ਟੈਸਟ: ਭਾਰਤ ਨੇ ਪੰਜ ਵਿਕਟਾਂ ’ਤੇ 164 ਦੌੜਾਂ ਬਣਾਈਆਂ
ਮੈਲਬਰਨ, 27 ਦਸੰਬਰ
ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਭਾਰਤੀ ਬੱਲੇਬਾਜ਼ ਯਸ਼ਸਵੀ ਜੈਸਵਾਲ (82) ਦੇ ਰਨ ਆਊਟ ਹੋਣ ਤੋਂ ਬਾਅਦ ਭਾਰਤੀ ਪਾਰੀ ਡਾਵਾਂਡੋਲ ਹੋ ਗਈ, ਜਿਸ ਕਾਰਨ ਆਸਟਰੇਲੀਆ ਨੇ ਅੱਜ ਇੱਥੇ ਬਾਰਡਰ ਗਾਵਸਕਰ ਟਰਾਫੀ ਦੇ ਚੌਥੇ ਕ੍ਰਿਕਟ ਟੈਸਟ ਮੈਚ ਦੇ ਦੂਜੇ ਦਿਨ ਮੈਚ ’ਤੇ ਪਕੜ ਮਜ਼ਬੂਤ ਕਰ ਲਈ ਹੈ। ਦਿਨ ਦੀ ਖੇਡ ਖ਼ਤਮ ਹੋਣ ਤੱਕ ਭਾਰਤ ਦਾ ਸਕੋਰ ਪੰਜ ਵਿਕਟਾਂ ’ਤੇ 164 ਦੌੜਾਂ ਸੀ। ਟੀਮ ਪਹਿਲੀ ਪਾਰੀ ’ਚ ਆਸਟਰੇਲੀਆ ਤੋਂ 310 ਦੌੜਾਂ ਪਿੱਛੇ ਹੈ। ਪਹਿਲੀ ਪਾਰੀ ਵਿੱਚ ਆਸਟਰੇਲੀਆ ਦੀਆਂ 474 ਦੌੜਾਂ ਦੇ ਜਵਾਬ ’ਚ ਭਾਰਤੀ ਟੀਮ ਨੇ ਜੈਸਵਾਲ ਅਤੇ ਵਿਰਾਟ ਕੋਹਲੀ (36) ਦੀ ਭਾਈਵਾਲੀ ਦੀ ਮਦਦ ਨਾਲ ਮੈਚ ’ਚ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ ਪਰ 41ਵੇਂ ਓਵਰ ਵਿੱਚ ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਜੈਸਵਾਲ ਦੇ ਆਊਟ ਹੁੰਦਿਆਂ ਹੀ ਕੋਹਲੀ ਵੀ ਆਪਣੀ ਵਿਕਟ ਗੁਆ ਗਿਆ। ਪੰਜ ਮਿੰਟਾਂ ਦੇ ਅੰਦਰ ਟੀਮ ਤਿੰਨ ਵਿਕਟਾਂ ਗੁਆ ਕੇ ਦਬਾਅ ਹੇਠ ਆ ਗਈ। ਭਾਰਤੀ ਕਪਤਾਨ ਰੋਹਿਤ (3) ਅਤੇ ਕੇਐੱਲ ਰਾਹੁਲ (24) ’ਤੇ ਆਊਟ ਹੋ ਗਏ। ਇਸ ਤੋਂ ਪਹਿਲਾਂ ਸਟੀਵ ਸਮਿਥ (140) ਦੇ 34ਵੇਂ ਸੈਂਕੜੇ ਦੀ ਮਦਦ ਨਾਲ ਆਸਟਰੇਲੀਆ ਨੇ ਪਹਿਲੀ ਪਾਰੀ ਵਿੱਚ 474 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ। ਟੀਮ ਨੇ ਦਿਨ ਦੀ ਸ਼ੁਰੂਆਤ ਛੇ ਵਿਕਟਾਂ ’ਤੇ 311 ਦੌੜਾਂ ਨਾਲ ਕੀਤੀ। ਸਮਿਥ ਨੇ ਕਮਿਨਸ (49) ਅਤੇ ਮਿਸ਼ੇਲ ਸਟਾਰਕ (15) ਨਾਲ ਸੱਤਵੀਂ ਅਤੇ ਅੱਠਵੀਂ ਵਿਕਟ ਲਈ ਕ੍ਰਮਵਾਰ 112 ਅਤੇ 44 ਦੌੜਾਂ ਜੋੜੀਆਂ। -ਪੀਟੀਆਈ