ਜੰਮੂ ਕਸ਼ਮੀਰ ਵਿੱਚ ਅਤਿਵਾਦ ਆਖ਼ਰੀ ਸਾਹ ਲੈ ਰਿਹਾ ਹੈ: ਮੋਦੀ
ਜੰਮੂ, 14 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਅਤਿਵਾਦ ਆਖ਼ਰੀ ਸਾਹ ਲੈ ਰਿਹਾ ਹੈ ਅਤੇ ਉਨ੍ਹਾਂ ਦੀ ਸਰਕਾਰ ਨੇ ਇਸ ਸੁੰਦਰ ਖੇਤਰ ਨੂੰ ਨਸ਼ਟ ਕਰਨ ਵਾਲੀ ਵੰਸ਼ਵਾਦੀ ਰਾਜਨੀਤੀ ਦਾ ਮੁਕਾਬਲਾ ਕਰਨ ਲਈ ਇਕ ਨਵੀਂ ਲੀਡਰਸ਼ਿਪ ਪੇਸ਼ ਕੀਤੀ ਹੈ। ਜੰਮੂ ਖੇਤਰ ਦੇ ਡੋਡਾ ਜ਼ਿਲ੍ਹੇ ਵਿੱਚ ਭਾਜਪਾ ਉਮੀਦਵਾਰਾਂ ਦੇ ਸਮਰਥਨ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘‘ਅਸੀਂ ਅਤੇ ਤੁਸੀਂ ਮਿਲ ਕੇ ਜੰਮੂ ਕਸ਼ਮੀਰ ਨੂੰ ਦੇਸ਼ ਦਾ ਇਕ ਸੁਰੱਖਿਅਤ ਤੇ ਖੁਸ਼ਹਾਲ ਹਿੱਸਾ ਬਣਾਵਾਂਗੇ।’’ ਵਿਧਾਨ ਸਭਾ ਦੇ ਪਹਿਲੇ ਗੇੜ ਤਹਿਤ 18 ਸਤੰਬਰ ਨੂੰ ਪੈਣ ਵਾਲੀਆਂ ਵੋਟਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਚੋਣ ਰੈਲੀ ਸੀ। ਪ੍ਰਧਾਨ ਮੰਤਰੀ ਨੇ ਕਿਹਾ, ‘‘ਆਜ਼ਾਦੀ ਤੋਂ ਬਾਅਦ ਜੰਮੂ ਕਸ਼ਮੀਰ ਵਿਦੇਸ਼ੀ ਤਾਕਤਾਂ ਦੇ ਨਿਸ਼ਾਨੇ ’ਤੇ ਆ ਗਿਆ ਅਤੇ ਵੰਸ਼ਵਾਦੀ ਰਾਜਨੀਤੀ ਨੇ ਇਸ ਸੋਹਣੇ ਖੇਤਰ ਨੂੰ ਅੰਦਰ ਤੋਂ ਖੋਖਲਾ ਕਰ ਦਿੱਤਾ। ਰਾਜਨੀਤਕ ਵੰਸ਼ਵਾਦੀਆਂ ਨੇ ਆਪਣੇ ਬੱਚਿਆਂ ਨੂੰ ਅੱਗੇ ਵਧਾਇਆ ਅਤੇ ਨਵੀਂ ਲੀਡਰਸ਼ਿਪ ਨੂੰ ਉਭਾਰਨ ਨਹੀਂ ਦਿੱਤਾ।’’ ਉਨ੍ਹਾਂ ਕਿਹਾ, ‘‘2014 ਵਿੱਚ ਕੇਂਦਰ ’ਚ ਸੱਤਾ ਵਿੱਚ ਆਉਣ ਤੋਂ ਤੁਰੰਤ ਬਾਅਦ ਅਸੀਂ ਨੌਜਵਾਨ ਲੀਡਰਸ਼ਿਪ ਨੂੰ ਉਭਾਰਨ ’ਤੇ ਧਿਆਨ ਕੇਂਦਰਿਤ ਕੀਤਾ।’’ ਮੋਦੀ ਨੇ ਕਿਹਾ, ‘‘ਜੰਮੂ ਕਸ਼ਮੀਰ ਵਿੱਚ ਅਤਿਵਾਦੀ ਆਖ਼ਰੀ ਸਾਹ ਲੈ ਰਿਹਾ ਹੈ।’’ -ਪੀਟੀਆਈ