ਟੈਨਿਸ: ਜੋਕੋਵਿਚ ਦਾ ਪਹਿਲਾ ਸੋਨ ਤਗ਼ਮਾ ਜਿੱਤਣ ਵੱਲ ਇੱਕ ਹੋਰ ਕਦਮ
ਪੈਰਿਸ, 31 ਜੁਲਾਈ
ਸਰਬੀਆ ਦੇ ਸਿਖਰਲਾ ਦਰਜਾ ਪ੍ਰਾਪਤ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੇ ਅੱਜ ਇੱਥੇ ਪੁਰਸ਼ ਸਿੰਗਲਜ਼ ਵਿੱਚ ਜਰਮਨੀ ਦੇ ਡੋਮਿਨਿਕ ਕੋਏਪਫਰ ਨੂੰ 7-5, 6-3 ਨਾਲ ਹਰਾ ਕੇ ਪੈਰਿਸ ਓਲੰਪਿਕ ਦੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਜੋਕੋਵਿਚ ਨੇ ਇਸ ਤਰ੍ਹਾਂ ਚੌਥੀ ਵਾਰ ਓਲੰਪਿਕ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ ਹੈ ਅਤੇ ਹੁਣ ਉਸ ਦੀ ਨਜ਼ਰ ਆਪਣਾ ਪਹਿਲਾ ਸੋਨ ਤਗ਼ਮਾ ਜਿੱਤਣ ’ਤੇ ਹੋਵੇਗੀ।
ਰਿਕਾਰਡ 24 ਗਰੈਂਡ ਸਲੈਮ ਖਿਤਾਬ ਜਿੱਤਣ ਵਾਲੇ ਇਸ 37 ਸਾਲਾ ਖਿਡਾਰੀ ਨੇ ਓਲੰਪਿਕ ਵਿੱਚ ਹਾਲੇ ਸੋਨ ਤਗ਼ਮਾ ਨਹੀਂ ਜਿੱਤਿਆ। ਪੇਈਚਿੰਗ 2008 ਓਲੰਪਿਕ ਵਿੱਚ ਉਸ ਨੂੰ ਕਾਂਸੇ ਦੇ ਤਗ਼ਮੇ ਨਾਲ ਹੀ ਸਬਰ ਕਰਨਾ ਪਿਆ ਸੀ। ਇਸ ਵਾਰ ਟੈਨਿਸ ਮੈਚ ਰੋਲਾਂ ਗੈਰੋ ’ਤੇ ਹੋ ਰਹੇ ਹਨ ਜਿੱਥੇ ਜੋਕੋਵਿਚ ਨੇ ਤਿੰਨ ਵੱਡੇ ਖ਼ਿਤਾਬ ਜਿੱਤੇ ਹਨ। ਹੁਣ ਵੀਰਵਾਰ ਨੂੰ ਉਸ ਦਾ ਸਾਹਮਣਾ ਸਟੈਫਨੋਸ ਸਿਟਸਿਪਾਸ ਨਾਲ ਹੋਵੇਗਾ, ਜਿਸ ਨੂੰ ਜੋਕੋਵਿਚ ਨੇ 2021 ’ਚ ਕੋਰਟ ਫਿਲਿਪ ਚਾਰਟੀਅਰ ’ਤੇ ਹੋਏ ਫਾਈਨਲ ’ਚ ਹਰਾਇਆ ਸੀ। ਸਿਟਸਿਪਾਸ ਨੇ ਅਰਜਨਟੀਨਾ ਦੇ ਸੇਬੇਸਟਿਅਨ ਬੇਜ਼ ਨੂੰ 7-5, 6-1 ਨਾਲ ਹਰਾਇਆ।
ਇਸੇ ਤਰ੍ਹਾਂ ਦੁਨੀਆ ਦੀ ਨੰਬਰ ਇਕ ਮਹਿਲਾ ਖਿਡਾਰਨ ਇਗਾ ਸਵਿਆਤੇਕ ਨੇ ਅੱਜ ਇੱਥੇ ਦੁਨੀਆ ਦੀ 52ਵੇਂ ਨੰਬਰ ਦੀ ਖਿਡਾਰਨ ਚੀਨ ਦੀ ਵਾਂਗ ਜ਼ੀਯੂ ਨੂੰ 6-2, 6-4 ਨਾਲ ਹਰਾ ਕੇ ਮਹਿਲਾ ਸਿੰਗਲਜ਼ ਦੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਇਸ ਦੌਰਾਨ ਅਮਰੀਕਾ ਦੀ ਦੂਜਾ ਦਰਜਾ ਪ੍ਰਾਪਤ ਕੋਕੋ ਗੌਫ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉਸ ਨੂੰ ਕਰੋਏਸ਼ੀਆ ਦੀ ਡੋਨਾ ਵੇਕਿਕ ਨੇ 7-6 (7), 6-2 ਨਾਲ ਹਰਾਇਆ। -ਏਪੀ