ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਹਿਸ਼ਤਗਰਦੀ ਬਣੀ ਵੱਡੀ ਸਿਰਦਰਦੀ...

08:12 AM Dec 18, 2023 IST

ਦਹਿਸ਼ਤਗਰਦੀ ਪਾਕਿਸਤਾਨ ਦੀਆਂ ਸੁਰੱਖਿਆ ਏਜੰਸੀਆਂ ਲਈ ਬਹੁਤ ਵੱਡੀ ਸਿਰਦਰਦੀ ਬਣ ਚੁੱਕੀ ਹੈ। ਅੰਦਰੂਨੀ ਸੁਰੱਖਿਆ ਨਾਲ ਜੁੜੇ ਸਰਕਾਰੀ ਅੰਕੜੇ ਦੱਸਦੇ ਹਨ ਕਿ ਇਸ ਵਰ੍ਹੇ 15 ਦਸੰਬਰ ਤਕ ਦਹਿਸ਼ਤੀ ਹਮਲਿਆਂ ਤੇ ਅਜਿਹੇ ਹੋਰ ਕਾਰਿਆਂ ਵਿਚ 2773 ਜਾਨਾਂ ਗਈਆਂ। ਮਰਨ ਵਾਲਿਆਂ ਵਿਚੋਂ 1378 ਸੁਰੱਖਿਆ ਕਰਮੀ ਸਨ। ਸੁਰੱਖਿਆ ਕਰਮੀਆਂ ਵਿਚੋਂ ਵੀ 729 ਫ਼ੌਜੀ ਜਵਾਨ ਸਨ। ਮੌਤਾਂ ਤੋਂ ਇਲਾਵਾ ਜ਼ਖ਼ਮੀਆਂ ਦੀ ਗਿਣਤੀ 3500 ਤੋਂ ਵੱਧ ਰਹੀ। ਇਕੱਲੇ ਦਸੰਬਰ ਮਹੀਨੇ ਦੇ ਹੁਣ ਤੱਕ ਦੇ ਅੰਕੜੇ ਵੀ ਘੱਟ ਹੌਲਨਾਕ ਨਹੀਂ: ਕੁੱਲ 171 ਜਾਨਾਂ, ਮਰਨ ਵਾਲੇ ਫ਼ੌਜੀ 78, ਪੁਲੀਸ ਕਰਮੀ 27, ਨੀਮ ਫ਼ੌਜੀ 9 ਤੇ ਬਾਕੀ ਸਿਵਲੀਅਨ। ਕਿਉਂਕਿ ਬਹੁਤੀਆਂ ਘਟਨਾਵਾਂ ਖ਼ੈਬਰ-ਪਖ਼ਤੂਖ਼ਨਵਾ ਤੇ ਬਲੋਚਿਸਤਾਨ ਸੂਬਿਆਂ ਵਿਚ ਹੋਈਆਂ, ਇਸ ਕਰਕੇ ਇਹ ਮੇਨਸਟ੍ਰੀਮ ਮੀਡੀਆ ਵੱਲੋਂ ਬਹੁਤੀਆਂ ਉਭਾਰੀਆਂ ਨਹੀਂ ਗਈਆਂ; ਖ਼ਾਸ ਤੌਰ ’ਤੇ ਉਹ ਜਿਨ੍ਹਾਂ ਵਿਚ ਮੌਤਾਂ ਦੀ ਗਿਣਤੀ ਇਕ ਜਾਂ ਦੋ ਰਹੀ। ਉਂਜ ਵੀ ਮੁਲਕ ਵਿਚ ਆਮ ਚੋਣਾਂ ਨੂੰ ਲੈ ਕੇ ਚੱਲ ਰਹੇ ਸਿਆਸੀ ਤਮਾਸ਼ੇ ਤੇ ਪਾਰਟੀਆਂ ਦੀ ਟੁੱਟ-ਭੱਜ ਵਿਚ ਲੋਕਾਂ ਦੀ ਵੱਧ ਦਿਲਚਸਪੀ ਹੈ, ਇਸੇ ਕਾਰਨ ਦਹਿਸ਼ਤੀ ਸਰਗਰਮੀਆਂ ਵੱਲ ਉਸ ਕਿਸਮ ਦੀ ਸੰਜੀਦਾ ਤਵੱਜੋ ਨਹੀਂ ਦਿੱਤੀ ਜਾ ਰਹੀ, ਜਿਸ ਕਿਸਮ ਦੀ ਤਵੱਜੋ ਦੀਆਂ ਉਹ ਹੱਕਦਾਰ ਹਨ।
ਇਸੇ ਮੁੱਦੇ ਨੂੰ ਦੋ ਪ੍ਰਮੁੱਖ ਅੰਗਰੇਜ਼ੀ ਅਖ਼ਬਾਰਾਂ ‘ਡਾਅਨ’ ਤੇ ‘ਪਾਕਿਸਤਾਨ ਆਬਜ਼ਰਵਰ’ ਨੇ ਆਪੋ ਆਪਣੀਆਂ ਸੰਪਾਦਕੀਆਂ ਦਾ ਵਿਸ਼ਾ ਬਣਾਇਆ ਹੈ। ‘ਡਾਅਨ’ ਆਪਣੇ ਐਤਵਾਰ ਦੇ ਅਦਾਰੀਏ ਵਿਚ ਲਿਖਦਾ ਹੈ, ‘‘ਸਰਕਾਰ ਇੰਤਹਾਪਸੰਦ ਅਨਸਰਾਂ ਤੋਂ ਉਪਜੇ ਖ਼ਤਰਿਆਂ ਦਾ ਅਸਰਦਾਰ ਢੰਗ ਨਾਲ ਟਾਕਰਾ ਕਰਨ ਵਿਚ ਨਾਕਾਮ ਰਹੀ ਹੈ। ਇਸੇ ਨਾਕਾਮੀ ਦੇ ਨਤੀਜੇ ਵਜੋਂ ਮੁਲਕ ਵਿਚ ਦਹਿਸ਼ਤੀ ਹਮਲਿਆਂ ਦੀ ਤਾਦਾਦ ਵੀ ਵਧੀ ਹੈ ਅਤੇ ਮਾਰ ਵੀ। ਚਿੰਤਾ ਵਾਲੀ ਗੱਲ ਇਹ ਹੈ ਕਿ ਮਰਨ ਵਾਲਿਆਂ ਵਿਚ ਬਹੁਗਿਣਤੀ ਸੁਰੱਖਿਆ ਕਰਮੀਆਂ ਦੀ ਹੈ। 12 ਦਸੰਬਰ ਨੂੰ ਡੇਰਾ ਇਸਮਾਈਲ ਖ਼ਾਨ ਜ਼ਿਲ੍ਹੇ ਵਿਚ ਫ਼ੌਜੀ ਕੈਂਪ ਉੱਤੇ ਖ਼ੁਦਕੁਸ਼ ਹਮਲੇ ਵਿਚ 24 ਸੁਰੱਖਿਆ ਕਰਮੀ ‘ਸ਼ਹੀਦ’ ਹੋ ਗਏ ਜਿਨ੍ਹਾਂ ਵਿਚੋਂ 23 ਫ਼ੌਜੀ ਸਨ। ਇਸ ਤੋਂ ਤਿੰਨ ਦਿਨ ਬਾਅਦ ਖ਼ੈਬਰ-ਪਖ਼ਤੂਨਖ਼ਵਾ (ਕੇ.ਪੀ.) ਸੂਬੇ ਵਿਚ ਟਾਂਕ ’ਚ ਪੁਲੀਸ ਹੈੱਡਕੁਆਰਟਰ ’ਤੇ ਹਮਲਾ ਹੋਇਆ ਅਤੇ ਉਸੇ ਦਿਨ ਖ਼ੈਬਰ ਜ਼ਿਲ੍ਹੇ ਵਿਚ ਫ਼ੌਜ ਦੀ ਚੈੱਕ ਪੋਸਟ ’ਤੇ। ਦੋਵਾਂ ਹਮਲਿਆਂ ਵਿਚ ਪੰਜ ਜਵਾਨਾਂ ਦੀਆਂ ਜਾਨਾਂ ਚਲੀਆਂ ਗਈਆਂ। ਅਫ਼ਸੋਸਨਾਕ ਹਨ ਅਜਿਹੀਆਂ ਘਟਨਾਵਾਂ। ਫ਼ਿਕਰ ਵਾਲੀ ਗੱਲ ਇਹ ਹੈ ਕਿ ਨਿੱਤ ਜਾਨਾਂ ਜਾਣ ਵਾਲੀ ਇਹ ‘ਖੇਡ’ ਕਿਸੇ ਇਕ ਸੂਬੇ ਤਕ ਸੀਮਤ ਨਹੀਂ। ਇਹ ਬਲੋਚਿਸਤਾਨ ਵਿਚ ਵੀ ਹੈ ਅਤੇ ਦੱਖਣੀ ਖ਼ੈਬਰ-ਪਖ਼ਤੂਨਖ਼ਵਾ ਵਿਚ ਵੀ। ਪੰਜਾਬ ਵਿਚੋਂ ਵੀ ਇਹ ਨਦਾਰਦ ਨਹੀਂ। ... ਸਰਕਾਰ ਪਹਿਲਾਂ ਇਹ ਸੋਚਦੀ ਸੀ ਕਿ ਅਫ਼ਗ਼ਾਨਿਸਤਾਨ ਵਿਚ ਤਾਲਬਿਾਨ ਸਰਕਾਰ ਵੀ ਵਾਪਸੀ ਨਾਲ ਪਾਕਿ-ਅਫ਼ਗ਼ਾਨ ਸਰਹੱਦ ਦੇ ਨਾਲ-ਨਾਲ ਸਥਿਤੀ ਸੁਧਰੇਗੀ, ਪਰ ਹੋਇਆ ਇਸ ਤੋਂ ਉਲਟ। ਦਹਿਸ਼ਤੀ ਸੰਗਠਨ ‘ਤਹਿਰੀਕ-ਇ-ਤਾਲਬਿਾਨ ਪਾਕਿਸਤਾਨ’ (ਟੀ.ਟੀ.ਪੀ.) ਦੀਆਂ ਸਰਗਰਮੀਆਂ ਤੇ ਮਾਰੂ-ਸ਼ਕਤੀ ਏਨੀ ਵਧ ਗਈ ਹੈ ਕਿ ਸੁਰੱਖਿਆ ਕਰਮੀ ਉਸ ਨਾਲ ਟਕਰਾਉਣ ਤੋਂ ਡਰਦੇ ਹਨ। ...ਹੁਣ ਤਾਂ ਇਕ ਨਵੀਂ ਜਮਾਤ ਤਹਿਰੀਕ-ਇ-ਜਹਾਦ ਪਾਕਿਸਤਾਨ ਵੀ ਪੈਦਾ ਗਈ ਹੈ। ਪਿਛਲੇ ਡੇਢ ਮਹੀਨਿਆਂ ਦੌਰਾਨ ਇਸ ਗਰੁੱਪ ਨੇ ਕਈ ਖ਼ਤਰਨਾਕ ਹਮਲੇ ਕੀਤੇ ਹਨ। ਮੰਨਿਆ ਤਾਂ ਇਹ ਜਾਂਦਾ ਹੈ ਕਿ ਇਹ ਗਰੁੱਪ, ਟੀ.ਟੀ.ਪੀ. ਦਾ ਨਵਾਂ ਮਖੌਟਾ ਹੈ, ਪਰ ਫਿਲਹਾਲ ਇਸ ਦਾ ਪ੍ਰਭਾਵ ਤੇਜ਼ੀ ਨਾਲ ਵਧ ਰਿਹਾ ਹੈ।’’
ਰੋਜ਼ਨਾਮਾ ‘ਪਾਕਿਸਤਾਨ ਆਬਜ਼ਰਵਰ’ ਆਪਣੇ ਅਦਾਰੀਏ ਵਿਚ ਟੀ.ਟੀ.ਪੀ. ਦੀਆਂ ਸਰਗਰਮੀਆਂ ’ਤੇ ਚਿੰਤਾ ਪ੍ਰਗਟਾਉਣ ਤੋਂ ਇਲਾਵਾ ਇਸ ਜਥੇਬੰਦੀ ਨੂੰ ਭਾਰਤ ਤੋਂ ਮਦਦ ਮਿਲਣ ਦੇ ਦੋਸ਼ ਦੁਹਰਾਉਂਦਾ ਹੈ। ਅਖ਼ਬਾਰ ਲਿਖਦਾ ਹੈ ਕਿ ‘‘ਅਮਰੀਕਾ ਤੇ ਹੋਰ ਧਨਾਢ ਮੁਲਕਾਂ ਨੇ ਜਿਸ ਤਰ੍ਹਾਂ ਭਾਰਤ ਨੂੰ ਕਸ਼ਮੀਰ ਵਿਚ ਦਮਨ-ਚੱਕਰ ਚਲਾਉਣ ਦੀ ਖੁੱਲ੍ਹ ਦੇ ਰੱਖੀ ਹੈ, ਉਸੇ ਤਰ੍ਹਾਂ ਪਾਕਿਸਤਾਨ ਨੂੰ ਅਸਥਿਰ ਕਰਨ ਦੀਆਂ ਇਸ ਗੁਆਂਢੀ ਮੁਲਕ ਦੀਆਂ ਸਾਜ਼ਿਸ਼ਾਂ ਦੀ ਵੀ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ। ਇਹ ਖ਼ਤਰਨਾਕ ਰੁਝਾਨ ਹੈ। ਇਸ ਨੂੰ ਰੁਕਵਾਉਣ ਲਈ ਬਹੁਤ ਸੰਜੀਦਾ ਕੋਸ਼ਿਸ਼ਾਂ ਦੀ ਲੋੜ ਹੈ।’’
ਅਖ਼ਬਾਰਾਂ ਵਰਗੀ ਸੋਚ ਦਾ ਮੁਜ਼ਾਹਰਾ ਪਾਕਿਸਤਾਨ ਦੀ ਨਿਗ਼ਰਾਨ ਮਰਕਜ਼ੀ ਸਰਕਾਰ ਨੇ ਵੀ ਕੀਤਾ ਹੈ। ਇਸ ਦੀ ਹਦਾਇਤ ’ਤੇ ਸੰਯੁਕਤ ਰਾਸ਼ਟਰ ਵਿਚ ਪਾਕਿਸਤਾਨ ਦੇ ਡਿਪਟੀ ਸਥਾਈ ਪ੍ਰਤੀਨਿਧ ਮੁਹੰਮਦ ਉਸਮਾਨ ਇਕਬਾਲ ਜਾਦੂਨ ਨੇ ਸ਼ਨਿਚਰਵਾਰ ਨੂੰ ਸੰਯੁਕਤ ਰਾਸ਼ਟਰ ਦੀ ਸਲਾਮਤੀ ਕੌਂਸਲ ਵਿਚ ਮੰਗ ਕੀਤੀ ਕਿ ਇਹ ਕੌਮਾਂਤਰੀ ਸੰਸਥਾ ਇਕ ਕਮੇਟੀ ਕਾਇਮ ਕਰਕੇ ਇਹ ਜਾਂਚ ਕਰਵਾਏ ਕਿ ਟੀ.ਟੀ.ਪੀ. ਕੋਲ ਅਤਿ-ਆਧੁਨਿਕ ਹਥਿਆਰ ਕਿੱਥੋਂ ਆ ਰਹੇ ਹਨ। ਜਾਦੂਨ ਨੇ ਕਿਹਾ ਕਿ ਜਿਹੜੇ ਹਥਿਆਰ ਟੀ.ਟੀ.ਪੀ. ਕੋਲ ਹਨ, ਉਹ ਤਾਂ ਪਾਕਿਸਤਾਨੀ ਫ਼ੌਜ ਕੋਲ ਵੀ ਨਹੀਂ। ਲਿਹਾਜ਼ਾ, ਇਹ ਜਾਂਚ ਹੋਣੀ ਚਾਹੀਦੀ ਹੈ ਕਿ ਹਥਿਆਰ-ਨਿਰਮਾਤਾ ਕੰਪਨੀਆਂ ਹਥਿਆਰ ਵੇਚਣ ਸਮੇਂ ਇਹਤਿਆਤ ਕਿਉਂ ਨਹੀਂ ਵਰਤਦੀਆਂ ਅਤੇ ਦਹਿਸ਼ਤੀ ਸੰਗਠਨਾਂ ਨੂੰ ਕਿਉਂ ਬਲ ਬਖ਼ਸ਼ ਰਹੀਆਂ ਹਨ।

Advertisement

ਲਾਹੌਰ ’ਤੇ ਪਿਆ ਮਸਨੂਈ ਮੀਂਹ

ਸੂਬਾ ਪੰਜਾਬ ਦੀ ਨਿਗ਼ਰਾਨ ਸਰਕਾਰ ਨੇ ਲਾਹੌਰ ਸ਼ਹਿਰ ਦੇ ਕਈ ਇਲਾਕਿਆਂ ਵਿਚ ਸ਼ਨਿਚਰਵਾਰ ਨੂੰ ਮਸਨੂਈ ਢੰਗ ਨਾਲ ਮੀਂਹ ਪੁਆ ਕੇ ਧੁਆਂਖੀ ਧੁੰਦ (ਸਮੌਗ) ਘਟਾਉਣ ਦਾ ਯਤਨ ਕੀਤਾ। ਇਹ ਪਹਿਲੀ ਵਾਰ ਸੀ ਜਦੋਂ ਕਿਸੇ ਦੱਖਣ ਏਸ਼ਿਆਈ ਮੁਲਕ ਨੇ ਅਜਿਹਾ ਤਜਰਬਾ ਕੀਤਾ। ਅੰਗਰੇਜ਼ੀ ਅਖ਼ਬਾਰ ‘ਐਕਸਪ੍ਰੈਸ ਟ੍ਰਿਬਿਊਨ’ ਦੀ ਰਿਪੋਰਟ ਅਨੁਸਾਰ ਸ਼ਨਿੱਚਰਵਾਰ ਨੂੰ ਪੁਆਏ ਇਸ ਮੀਂਹ ਦੇ ਨਤੀਜੇ ਵਜੋਂ ਸਮੌਗ ਕੁਝ ਪ੍ਰਤੀਸ਼ਤ ਘਟਿਆ ਹੈ। ਇਸ ਨਤੀਜੇ ਦਾ ਵਿਸ਼ਲੇਸ਼ਣ ਜਾਰੀ ਹੈ ਅਤੇ ਇਸੇ ਵਿਸ਼ਲੇਸ਼ਣ ਦੇ ਆਧਾਰ ’ਤੇ ਇਹ ਨਿਰਣਾ ਲਿਆ ਜਾਵੇਗਾ ਕਿ ਸਮੌਗ ਘਟਾਉਣ ਲਈ ਕਲਾਊਡ ਸੀਡਿੰਗ ਉਰਫ਼ ਮਸਨੂਈ ਮੀਂਹ ਪੁਆਉਣ ਦੀ ਵਿਧੀ ਦੁਬਾਰਾ ਵਰਤੀ ਜਾਵੇਗੀ ਜਾਂ ਨਹੀਂ।
ਰਿਪੋਰਟ ਅਨੁਸਾਰ ਲਾਹੌਰ ਦੇ 10 ਇਲਾਕਿਆਂ ਦੇ ਆਕਾਸ਼ ਉੱਪਰ ਬੱਦਲਾਂ ਵਿਚ ਰਸਾਇਣ ਛੱਡਣ ਵਾਲੇ ਦੋ ਜਹਾਜ਼ ਘੁਮਾਏ ਗਏ। ਸੂਬਾ ਪੰਜਾਬ ਦੇ ਨਿਗਰਾਨ ਵਜ਼ੀਰੇ ਆਲ੍ਹਾ ਮੀਆਂ ਮੋਹਸਿਨ ਨਕਵੀ ਨੇ ਮੀਡੀਆ ਨੂੰ ਦੱਸਿਆ ਕਿ ਮੀਂਹ ਪਾਉਣ ਲਈ ਲੋੜੀਂਦੇ ਰਸਾਇਣਾਂ ਤੇ ਉਪਕਰਨਾਂ ਨਾਲ ਲੈਸ ਦੋਵੇਂ ਜਹਾਜ਼ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਸਰਕਾਰ ਵੱਲੋਂ ਮੁਹੱਈਆ ਕਰਵਾਏ ਗਏ। ਇਹ ਜਹਾਜ਼ ਤੇ ਉਪਕਰਨ 12 ਦਿਨ ਪਹਿਲਾਂ ਲਾਹੌਰ ਪੁੱਜੇ ਸਨ। ਇਨ੍ਹਾਂ ਜਹਾਜ਼ਾਂ ਨੇ ਮੀਂਹ ਪੈਦਾ ਕਰਨ ਵਾਸਤੇ 48 ਫਲੇਅਰਾਂ ਦੀ ਵਰਤੋਂ ਕੀਤੀ। ਨਕਵੀ ਨੇ ਯੂ.ਏ.ਈ. ਦੇ ਹੁਕਮਰਾਨਾਂ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਜਹਾਜ਼ ਵੀ ਮੁਫ਼ਤ ਦਿੱਤੇ, ਉਪਕਰਨ ਵੀ ਅਤੇ ਟੈਕਨਾਲੋਜੀ ਵੀ ਪ੍ਰਦਾਨ ਕੀਤੀ। ਉਨ੍ਹਾਂ ਨੇ ਵਾਅਦਾ ਕੀਤਾ ਕਿ ਜੇਕਰ ਇਹ ਤਜਰਬਾ ਸਫ਼ਲ ਰਿਹਾ ਤਾਂ ਇਹ ਹੋਰਨਾਂ ਸੂਬਿਆਂ ਉੱਤੇ ਵੀ ਅਜ਼ਮਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਯੂ.ਏ.ਈ. ਕਲਾਊਡ ਸੀਡਿੰਗ (ਭਾਵ ਬੱਦਲਾਂ ਵਿਚ ਮੀਂਹ ਦਾ ਬੀਜ ਪਾਉਣ ਦੀ) ਟੈਕਨਾਲੋਜੀ ਦੀ ਵਰਤੋਂ ਕਾਫ਼ੀ ਸਮੇਂ ਤੋਂ ਕਰਦਾ ਆ ਰਿਹਾ ਹੈ। ਇਸ ਟੈਕਨਾਲੋਜੀ ਨੂੰ ਨੀਲਾ ਆਕਾਸ਼ ਸਿਰਜਣਾ (ਬਲੂ ਸਕਾਇੰਗ) ਵੀ ਕਿਹਾ ਜਾਂਦਾ ਹੈ।
ਇਸ ਰਾਹੀਂ ਬੱਦਲਾਂ ਅੰਦਰ ਕਈ ਕਿਸਮਾਂ ਦੇ ਨਮਕਾਂ ਦਾ ਮਿਸ਼ਰਣ ਛੱਡਿਆ ਜਾਂਦਾ ਹੈ ਜੋ ਜਲ-ਕਣਾਂ ਨੂੰ ਸਰਗਰਮ ਕਰਕੇ ਮੀਂਹ ਵਿਚ ਬਦਲਦਾ ਹੈ। ਭਾਰਤੀ ਰਾਜਧਾਨੀ ਦਿੱਲੀ ਤੋਂ ਇਲਾਵਾ ਲਾਹੌਰ ਵੀ ਦੁਨੀਆ ਦੇ ਸਭ ਤੋਂ ਵੱਧ ਧੁਆਂਖੇ ਸ਼ਹਿਰਾਂ ਵਿਚੋਂ ਇਕ ਹੈ। ਇਸ ਮਹਾਂਨਗਰ ਉੱਪਰ ਧੁਆਂਖੀ ਧੁੰਦ ਅਕਸਰ ਪੂਰਾ ਸਾਲ ਬਰਕਰਾਰ ਰਹਿੰਦੀ ਹੈ।

ਦਲਬਦਲੀਆਂ ਦੀ ਰੁੱਤ ਜ਼ੋਰਾਂ ’ਤੇ

ਸਾਬਕਾ ਵਜ਼ੀਰੇ ਆਜ਼ਮ ਤੇ ਪਾਕਿਸਤਾਨ ਤਹਿਰੀਕ-ਇ-ਇਨਸਾਫ਼ (ਪੀ.ਟੀ.ਆਈ.) ਦੇ ਸਰਬ-ਉੱਚ ਨੇਤਾ ਇਮਰਾਨ ਖ਼ਾਨ ਦਾ ਸਾਥ ਛੱਡਣ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਸ਼ਨਿੱਚਰਵਾਰ ਨੂੰ ਹਮਾਯੂੰ ਅਖ਼ਤਰ ਖ਼ਾਨ ਨੇ ਨਵੀਂ ਪਾਰਟੀ-ਇਸਤਿਹਕਾਮ ਪੀਪਲਜ਼ ਪਾਰਟੀ (ਆਈ.ਪੀ.ਪੀ.) ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਉਹ ਇਮਰਾਨ ਸਰਕਾਰ ਵਿਚ ਵਜ਼ੀਰ ਰਹਿਣ ਤੋਂ ਇਲਾਵਾ ਦੋ ਵਾਰ ਪਾਰਲੀਮਾਨੀ ਤੇ ਤਿੰਨ ਵਾਰ ਸੂਬਾਈ ਅਸੈਂਬਲੀ ਚੋਣਾਂ ਜਿੱਤ ਚੁੱਕੇ ਹਨ। ਉਨ੍ਹਾਂ ਨੇ ਜੂਨ ਮਹੀਨੇ ਇਮਰਾਨ ਦੀ ਪਾਰਟੀ ਨਾਲੋਂ ਨਾਤਾ ਤੋੜ ਕੇ ਸਿਆਸਤ ਤੋਂ ਕਿਨਾਰਾਕਸ਼ੀ ਦਾ ਐਲਾਨ ਕੀਤਾ ਸੀ, ਪਰ ਹੁਣ ਅਚਾਨਕ ਮਨ ਬਦਲ ਲਿਆ।
ਹਮਾਯੂੰ ਅਖ਼ਤਰ ਦਾ ਸਿਆਸੀ ਜੀਵਨ ਨਵਾਜ਼ ਸ਼ਰੀਫ਼ ਦੀ ਪਾਰਟੀ ਪੀ.ਐਮ.ਐੱਲ.-ਐੱਨ. ਤੋਂ ਸ਼ੁਰੂ ਹੋਇਆ ਸੀ। ਫਿਰ ਉਹ ਜਨਰਲ ਮੁਸ਼ਰੱਫ਼ ਦੇ ਖੇਮੇ ਵਿਚ ਜਾ ਵੜੇ ਤੇ ਰਾਸ਼ਟਰਪਤੀ ਵਜੋਂ ਉਸ ਦੇ ਕਾਰਜਕਾਲ ਦੌਰਾਨ ਕੇਂਦਰੀ ਵਜ਼ੀਰ ਵੀ ਰਹੇ। ਮੁਸ਼ਰੱਫ਼ ਦਾ ਸੂਰਜ ਅਸਤ ਹੁੰਦਾ ਦੇਖ ਕੇ ਉਹ ਪੀ.ਐਮ.ਐੱਲ.-ਐੱਨ ਵਿਚ ਪਰਤ ਆਏ ਤੇ ਕੌਮੀ ਅਸੈਂਬਲੀ ਚੋਣ ਜਿੱਤ ਕੇ ਫਿਰ ਵਜ਼ੀਰ ਬਣੇ। 2018 ਵਿਚ ਚੋਣਾਂ ਤੋਂ ਪਹਿਲਾਂ ਇਮਰਾਨ ਖ਼ਾਨ ਦੇ ਹੱਕ ਵਿਚ ਹਵਾ ਦੇਖ ਕੇ ਉਹ ਪੀ.ਟੀ.ਆਈ. ਵਿਚ ਜਾ ਸ਼ਾਮਲ ਹੋਏ ਅਤੇ ਫਿਰ ਮਰਕਜ਼ੀ ਵਜ਼ੀਰ ਬਣ ਗਏ। ਹੁਣ ਉਹ ਜਿਹੜੀ ਪਾਰਟੀ ਵਿਚ ਗਏ ਹਨ, ਉਹ ਇਮਰਾਨ ਦੇ ਹੀ ਇਕ ਵਜ਼ਾਰਤੀ ਸਾਥੀ ਜਹਾਂਗੀਰ ਖ਼ਾਨ ਤਾਰੀਨ ਨੇ ਕਾਇਮ ਕੀਤੀ ਹੈ। ਇਸ ਪਾਰਟੀ ਵਿਚ ਹਮਾਯੂੰ ਅਖ਼ਤਰ ਨੂੰ ਸੀਨੀਅਰ ਮੀਤ ਪ੍ਰਧਾਨ ਦਾ ਅਹੁਦਾ ਦਿੱਤਾ ਗਿਆ ਹੈ।
- ਪੰਜਾਬੀ ਟ੍ਰਿਬਿਊਨ ਫੀਚਰ

Advertisement

Advertisement