‘ਜੰਮੂ-ਕਸ਼ਮੀਰ ’ਚ ਅਤਿਵਾਦ ਆਪਣੇ ਆਖ਼ਰੀ ਸਾਹਾਂ ’ਤੇ’
ਜੰਮੂ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜੰਮੂ ਦੇ ਡੋਡਾ ਜ਼ਿਲ੍ਹੇ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿਹਾ ਕਿ ਜੰਮੂ ਕਸ਼ਮੀਰ ਵਿਚ ਅਤਿਵਾਦ ਆਪਣੇ ਆਖਰੀ ਸਾਹਾਂ ’ਤੇ ਹੈ। ਉਨ੍ਹਾਂ ਕਿਹਾ ਕਿ ਪਰਿਵਾਰਵਾਦ ਦੀ ਸਿਆਸਤ ਨੇ ‘ਇਸ ਖ਼ੂਬਸੂਰਤ ਖਿੱਤੇ’ ਨੂੰ ਤਬਾਹ ਕਰ ਛੱਡਿਆ ਹੈ ਤੇ ਪਰਿਵਾਰਵਾਦ ਦੇ ਟਾਕਰੇ ਲਈ ਉਨ੍ਹਾਂ ਦੀ ਸਰਕਾਰ ਨੇ ਨਵੀਂ ਲੀਡਰਸ਼ਿਪ ਦਾ ਬਦਲ ਪੇਸ਼ ਕੀਤਾ ਹੈ। ਜੰਮੂ-ਕਸ਼ਮੀਰ ਦੇ ਰਾਜ ਦੇ ਰੁਤਬੇ ਦੀ ਬਹਾਲੀ ਦੇ ਆਪਣੀ ਸਰਕਾਰ ਦੇ ਵਾਅਦੇ ਨੂੰ ਦੁਹਰਾਉਂਦਿਆਂ ਸ੍ਰੀ ਮੋਦੀ ਨੇ ਲੋਕਾਂ ਨੂੰ ਖ਼ਬਰਦਾਰ ਕੀਤਾ ਕਿ ਉਹ ਨੈਸ਼ਨਲ ਕਾਨਫਰੰਸ, ਕਾਂਗਰਸ ਤੇ ਪੀਡੀਪੀ ਨੂੰ ਮੁੜ ਸੱਤਾ ਵਿਚ ਨਾ ਆਉਣ ਦੇਣ। ਸ੍ਰੀ ਮੋਦੀ ਨੇ ਕਿਹਾ ਕਿ ਇਸ ਵਾਰ ਦੀਆਂ ਅਸੈਂਬਲੀ ਚੋਣਾਂ ਜੰਮੂ ਕਸ਼ਮੀਰ ਦੇ ਭਵਿੱਖ ਦਾ ਫੈਸਲਾ ਕਰਨਗੀਆਂ, ਜੋ ਦੇਸ਼ ਆਜ਼ਾਦੀ ਤੋਂ ਬਾਹਰੀ ਤਾਕਤਾਂ ਦੇ ਨਿਸ਼ਾਨੇ ’ਤੇ ਰਿਹਾ ਹੈ। ਉਨ੍ਹਾਂ ਕਿਹਾ, ‘ਪਰਿਵਾਰਵਾਦ ਦੀ ਸਿਆਸਤ ਨੇ ਇਸ ਖ਼ੂਬਸੂਰਤ ਖਿੱਤੇ ਨੂੰ ਅੰਦਰੋਂ ਖੋਖਲਾ ਕੀਤਾ, ਜਿਨ੍ਹਾਂ ਸਿਆਸੀ ਪਾਰਟੀਆਂ ’ਤੇ ਤੁਸੀਂ ਵਿਸ਼ਵਾਸ ਕੀਤਾ, ਉਨ੍ਹਾਂ ਕਦੇ ਤੁਹਾਡੇ ਬੱਚਿਆਂ ਦੀ ਫ਼ਿਕਰ ਨਹੀਂ ਕੀਤੀ। ਉਨ੍ਹਾਂ ਨੂੰ ਸਿਰਫ਼ ਆਪਣੇ ਬੱਚਿਆਂ ਦੀ ਫ਼ਿਕਰ ਤੇ ਪ੍ਰਵਾਹ ਸੀ ਤੇ ਉਨ੍ਹਾਂ ਨਵੀਂ ਲੀਡਰਸ਼ਿਪ ਨੂੰ ਉੱਠ ਖੜ੍ਹਨ ਨਹੀਂ ਦਿੱਤਾ।’ ਉਨ੍ਹਾਂ ਕਿਹਾ, ‘ਅਤਿਵਾਦ ਦੀ ਸਭ ਤੋਂ ਵੱਧ ਮਾਰ ਨੌਜਵਾਨਾਂ ਨੂੰ ਝੱਲਣੀ ਪਈ, ਜਿਨ੍ਹਾਂ ਪਾਰਟੀਆਂ ਨੇ ਲੋਕਾਂ ਨੂੰ ਗੁੰਮਰਾਹ ਕਰਕੇ ਪਰਿਵਾਰਵਾਦ ਨੂੰ ਹੱਲਾਸ਼ੇਰੀ ਦਿੱਤੀ, ਉਨ੍ਹਾਂ ਸੱਤਾ ਦਾ ਸੁੱਖ ਭੋਗਿਆ ਤੇ ਨੌਜਵਾਨ ਆਗੂਆਂ ਨੂੰ ਅੱਗੇ ਨਹੀਂ ਆਉਣ ਦਿੱਤਾ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੈਂਬਲੀ ਚੋਣਾਂ ਕਰਵਾਉਣ ਦਾ ਮੁੱਖ ਮੰਤਵ ਜਮਹੂਰੀਅਤ ਨੂੰ ਜ਼ਮੀਨੀ ਪੱਧਰ ’ਤੇ ਲੈ ਕੇ ਜਾਣਾ ਹੈ ਤਾਂ ਕਿ ਨੌਜਵਾਨ ਇਸ ਦੀ ਕਮਾਨ ਸੰਭਾਲ ਸਕਣ। ਉਨ੍ਹਾਂ ਕਿਹਾ ਕਿ ਜਿਹੜੇ ਪੱਥਰ ਪਹਿਲਾਂ ਪੁਲੀਸ ਤੇ ਫੌਜ ’ਤੇ ਸੁੱਟੇ ਜਾਂਦੇ ਸਨ, ਉਹ ਹੁਣ ਨਵੇਂ ਜੰਮੂ ਕਸ਼ਮੀਰ ਵਿਚ ਇਮਾਰਤਾਂ ਦੀ ਉਸਾਰੀ ’ਚ ਕੰਮ ਆਉਂਦੇ ਹਨ। ਜੰਮੂ ਕਸ਼ਮੀਰ ਵਿਚ 18 ਸਤੰਬਰ ਨੂੰ ਪਹਿਲੇ ਗੇੜ ਦੀ ਪੋਲਿੰਗ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੀ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਇਹ ਪਲੇਠੀ ਚੋਣ ਰੈਲੀ ਹੈ। -ਪੀਟੀਆਈ
ਜੰਮੂ-ਕਸ਼ਮੀਰ ਭਾਜਪਾ ਤੇ ਆਰਅਐੱਸਐੱਸ ਦੇ ਕੰਟਰੋਲ ਵਾਲੀ ਨੌਕਰਸ਼ਾਹੀ ਦੀ ਜਾਗੀਰ ਬਣਿਆ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਅੱਜ ਪੁੱਛਿਆ ਕਿ ਜੰਮੂ ਕਸ਼ਮੀਰ ਨੂੰ ਪੂਰਨ ਰਾਜ ਦਾ ਦਰਜਾ ਕਦੋਂ ਵਾਪਸ ਮਿਲੇਗਾ। ਉਨ੍ਹਾਂ ਦੋਸ਼ ਲਾਇਆ ਕਿ ਇਹ ਖੇਤਰ ਭਾਜਪਾ ਅਤੇ ਆਰਐੱਸਐੱਸ ਦੇ ਕੰਟਰੋਲ ਵਾਲੀ ਨੌਕਰਸ਼ਾਹੀ ਦੀ ਜਾਗੀਰ ਬਣ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਡੋਡਾ ਵਿੱਚ ਭਾਜਪਾ ਉਮੀਦਵਾਰ ਦੇ ਸਮਰਥਨ ’ਚ ਰੈਲੀ ਨੂੰ ਸੰਬੋਧਨ ਕੀਤਾ। ਜੈਰਾਮ ਰਮੇਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੱਸਣਾ ਚਾਹੀਦਾ ਹੈ ਕਿ ਜੰਮੂ-ਕਸ਼ਮੀਰ ਦਾ ਰਾਜ ਦਾ ਦਰਜਾ ਕਦੋਂ ਬਹਾਲ ਹੋਵੇਗਾ। -ਪੀਟੀਆਈ