ਮੁਕਾਬਲੇ ’ਚ ਦਹਿਸ਼ਤਗਰਦ ਹਲਾਕ, ਜਵਾਨ ਸ਼ਹੀਦ
ਸ੍ਰੀਨਗਰ, 24 ਜੁਲਾਈ
ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ’ਚ ਰਾਤ ਭਰ ਚੱਲੇ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਨੇ ਇੱਕ ਅਣਪਛਾਤੇ ਦਹਿਸ਼ਤਗਰਦ ਨੂੰ ਮਾਰ ਮੁਕਾਇਆ ਜਦਕਿ ਇਸ ਦੌਰਾਨ ਫੌਜ ਦਾ ਇੱਕ ਜਵਾਨ ਵੀ ਸ਼ਹੀਦ ਹੋ ਗਿਆ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਦਹਿਸ਼ਤਗਰਦਾਂ ਦੀਆਂ ਸੰਭਾਵੀ ਸਰਗਰਮੀਆਂ ਦੀ ਸੂਹ ਮਿਲਣ ’ਤੇ ਫੌਜ ਤੇ ਪੁਲੀਸ ਨੇ ਕੁਪਵਾੜਾ ਦੇ ਲੋਲਾਬ ਇਲਾਕੇ ਤਲਾਸ਼ੀ ਮੁਹਿੰਮ ਵਿੱਢੀ ਹੋਈ ਸੀ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਸੁਰੱਖਿਆ ਬਲਾਂ ਦਾ ਲੁਕੇ ਹੋਏ ਦਹਿਸ਼ਤਗਰਦਾਂ ਨਾਲ ਸਾਹਮਣਾ ਹੋਣ ਮਗਰੋਂ ਮੁਕਾਬਲਾ ਸ਼ੁਰੂ ਹੋ ਗਿਆ।
ਸ੍ਰੀਨਗਰ ਅਧਾਰਿਤ ਚਿਨਾਰ ਕੋਰ ਨੇ ਐਕਸ ’ਤੇ ਪੋਸਟ ’ਚ ਦੱਸਿਆ ਕਿ ਕੁਪਵਾੜਾ ਦੇ ਕੋਵੁਤ ਇਲਾਕੇ ’ਚ ਦਹਿਸ਼ਤਗਰਦਾਂ ਦੀ ਮੌਜੂਦਗੀ ਦੀ ਸੂਹ ਮਿਲਣ ’ਤੇ ਫੌਜ ਤੇ ਜੰਮੂ ਕਸ਼ਮੀਰ ਪੁਲੀਸ ਨੇ 23 ਜੁਲਾਈ ਨੂੰ ਤਲਾਸ਼ੀ ਮੁਹਿੰਮ ਵਿੱਢੀ ਸੀ। ਇਸ ਵਿੱਚ ਕਿਹਾ ਗਿਆ ਕਿ ਮੰਗਲਵਾਰ ਨੂੰ ਸ਼ੱਕੀ ਹਰਕਤਾਂ ਦੇਖਣ ਮਗਰੋਂ ਸੁਰੱਖਿਆ ਬਲਾਂ ਵੱਲੋਂ ਕਾਰਵਾਈ ਕਰਨ ’ਤੇ ਦਹਿਸ਼ਤਗਰਦਾਂ ਨੇ ਗੋਲੀਬਾਰੀ ਸ਼ਰੂ ਕਰ ਦਿੱਤੀ। ਫੌਜ ਨੇ ਕਿਹਾ ਕਿ ਜਵਾਬੀ ਕਾਰਵਾਈ ’ਚ ਸੁਰੱਖਿਆ ਬਲਾਂ ਨੇ ਇੱਕ ਦਹਿਸ਼ਤਗਰਦ ਨੂੰ ਹਲਾਕ ਕਰ ਦਿੱਤਾ ਜਦਕਿ ਫੌਜ ਦਾ ਇੱਕ ਐੱਨਸੀਓ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਮੁਤਾਬਕ ਜ਼ਖ਼ਮੀ ਜਵਾਨ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। -ਪੀਟੀਆਈ
ਦਹਿਸ਼ਤਗਰਦਾਂ ਦੀ ਥਾਂ ਜੇਲ੍ਹ ’ਚ ਜਾਂ ‘ਜਹੱਨੁਮ’ ਵਿੱਚ: ਰਾਏ
ਨਵੀਂ ਦਿੱਲੀ:
ਗ੍ਰਹਿ ਮਾਮਲਿਆਂ ਬਾਰੇ ਕੇਂਦਰੀ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਅੱਜ ਆਖਿਆ ਕਿ ਜੰਮੂ-ਕਸ਼ਮੀਰ ’ਚ ਸਰਗਰਮ ਦਹਿਸ਼ਤਗਰਦ ਜਾਂ ਤਾਂ ਜੇਲ੍ਹ ਜਾਣਗੇ ਜਾਂ ਉਨ੍ਹਾਂ ਨੂੰ ‘ਜਹੱਨੁਮ’ ਵਿੱਚ ਭੇਜਿਆ ਜਾਵੇਗਾ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਮੋਦੀ ਸਰਕਾਰ ਅਤਿਵਾਦ ਪ੍ਰਤੀ ‘ਜ਼ੀਰੋ ਸਹਿਣਸ਼ੀਲਤਾ ਨੀਤੀ’ ਰੱਖਦੀ ਹੈ। ਰਾਏ ਨੇ ਟਿੱਪਣੀ ਕਾਂਗਰਸੀ ਸੰੰਸਦ ਮੈਂਬਰ ਪ੍ਰਮੋਦ ਤਿਵਾੜੀ ਦੀ ਸਵਾਲ ਦੇ ਜਵਾਬ ’ਚ ਕੀਤੀ। ਕੇੇਂਦਰੀ ਮੰਤਰੀ ਨੇ ਕਿਹਾ ਕਿ ਸਰਗਰਮ ਦਹਿਸ਼ਤਗਰਦ ਬਹੁਤ ਜਲਦੀ ਖਤਮ ਹੋ ਜਾਣਗੇ। ਉਨ੍ਹਾਂ ਆਖਿਆ, ‘‘ਦਹਿਸ਼ਤਗਰਦ ਆਪਣੇ ਮਨਸੂਬਿਆਂ ’ਚ ਕਾਮਯਾਬ ਨਹੀਂ ਹੋਣਗੇ।’’ ਰਾਏ ਆਖਿਆ ਪਿਛਲੇ ਕੁਝ ਦਿਨਾਂ ’ਚ ਜੰਮੂ-ਕਸ਼ਮੀਰ ’ਚ 28 ਦਹਿਸ਼ਤਗਰਦ ਮਾਰੇ ਗਏ ਹਨ ਜਦਕਿ ਇਸ ਦੌਰਾਨ ਬਦਕਿਸਮਤੀ ਨਾਲ ਕੁਝ ਜਵਾਨ ਵੀ ਸ਼ਹੀਦ ਹੋਏ ਹਨ। ਮੰਤਰੀ ਅਨੁਸਾਰ 2019 ਵਿੱਚ ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਖਤਮ ਕੀਤੇ ਜਾਣ ਮਗਰੋਂ ਸੁਰੱਖਿਆ ਬਲਾਂ ਨੇ ਖੇਤਰ ਵਿੱਚ ਲਗਪਗ 900 ਦਹਿਸ਼ਤਗਰਦਾਂ ਦਾ ਸਫ਼ਾਇਆ ਕੀਤਾ ਹੈ। ਇਸੇ ਦੌਰਾਨ ਮੰਤਰੀ ਨੇ ਸਦਨ ’ਚ ਦੱਸਿਆ ਕਿ 2004 ਤੋਂ 2014 ਦੌਰਾਨ ਜੰਮੂ-ਕਸ਼ਮੀਰ ਖੇਤਰ ’ਚ 2,829 ਨਾਗਰਿਕਾਂ ਤੇ ਸੁਰੱਖਿਆ ਬਲਾਂ ਦੀਆਂ ਜਾਨਾਂ ਗਈਆਂ ਹਨ। -ਪੀਟੀਆਈ
ਜੰਮੂ-ਕਸ਼ਮੀਰ ’ਚ ਹਾਲਾਤ ਕੁਝ ਮਹੀਨਿਆਂ ’ਚ ਆਮ ਵਾਂਗ ਹੋ ਜਾਣਗੇ: ਸਿਨਹਾ
ਸ੍ਰੀਨਗਰ:
ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਕਿਹਾ ਕਿ ਕੇਂਦਰੀ ਸ਼ਾਸਿਤ ਪ੍ਰਦੇਸ਼ ’ਚ ਹਲਾਤ ਕੁਝ ਮਹੀਨਿਆਂ ’ਚ ਹੀ ਆਮ ਵਾਂਗ ਹੋ ਜਾਣਗੇ ਕਿਉਂਕਿ ਵਿਰੋਧੀ ਅਨਸਰਾਂ ਨੂੰ ਢੁੱਕਵਾਂ ਜਵਾਬ ਦਿੱਤਾ ਜਾ ਰਿਹਾ ਹੈ। ਸਿਨਹਾ ਨੇ ਆਖਿਆ, ‘‘ਜਿਹੜੇ ਲੋਕ ਇੱਥੇ ਸ਼ਾਂਤਮਈ ਮਾਹੌਲ ਨੂੰ ਸਹਿਣ ਨਹੀਂ ਕਰ ਸਕਦੇ ਉਨ੍ਹਾਂ ਨੂੰ ਆਪਣੇ ਖਾਤਮੇ ਲਈ ਤਿਆਰ ਰਹਿਣਾ ਚਾਹੀਦਾ ਹੈ। ਇੱਥੇ ਲੋਕਾਂ ਨੇ ਪਹਿਲਾਂ ਵੀ ਉਨ੍ਹਾਂ ਨੂੰ ਕਰਾਰਾ ਜਵਾਬ ਦਿੱਤਾ ਸੀ। ਇਹ ਹਲਾਤ ਦੀ ਮੰਗ ਹੈ। ਮੈਂ ਸੋਚਦਾ ਹਾਂ ਕਿ ਹਾਲਾਤ ਕੁਝ ਮਹੀਨਿਆਂ ’ਚ ਆਮ ਵਾਂਗ ਹੋ ਜਾਣਗੇ।’’ -ਪੀਟੀਆਈ
ਜੰਮੂ: ਪੁਣਛ ਮੁਕਾਬਲੇ ’ਚ ਸ਼ਹੀਦ ਹੋਏ ਜਵਾਨ ਨੂੰ ਸ਼ਰਧਾਂਜਲੀਆਂ
ਜੰਮੂ:
ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ’ਚ ਕੰਟਰੋਲ ਰੇਖਾ ਨੇੜੇ ਦਹਿਸ਼ਤਗਰਦਾਂ ਨਾਲ ਮੁਕਾਬਲੇ ’ਚ ਸ਼ਹੀਦ ਹੋਏ ਜਵਾਨ ਲਾਂਸ ਨਾਇਕ ਸੁਭਾਸ਼ ਚੰਦਰ ਨੂੰ ਅੱਜ ਇੱਥੇ ਫੌਜ, ਸਿਵਲ ਤੇ ਪੁਲੀਸ ਅਧਿਕਾਰੀਆਂ ਨੇੇ ਰੀਥ ਭੇਟ ਕਰਕੇ ਸ਼ਰਧਾਂਜਲੀ ਦਿੱਤੀ। ਸੁਭਾਸ਼ ਚੰਦਰ ਲੰਘੇ ਦਿਨ ਕ੍ਰਿਸ਼ਨਾ ਘਾਟੀ ਦੇ ਬੱਟਲ ਇਲਾਕੇ ’ਚ ਸਰਹੱਦ ਪਾਰੋਂ ਘੁਸਪੈਠ ਦੀ ਕੋਸ਼ਿਸ਼ ਰੋਕਣ ਦੌਰਾਨ ਹੋਈ ਗੋਲੀਬਾਰੀ ’ਚ ਸ਼ਹੀਦ ਹੋ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸ਼ਹੀਦ ਜਵਾਨ ਦੀ ਦੇਹ ਉੱਤਰ ਪ੍ਰਦੇਸ਼ ’ਚ ਉਸ ਦੇ ਜੱਦੀ ਕਸਬੇ ’ਚ ਭੇਜਣ ਤੋਂ ਪਹਿਲਾਂ ਅੱਜ ਦੁਪਹਿਰ ਨੂੰ ਇੱਥੇ ਭਾਰਤੀ ਹਵਾਈ ਸੈਨਾ ਦੇ ਸਟੇਸ਼ਨ ’ਤੇ ਸ਼ਰਧਾਂਜਲੀ ਭੇਟ ਕੀਤੀ ਗਈ। ਵ੍ਹਾਈਟ ਨਾਈਟ ਕੋਰ ਦੇ ਲੈਫਟੀਨੈਂਟ ਜਨਰਲ ਨਵੀਨ ਸਚਦੇਵਾ ਨੇ ਸ਼ਰਧਾਂਜਲੀ ਸਮਾਗਮ ਦੀ ਅਗਵਾਈ ਕੀਤੀ, ਜਿਸ ਵਿੱਚ ਹਵਾਈ ਸੈਨਾ ਦੇ ਅਧਿਕਾਰੀ ਵੀ ਸ਼ਾਮਲ ਹੋਏ। ਅਧਿਕਾਰੀਆਂ ਨੇ ਦੱਸਿਆ ਕਿ ਇਸ ਮੌਕੇ ਜੰਮੂੁ ਜ਼ੋਨ ਦੇ ਏਡੀਜੀਪੀ ਰਾਮੇਸ਼ ਕੁਮਾਰ, ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਅਤੇ ਹੋਰ ਜ਼ੋਨਾਂ ਦੇ ਸੀਨੀਅਰ ਸਿਵਲ ਤੇ ਪੁਲੀਸ ਅਧਿਕਾਰੀਆਂ ਨੇ ਸ਼ਹੀਦ ਜਵਾਨ ਦੀ ਦੇਹ ’ਤੇ ਰੀਥ ਭੇਟ ਕੀਤੀ ਅਤੇ ਸਲਾਮੀ ਦਿੱਤੀ। -ਪੀਟੀਆਈ