ਟੈਨਿਸ: ਸੋਨ ਤਗ਼ਮੇ ਲਈ ਜੋਕੋਵਿਚ ਦੇ ਸਾਹਮਣੇ ਅਲਕਰਾਜ਼ ਦੀ ਚੁਣੌਤੀ
ਪੈਰਿਸ, 3 ਅਗਸਤ
ਟੈਨਿਸ ਸਟਾਰ ਨੋਵਾਕ ਜੋਕੋਵਿਚ ਅਤੇ ਕਾਰਲਸ ਅਲਕਰਾਜ਼ ਐਤਵਾਰ ਨੂੰ ਪੈਰਿਸ ਓਲੰਪਿਕਸ ਵਿੱਚ ਪੁਰਸ਼ ਟੈਨਿਸ ਸਿੰਗਲਜ਼ ਦੇ ਸੋਨ ਤਗ਼ਮੇ ਲਈ ਜਦੋਂ ਕੋਰਟ ’ਚ ਆਉਣਗੇ ਤਾਂ ਦਰਸ਼ਕਾਂ ਨੂੰ ਇੱਕ ਵਾਰ ਫਿਰ ਵਿੰਬਲਡਨ ਫਾਈਨਲ ਵਾਂਗ ਬੇਹੱਦ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲੇਗਾ। ਦੋਵਾਂ ਦਰਮਿਆਨ ਮੁਕਾਬਲਾ ਭਲਕੇ ਐਤਵਾਰ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ ਸਾਢੇ ਤਿੰਨ ਵਜੇ ਹੋਵੇਗਾ। ਓਲੰਪਿਕ ਟੈਨਿਸ ਦੇ ਫਾਈਨਲ ਵਿੱਚ ਜਗ੍ਹਾ ਬਣਾਉਣ ਵਾਲਾ ਜੋਕੋਵਿਚ ਸਭ ਤੋਂ ਛੋਟੀ ਉਮਰ ਦਾ ਪੁਰਸ਼ ਖਿਡਾਰੀ ਹੈ ਅਤੇ ਦੂਜੇ ਪਾਸੇ ਅਲਕਰਾਜ਼ ਸਭ ਤੋਂ ਵੱਡੀ ਉਮਰ ਦਾ ਖਿਡਾਰੀ ਹੈ। ਸਰਬੀਆ ਦਾ 37 ਸਾਲਾ ਜੋਕੋਵਿਚ ਆਪਣੇ ਸ਼ਾਨਦਾਰ ਕਰੀਅਰ ਵਿੱਚ ਰਿਕਾਰਡ 24 ਗਰੈਂਡ ਸਲੈਮ ਜਿੱਤ ਚੁੱਕਿਆ ਹੈ ਪਰ ਉਸ ਦੀ ਝੋਲੀ ਓਲੰਪਿਕ ਦਾ ਸੋਨ ਤਗ਼ਮਾ ਨਹੀਂ ਹੈ। ਦੂਜੇ ਪਾਸੇ ਸਪੇਨ ਦਾ ਅਲਕਰਾਜ਼ ਹਾਲ ਹੀ ਵਿੱਚ ਜੋਕੋਵਿਚ ਨੂੰ ਟੱਕਰ ਦੇਣ ਵਾਲੇ ਵਿਰੋਧੀ ਵਜੋਂ ਉੱਭਰਿਆ ਹੈ।
ਅਲਕਰਾਜ਼ ਨੇ ਜੂਨ ਵਿੱਚ ਫਰੈਂਚ ਓਪਨ ਚੈਂਪੀਅਨ ਬਣਨ ਮਗਰੋਂ ਵਿੰਬਲਡਨ ਦੇ ਫਾਈਨਲ ਵਿੱਚ ਸਿੱਧੇ ਸੈੱਟਾਂ ’ਚ ਜੋੋਕੋਵਿਚ ’ਤੇ ਜਿੱਤ ਨਾਲ ਖਿਤਾਬ ਦਾ ਬਚਾਅ ਕੀਤਾ ਸੀ। ਉਸ ਨੇ 2023 ਵਿੰਬਲਡਨ ਫਾਈਨਲ ’ਚ ਵੀ ਇਸ ਦਿੱਗਜ ਨੂੰ ਹਰਾਇਆ ਸੀ। ਜੋਕੋਵਿਚ ਨੇ ਕਿਹਾ, ‘‘ਅਲਕਰਾਜ਼ ਨੇ ਸਾਬਤ ਕੀਤਾ ਹੈ ਕਿ ਉਹ ਇਸ ਵੇਲੇ ਦੁਨੀਆ ਦਾ ਸਰਵੋਤਮ ਖਿਡਾਰੀ ਹੈ।’’ ਗੋਡੇ ਦੇ ਦਰਦ ਨਾਲ ਖੇਡ ਰਹੇ ਜੋਕੋਵਿਚ ਨੇ ਹਾਲਾਂਕਿ ਆਪਣੀ ਜਿੱਤ ਦੀ ਉਮੀਦ ਕਰਦਿਆਂ ਕਿਹਾ, ‘‘ਮੈਂ ਆਪਣੇ ਤੇ ਫਾਈਨਲ ਵਿੱਚ ਸੰਭਾਵਨਾਵਾਂ ਨੂੰ ਲੈ ਕੇ ਵੱਧ ਆਤਮ-ਵਿਸ਼ਵਾਸ ਮਹਿਸੂਸ ਕਰ ਰਿਹਾ ਹਾਂ।’’ -ਏਪੀ
ਆਸਟਰੇਲਿਆਈ ਜੋੜੀ ਨੇ ਪੁਰਸ਼ ਡਬਲਜ਼ ਦਾ ਖਿਤਾਬ ਜਿੱਤਿਆ
ਪੈਰਿਸ: ਮੈਥਿਊ ਇਬਡੇਨ ਅਤੇ ਜੌਹਨ ਪੀਅਰਜ਼ ਨੇ ਪੁਰਸ਼ ਡਬਲਜ਼ ਫਾਈਨਲ ਵਿੱਚ ਅੱਜ ਇੱਥੇ ਆਸਟਿਨ ਕ੍ਰੈਜੀਸੇਕ ਅਤੇ ਰਾਜੀਵ ਰਾਮ ਦੀ ਅਮਰੀਕੀ ਜੋੜੀ ਨੂੰ ਹਰਾ ਕੇ ਆਸਟਰੇਲੀਆ ਨੂੰ ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਟੈਨਿਸ ਦਾ ਦੂਜਾ ਸੋਨ ਤਗ਼ਮਾ ਦਿਵਾਇਆ। ਇਬਡੇਨ ਅਤੇ ਪੀਅਰਜ਼ ਨੇ ਫਾਈਨਲ ਵਿੱਚ ਕ੍ਰੈਜੀਸੇਕ ਅਤੇ ਰਾਜੀਵ ਦੀ ਜੋੜੀ ਨੂੰ 6-7, 7-6, 10-8 ਨਾਲ ਹਰਾ ਦਿੱਤਾ। ਇਸ ਤੋਂ ਪਹਿਲਾਂ ਚੈੱਕ ਗਣਰਾਜ ਦੀ ਕੈਟਰੀਨਾ ਸਿਨਿਆਕੋਵਾ ਅਤੇ ਟੌਮਸ ਮਹਾਚ ਨੇ ਸ਼ੁੱਕਰਵਾਰ ਦੇਰ ਰਾਤ ਇੱਥੇ ਟਾਈਬ੍ਰੇਕਰ ਤੱਕ ਚੱਲੇ ਮੈਚ ਵਿੱਚ ਜਿੱਤ ਦਰਜ ਕਰਦਿਆਂ ਪੈਰਿਸ ਓਲੰਪਿਕ ਦੇ ਟੈਨਿਸ ਮੁਕਾਬਲੇ ਦਾ ਮਿਕਸਡ ਡਬਲਜ਼ ਦਾ ਸੋਨ ਤਗ਼ਮਾ ਜਿੱਤ ਲਿਆ ਹੈ। ਸਿਨਿਆਕੋਵਾ ਅਤੇ ਮਹਾਚ ਨੇ ਫਾਈਨਲ ਵਿੱਚ ਚੀਨ ਦੀ ਵਾਂਗ ਸ਼ਿਨਯੂ ਅਤੇ ਜ਼ਿਆਂਗ ਜ਼ਿਜ਼ੇਨ ਦੀ ਜੋੜੀ ਨੂੰ 6-2, 5-7, 10-8 ਨਾਲ ਹਰਾ ਦਿੱਤਾ। ਓਲੰਪਿਕ ਡਬਲਜ਼ ਵਿੱਚ ਮਿਆਰੀ ਤੀਜੇ ਸੈੱਟ ਦੀ ਬਜਾਏ ਟਾਈਬ੍ਰੇਕਰ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਵਿੱਚੋਂ ਘੱਟੋ-ਘੱਟ ਦੋ ਅੰਕਾਂ ਦਾ ਫਰਕ ਰੱਖ ਕੇ 10 ਅੰਕ ਹਾਸਲ ਕਰਨ ਵਾਲੀ ਪਹਿਲੀ ਟੀਮ ਜੇਤੂ ਬਣ ਜਾਂਦੀ ਹੈ। -ਏਪੀ