For the best experience, open
https://m.punjabitribuneonline.com
on your mobile browser.
Advertisement

ਛੋਟਾ ਪਰਦਾ

07:59 AM Nov 16, 2024 IST
ਛੋਟਾ ਪਰਦਾ
ਸ਼ੋਅ ਦੇ ਸੈੱਟ ’ਤੇ ਮਲਾਇਕਾ ਅਰੋੜਾ, ਗੀਤਾ ਕਪੂਰ ਅਤੇ ਰੇਮੋ ਡਿਸੂਜ਼ਾ
Advertisement

ਧਰਮਪਾਲ

Advertisement

ਕੌਣ ਬਣੇਗਾ ਡਾਂਸਿੰਗ ਸੁਪਰੀਮ?

ਮਲਾਇਕਾ ਅਰੋੜਾ ਅਤੇ ਗੀਤਾ ਕਪੂਰ ਡਾਂਸ ਮੁਕਾਬਲਾ ਸ਼ੋਅ, ‘ਇੰਡੀਆਜ਼ ਬੈਸਟ ਡਾਂਸਰ ਵਰਸਿਜ ਸੁਪਰ ਡਾਂਸਰ: ਚੈਂਪੀਅਨਜ਼ ਕਾ ਟਸ਼ਨ’ ਦੇ ਜੱਜਾਂ ਦੇ ਪੈਨਲ ਵਿੱਚ ਸ਼ਾਮਲ ਹੋਣ ਲਈ ਤਿਆਰ ਹਨ। ਇਸ ਦਾ ਪ੍ਰੀਮੀਅਰ 16 ਨਵੰਬਰ ਯਾਨੀ ਅੱਜ ਸ਼ਾਮ ਸੋਨੀ ਟੈਲੀਵਿਜ਼ਨ ’ਤੇ ਹੋਵੇਗਾ।
ਭਾਵੇਂ ਉਹ ਦੋਵੇਂ ਪਹਿਲਾਂ ਵੀ ਜੱਜਾਂ ਦੇ ਪੈਨਲ ’ਤੇ ਟੀਮ ਦੀਆਂ ਸਾਥੀ ਰਹੀਆਂ ਹਨ, ਪਰ ਇਸ ਵਾਰ ਇਹ ਜੋੜੀ ਵਿਰੋਧੀ ਟੀਮਾਂ ਦਾ ਸਮਰਥਨ ਕਰੇਗੀ। ਇਸ ਦਾ ਕਾਰਨ ਇਹ ਹੈ ਕਿ ਡਾਂਸਿੰਗ ਸੁਪਰੀਮ ਬਣਨ ਲਈ ਆਪਣੀ ਕਿਸਮ ਦਾ ਪਹਿਲਾ ਮੁਕਾਬਲਾ ‘ਇੰਡੀਆਜ਼ ਬੈਸਟ ਡਾਂਸਰ’ ਅਤੇ ‘ਸੁਪਰ ਡਾਂਸਰ’ ਦੋਹਾਂ ਦੀਆਂ ਬਿਹਤਰੀਨ ਪ੍ਰਤਿਭਾਵਾਂ ਦਾ ਪ੍ਰਦਰਸ਼ਨ ਕਰਦੇ ਹੋਏ ਹੋਵੇਗਾ। ਟੈਲੀਵਿਜ਼ਨ ਲਈ ਇੱਕ ਦਿਲਚਸਪ ਨਵੇਂ ਡਾਂਸ ਫਾਰਮੈਟ ਨੂੰ ਪੇਸ਼ ਕਰਦੇ ਹੋਏ, ਇਹ ਸ਼ਾਨਦਾਰ ਡਾਂਸਰਾਂ ਨੂੰ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰੇਗਾ। ਇਸ ਵਿੱਚ ‘ਇੰਡੀਆਜ਼ ਬੈਸਟ ਡਾਂਸਰ’ ਦੇ ਛੇ ਪ੍ਰਤੀਯੋਗੀ ਅਤੇ ‘ਸੁਪਰ ਡਾਂਸਰ’ ਦੇ ਛੇ ਪ੍ਰਤੀਯੋਗੀ ਹਿੱਸਾ ਲੈਣਗੇ ਜੋ ਤਿੰਨ ਪ੍ਰਤਿਭਾਸ਼ਾਲੀ ਕੋਰੀਓਗ੍ਰਾਫਰਾਂ ਦੀ ਅਗਵਾਈ ਵਿੱਚ ਦੋ ਵਿਰੋਧੀ ਟੀਮਾਂ ਦਾ ਹਿੱਸਾ ਹੋਣਗੇ।
ਡਾਂਸ ਦੀ ਦੁਨੀਆ ਵਿੱਚ ਆਪਣੀ ਵੱਖਰੀ ਪਛਾਣ ਸਥਾਪਿਤ ਕਰਨ ਵਾਲੀ ਮਲਾਇਕਾ ਅਰੋੜਾ ਭਾਰਤ ਦੇ ਸਰਵੋਤਮ ਡਾਂਸਰਾਂ ਵਿੱਚੋਂ ਕਿੰਗ ਅਤੇ ਕੁਇਨ ਦਾ ਸਮਰਥਨ ਕਰਦੀ ਦਿਖਾਈ ਦੇਵੇਗੀ ਅਤੇ ਉਹ ਹਰੇਕ ਕਲਾਕਾਰ ਦੀ ਕਲਾ ਅਤੇ ਹੁਨਰ ਨੂੰ ਉਤਸ਼ਾਹਿਤ ਕਰੇਗੀ। ਦੂਜੇ ਪਾਸੇ ਗੀਤਾ ਮਾਂ, ਡਾਂਸਰਾਂ ਦੀ ਅਗਲੀ ਪੀੜ੍ਹੀ ਨੂੰ ਉਤਸ਼ਾਹਿਤ ਕਰਨ ਲਈ ਉਤਸੁਕ ਹੈ ਜੋ ਸੁਪਰ ਡਾਂਸਰ ਦਾ ਸਮਰਥਨ ਕਰੇਗੀ। ਦਰਸ਼ਕਾਂ ਦੇ ਨਾਲ ਨਾਲ ਮਲਾਇਕਾ ਅਰੋੜਾ, ਗੀਤਾ ਕਪੂਰ ਅਤੇ ਰੇਮੋ ਡਿਸੂਜ਼ਾ ਇਹ ਫ਼ੈਸਲਾ ਕਰਨਗੇ ਕਿ ਇਸ ਮਹਾਡਾਂਸ ਮੁਕਾਬਲੇ ਵਿੱਚ ਕੌਣ ਡਾਂਸਿੰਗ ਸੁਪਰੀਮ ਵਜੋਂ ਉੱਭਰੇਗਾ।
ਸ਼ੋਅ ਬਾਰੇ ਗੱਲ ਕਰਦੇ ਹੋਏ ਮਲਾਇਕਾ ਅਰੋੜਾ ਨੇ ਕਿਹਾ, “ਇਸ ਸ਼ੋਅ ਵਿੱਚ ਦੋ ਪੀੜ੍ਹੀਆਂ ਦੀ ਤਾਕਤ ਨੂੰ ਦਰਸ਼ਕਾਂ ਅੱਗੇ ਪੇਸ਼ ਕੀਤਾ ਜਾਵੇਗਾ। ਅਜਿਹੀਆਂ ਵਿਭਿੰਨ ਅਤੇ ਅਸਾਧਾਰਨ ਪ੍ਰਤਿਭਾਵਾਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਸ਼ੋਅ ਦਾ ਹਿੱਸਾ ਬਣਨ ਦਾ ਮੌਕਾ ਮਿਲਣਾ ਹੈਰਾਨੀਜਨਕ ਹੈ। ਮੈਂ ਇਸ ਉੱਚ ਪੱਧਰ ਦੇ ਮੁਕਾਬਲੇ ਦੀ ਗਵਾਹ ਬਣਨ ਲਈ ਬਹੁਤ ਉਤਸੁਕ ਹਾਂ। ਇਹ ਇੱਕ ਯਾਦਗਾਰ ਯਾਤਰਾ ਹੋਣ ਵਾਲੀ ਹੈ।’’

Advertisement

‘ਉਡਨੇ ਕੀ ਆਸ਼ਾ’ ਤੋਂ ਖ਼ੁਸ਼ ਰਾਹੁਲ ਤਿਵਾੜੀ

ਰਾਹੁਲ ਤਿਵਾੜੀ

ਓਟੀਟੀ ਪਲੈਟਫਾਰਮ ਹੌਟਸਟਾਰ ਦੇ ਹਿੱਟ ਸ਼ੋਅ ‘ਉਡਨੇ ਕੀ ਆਸ਼ਾ’ ਦੇ ਨਿਰਮਾਤਾ ਰਾਹੁਲ ਕੁਮਾਰ ਤਿਵਾੜੀ ਸ਼ੋਅ ਨੂੰ ਮਿਲ ਰਹੇ ਸ਼ਾਨਦਾਰ ਹੁੰਗਾਰੇ ਤੋਂ ਬੇਹੱਦ ਖ਼ੁਸ਼ ਹੈ। ਇਸ ਸੀਰੀਜ਼ ਵਿੱਚ ਮੁੱਖ ਭੂਮਿਕਾਵਾਂ ਵਿੱਚ ਕੰਵਰ ਢਿੱਲੋਂ ਅਤੇ ਨੇਹਾ ਹਰਸੋਰਾ ਹਨ। ਇਸ ਦੀ ਸਾਧਾਰਨ ਪਰ ਪ੍ਰਭਾਵਸ਼ਾਲੀ ਕਹਾਣੀ ਨੇ ਦਰਸ਼ਕਾਂ ਦੇ ਦਿਲਾਂ ਵਿੱਚ ਆਪਣੀ ਥਾਂ ਬਣੀ ਲਈ ਹੈ। ਤਿਵਾੜੀ ਦਾ ਕਹਿਣਾ ਹੈ, “ਉਡਨੇ ਕੀ ਆਸ਼ਾ’ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਅਸਲ ਲੋਕਾਂ ਦੀਆਂ ਅਸਲ ਭਾਵਨਾਵਾਂ ਦੀ ਕਹਾਣੀ ਹੈ। ਇਸੇ ਕਰਕੇ ਇਹ ਦਰਸ਼ਕਾਂ ਨਾਲ ਜੁੜੀ ਹੋਈ ਹੈ।”
ਉਸ ਨੇ ਕਿਹਾ ਕਿ ਸ਼ੋਅ ਦਾ ਸੁਹਜ ਇਸ ਤੱਥ ਵਿੱਚ ਹੈ ਕਿ ਇਹ ਖੱਟੇ-ਮਿੱਠੇ ਰਿਸ਼ਤਿਆਂ ਅਤੇ ਜ਼ਿੰਦਗੀ ਦੀਆਂ ਚੁਣੌਤੀਆਂ ਵਿੱਚੋਂ ਲੰਘ ਰਹੇ ਪਾਤਰਾਂ ਨੂੰ ਬਹੁਤ ਹੀ ਸੰਵੇਦਨਸ਼ੀਲਤਾ ਨਾਲ ਪੇਸ਼ ਕਰਦਾ ਹੈ। “ਇਸ ਸ਼ੋਅ ਦਾ ਮੁੱਖ ਸੰਦੇਸ਼ ਉਮੀਦ, ਸੁਪਨਿਆਂ ਅਤੇ ਰਿਸ਼ਤਿਆਂ ਦੇ ਭਾਵਨਾਤਮਕ ਉਤਰਾਅ-ਚੜ੍ਹਾਅ ਨਾਲ ਭਰਿਆ ਹੋਇਆ ਹੈ। ਇਹ ਜ਼ਮੀਨ ਨਾਲ ਜੁੜੀ ਕਹਾਣੀ ਹੈ, ਸ਼ਾਨਦਾਰ ਜਾਂ ਬਹੁਤ ਜ਼ਿਆਦਾ ਨਾਟਕੀ ਨਹੀਂ ਹੈ। ਇਸ ਲਈ ਇਹ ਅਸਲੀਅਤ ਦੇ ਨੇੜੇ ਮਹਿਸੂਸ ਹੁੰਦੀ ਹੈ।”
ਸ਼ੋਅ ਵਿੱਚ ਸੰਜੇ ਨਾਰਵੇਕਰ, ਰਾਧਿਕਾ ਵਿਦਿਆਸਾਗਰ, ਸਨੇਹਾ ਰਾਏਕਰ, ਪੁਰੂ ਛਿੱਬਰ, ਤਨਵੀ ਸ਼ੇਵਾਲੇ, ਦੇਵਾਸ਼ੀਸ਼, ਵੈਸ਼ਾਲੀ ਅਰੋੜਾ, ਸਾਹਿਲ ਬਲਾਨੀ ਅਤੇ ਪਰੀ ਭੱਟੀ ਵਰਗੇ ਪ੍ਰਤਿਭਾਸ਼ਾਲੀ ਕਲਾਕਾਰ ਹਨ, ਜਿਨ੍ਹਾਂ ਨੇ ਕਹਾਣੀ ਵਿੱਚ ਰੂਹ ਫੂਕ ਦਿੱਤੀ ਹੈ। ਹਰੇਕ ਪਾਤਰ ਮਨੁੱਖੀ ਅਨੁਭਵ ਦੇ ਇੱਕ ਵੱਖਰੇ ਪਹਿਲੂ ਨੂੰ ਦਰਸਾਉਂਦਾ ਹੈ, ਇਸ ਨੂੰ ਦਰਸ਼ਕਾਂ ਲਈ ਇੱਕ ਭਾਵਨਾਤਮਕ ਅਤੇ ਉਨ੍ਹਾਂ ਨਾਲ ਸਬੰਧਿਤ ਕਹਾਣੀ ਬਣਾਉਂਦਾ ਹੈ।
ਤਿਵਾੜੀ ਨੇ ਕਿਹਾ, ‘‘ਅਦਾਕਾਰਾਂ ਨੇ ਆਪਣੇ-ਆਪਣੇ ਕਿਰਦਾਰਾਂ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਇਆ ਹੈ ਅਤੇ ਦਰਸ਼ਕਾਂ ਦਾ ਉਨ੍ਹਾਂ ਨਾਲ ਜੁੜਨਾ ਉਨ੍ਹਾਂ ਦੀ ਮਿਹਨਤ ਦਾ ਪ੍ਰਮਾਣ ਹੈ।’’ ਤਿਵਾੜੀ ਨੇ ਦਰਸ਼ਕਾਂ ਪ੍ਰਤੀ ਧੰਨਵਾਦ ਪ੍ਰਗਟ ਕੀਤਾ ਅਤੇ ਕਿਹਾ, ‘‘ਦਰਸ਼ਕਾਂ ਦੀ ਪ੍ਰਤੀਕਿਰਿਆ ਸੱਚਮੁੱਚ ਦਿਲ ਨੂੰ ਛੂਹਣ ਵਾਲੀ ਰਹੀ ਹੈ। ਇਹ ਦੇਖ ਕੇ ਖ਼ੁਸ਼ੀ ਹੁੰਦੀ ਹੈ ਕਿ ਦਰਸ਼ਕ ਸ਼ੋਅ ਦੀ ਸਾਦਗੀ ਅਤੇ ਭਾਵਨਾਤਮਕ ਗਹਿਰਾਈ ਦੀ ਸ਼ਲਾਘਾ ਕਰ ਰਹੇ ਹਨ। ਸ਼ੋਅ ਦੇ ਅੱਗੇ ਵਧਣ ਦੇ ਨਾਲ-ਨਾਲ ਅਸੀਂ ਹੋਰ ਵੀ ਦਿਲ ਨੂੰ ਛੂਹਣ ਵਾਲੇ ਪਲ ਪ੍ਰਦਾਨ ਕਰਨ ਲਈ ਉਤਸ਼ਾਹਿਤ ਹਾਂ।’’

ਤਮੰਨਾ ਭਾਟੀਆ ਦਾ ਡਕੈਤੀ ਡਰਾਮਾ

‘ਤਮੰਨਾ ਭਾਟੀਆ ਅਤੇ ਜਿੰਮੀ ਸ਼ੇਰਗਿੱਲ

ਅਭਿਨੇਤਰੀ ਤਮੰਨਾ ਭਾਟੀਆ ਦੀ ਮੁੱਖ ਭੂਮਿਕਾ ਨਾਲ ਸਜੀ ਫਿਲਮ ‘ਸਿਕੰਦਰ ਕਾ ਮੁਕੱਦਰ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਲੁੱਟ-ਖੋਹ ਦਾ ਇਹ ਡਰਾਮਾ ਦਰਸ਼ਕਾਂ ਲਈ ਰੁਮਾਂਚਕ ਅਨੁਭਵ ਪੇਸ਼ ਕਰੇਗਾ, ਜਿਸ ਵਿੱਚ ਸ਼ੱਕੀ ਵਿਅਕਤੀਆਂ ਦੇ ਸਮੂਹ ਨੂੰ ਦਿਖਾਇਆ ਗਿਆ ਹੈ। ਉਹ 60 ਕਰੋੜ ਰੁਪਏ ਦੇ ਸੋਲੀਟੇਅਰ ਹੀਰਿਆਂ ਦੀ ਚੋਰੀ ਵਿੱਚ ਆਪਣੀ ਬੇਗੁਨਾਹੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੇ ਟ੍ਰੇਲਰ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ ਜਿਸ ਨਾਲ ਉਨ੍ਹਾਂ ਵਿੱਚ ਇਸ ਰੋਮਾਂਚਕ ਫਿਲਮ ਲਈ ਉਤਸ਼ਾਹ ਪੈਦਾ ਹੋ ਗਿਆ ਹੈ। ਇਸ ਦੀ ਸਟ੍ਰੀਮਿੰਗ ਨੈੱਟਫਲਿਕਸ ’ਤੇ 29 ਨਵੰਬਰ ਨੂੰ ਹੋਵੇਗੀ।
ਨੀਰਜ ਪਾਂਡੇ ਦੁਆਰਾ ਨਿਰਦੇਸ਼ਤ ਇਸ ਫਿਲਮ ਵਿੱਚ ਤਮੰਨਾ 60 ਕਰੋੜ ਰੁਪਏ ਦੀ ਕੀਮਤ ਦੇ ਹੀਰਿਆਂ ਦੀ ਲੁੱਟ ਦੇ ਦੁਆਲੇ ਘੁੰਮਦੇ ਇੱਕ ਉੱਚ-ਦਾਅ ਵਾਲੇ ਡਰਾਮੇ ਵਿੱਚ ਅਵਿਨਾਸ਼ ਤਿਵਾਰੀ ਅਤੇ ਜਿੰਮੀ ਸ਼ੇਰਗਿੱਲ ਨਾਲ ਮੁੱਖ ਭੂਮਿਕਾ ਨਿਭਾਉਂਦੀ ਹੋਈ ਨਜ਼ਰ ਆਵੇਗੀ। ਤਮੰਨਾ ਨੇ ਕਾਮਿਨੀ ਸਿੰਘ ਦਾ ਕਿਰਦਾਰ ਨਿਭਾਇਆ ਹੈ, ਜਦੋਂਕਿ ਅਵਿਨਾਸ਼ ਤਿਵਾੜੀ ਸਿਕੰਦਰ ਸ਼ਰਮਾ ਦਾ ਕਿਰਦਾਰ ਨਿਭਾਅ ਰਿਹਾ ਹੈ। ਜਿੰਮੀ ਸ਼ੇਰਗਿੱਲ ਨੇ ਜਸਵਿੰਦਰ ਸਿੰਘ ਦੀ ਭੂਮਿਕਾ ਨਿਭਾਈ ਹੈ ਜੋ ਕਿ ਹੀਰੇ ਦੀ ਚੋਰੀ ਦੇ ਮਾਮਲੇ ਨੂੰ ਸੁਲਝਾਉਣ ਲਈ ਇੱਕ ਦ੍ਰਿੜ ਪੁਲੀਸ ਮੁਲਾਜ਼ਮ ਹੈ। ਪ੍ਰਸ਼ੰਸਕ ਇਸ ਫਿਲਮ ਵਿੱਚ ਤਮੰਨਾ ਦੀ ਨਵੀਂ ਅਤੇ ਬੋਲਡ ਭੂਮਿਕਾ ਦੇਖਣ ਲਈ ਉਤਸੁਕ ਹਨ।
ਟ੍ਰੇਲਰ ਰਿਲੀਜ਼ ਤੋਂ ਪਹਿਲਾਂ, ਨੈੱਟਫਲਿਕਸ ਨੇ ਫਿਲਮ ਦੇ ਵੱਖ-ਵੱਖ ਸ਼ੂਟਿੰਗ ਸਥਾਨਾਂ ਤੋਂ ਪਰਦੇ ਦੇ ਪਿੱਛੇ ਦੀ ਫੁਟੇਜ ਵੀ ਸਾਂਝੀ ਕੀਤੀ ਹੈ ਜਿਸ ਨਾਲ ਦਰਸ਼ਕਾਂ ਵਿੱਚ ਉਤਸ਼ਾਹ ਹੋਰ ਵੀ ਵਧ ਗਿਆ ਹੈ।

Advertisement
Author Image

joginder kumar

View all posts

Advertisement