ਮਹਿਲਾ ਕਿ੍ਰਕਟ: ਭਾਰਤੀ ਟੀਮ ਦੀਆਂ ਨਜ਼ਰਾਂ ਲੜੀ ਜਿੱਤਣ ’ਤੇ
ਰਾਜਕੋਟ, 9 ਜਨਵਰੀ
ਵੈਸਟਇੰਡੀਜ਼ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਮਗਰੋਂ ਆਤਮਵਿਸ਼ਵਾਸ ਨਾਲ ਭਰੀ ਭਾਰਤੀ ਟੀਮ ਸਮ੍ਰਿਤੀ ਮੰਧਾਨਾ ਦੀ ਕਪਤਾਨੀ ਵਿੱਚ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੀ ਪਹਿਲੀ ਮਹਿਲਾ ਦੁਵੱਲੀ ਇੱਕ ਰੋਜ਼ਾ ਲੜੀ ਵਿੱਚ ਆਇਰਲੈਂਡ ਖ਼ਿਲਾਫ਼ ਉਤਰੇਗੀ। ਇਸ ਦੌਰਾਨ ਉਸ ਦੀਆਂ ਨਜ਼ਰਾਂ ਜਿੱਤ ਦੀ ਲੈਅ ਨੂੰ ਬਰਕਰਾਰ ਰੱਖਣ ’ਤੇ ਹੋਣਗੀਆਂ। ਭਾਰਤ ਨੇ ਇੱਕ ਰੋਜ਼ਾ ਲੜੀ ਵਿੱਚ ਵੈਸਟਇੰਡੀਜ਼ ਨੂੰ 3-0 ਅਤੇ ਟੀ-20 ਵਿੱਚ 2-1 ਨਾਲ ਹਰਾਇਆ।
ਮੰਧਾਨਾ ਨੇ ਕ੍ਰਿਕਟ ਦੀਆਂ ਦੋਵਾਂ ਵੰਨਗੀਆਂ ਵਿੱਚ ਸਭ ਤੋਂ ਵੱਧ ਦੌੜਾਂ ਬਣਾਈਆਂ, ਜਿਸ ਵਿੱਚ ਇੱਕ ਰੋਜ਼ਾ ਲੜੀ ਵਿੱਚ 148 ਅਤੇ ਟੀ-20 ਵਿੱਚ 193 ਦੌੜਾਂ ਸ਼ਾਮਲ ਹਨ। ਮੰਧਾਨਾ ਆਇਰਲੈਂਡ ਖ਼ਿਲਾਫ਼ ਲੜੀ ਵਿੱਚ ਵੀ ਇਸੇ ਲੈਅ ਨੂੰ ਜਾਰੀ ਰੱਖਣਾ ਚਾਹੇਗੀ।
ਉਹ ਰੈਗੂਲਰ ਕਪਤਾਨ ਹਰਮਨਪ੍ਰੀਤ ਕੌਰ ਦੀ ਗੈਰ-ਮੌਜੂਦਗੀ ਵਿੱਚ ਟੀਮ ਦੀ ਕਮਾਨ ਸੰਭਾਲੇਗੀ। ਹਰਮਨਪ੍ਰੀਤ ਅਤੇ ਤੇਜ਼ ਗੇਂਦਬਾਜ਼ ਰੇਣੂਕਾ ਸਿੰਘ ਨੂੰ ਆਰਾਮ ਦਿੱਤਾ ਗਿਆ ਹੈ। ਹਰਮਨਪ੍ਰੀਤ ਅਤੇ ਰੇਣੂਕਾ ਦੀ ਗੈਰ-ਮੌਜੂਦਗੀ ਵਿੱਚ ਹਰਲੀਨ ਦਿਓਲ, ਪ੍ਰਤੀਕਾ ਰਾਵਲ ਅਤੇ ਜੈਮਿਮਾ ਰੌਡਰਿਗਜ਼ ’ਤੇ ਦੌੜਾਂ ਬਣਾਉਣ ਦੀ ਜ਼ਿੰਮੇਵਾਰੀ ਹੋਵੇਗੀ। ਦਿਓਲ ਨੇ ਇੱਕ ਰੋਜ਼ਾ ਲੜੀ ਵਿੱਚ 160 ਦੌੜਾਂ ਬਣਾਈਆਂ ਜਦੋਂਕਿ ਰਾਵਲ ਨੇ 134 ਅਤੇ ਜੈਮਿਮਾ ਨੇ 112 ਦੌੜਾਂ ਦਾ ਯੋਗਦਾਨ ਪਾਇਆ। ਗੇਂਦਬਾਜ਼ੀ ਵਿਭਾਗ ਵਿੱਚ ਰੇਣੂਕਾ ਦੀ ਘਾਟ ਰੜਕੇਗੀ, ਜਿਸਨੇ ਵੈਸਟਇੰਡੀਜ਼ ਖ਼ਿਲਾਫ਼ 10 ਵਿਕਟਾਂ ਲਈਆਂ ਸਨ। ਹੁਣ ਨਵੇਂ ਗੇਂਦਬਾਜ਼ਾਂ ਟਿਟਾਸ ਸਾਧੂ ਅਤੇ ਸਾਇਮਾ ਠਾਕੁਰ ’ਤੇ ਵੱਡੀ ਜ਼ਿੰਮੇਵਾਰੀ ਹੋਵੇਗੀ। ਆਫ ਸਪਿੰਨਰ ਅਤੇ ਉਪ ਕਪਤਾਨ ਦੀਪਤੀ ਸ਼ਰਮਾ ਦੀ ਭੂਮਿਕਾ ਵੀ ਅਹਿਮ ਹੋਵੇਗੀ। ਉਸ ਨੇ ਵਿੰਡੀਜ਼ ਖ਼ਿਲਾਫ਼ ਤੀਜੇ ਇੱਕ ਰੋਜ਼ਾ ਮੈਚ ਵਿੱਚ 31 ਦੌੜਾਂ ਦੇ ਕੇ ਛੇ ਵਿਕਟਾਂ ਲਈਆਂ ਸਨ। -ਪੀਟੀਆਈ
ਟੀਮਾਂ ’ਚ ਸ਼ਾਮਲ ਖਿਡਾਰੀ
ਭਾਰਤ: ਸਮ੍ਰਿਤੀ ਮੰਧਾਨਾ (ਕਪਤਾਨ), ਦੀਪਤੀ ਸ਼ਰਮਾ, ਪ੍ਰਤੀਕਾ ਰਾਵਲ, ਹਰਲੀਨ ਦਿਓਲ, ਜੈਮੀਮਾ ਰੌਡਰਿਗਜ਼, ਉਮਾ ਛੇਤਰੀ, ਰਿਚਾ ਘੋਸ਼, ਤੇਜਲ ਹਸੰਬਿਸ, ਰਾਘਵੀ ਬਿਸ਼ਟ, ਮਿੰਨੂ ਮਨੀ, ਪ੍ਰਿਆ ਮਿਸ਼ਰਾ, ਤਨੁਜਾ ਕੰਵਰ, ਟਿਟਾਸ ਸਾਧੂ, ਸਾਇਮਾ ਠਾਕੁਰ, ਸਯਾਲੀ ਸਤਘਰੇ।
ਆਇਰਲੈਂਡ: ਗੈਬੀ ਲੂਈਸ (ਕਪਤਾਨ), ਐਵਾ ਕੈਨਿੰਗ, ਕ੍ਰਿਸਟੀਨਾ ਕੌਲਟਰ ਰੀਲੀ, ਅਲਾਨਾ ਡਾਲਜ਼ੈਲ, ਲੌਰਾ ਡੇਲਾਨੀ, ਜਾਰਜੀਨਾ ਡੈਂਪਸੀ, ਸਾਰਾਹ ਫੋਰਬਸ, ਅਰਲੀਨ ਕੈਲੀ, ਜੋਆਨਾ ਲੌਫਰਨ, ਐਮੀ ਮੈਗੁਆਇਰ, ਲੀ ਪੌਲ, ਓਰਲਾ ਪ੍ਰੈਂਡਰਗਾਸਟ, ਊਨਾ ਰੇਮੰਡ ਹੋਈ, ਫਰੇਆ ਸਰਜੈਂਟ, ਰੈਬੇਕਾ ਸਟੋਕੇਲ।
ਭਾਰਤੀ ਚੁਣੌਤੀ ਨਾਲ ਨਜਿੱਠਣ ਲਈ ਆਇਰਲੈਂਡ ਤਿਆਰ: ਗੈਬੀ
ਗੈਬੀ ਲੂਈਸ ਦੀ ਕਪਤਾਨੀ ਵਾਲੀ ਆਇਰਲੈਂਡ ਟੀਮ ਲਈ ਭਾਰਤ ਦੀ ਚੁਣੌਤੀ ਮੁਸ਼ਕਲ ਹੋਵੇਗੀ। ਆਇਰਲੈਂਡ ਨੇ ਹੁਣ ਤੱਕ 12 ਇੱਕ ਰੋਜ਼ਾ ਮੈਚਾਂ ਵਿੱਚ ਭਾਰਤ ਨੂੰ ਇੱਕ ਵਾਰ ਵੀ ਨਹੀਂ ਹਰਾਇਆ। ਆਖਰੀ ਵਾਰ ਦੋਵੇਂ ਟੀਮਾਂ ਦਾ ਸਾਹਮਣਾ 2023 ਦੇ ਟੀ-20 ਵਿਸ਼ਵ ਕੱਪ ਵਿੱਚ ਹੋਇਆ ਜਦੋਂ ਭਾਰਤ ਨੇ ਪੰਜ ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਆਇਰਲੈਂਡ ਦੀ ਕਪਤਾਨ ਗੈਬੀ ਨੇ ਕਿਹਾ, “ਸਾਡੀ ਟੀਮ ਨੇ ਪਿਛਲੇ ਤਿੰਨ ਦਿਨਾਂ ਦੌਰਾਨ ਹਰ ਅਭਿਆਸ ਸੈਸ਼ਨ ਵਿੱਚ ਹਿੱਸਾ ਲਿਆ ਹੈ। ਅਸੀਂ ਪਹਿਲੇ ਮੈਚ ਵਿੱਚ ਜਿੱਤਣ ਦੇ ਇਰਾਦੇ ਨਾਲ ਉਤਰਾਂਗੇ।’’