ਟੈਨਿਸ: ਸਵਿਆਤੇਕ ਨੇ ਕਾਂਸੇ ਦਾ ਤਗ਼ਮਾ ਜਿੱਤਿਆ
ਪੈਰਿਸ:
ਇਗਾ ਸਵਿਆਤੇਕ ਨੇ ਅੱਜ ਇੱਥੇ ਸਲੋਵਾਕੀਆ ਦੀ ਅੰਨਾ ਕੈਰੋਲਿਨਾ ਸ਼ਿਮਿਡਲੋਵਾ ਨੂੰ 6-2, 6-1 ਨਾਲ ਹਰਾ ਕੇ ਕਾਂਸੇ ਦਾ ਤਗ਼ਮਾ ਜਿੱਤ ਕੇ ਪੋਲੈਂਡ ਨੂੰ ਓਲੰਪਿਕ ਖੇਡਾਂ ’ਚ ਪਹਿਲਾ ਟੈਨਿਸ ਤਗ਼ਮਾ ਦਿਵਾਇਆ। ਉਹ ਸੈਮੀਫਾਈਨਲ ਵਿੱਚ ਚੀਨ ਜਿਆਂਗ ਕਿਨਵੇਨ ਤੋਂ ਸਿੱਧੇ ਸੈੱਟ ਵਿੱਚ ਹਾਰ ਗਈ ਸੀ, ਜਦਕਿ ਉਸ ਤੋਂ ਪੈਰਿਸ ਵਿੱਚ ਸੋਨ ਤਗ਼ਮਾ ਜਿੱਤਣ ਦੀ ਉਮੀਦ ਸੀ ਕਿਉਂਕਿ ਉਸ ਨੇ ਪਿਛਲੇ ਪੰਜ ਫਰੈਂਚ ਓਪਨ ਵਿੱਚੋਂ ਚਾਰ ਖਿਤਾਬ ਜਿੱਤੇ ਸੀ। ਇਸੇ ਦੌਰਾਨ ਸਪੇਨ ਦਾ ਕਾਰਲਸ ਅਲਕਰਾਜ਼ ਫੈਲਿਕਸ ਔਗਰ ਅਲਿਆਸਿਮੇ ਨੂੰ 6-1, 6-1 ਨਾਲ ਹਰਾ ਕੇ ਪੁਰਸ਼ ਟੈਨਿਸ ਸਿੰਗਲਜ਼ ਮੁਕਾਬਲੇ ਦੇ ਫਾਈਨਲ ਵਿੱਚ ਪੁੱਜ ਗਿਆ ਹੈ। ਇਸ ਨਾਲ ਉਹ ਓਲੰਪਿਕ ਦੇ ਟੈਨਿਸ ਮੁਕਾਬਲੇ ਦਾ ਸਿੰਗਲਜ਼ ਸੋਨ ਤਗ਼ਮਾ ਜਿੱਤਣ ਵਾਲੇ ਸਭ ਤੋਂ ਛੋਟੀ ਉਮਰ ਦੇ ਖਿਡਾਰੀ ਬਣਨ ਤੋਂ ਮਹਿਜ਼ ਇੱਕ ਕਦਮ ਦੂਰ ਹੈ। ਹੁਣ ਉਸ ਦਾ ਮੁਕਾਬਲਾ ਸਰਬੀਆ ਦੇ ਸਟਾਰ ਨੋਵਾਕ ਜੋਕੋਵਿਚ ਤੇ ਇਟਲੀ ਦੇ ਲੋਰੈਂਜੋ ਮੁਸੈਟੀ ਦਰਮਿਆਨ ਹੋਣ ਵਾਲੇ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਹੋਵੇਗਾ। ਮਹਿਲਾਵਾਂ ਦਾ ਸਿੰਗਲਜ਼ ਫਾਈਨਲ ਸ਼ਨਿੱਚਰਵਾਰ ਨੂੰ ਹੋਵੇਗਾ, ਜਿਸ ਵਿੱਚ ਚੀਨ ਦੀ ਜਿਆਂਗ ਦਾ ਮੁਕਾਬਲਾ ਡੋਨਾ ਨਾਲ ਹੋਵੇਗਾ। -ਏਪੀ