ਟੈਨਿਸ: ਸਿੱਨਰ ਤੇ ਜੋਕੋਵਿਚ ਨੂੰ ਵੱਖ-ਵੱਖ ਡਰਾਅ ਮਿਲੇ
ਮੈਲਬਰਨ, 9 ਜਨਵਰੀ
ਮੌਜੂਦਾ ਚੈਂਪੀਅਨ ਯੈਨਿਕ ਸਿੱਨਰ ਅਤੇ 10 ਵਾਰ ਦੇ ਆਸਟਰੇਲੀਅਨ ਓਪਨ ਚੈਂਪੀਅਨ ਨੋਵਾਕ ਜੋਕੋਵਿਚ ਨੂੰ ਸਾਲ ਦੇ ਪਹਿਲੇ ਗਰੈਂਡ ਸਲੈਮ ਵਿੱਚ ਵੱਖ-ਵੱਖ ਡਰਾਅ ਮਿਲੇ ਹਨ। ਇਸ ਤਰ੍ਹਾਂ ਦੋਵਾਂ ਦੀ ਟੱਕਰ ਹੁਣ ਪਿਛਲੇ ਸਾਲ ਵਾਂਗ ਸੈਮੀਫਾਈਨਲ ਵਿੱਚ ਨਹੀਂ ਹੋ ਸਕੇਗੀ। ਸਿੱਨਰ ਨੇ ਪਿਛਲੇ ਸਾਲ ਸੈਮੀਫਾਈਨਲ ਵਿੱਚ ਜੋਕੋਵਿਚ ਨੂੰ ਸ਼ਿਕਸਤ ਦਿੱਤੀ ਸੀ ਅਤੇ ਡੈਨਿਲ ਮੈਦਵੇਦੇਵ ਨੂੰ 3-6, 3-6, 6-4, 6-4, 6-3 ਨਾਲ ਹਰਾ ਕੇ ਆਪਣਾ ਪਹਿਲਾ ਗਰੈਂਡ ਸਲੈਮ ਖਿਤਾਬ ਜਿੱਤਿਆ ਸੀ। ਸਿਖਰਲਾ ਦਰਜਾ ਪ੍ਰਾਪਤ ਸਿੱਨਰ ਦੀ ਪਹਿਲੇ ਗੇੜ ਵਿੱਚ ਟੱਕਰ ਨਿਕੋਲਸ ਜ਼ਾਰੀ ਨਾਲ ਟੱਕਰ ਹੋਵੇਗੀ।
ਉਸ ਦੇ ਡਰਾਅ ਵਿੱਚ ਟੇਲਰ ਫਰਿਟਜ਼, ਬੇਨ ਸ਼ੈਲਟਨ ਅਤੇ ਮੈਦਵੇਦੇਵ ਵੀ ਹਨ। ਫਰਿਟਜ਼ ਦਾ ਸਾਹਮਣਾ ਪਹਿਲੇ ਗੇੜ ਵਿੱਚ ਅਮਰੀਕੀ ਦੇ ਜੇਂਸਨ ਬਰੂਕਸਬੀ ਨਾਲ ਹੋਵੇਗਾ। ਜੋਕੋਵਿਚ ਅਤੇ ਕਾਰਲੋਸ ਅਲਕਾਰਾਜ਼ ਦੀ ਟੱਕਰ ਕੁਆਰਟਰ ਵਿੱਚ ਹੋ ਸਕਦੀ ਹੈ। ਮਹਿਲਾ ਵਰਗ ਵਿੱਚ ਐਰੀਨਾ ਸਬਾਲੇਂਕਾ ਨੂੰ 2017 ਯੂਐੱਸ ਓਪਨ ਚੈਂਪੀਅਨ ਸਲੋਨ ਸਟੀਫਨਜ਼ ਅਤੇ 17 ਸਾਲਾ ਮੀਰਾ ਆਂਦਰੀਵਾ ਨਾਲ ਡਰਾਅ ਮਿਲਿਆ ਹੈ।
ਸਬਾਲੇਂਕਾ ਦੀਆਂ ਨਜ਼ਰਾਂ ਲਗਾਤਾਰ ਤੀਜੇ ਆਸਟਰੇਲੀਅਨ ਓਪਨ ਖਿਤਾਬ ’ਤੇ ਟਿਕੀਆਂ ਹੋਣਗੀਆਂ ਅਤੇ ਆਖਰੀ ਵਾਰ ਇਹ ਕਮਾਲ ਮਾਰਟੀਨਾ ਹਿੰਗਿਸ 1997 ਤੋਂ 1999 ਤੱਕ ਕਰ ਸਕੀ ਹੈ। ਸੈਮੀਫਾਈਨਲ ਵਿੱਚ ਉਸਦਾ ਸਾਹਮਣਾ ਕੋਕੋ ਗੌਫ ਨਾਲ ਹੋ ਸਕਦਾ ਹੈ। ਗੌਫ ਪਹਿਲੇ ਗੇੜ ਵਿੱਚ ਸਾਬਕਾ ਚੈਂਪੀਅਨ ਸੋਫੀਆ ਕੇਨਿਨ ਨਾਲ ਖੇਡੇਗੀ ਅਤੇ ਸੱਤਵਾਂ ਦਰਜਾ ਪ੍ਰਾਪਤ ਜੈਸਿਕਾ ਪੇਗੁਲਾ ਵੀ ਇਸੇ ਡਰਾਅ ਵਿੱਚ ਹੈ।
ਆਸਟਰੇਲੀਅਨ ਓਪਨ ਐਤਵਾਰ ਨੂੰ ਮੈਲਬੌਰਨ ਵਿੱਚ ਸ਼ੁਰੂ ਹੋਵੇਗਾ ਅਤੇ 15 ਦਿਨਾਂ ਤੱਕ ਚੱਲੇਗਾ। ਜੋਕੋਵਿਚ ਪਹਿਲੀ ਵਾਰ ਆਪਣੇ ਨਵੇਂ ਕੋਚ ਐਂਡੀ ਮਰੇ ਨਾਲ ਮੈਦਾਨ ਵਿੱਚ ਉਤਰ ਰਿਹਾ ਹੈ, ਜਿਸ ਖ਼ਿਲਾਫ਼ ਉਹ ਖੇਡ ਵੀ ਚੁੱਕਾ ਹੈ। ਮੈਲਬਰਨ ਪਾਰਕ ਵਿੱਚ ਸਭ ਤੋਂ ਵੱਧ ਖਿਤਾਬ ਜਿੱਤਣ ਵਾਲੇ ਜੋਕੋਵਿਚ ਨੇ ਕਿਹਾ ਕਿ ਇੱਥੇ ਇੱਕ ਸਾਲ ਤੱਕ ਖੇਡਣ ਦੀ ਇਜਾਜ਼ਤ ਨਾ ਮਿਲਣ ਦੀ ਚੀਸ ਹਾਲੇ ਵੀ ਉਸ ਦੇ ਦਿਲ ਵਿੱਚ ਹੈ। ਕਰੋਨਾ ਕਾਲ ਦੌਰਾਨ ਟੀਕਾਕਰਨ ਨਾ ਕਰਵਾਉਣ ਕਾਰਨ ਜੋਕੋਵਿਚ ਨੂੰ ਆਸਟਰੇਲੀਅਨ ਓਪਨ ਵਿੱਚ ਖੇਡਣ ਦੀ ਇਜਾਜ਼ਤ ਨਹੀਂ ਮਿਲੀ ਸੀ। -ਏਪੀ