ਟੈਸਟ: ਭਾਰਤ ਨੇ ਆਸਟਰੇਲੀਆ ਖ਼ਿਲਾਫ਼ 218 ਦੌੜਾਂ ਦੀ ਲੀਡ ਲਈ
ਪਰਥ, 23 ਨਵੰਬਰ
ਯਸ਼ਸਵੀ ਜੈਸਵਾਲ ਅਤੇ ਕੇਐੱਲ ਰਾਹੁਲ ਦੀ ਪਹਿਲੀ ਵਿਕਟ ਲਈ 172 ਦੌੜਾਂ ਦੀ ਨਾਬਾਦ ਭਾਈਵਾਲੀ ਸਦਕਾ ਭਾਰਤ ਨੇ ਪਹਿਲੇ ਟੈਸਟ ਦੇ ਦੂਜੇ ਦਿਨ ਅੱਜ ਦੂਜੀ ਪਾਰੀ ਦੀ ਚੰਗੀ ਸ਼ੁਰੂਆਤ ਕਰਦਿਆਂ ਕੁੱਲ 218 ਦੌੜਾਂ ਦੀ ਲੀਡ ਲੈ ਲਈ ਹੈ। ਇਸ ਤੋਂ ਪਹਿਲਾਂ ਕਪਤਾਨ ਜਸਪ੍ਰੀਤ ਬੁਮਰਾਹ ਨੇ 11ਵੀਂ ਵਾਰ ਪਾਰੀ ਵਿੱਚ ਪੰਜ ਵਿਕਟਾਂ ਲੈ ਕੇ ਆਸਟਰੇਲੀਆ ਦੀ ਪਾਰੀ 104 ਦੌੜਾਂ ’ਤੇ ਸਮੇਟ ਕੇ ਭਾਰਤੀ ਟੀਮ ਨੂੰ 46 ਦੌੜਾਂ ਦੀ ਲੀਡ ਦਿਵਾਈ ਸੀ। ਪਹਿਲੀ ਪਾਰੀ ਵਿੱਚ ਭਾਰਤ ਨੇ 150 ਦੌੜਾਂ ਬਣਾਈਆਂ ਸਨ।
ਜੈਸਵਾਲ ਤੇ ਰਾਹੁਲ ਨੇ ਆਪਣੇ ਤਕਨੀਕੀ ਹੁਨਰ ਦਾ ਪ੍ਰਦਰਸ਼ਨ ਕੀਤਾ। ਦੂਜੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਜੈਸਵਾਲ 193 ਗੇਂਦਾਂ ’ਚ ਸੱਤ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 90 ਦੌੜਾਂ, ਜਦਕਿ ਪਹਿਲੀ ਪਾਰੀ ’ਚ ਤੀਜੇ ਅੰਪਾਇਰ ਦੇ ਵਿਵਾਦਤ ਫੈਸਲੇ ਦਾ ਸ਼ਿਕਾਰ ਹੋਇਆ ਰਾਹੁਲ 153 ਗੇਂਦਾਂ ਵਿੱਚ ਚਾਰ ਚੌਕਿਆਂ ਦੀ ਮਦਦ ਨਾਲ 62 ਦੌੜਾਂ ਬਣਾ ਕੇ ਖੇਡ ਰਿਹਾ ਸੀ। ਦੂਜੀ ਪਾਰੀ ’ਚ ਪਿੱਚ ’ਤੇ ਘਾਹ ਸੁੱਕ ਗਿਆ ਅਤੇ ਤਰੇੜਾਂ ਵੀ ਦਿਖਾਈ ਦੇਣ ਲੱਗੀਆਂ ਹਨ, ਜਿਸ ਕਾਰਨ ਗੇਂਦਬਾਜ਼ਾਂ ਨੂੰ ਜ਼ਿਆਦਾ ਮਦਦ ਨਹੀਂ ਮਿਲ ਰਹੀ ਅਤੇ ਬੱਲੇਬਾਜ਼ਾਂ ਲਈ ਸ਼ਾਟ ਖੇਡਣਾ ਸੌਖਾ ਹੋ ਗਿਆ ਹੈ। ਆਸਟਰੇਲਿਆਈ ਕਪਤਾਨ ਪੈਟ ਕਮਿਨਸ ਨੇ ਸੱਤ ਗੇਂਦਬਾਜ਼ਾਂ ਨੂੰ ਅਜ਼ਮਾਇਆ ਪਰ ਰਾਹੁਲ ਅਤੇ ਜੈਸਵਾਲ ਡਟੇ ਰਹੇ। ਇਸ ਪਿੱਚ ’ਤੇ 300 ਤੋਂ ਜ਼ਿਆਦਾ ਦਾ ਟੀਚਾ ਹਾਸਲ ਕਰਨਾ ਸੌਖਾ ਨਹੀਂ ਹੋਵੇਗਾ ਅਤੇ ਜੇ ਪਿੱਚ ’ਚ ਤਰੇੜਾਂ ਵਧਦੀਆਂ ਹਨ ਤਾਂ ਵਾਸ਼ਿੰਗਟਨ ਸੁੰਦਰ ਕਾਫੀ ਘਾਤਕ ਸਾਬਤ ਹੋ ਸਕਦਾ ਹੈ।
ਇਸ ਤੋਂ ਪਹਿਲਾਂ ਬੁਮਰਾਹ ਨੇ 11ਵੀਂ ਵਾਰ ਇਕ ਪਾਰੀ ’ਚ ਪੰਜ ਵਿਕਟਾਂ ਲਈਆਂ। ਭਾਰਤ ਨੇ ਆਸਟਰੇਲੀਆ ਨੂੰ ਪਹਿਲੀ ਪਾਰੀ ’ਚ 104 ਦੌੜਾਂ ’ਤੇ ਆਊਟ ਕਰ ਦਿੱਤਾ। -ਪੀਟੀਆਈ