ਮਹਿਲਾ ਕ੍ਰਿਕਟ: ਭਾਰਤ ਨੇ ਵੈਸਟਇੰਡੀਜ਼ ਖ਼ਿਲਾਫ਼ ਇੱਕ ਰੋਜ਼ਾ ਲੜੀ 3-0 ਨਾਲ ਜਿੱਤੀ
ਵਡੋਦਰਾ, 27 ਦਸੰਬਰ
ਸੀਨੀਅਰ ਆਫ ਸਪਿੰਨਰ ਦੀਪਤੀ ਸ਼ਰਮਾ ਦੇ ਹਰਫਨਮੌਲਾ ਪ੍ਰਦਰਸ਼ਨ ਸਦਕਾ ਭਾਰਤ ਨੇ ਅੱਜ ਇੱਥੇ ਤੀਜੇ ਅਤੇ ਆਖਰੀ ਮਹਿਲਾ ਇੱਕ ਰੋਜ਼ਾ ਮੈਚ ਵਿੱਚ ਵੈਸਟਇੰਡੀਜ਼ ਨੂੰ ਪੰਜ ਵਿਕਟਾਂ ਨਾਲ ਹਰਾ ਕੇ 3-0 ਨਾਲ ਕਲੀਨ ਸਵੀਪ ਕਰ ਦਿੱਤਾ। ਦੀਪਤੀ ਨੇ ਕਰੀਅਰ ਦੀ ਸਰਬੋਤਮ ਗੇਂਦਬਾਜ਼ੀ ਕਰਦਿਆਂ 31 ਦੌੜਾਂ ਦੇ ਕੇ ਛੇ ਵਿਕਟਾਂ ਲਈਆਂ ਅਤੇ ਮਗਰੋਂ ਬੱਲੇ ਨਾਲ ਵੀ ਨਾਬਾਦ 39 ਦੌੜਾਂ ਦਾ ਯੋਗਦਾਨ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਵੈਸਟਇੰਡੀਜ਼ ਦੀ ਟੀਮ 162 ਦੌੜਾਂ ਹੀ ਬਣਾ ਸਕੀ। ਭਾਰਤ ਲਈ ਦੀਪਤੀ ਤੋਂ ਇਲਾਵਾ ਰੇਣੂਕਾ ਸਿੰਘ ਠਾਕੁਰ ਨੇ ਚਾਰ ਵਿਕਟਾਂ ਲਈਆਂ। ਭਾਰਤ ਨੇ ਇਹ ਟੀਚਾ 28.2 ਓਵਰਾਂ ਵਿੱਚ ਪੰਜ ਵਿਕਟਾਂ ’ਤੇ 167 ਦੌੜਾਂ ਬਣਾ ਕੇ ਪੂਰਾ ਕਰ ਲਿਆ। ਭਾਰਤ ਨੇ ਇੱਕ ਵੇਲੇ 73 ਦੌੜਾਂ ’ਤੇ ਚਾਰ ਵਿਕਟਾਂ ਗੁਆ ਦਿੱਤੀਆਂ ਸਨ ਪਰ ਦੀਪਤੀ ਦੀਆਂ ਨਾਬਾਦ 39 ਦੌੜਾਂ ਸਦਕਾ ਟੀਮ ਨੇ 21 ਓਵਰ ਪਹਿਲਾਂ ਹੀ ਟੀਚਾ ਹਾਸਲ ਕਰ ਲਿਆ। ਉਸ ਦੇ ਨਾਲ ਵਿਕਟਕੀਪਰ ਬੱਲੇਬਾਜ਼ ਰਿਚਾ ਘੋਸ਼ 11 ਗੇਂਦਾਂ ਵਿੱਚ 23 ਦੌੜਾਂ ਬਣਾ ਕੇ ਨਾਬਾਦ ਰਹੀ। ਇਨ੍ਹਾਂ ਤੋਂ ਇਲਾਵਾ ਭਾਰਤ ਲਈ ਕਪਤਾਨ ਹਰਮਨਪ੍ਰੀਤ ਕੌਰ ਨੇ 32, ਜੈਮਿਮਾ ਰੌਡਰਿਗਜ਼ ਨੇ 29 ਅਤੇ ਪ੍ਰਤਿਕਾ ਰਾਵਲ ਨੇ 18 ਦੌੜਾਂ ਦਾ ਯੋਗਦਾਨ ਪਾਇਆ। -ਪੀਟੀਆਈ