For the best experience, open
https://m.punjabitribuneonline.com
on your mobile browser.
Advertisement

ਮੋਹ ਦੀਆਂ ਤੰਦਾਂ

08:01 AM Nov 16, 2024 IST
ਮੋਹ ਦੀਆਂ ਤੰਦਾਂ
Advertisement

ਅਜੀਤ ਸਿੰਘ ਚੰਦਨ

Advertisement

ਮੋਹ ਦੀਆਂ ਤੰਦਾਂ ਇਨਸਾਨ ਨੂੰ ਆਪਣੇ ਪਰਿਵਾਰ ਨਾਲ ਬੰਨ੍ਹੀ ਰੱਖਦੀਆਂ ਹਨ। ਜਿੰਨੀਆਂ ਇਹ ਤੰਦਾਂ ਕਸੀਆਂ ਹੋਣ ਓਨਾ ਹੀ ਇਨਸਾਨ ਨਿੱਘ ਮਾਣਦਾ ਹੈ। ਆਪਣਿਆਂ ਦਾ ਮੋਹ ਇਨਸਾਨ ਨੂੰ ਇੱਕ ਚੰਗਾ ਇਨਸਾਨ ਬਣਾਈ ਰੱਖਦਾ ਹੈ। ਉਸ ਨੂੰ ਗ਼ਲਤ ਪਾਸੇ ਜਾਣ ਤੋਂ ਰੋਕਦਾ ਹੈ। ਇਸ ਮੋਹ ਦੇ ਸਦਕੇ ਹੀ ਇਨਸਾਨ ਮਿਹਨਤਾਂ, ਮੁਸ਼ੱਕਤਾਂ ਕਰਦਾ ਹੈ, ਆਪਣੇ ਪਰਿਵਾਰ ਲਈ ਕੰਮ ਕਰਦਾ ਹੈ। ਧਨ ਕਮਾਉਂਦਾ ਹੈ। ਇਹ ਮੋਹ ਪਤੀ ਤੇ ਪਤਨੀ ਵਿਚਕਾਰ ਵੀ ਹੁੰਦਾ ਹੈ। ਮਾਂ-ਪੁੱਤਰ ਵਿਚਕਾਰ ਵੀ।
ਮਾਂ-ਪੁੱਤਰ ਲਈ ਮੋਹ ਪਾਲਦੀ ਹੈ, ਆਪਣੀ ਜਾਨ ਵੀ ਦੇ ਸਕਦੀ ਹੈ। ਹਰ ਚੀਜ਼ ਪੁੱਤਰ ਦੀ ਥਾਲੀ ਵਿੱਚ ਪਰੋਸਦੀ ਹੈ। ਆਪ ਮਾੜਾ-ਮੋਟਾ ਜਾਂ ਬਚਿਆ-ਖੁਚਿਆ ਖਾ ਕੇ ਵੀ ਗੁਜ਼ਾਰਾ ਕਰ ਲੈਂਦੀ ਹੈ, ਪਰ ਆਪਣੇ ਪੁੱਤਰਾਂ-ਧੀਆਂ ਲਈ ਸੁਆਦੀ ਖਾਣਾ ਬਣਾ ਕੇ ਉਨ੍ਹਾਂ ਨੂੰ ਦਿੰਦੀ ਹੈ। ਜੇ ਇੱਕ ਬੱਚਾ ਵੀ ਮੂੰਹ ਵੱਟੀ ਰੱਖੇ; ਇੱਕ ਡੰਗ ਰੋਟੀ ਨਾ ਖਾਵੇ; ਤਾਂ ਮਾਂ ਆਪ ਵੀ ਖ਼ੁਸ਼ ਹੋ ਕੇ ਰੋਟੀ ਨਹੀਂ ਖਾਂਦੀ। ਪਰਿਵਾਰ ਦੇ ਮੋਹ ਪਿਆਰ ਵਿੱਚ ਭਿੱਜੀ, ਉਹ ਥੋੜ੍ਹਾ ਖਾ ਕੇ ਵੀ ਸਬਰ ਕਰ ਲੈਂਦੀ ਹੈ। ਜਿਹੜੇ ਧੀਆਂ, ਪੁੱਤਰ ਮਾਂ ਦੀ ਇਸ ਦਸ਼ਾ ਤੋਂ ਵਾਕਫ ਹੋਣ; ਉਹ ਮਾਂ ਨੂੰ ਭੁੱਖੀ ਰਹਿਣ ਦਾ ਮੌਕਾ ਨਹੀਂ ਦਿੰਦੇ, ਸਗੋਂ ‘‘ਮਾਂ ਜੀ, ਮਾਂ ਜੀ’’ ਕਹਿ ਕੇ ਮਾਵਾਂ ਨੂੰ ਖ਼ੁਸ਼ ਰੱਖਦੇ ਹਨ। ਜਿਹੜਾ ਇਨਸਾਨ ਆਪਣੀ ਮਾਂ ਨੂੰ ਖ਼ੁਸ਼ ਰੱਖਦਾ ਹੈ; ਉਹ ਤਰੱਕੀਆਂ ਕਰਦਾ ਹੈ ਤੇ ਪ੍ਰਭੂ ਵੀ ਅਜਿਹੇ ਇਨਸਾਨ ਲਈ ਖ਼ੁਸ਼ੀਆਂ ਦੇ ਦਰਵਾਜ਼ੇ ਖੁੱਲ੍ਹੇ ਰੱਖਦਾ ਹੈ। ਕਿਉਂਕਿ ਜਿੱਥੇ ਮਾਂ ਹੈ, ਉੱਥੇ ਹੀ ਉਹ ਇੱਕ ਜੱਗ-ਜਣਨੀ ਵੀ ਹੈ। ਜਿਸ ਨੇ ਲਾਇਕ ਧੀਆਂ, ਪੁੱਤਰਾਂ ਨੂੰ ਜਨਮ ਦੇ ਕੇ ਇਹ ਜੱਗ ਵਸਾਇਆ ਹੈ।
ਇੱਕ ਘਰ ਵਿੱਚ ਜੋ ਮਾਂ ਦੀ ਸ਼ੋਭਾ ਤੇ ਪਰਿਵਾਰ ਲਈ ਵੱਡੀ ਦੇਣ ਹੈ; ਉਹ ਦੇਣ ਸ਼ਾਇਦ, ਰੱਬ ਆਪ ਵੀ ਨਾ ਦੇ ਸਕੇ। ਕਿਸੇ ਵੀ ਬੱਚੇ ਦੇ ਪੈਰ ਵਿੱਚ ਭਾਵੇਂ ਕੰਡਾ ਹੀ ਚੁੱਭਿਆ ਹੋਵੇ, ਮਾਂ ਭੱਜੀ-ਭੱਜੀ ਜਾ ਕੇ ਦਿਲਾਸਾ ਦਿੰਦੀ ਹੈ। ਬੱਚੇ ਨੂੰ ਚੁੱਪ ਕਰਾਉਂਦੀ ਹੈੈ। ਛੋਟੇ ਜਿਹੇ ਪੁੱਤਰ ਨੂੰ ਛਾਤੀ ਦਾ ਦੁੱਧ ਪਿਲਾ ਕੇ ਪਾਲਦੀ ਤੇ ਵੱਡਾ ਕਰਦੀ ਹੈ। ਇਹੋ ਆਸ ਮਨ ਵਿੱਚ ਪਲਰਦੀ ਰਹਿੰਦੀ ਹੈ ਕਿ ਪੁੱਤਰ ਵੱਡਾ ਹੋ ਕੇ ਮੇਰੀ ਲਾਜ ਰੱਖੇਗਾ। ਪਰਿਵਾਰ ਲਈ ਇੱਕ ਕਮਾਊ ਪੁੱਤਰ ਸਾਬਤ ਹੋਵੇਗਾ। ਪੁੱਤਰ ਨਾਲ ਪਰਿਵਾਰ ਦੀ ਸ਼ਾਖ ਵੀ ਵਧਦੀ ਰਹੇਗੀ। ਇਸ ਘਰ ਵਿੱਚ ਹਮੇਸ਼ਾ ਦੀਵਾ ਜਗਦਾ ਰਹੇਗਾ। ਘਰ ਦੀ ਸ਼ੋਭਾ ਲਾਇਕ ਪੁੱਤਰ-ਧੀਆਂ ਨਾਲ ਹੋਰ ਵਧੇਗੀ। ਇਹੋ ਵਜ੍ਹਾ ਹੈ ਕਿ ਜਿਹੜੇ ਧੀਆਂ, ਪੁੱਤਰ ਮਾਵਾਂ ਦੀ ਸੇਵਾ-ਸੰਭਾਲ ਕਰਦੇ ਹਨ; ਉਹ ਜੱਸ ਖੱਟਦੇ ਹਨ। ਕਦੇ ਕਿਸੇ ਗ਼ਲਤ ਰਸਤੇ ’ਤੇ ਨਹੀਂ ਚੱਲਦੇ। ਮਾਵਾਂ ਨਾਲ ਖ਼ੁਸ਼ੀਆਂ-ਭਰਿਆ ਘਰ ਸਵਰਗ-ਰੂਪ ਧਾਰੀ ਰੱਖਦਾ ਹੈ।
ਜਿੱਥੇ ਇਹ ਮੋਹ ਦੀਆਂ ਤੰਦਾਂ ਢਿੱਲੀਆਂ ਪੈ ਜਾਣ, ਉੱਥੇ ਖਤਰੇ ਖੜ੍ਹੇ ਹੋ ਜਾਂਦੇ ਹਨ। ਮੋਹ ਪਿਆਰ ਦੇ ਘਟਣ ਨਾਲ ਖ਼ੁਸ਼ੀਆਂ ਕਿਧਰੇ ਉੱਡ ਜਾਂਦੀਆਂ ਹਨ। ਸਭਨਾਂ ਦੇ ਮਨ ਮਸੋਸੇ ਜਾਂਦੇ ਹਨ। ਤੰਦਾਂ ਢਿੱਲੀਆਂ ਵੀ ਉਂਦੋਂ ਹੀ ਹੁੰਦੀਆਂ ਹਨ, ਜਦੋਂ ਕਿਸੇ ਰਿਸ਼ਤੇਦਾਰ, ਧੀ ਜਾਂ ਪੁੱਤਰ ਦੇ ਮਨ ਵਿੱਚ ਖੋਟ ਪੈਦਾ ਹੋ ਜਾਵੇ। ਕੋਈ ਲਾਲਚ ਵਸ ਜਾਵੇ ਜਾਂ ਕਿਸੇ ਜਾਇਦਾਦ ਦੇ ਝਗੜੇ ਖੜ੍ਹੇ ਹੋ ਜਾਣ। ਫ਼ਾਲਤੂ ਧਨ ਤੇ ਪੈਸੇ ਦੇ ਲੋਭ ਨੇ ਇਨਸਾਨ ਦੀ ਮੱਤ ਮਾਰ ਦਿੱਤੀ ਹੈ। ਜਿੱਥੇ ਵੀ ਲਾਲਚ, ਲੋਭ ਜਾਂ ਬਿਗਾਨੇਪਣ ਨੇ ਪੈਰ-ਪਸਾਰ ਲਏ, ਉੱਥੇ ਤਰੇੜਾਂ ਪੈਂਦਿਆਂ ਦੇਰ ਨਹੀਂ ਲੱਗਦੀ। ਵਸਦੀ ਰਸਦੀ ਦੁਨੀਆ ਓਪਰੀ ਲੱਗਣ ਲੱਗ ਪੈਂਦੀ ਹੈ। ਬਰਕਤਾਂ ਹਮੇਸ਼ਾ ਉੱਥੇ ਵਸਦੀਆਂ ਹਨ, ਜਿੱਥੇ ਦਿਲ ਸਾਫ਼ ਤੇ ਪਵਿੱਤਰ ਤੇ ਖੁੱਲ੍ਹੇ ਹੋਣ, ਜਿੱਥੇ ਮਨਾਂ ਵਿੱਚ ਪ੍ਰਭੂ ਦਾ ਵਾਸ ਹੋਵੇ। ਇਹ ਦੁਨੀਆ ਤੁਹਾਨੂੰ ਆਪਣੀ-ਆਪਣੀ ਲੱਗੇ। ਘਰ ਪਰਿਵਾਰ ਦੇ ਜੀਆਂ ਤੋਂ ਬਿਨਾਂ ਵੀ ਇਹ ਸੰਸਾਰ ਤੁਹਾਨੂੰ ਆਪਣਾ-ਆਪਣਾ ਲੱਗੇ। ਪਸ਼ੂ, ਪੰਛੀਆਂ, ਪਰਿੰਦਿਆਂ ਨਾਲ ਪਿਆਰ ਦੀ ਖਿੱਚ ਬਣੀ ਰਹੇ। ਤੁਹਾਨੂੰ ਇਸ ਧਰਤੀ ਤੋਂ ਬਿਨਾਂ ਨੀਲਾ ਆਕਾਸ਼ ਵੀ ਖ਼ੁਸ਼ੀਆਂ ਦਾ ਸਰੋਤ ਜਾਪੇ। ਤੁਸੀਂ ਆਪਣੇ ਘਰ ਦੇ ਜੀਆਂ ਤੋਂ ਬਿਨਾਂ ਬਾਕੀ ਸਾਰੀ ਦੁਨੀਆ ਨੂੰ ਵੀ ਆਪਣਾ ਸਮਝੋ।
ਬਿੱਲੀ ਜਦ ਬਲੂੰਗੜੇ ਦਿੰਦੀ ਹੈ ਤਾਂ ਉਹ ਸੱਤ ਘਰ ਬਦਲਦੀ ਹੈ। ਇਨ੍ਹਾਂ ਬਲੂੰਗੜਿਆਂ ਨੂੰ ਮੂੰਹ ਵਿੱਚ ਚੁੱਕੀ ਫਿਰਦੀ ਹੈ। ਇਹ ਸਭ ਮੋਹ ਪਿਆਰ ਦੇ ਕ੍ਰਿਸ਼ਮੇ ਹਨ। ਕੁੱਤੀ ਕਤੂਰਿਆਂ ਨੂੰ ਚੁੰਮ ਚੱਟ ਕੇ ਖ਼ੁਸ਼ੀ ਭਾਲਦੀ ਹੈ। ਇਨ੍ਹਾਂ ਕਤੂਰਿਆਂ ਨੂੰ ਜੇ ਕੋਈ ਮਾਰੇ ਜਾਂ ਛੇੜੇ, ਉਹ ਉਸ ਨੂੰ ਪਾੜ ਕੇ ਖਾ ਜਾਂਦੀ ਹੈ। ਚਿੜੀਆਂ ਵੀ ਆਪਣੇ ਬੱਚਿਆਂ ਨੂੰ ਚੋਗ ਲਿਆ ਕੇ ਪਾਲਦੀਆਂ ਹਨ। ਉਨ੍ਹਾਂ ਦੇ ਮੂੰਹ ਵਿੱਚ ਪਾਣੀ ਲਿਆ ਕੇ ਪਾਉਂਦੀਆਂ ਹਨ। ਪਰਿਵਾਰ ਦਾ ਨਿੱਘ ਮਾਣਨ ਲਈ ਤੁਹਾਨੂੰ ਵੀ ਕੋਈ ਕੰਮ ਕਰਨਾ ਪਵੇਗਾ। ਪਰਿਵਾਰ ਦਾ ਪੇਟ ਤਦ ਹੀ ਭਰੇਗਾ ਜੇ ਤੁਹਾਡੇ ਹੱਥਾਂ ਵਿੱਚ ਕੋਈ ਹੁਨਰ ਹੈ। ਤੁਹਾਡੇ ਹੱਥਾਂ ਦੇ ਕਮਾਲ ਨਾਲ ਹੀ ਇਹ ਪਰਿਵਾਰਕ ਨਿੱਘ ਜੁੜਿਆ ਹੋਇਆ ਹੈ। ਵਿਹਲੇ ਬੈਠ ਕੇ ਤੁਸੀਂ ਪਰਿਵਾਰਕ ਨਿੱਘ ਨਹੀਂ ਮਾਣ ਸਕਦੇ। ਮਾਂ ਵੀ ਉਸੇ ਪੁੱਤਰ ਜਾਂ ਧੀ ਦੀ ਕਦਰ ਕਰਦੀ ਹੈ ਜੋ ਖੱਟੀਆਂ ਖੱਟਦਾ ਹੈ। ਮਿਹਨਤ ਕਰਕੇ ਪਰਿਵਾਰ ਦੇ ਮੂੰਹ ਵਿੱਚ ਅੰਨ ਪਾਉਂਦਾ ਹੈ। ਬੱਚਿਆਂ ਨੂੰ ਪਾਲਦਾ ਹੈ।
ਹੁਨਰ, ਕਲਾ ਜਾਂ ਕੰਮ ਤੁਹਾਡੇ ਹੱਥਾਂ ਨੂੰ ਜ਼ਰੂਰ ਸਿੱਖਣਾ ਪਏਗਾ। ਰੋਜ਼ੀ ਰੋਟੀ ਦੀ ਤਲਾਸ਼ ਵਿੱਚ ਲੋਕ, ਦੇਸ-ਪ੍ਰਦੇਸ ਘੁੰਮਦੇ ਫਿਰਦੇ ਹਨ ਤਾਂ ਕਿ ਆਪਣੇ ਪਰਿਵਾਰ ਦਾ ਪੇਟ ਭਰ ਸਕਣ। ਬਿਨਾਂ ਹੁਨਰ, ਕਲਾ ਜਾਂ ਕਮਾਲ ਦੇ ਤੁਸੀਂ ਖੋਟੇ ਸਿੱਕੇ ਦੇ ਸਮਾਨ ਹੋ। ਖੋਟੇ ਸਿੱਕੇ ਨਾਲ ਭੋਜਨ ਨਹੀਂ ਖਰੀਦਿਆ ਜਾ ਸਕਦਾ। ਯਕੀਨ ਜਾਣੋ ਕਿ ਜਿਨ੍ਹਾਂ ਇਨਸਾਨਾਂ ਨੇ ਹੱਥਾਂ ਨੂੰ ਕੰਮਾਂ ਵਿੱਚ ਲਗਾਇਆ ਹੈ, ਇਨ੍ਹਾਂ ਨੇ ਧਰਤੀ ਦੇ ਸੀਨੇ ਵਿੱਚੋਂ ਵੀ ਸੋਨਾ ਕੱਢ ਲਿਆ ਹੈ। ਪਹਾੜ ਚੀਰ ਕੇ ਨਹਿਰ ਵਗਾ ਦਿੱਤੀ ਹੈ। ਬਰਕਤਾਂ ਤੇ ਬਖ਼ਸ਼ਿਸ਼ਾਂ ਦਾ ਮੀਂਹ ਉੱਥੇ ਹੀ ਪੈਂਦਾ ਹੈ ਜਿੱਥੇ ਦਿਲਾਂ ਵਿੱਚ ਪਿਆਰ ਤੇ ਮੋਹ ਦੀਆਂ ਤੰਦਾਂ ਬੱਝੀਆਂ ਹੋਣ। ਮਨਾਂ ਵਿੱਚ ਕਪਟ ਤੇ ਖੋਟ ਨਾ ਹੋਵੇ, ਸਗੋਂ ਪਿਆਰ ਦੇ ਚਸ਼ਮੇ ਵਗਦੇ ਹੋਣ। ਘਰਾਂ ਵਿੱਚ ਨਿੱਘ ਤੇ ਪਿਆਰ ਹੋਵੇ। ਤੁਸੀਂ ਇੱਕ ਪਰਿਵਾਰ ਦੇ ਸਰਕਰਦਾ ਮੈਂਬਰ ਹੋਵੋ। ਪਰਿਵਾਰ ਲਈ ਕੰਮ ਕਰੋ। ਇਸ ਦੇ ਮੋਹ ਦੀਆਂ ਤੰਦਾਂ ਨੂੰ ਕੱਸੀ ਰੱਖੋ। ਜਾਨ ਦੀ ਬਾਜ਼ੀ ਜੇ ਲਗਾਉਣੀ ਹੀ ਹੈ ਤਾਂ ਆਪਣੇ ਪਰਿਵਾਰ ਲਈ ਲਗਾਓ।
ਸੰਪਰਕ: 97818-05861

Advertisement

Advertisement
Author Image

joginder kumar

View all posts

Advertisement