ਟੈਨਿਸ: ਜੋਕੋਵਿਚ ਨੇ ਨਡਾਲ ਨੂੰ ਦਿੱਤੀ ਮਾਤ
ਪੈਰਿਸ, 29 ਜੁਲਾਈ
ਸਟਾਰ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੇ ਅੱਜ ਇੱਥੇ ਪੈਰਿਸ ਓਲੰਪਿਕ ਦੇ ਪੁਰਸ਼ ਸਿੰਗਲਜ਼ ਮੁਕਾਬਲੇ ’ਚ ਰਾਫੇਲ ਨਡਾਲ ਨੂੰ 6-1, 6-4 ਨਾਲ ਹਰਾ ਦਿੱਤਾ। ਵਿਸ਼ਵ ਦਰਜਾਬੰਦੀ ਵਿੱਚ ਦੂਜੇ ਸਥਾਨ ’ਤੇ ਕਾਬਜ਼ ਸਰਬੀਆ ਦੇ ਖਿਡਾਰੀ ਨੇ ਸ਼ੁਰੂ ਤੋਂ ਹੀ ਨਡਾਲ ’ਤੇ ਦਬਾਅ ਬਣਾਈ ਰੱਖਿਆ। ਪਹਿਲਾ ਸੈੱਟ 6-1 ਨਾਲ ਜਿੱਤਣ ਮਗਰੋਂ ਉਸ ਨੇ ਦੂਜੇ ਸੈੱਟ ਵਿੱਚ ਵੀ 4-0 ਦੀ ਲੀਡ ਲੈ ਲਈ ਸੀ ਪਰ ਬਾਅਦ ਵਿੱਚ 28 ਸਾਲਾ ਸਪੈਨਿਸ਼ ਦਿੱਗਜ ਨੇ ਆਪਣਾ ਤਜਰਬਾ ਦਿਖਾਉਂਦਿਆਂ ਸਕੋਰ 4-4 ਨਾਲ ਬਰਾਬਰ ਕਰ ਦਿੱਤਾ। ਅੰਤ ਜੋਕੋਵਿਚ ਨੇ ਇਹ ਸੈਟ 6-4 ਨਾਲ ਜਿੱਤ ਲਿਆ। ਹੁਣ ਤੀਜੇ ਗੇੜ ਵਿੱਚ ਜੋਕੋਵਿਚ ਦਾ ਸਾਹਮਣਾ ਜਰਮਨੀ ਦੇ ਡਮਿਨਿਕ ਕੋਏਫਰ ਜਾਂ ਇਟਲੀ ਦੇ ਮੈਟੇਓ ਅਰਨਾਲਡੀ ਨਾਲ ਹੋਵੇਗਾ।
ਨਡਾਲ ਦਾ ਇਹ ਸਾਲ ਚੁਣੌਤੀਪੂਰਨ ਰਿਹਾ ਹੈ। ਮਈ ਵਿੱਚ ਰੋਲਾਂ ਗੈਰੋ ਵਿੱਚ ਪਹਿਲੇ ਗੇੜ ਵਿੱਚ ਅਲੈਗਜ਼ੈਂਡਰ ਜ਼ਵੇਰੇਵ ਤੋਂ ਹਾਰ ਦਾ ਸਾਹਮਣਾ ਕਰਨ ਮਗਰੋਂ ਉਹ ਏਟੀਪੀ 250 ਈਵੈਂਟ ’ਚ ਵਾਪਸੀ ਕਰਦਿਆਂ ਫਾਈਨਲ ਵਿੱਚ ਪੁੱਜਿਆ। ਪੈਰਿਸ ਓਲੰਪਿਕ ਵਿੱਚ ਉਹ ਆਪਣੇ ਪਹਿਲੇ ਗੇੜ ਦੇ ਮੈਚ ਵਿੱਚ ਮਾਰਟੋਨ ਫੁਕਸੋਵਿਕਸ ਨੂੰ ਤਿੰਨ ਸੈੱਟਾਂ ਵਿੱਚ ਹਰਾਉਣ ਵਿੱਚ ਕਾਮਯਾਬ ਰਿਹਾ ਪਰ ਜੋਕੋਵਿਚ ਖ਼ਿਲਾਫ਼ ਉਸ ਦੀ ਇੱਕ ਨਾ ਚੱਲੀ। -ਆਈਏਐੱਨਐੱਸ