸਾਹਿਬ ਦੇ ਗੁਆਂਢੀ ਵੜਿੰਗ ਸਾਹਿਬ ਮੇਰੇ ਅਤੇ ਚੀਮਾ ਸਾਹਿਬ ਦੇ ਸਾਂਝੇ ਮਿੱਤਰ ਹਨ; ਬਹੁਤ ਹੀ ਸੰਜੀਦਾ ਅਤੇ ਜਿ਼ੰਮੇਵਾਰ ਸ਼ਖ਼ਸ, ਹਮੇਸ਼ਾ ਸਾਥ ਦੇਣ ਵਾਲੇ। ਮੇਰੇ ਅਤੇ ਚੀਮਾ ਸਾਹਿਬ ਤੋਂ ਡੇਢ ਕੁ ਸਾਲ ਪਹਿਲਾਂ ਉਹ ਵੀ ਸਰਕਾਰੀ ਸਕੂਲ ਵਿਚੋਂ ਲੈਕਚਰਾਰ ਦੇ ਅਹੁਦੇ ਤੋਂ ਰਿਟਾਇਰ ਹੋਏ ਹਨ। ਹਰ ਦੁਖ-ਸੁਖ ’ਚ ਅਸੀਂ ਤਿੰਨੋਂ ਇਕ ਦੂਜੇ ਦਾ ਸਾਥ ਦਿੰਦੇ ਆਏ ਹਾਂ।
ਚੀਮਾ ਸਾਹਿਬ ਨਾਲ ਮੁਲਾਕਾਤ ਤੋਂ 4-5 ਦਿਨਾਂ ਬਾਅਦ ਵੜਿੰਗ ਸਾਹਿਬ ਦਾ ਫੋਨ ਆਇਆ ਕਿ ਚੀਮਾ ਸਾਹਿਬ ਹਸਪਤਾਲ ਦਾਖਲ ਹਨ ਪਰ ਠੀਕ-ਠਾਕ ਹਨ। ਮੇਰੇ ਹਸਪਤਾਲ ਪਹੁੰਚਣ ਸਮੇਂ ਉਹ ਸੁੱਤੇ ਹੋਏ ਸਨ। ਸਟਾਫ ਤੋਂ ਜਾਣਕਾਰੀ ਮਿਲੀ ਕਿ ਉਨ੍ਹਾਂ ਨੂੰ ਖੂਨ ਚੜ੍ਹਾਇਆ ਜਾ ਰਿਹਾ ਹੈ। ਸਵੇਰੇ ਸਰਦਾਰ ਜੀ ਉਨ੍ਹਾਂ ਨੂੰ ਲੈ ਕੇ ਆਏ ਸਨ, ਉਨ੍ਹਾਂ ਨੇ ਇਨ੍ਹਾਂ ਨੂੰ ਇਥੇ ਦਾਖ਼ਲ ਕਰਵਾਇਆ। ਉਹ ਹੁਣੇ ਹੀ ਕੁਝ ਸਮੇਂ ਲਈ ਗਏ ਹਨ।
ਮੈਂ ਤੁਰੰਤ ਵੜਿੰਗ ਸਾਹਿਬ ਨੂੰ ਫੋਨ ਮਿਲਾਇਆ। ਉਨ੍ਹਾਂ ਦੱਸਿਆ, “ਸਵੇਰੇ ਚੀਮਾ ਸਾਹਿਬ ਦਾ ਫੋਨ ਆਇਆ ਸੀ, ਉਨ੍ਹਾਂ ਦੱਸਿਆ ਕਿ ਉਹ ਇਕੱਲੇ ਘਰ ਹਨ, ਤੇ ਸਿਹਤ ਠੀਕ ਨਾ ਹੋਣ ਕਾਰਨ ਤਕਲੀਫ ਵਿਚ ਹਨ... ਮੈਂ ਉਨ੍ਹਾਂ ਨੂੰ ਹਸਪਤਾਲ ਲੈ ਗਿਆ। ਇਸ ਬਾਰੇ ਚੀਮਾ ਸਾਹਿਬ ਦੀ ਪਤਨੀ ਨੂੰ ਵੀ ਦੱਸ ਦਿੱਤਾ ਹੈ। ਹਸਪਤਾਲ ਪ੍ਰਾਈਵੇਟ ਹੈ, ਇਸ ਲਈ 10-15 ਹਜ਼ਾਰ ਅਡਵਾਂਸ ਜਮਾਂ ਕਰਵਾ ਦਿੱਤਾ ਹੈ। ਮੈਂ ਖਾਣਾ ਖਾਣ ਘਰ ਆਇਆ ਹਾਂ, ਫਿਰ ਚੱਕਰ ਮਾਰਾਂਗਾ। ਚੀਮਾ ਸਾਹਿਬ ਦਾ ਪੁੱਤਰ ਚੰਡੀਗੜ੍ਹ ਅਤੇ ਪਤਨੀ ਕਿਸੇ ਜ਼ਰੂਰੀ ਕੰਮ ਲਈ ਸ਼ਹਿਰੋਂ ਬਾਹਰ ਹੋਣ ਕਾਰਨ ਦੁਪਹਿਰ ਬਾਅਦ ਹਸਪਤਾਲ ਪੁੱਜੇ। ਚੀਮਾ ਸਾਹਿਬ ਦੋ ਦਿਨ ਹਸਪਤਾਲ ਰਹੇ।
ਚੀਮਾ ਸਾਹਿਬ ਦੇ ਭੈਣ-ਭਰਾ, ਜੀਜੇ-ਸਾਲੇ ਅਤੇ ਹੋਰ ਸਕੇ-ਸਬੰਧੀ ਸਭ ਚੰਗੇ ਅਹੁਦਿਆਂ ’ਤੇ ਹਨ; ਉਨ੍ਹਾਂ ਦੇ ਰਿਸ਼ਤੇਦਾਰ ਏਡੀਸੀ ਅਤੇ ਕੈਬਨਿਟ ਮੰਤਰੀ ਵੀ ਰਹੇ ਹਨ। ਪੁੱਤਰ ਦੇ ਵਿਆਹ ਦੇ ਵੱਖ ਵੱਖ ਸਮਾਗਮਾਂ ਵਿਚ ਰਿਸ਼ਤੇਦਾਰਾਂ, ਮਿੱਤਰਾਂ, ਆਂਢ-ਗੁਆਂਢ ਤਂੋ ਇਲਾਵਾ ਉਨ੍ਹਾਂ ਦੇ ਕਾਲਜ ਦਾ ਪੂਰਾ ਸਟਾਫ ਅਤੇ ਕਲੋਨੀ ਦਾ ਹਰ ਪਰਿਵਾਰ ਵਿਆਹ ਸਮਾਗਮਾਂ ਵਿਚ ਪਹੁੰਚਿਆ ਸੀ। ਹਰ ਸਮਾਗਮ ਵਿਚ ਚੰਗਾ ਇਕੱਠ ਸੀ ਅਤੇ ਹਰ ਸਮਾਗਮ ’ਚ ਪ੍ਰਬੰਧ ਵੀ ਲਾਜਵਾਬ ਸੀ। ਚੀਮਾ ਸਾਹਿਬ ਦੇ ਬਹੁਤੇ ਰਿਸ਼ਤੇਦਾਰ ਇਸੇ ਸ਼ਹਿਰ ਵਿਚ ਆਸਪਾਸ ਹੀ ਰਹਿੰਦੇ ਹਨ ਅਤੇ ਸਾਰਿਆਂ ਦਾ ਆਪਸ ਵਿਚ ਚੰਗਾ ਮੇਲ-ਜੋਲ ਹੈ।
ਗੱਲਾਂ ਬਾਤਾਂ ਦੌਰਾਨ ਉਹ ਕਦੇ ਕਦੇ ਕਹਿੰਦੇ ਕਿ ਜਿ਼ਆਦਾਤਰ ਲੋਕ ਸਿਰਫ ਟੌਹਰ ਬਣਾੳਣ ਦੇ ਕੰਮ ਆਉਂਦੇ, ਸਜਾਵਟੀ ਸਮਾਨ ਵਾਂਗ; ਵੈਸੇ ਉਹ ਕਿਸੇ ਕੰਮ ਨਹੀਂ ਆਉਂਦੇ।
ਕੁਝ ਦਿਨਾਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਦਿੱਲੀ ਜਾਣਾ ਪਿਆ। ਦਿੱਲੀ ਜਾਣ ਸਮੇਂ ਉਨ੍ਹਾਂ ਵੜਿੰਗ ਸਾਹਿਬ ਨੂੰ ਫੋਨ ’ਤੇ ਦੱਸ ਦਿੱਤਾ ਸੀ ਤੇ ਇਹ ਵੀ ਕਿਹਾ ਸੀ ਕਿ ਜੇਕਰ ਵੜਿੰਗ ਸਾਹਿਬ ਜਾਂ ਮੇਰੀ ਦਿੱਲੀ ਆਉਣ ਦੀ ਜ਼ਰੂਰਤ ਪਈ ਤਾਂ ਉਹ ਦੱਸਣਗੇ। ਸ਼ਾਇਦ ਉਨ੍ਹਾਂ ਨੂੰ ਮੇਰੇ ਅਤੇ ਵੜਿੰਗ ਸਾਹਿਬ ਉਤੇ ਕਾਫੀ ਭਰੋਸਾ ਸੀ। ਖੈਰ! ਜਲਦੀ ਹੀ ਉਹ ਸਿਹਤਯਾਬ ਹੋ ਕੇ ਘਰ ਵਾਪਸ ਆ ਗਏ। ਮੈਨੂੰ ਜਾਂ ਵੜਿੰਗ ਸਾਹਿਬ ਨੂੰ ਦਿੱਲੀ ਜਾਣ ਦੀ ਲੋੜ ਨਹੀਂ ਪਈ।
ਚੀਮਾ ਸਾਹਿਬ ਦੇ ਇਲਾਜ ਦੌਰਾਨ ਉਨ੍ਹਾਂ ਦੇ ਪਰਿਵਾਰ ਦੇ ਤਿੰਨ ਜੀਆਂ ਅਤੇ ਛੋਟੇ ਭਰਾ ਤੋਂ ਇਲਾਵਾ ਹੋਰ ਕੋਈ ਕਿਧਰੇ ਨਜ਼ਰ ਨਹੀਂ ਆਇਆ। ਪਤਾ ਨਹੀਂ ਚੀਮਾ ਸਾਹਿਬ ਨੇ ਹੋਰ ਕਿਸੇ ਨਾਲ ਆਪਣੀ ਕੋਈ ਗੱਲ ਸਾਂਝੀ ਕੀਤੀ ਸੀ ਜਾਂ ਨਹੀਂ ਪਰ ਦੋ ਗੱਲਾਂ ਦੀ ਤਸੱਲੀ ਜ਼ਰੂਰ ਮਿਲੀ। ਇਕ, ਚੀਮਾ ਸਾਹਿਬ ਸਿਹਤਯਾਬ ਹੋ ਕੇ ਘਰ ਆ ਗਏ ਹਨ; ਦੂਜਾ, ਉਨ੍ਹਾਂ ਮੈਨੂੰ ਅਤੇ ਵੜਿੰਗ ਸਾਹਿਬ ਨੂੰ ਸਿਰਫ ਟੌਹਰ ਬਣਾਉਣ ਵਾਲੇ ਸਜਾਵਟੀ ਸਮਾਨ ਦੀ ਲਿਸਟ ਤੋਂ ਬਾਹਰ ਰੱਖਿਆ।
ਸੰਪਰਕ: 95010-14546