ਟੈਸਟ: ਆਸਟਰੇਲੀਆ ਖ਼ਿਲਾਫ਼ ਜਿੱਤ ਲਈ ਭਾਰਤ ਨੂੰ 7 ਵਿਕਟਾਂ ਦੀ ਲੋੜ
ਪਰਥ, 24 ਨਵੰਬਰ
ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਅਤੇ ਵਿਰਾਟ ਕੋਹਲੀ ਦੇ ਸੈਂਕੜਿਆਂ ਦੀ ਮਦਦ ਨਾਲ ਆਸਟਰੇਲੀਆ ਨੂੰ 534 ਦੌੜਾਂ ਦਾ ਰਿਕਾਰਡ ਟੀਚਾ ਦੇਣ ਤੋਂ ਬਾਅਦ ਭਾਰਤ ਨੇ ਇੱਥੇ ਪਹਿਲੇ ਕ੍ਰਿਕਟ ਟੈਸਟ ਦੇ ਤੀਜੇ ਦਿਨ ਅੱਜ ਮੇਜ਼ਬਾਨ ਟੀਮ ਦੀਆਂ 12 ਦੌੜਾਂ ’ਤੇ ਤਿੰਨ ਵਿਕਟਾਂ ਲੈ ਕੇ ਆਪਣਾ ਦਬਦਬਾ ਕਾਇਮ ਰੱਖਿਆ। ਜਸਪ੍ਰੀਤ ਬੁਮਰਾਹ (ਦੋ ਵਿਕਟਾਂ) ਤੇ ਮੁਹੰਮਦ ਸਿਰਾਜ (ਇੱਕ ਵਿਕਟ) ਨੇ 4.2 ਓਵਰਾਂ ਵਿੱਚ ਆਸਟਰੇਲੀਆ ਦੀਆਂ ਤਿੰਨ ਵਿਕਟਾਂ ਲੈ ਕੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਆਸਟਰੇਲੀਆ ਨੂੰ ਜਿੱਤ ਲਈ 522 ਦੌੜਾਂ ਦੀ ਲੋੜ ਹੈ ਜਦਕਿ ਭਾਰਤ ਨੂੰ ਸੱਤ ਵਿਕਟਾਂ ਚਾਹੀਦੀਆਂ ਹਨ। ਦਿਨ ਦੀ ਸ਼ੁਰੂਆਤ ਵਿੱਚ ਜੈਸਵਾਲ ਨੇ ਇੱਕ ਵਾਰ ਫਿਰ ਆਪਣੇ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 161 ਦੌੜਾਂ ਬਣਾਈਆਂ।
ਉਸ ਨੇ ਲੋਕੇਸ਼ ਰਾਹੁਲ (77) ਨਾਲ ਪਹਿਲੀ ਵਿਕਟ ਲਈ ਰਿਕਾਰਡ 201 ਦੌੜਾਂ ਦੀ ਭਾਈਵਾਲੀ ਕੀਤੀ। ਜੈਸਵਾਲ ਦੇ ਆਊਟ ਹੋਣ ਤੋਂ ਬਾਅਦ ਜਦੋਂ ਭਾਰਤੀ ਟੀਮ ਮੁਸੀਬਤ ਵਿੱਚ ਸੀ ਤਾਂ ਕੋਹਲੀ (ਨਾਬਾਦ 100) ਨੇ ਆਪਣਾ 30ਵਾਂ ਟੈਸਟ ਸੈਂਕੜਾ ਜੜਿਆ।
ਉਸ ਨੇ ਵਾਸ਼ਿੰਗਟਨ ਸੁੰਦਰ (29) ਨਾਲ ਛੇਵੀਂ ਵਿਕਟ ਲਈ 89 ਅਤੇ ਨਿਤੀਸ਼ ਕੁਮਾਰ ਰੈੱਡੀ (ਨਾਬਾਦ 38) ਨਾਲ ਸੱਤਵੀਂ ਵਿਕਟ ਲਈ 77 ਦੌੜਾਂ ਦੀ ਨਾਬਾਦ ਭਾਈਵਾਲੀ ਕੀਤੀ। -ਪੀਟੀਆਈ