ਟੈਨਿਸ: ਓਲੰਪਿਕ ਵਿੱਚ ਬੋਪੰਨਾ ਆਖਰੀ ਵਾਰ ਲਾਏਗਾ ਜ਼ੋਰ
ਪੈਰਿਸ, 26 ਜੁਲਾਈ
ਭਾਰਤੀ ਓਲੰਪਿਕ ਦਲ ਦੇ ਸਭ ਤੋਂ ਉਮਰਦਰਾਜ਼ ਟੈਨਿਸ ਖਿਡਾਰੀ ਰੋਹਨ ਬੋਪੰਨਾ ਕੋਲ ਪਿਛਲੀਆਂ ਓਲੰਪਿਕ ਖੇਡਾਂ ਵਾਂਗ ਮਜ਼ਬੂਤ ਸਾਥੀ ਨਹੀਂ ਹੈ ਪਰ ਪੁਰਸ਼ ਡਬਲਜ਼ ਵਿੱਚ ਉਸ ਦਾ ਜੋੜੀਦਾਰ ਐੱਨ ਸ੍ਰੀਰਾਮ ਬਾਲਾਜੀ ਲੜਨਾ ਜਾਣਦਾ ਹੈ। ਓਲੰਪਿਕ ਵਿੱਚ ਭਾਰਤ ਦਾ ਪਹਿਲਾ ਅਤੇ ਇੱਕੋ-ਇੱਕ ਟੈਨਿਸ ਤਗ਼ਮਾ 1996 ਵਿੱਚ ਆਇਆ ਸੀ, ਜਦੋਂ ਲਿਏਂਡਰ ਪੇਸ ਨੇ ਅਟਲਾਂਟਾ ਖੇਡਾਂ ਵਿੱਚ ਸਿੰਗਲਜ਼ ਵਰਗ ਵਿੱਚ ਕਾਂਸੇ ਦਾ ਤਗ਼ਮਾ ਜਿੱਤ ਕੇ ਇਤਿਹਾਸ ਰਚਿਆ ਸੀ। ਇਹ ਬੋਪੰਨਾ ਦਾ ਆਖਰੀ ਓਲੰਪਿਕ ਹੋਵੇਗਾ।
ਬਾਲਾਜੀ ਨੇ ਹਾਲ ਹੀ ਵਿੱਚ ਡਬਲਜ਼ ਖੇਡਣਾ ਸ਼ੁਰੂ ਕੀਤਾ ਹੈ। ਭਾਰਤੀ ਜੋੜੀ ਲਈ ਤਗ਼ਮਾ ਜਿੱਤਣਾ ਬਹੁਤ ਮੁਸ਼ਕਲ ਹੋਵੇਗਾ ਪਰ ਉਸ ਨੇ ਕ੍ਰੋਏਸ਼ੀਆ ਵਿੱਚ ਉਮਾਗ ਟੂਰਨਾਮੈਂਟ ਨੂੰ ਛੱਡ ਕੇ ਇੱਥੇ ਇਕੱਠਿਆਂ ਅਭਿਆਸ ਕਰਨਾ ਬਿਹਤਰ ਸਮਝਿਆ। ਪੁਰਸ਼ ਸਿੰਗਲਜ਼ ’ਚ ਦੇਸ਼ ਦੀ ਜ਼ਿੰਮੇਵਾਰੀ ਸੁਮਿਤ ਨਾਗਲ ’ਤੇ ਹੋਵੇਗੀ। ਨਾਗਲ ਨੇ ਪਿਛਲੇ ਇੱਕ ਸਾਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਹ 2023 ਦੀ ਸ਼ੁਰੂਆਤ ਵਿੱਚ ਰੈਂਕਿੰਗ ’ਚ ਸਿਖਰਲੇ 500 ਵਿੱਚ ਵੀ ਨਹੀਂ ਸੀ। ਇਸ ਤੋਂ ਬਾਅਦ ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਉਲਟਫੇਰ ਕੀਤੇ। ਓਲੰਪਿਕ ਦੇ ਸਿੰਗਲਜ਼ ਵਰਗ ’ਚ ਗਰੈਂਡ ਸਲੈਮ ਜੇਤੂ ਖਿਡਾਰੀ ਵੀ ਹਿੱਸਾ ਲੈ ਰਹੇ ਹਨ, ਅਜਿਹੇ ’ਚ ਨਾਗਲ ਲਈ ਆਪਣੀ ਮੁਹਿੰਮ ਅੱਗੇ ਲਿਜਾਣਾ ਕਾਫੀ ਚੁਣੌਤੀਪੂਰਨ ਹੋਵੇਗਾ। -ਪੀਟੀਆਈ