ਤਿਲਕ ਟੀ-20 ’ਚ ਲਗਾਤਾਰ ਤਿੰਨ ਸੈਂਕੜੇ ਜੜਨ ਵਾਲਾ ਪਹਿਲਾ ਬੱਲੇਬਾਜ਼ ਬਣਿਆ
ਮੁੰਬਈ, 23 ਨਵੰਬਰ
ਭਾਰਤੀ ਬੱਲੇਬਾਜ਼ ਤਿਲਕ ਵਰਮਾ ਅਤੇ ਸ਼੍ਰੇਅਸ ਅਈਅਰ ਸ਼ਾਨਦਾਰ ਬੱਲੇਬਾਜ਼ੀ ਸਦਕਾ ਅੱਜ ਸਈਅਦ ਮੁਸ਼ਤਾਕ ਅਲੀ ਟਰਾਫੀ ਦੇ ਪਹਿਲੇ ਗੇੜ ਵਿੱਚ ਸੁਰਖੀਆਂ ’ਚ ਰਹੇ। ਤਿਲਕ ਵਰਮਾ ਟੀ-20 ਕ੍ਰਿਕਟ ’ਚ ਲਗਾਤਾਰ ਤਿੰਨ ਸੈਂਕੜੇ ਜੜਨ ਵਾਲਾ ਪਹਿਲਾ ਬੱਲੇਬਾਜ਼ ਬਣ ਗਿਆ ਹੈ, ਜਦਕਿ ਅਈਅਰ ਨੇ ਵੀ ਆਈਪੀਐੱਲ ਦੀ ਮੈਗਾ ਨਿਲਾਮੀ ਤੋਂ ਪਹਿਲਾਂ ਸੈਂਕੜਾ ਜੜਿਆ। ਸੈਂਚੁਰੀਅਨ ਅਤੇ ਜੋਹਾਨਸਬਰਗ ਵਿੱਚ ਦੱਖਣੀ ਅਫ਼ਰੀਕਾ ਖ਼ਿਲਾਫ਼ ਸੈਂਕੜੇ ਜੜਨ ਵਾਲੇ ਤਿਲਕ ਨੇ ਰਾਜਕੋਟ ਵਿੱਚ ਗਰੁੱਪ-ਏ ਦੇ ਮੈਚ ’ਚ ਹੈਦਰਾਬਾਦ ਲਈ ਖੇਡਦਿਆਂ ਮੇਘਾਲਿਆ ਖ਼ਿਲਾਫ਼ ਇੱਕ ਹੋਰ ਸੈਂਕੜਾ ਮਾਰਿਆ। ਖੱਬੇ ਹੱਥ ਦੇ ਬੱਲੇਬਾਜ਼ ਤਿਲਕ ਨੇ 67 ਗੇਂਦਾਂ ’ਚ 14 ਚੌਕਿਆਂ ਅਤੇ 10 ਛੱਕਿਆਂ ਦੀ ਮਦਦ ਨਾਲ 151 ਦੌੜਾਂ ਬਣਾਈਆਂ, ਜਿਸ ਦੀ ਬਦੌਲਤ ਹੈਦਰਾਬਾਦ ਨੇ 20 ਓਵਰਾਂ ’ਚ ਚਾਰ ਵਿਕਟਾਂ ’ਤੇ 248 ਦੌੜਾਂ ਬਣਾਈਆਂ।
ਇਸ ਤਰ੍ਹਾਂ ਤਿਲਕ ਟੀ-20 ਵਿੱਚ 150 ਤੋਂ ਵੱਧ ਦੌੜਾਂ ਬਣਾਉਣ ਵਾਲਾ ਪਹਿਲਾ ਭਾਰਤੀ ਪੁਰਸ਼ ਕ੍ਰਿਕਟਰ ਵੀ ਬਣ ਗਿਆ। ਸਲਾਮੀ ਬੱਲੇਬਾਜ਼ ਟੀ. ਅਗਰਵਾਲ ਨੇ 23 ਗੇਂਦਾਂ ’ਚ 55 ਦੌੜਾਂ ਬਣਾ ਕੇ ਕਪਤਾਨ ਤਿਲਕ ਦਾ ਚੰਗਾ ਸਾਥ ਦਿੱਤਾ। ਇਸ ਮਗਰੋਂ ਅਨਿਕੇਤਰੈਡੀ ਅਤੇ ਟੀ. ਤਿਆਗਰਾਜਨ ਨੇ ਮਿਲ ਕੇ ਸੱਤ ਵਿਕਟਾਂ ਲਈਆਂ ਅਤੇ ਮੇਘਾਲਿਆ ਨੂੰ ਸਿਰਫ਼ 69 ਦੌੜਾਂ ’ਤੇ ਆਊਟ ਕਰ ਕੇ 179 ਦੌੜਾਂ ਨਾਲ ਜਿੱਤ ਹਾਸਲ ਕੀਤੀ। ਇਸੇ ਤਰ੍ਹਾਂ ਗਰੁੱਪ ਈ ਦੇ ਮੈਚ ’ਚ ਸ਼੍ਰੇਅਸ ਅਈਅਰ ਨੇ ਮੁੰਬਈ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ। ਆਪਣੀ ਕਪਤਾਨੀ ਹੇਠ ਕੋਲਕਾਤਾ ਨਾਈਟ ਰਾਈਡਰਜ਼ ਨੂੰ ਆਈਪੀਐੱਲ 2024 ਦਾ ਖਿਤਾਬ ਜਿਤਵਾਉਣ ਦੇ ਬਾਵਜੂਦ ਫਰੈਂਚਾਇਜ਼ੀ ਨੇ ਉਸ ਨੂੰ ਛੱਡ ਦਿੱਤਾ ਹੈ। ਉਸ ਨੇ ਅੱਜ ਗੋਆ ਖ਼ਿਲਾਫ਼ ਮੁੰਬਈ ਲਈ 57 ਗੇਂਦਾਂ ਵਿੱਚ ਨਾਬਾਦ 130 ਦੌੜਾਂ (11 ਚੌਕੇ, 10 ਛੱਕੇ) ਦੀ ਪਾਰੀ ਖੇਡੀ। ਸ਼੍ਰੇਅਸ ਦੇ ਸੈਂਕੜੇ ਦੀ ਬਦੌਲਤ ਮੁੰਬਈ ਨੇ ਚਾਰ ਵਿਕਟਾਂ ’ਤੇ 250 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦਿਆਂ ਗੋਆ ਦੀ ਟੀਮ ਅੱਠ ਵਿਕਟਾਂ ’ਤੇ 224 ਦੌੜਾਂ ਹੀ ਬਣਾ ਸਕੀ। -ਪੀਟੀਆਈ