ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੋਹ ਦੀਆਂ ਤੰਦਾਂ

12:25 PM Jul 14, 2024 IST
ਚਿੱਤਰ: ਸਬਰੀਨਾ

ਨਰਿੰਦਰ ਸਿੰਘ ਕਪੂਰ

ਕੁਝ ਦਿਨ ਪਹਿਲਾਂ ਮੈਂ ਜ਼ਿਲ੍ਹਾ ਕਚਹਿਰੀਆਂ ਵਿੱਚ ਇੱਕ ਕੰਮ ਲਈ ਗਿਆ ਸਾਂ। ਮੇਰੇ ਕੰਮ ਨੂੰ ਦੇਰ ਲੱਗਣੀ ਸੀ। ਇਸ ਲਈ ਮੈਂ ਉੱਥੇ ਹਾਲ ਵਿੱਚ ਇੱਕ ਪਾਸੇ ਕੁਰਸੀ ਲੈ ਕੇ ਬਹਿ ਗਿਆ। ਬੈਠੇ-ਬੈਠੇ, ਅਚਾਨਕ ਮੇਰੀ ਨਜ਼ਰ ਦੂਰ ਇੱਕ ਕਮਰੇ ਵੱਲ ਗਈ ਜਿਸ ਅੱਗੇ ਲੜਕੀਆਂ ਦੀ ਇੱਕ ਲੰਮੀ ਲਾਈਨ ਸੀ। ਕੁਝ ਕੁੜੀਆਂ ਨਵ-ਵਿਆਹੀਆਂ ਸਨ। ਸਭ ਦੇ ਹੱਥਾਂ ਵਿੱਚ ਮਠਿਆਈ ਦਾ ਡੱਬਾ ਜਾਂ ਫ਼ਲਾਂ ਵਾਲਾ ਲਿਫ਼ਾਫ਼ਾ ਚੁੱਕਿਆ ਹੋਇਆ ਸੀ। ਮੈਨੂੰ ਸਮਝ ਨਾ ਆਈ ਕਿ ਕੀ ਹੋ ਰਿਹਾ ਸੀ। ਮੈਂ ਆਪਣੀ ਕੁਰਸੀ ਛੱਡ ਕੇ ਉਸ ਕਮਰੇ ਦੇ ਨੇੜੇ ਸਭ ਕੁਝ ਦਿਖਾਈ ਦੇਣ ਵਾਲੀ ਥਾਂ ’ਤੇ ਬਹਿ ਗਿਆ। ਉਹ ਸਾਰੀਆਂ ਕੁੜੀਆਂ ਆਪਣੇ ਕੈਦੀ ਭਰਾਵਾਂ ਨੂੰ, ਉਸ ਦਿਨ ਉਨ੍ਹਾਂ ਦੀ ਪੇਸ਼ੀ ਵਾਲੇ ਦਿਨ ਰੱਖੜੀ ਬੰਨ੍ਹਣ ਆਈਆਂ ਹੋਈਆਂ ਸਨ। ਜਿਹੜਾ ਭਰਾ ਸਲਾਖਾਂ ਵਿੱਚੋਂ ਬਾਂਹ ਬਾਹਰ ਕੱਢਦਾ ਸੀ, ਉਸ ਦੀ ਭੈਣ ਭਰੀਆਂ ਅੱਖਾਂ ਨਾਲ ਬਿਨਾਂ ਕੁਝ ਬੋਲੇ ਰੱਖੜੀ ਬੰਨ੍ਹ ਉਸ ਲਈ ਲਿਆਂਦਾ ਡੱਬਾ ਜਾਂ ਲਿਫ਼ਾਫ਼ਾ ਦੇ ਕੇ ਵਾਪਸ ਆ ਕੇ ਚਲੀ ਜਾਂਦੀ ਸੀ। ਕਿਸੇ ਭਰਾ ਕੋਲ ਨਾ ਤਾਂ ਭੈਣ ਲਈ ਕੋਈ ਸ਼ਗਨ ਸੀ, ਨਾ ਕੋਈ ਤੋਹਫ਼ਾ ਅਤੇ ਨਾ ਹੀ ਕੋਈ ਅਸੀਸ ਸੀ। ਮੈਂ ਸੋਚ ਰਿਹਾ ਸਾਂ ਕਿ ਕਿਤਨਾ ਵੱਡਾ ਜਿਗਰਾ ਹੈ ਇਨ੍ਹਾਂ ਭੈਣਾਂ ਦਾ, ਜਿਨ੍ਹਾਂ ਦੇ ਭਰਾਵਾਂ ਨੇ ਅਪਰਾਧ ਕਰਨ ਕਰਕੇ ਉਨ੍ਹਾਂ ਨੂੰ ਲਾਹਨਤਾਂ ਦਿਵਾਈਆਂ ਪਰ ਉਨ੍ਹਾਂ ਦੀਆਂ ਭੈਣਾਂ ਫਿਰ ਵੀ ਉਨ੍ਹਾਂ ਦੀ ਸੌ-ਸੌ ਸੁੱਖ ਮੰਗ ਰਹੀਆਂ ਹਨ। ਜੇ ਸਾਡੇ ਸਮਾਜ ਵਿੱਚ ਮੋਹ ਦੀਆਂ ਕੁਝ ਤੰਦਾਂ ਅਜੇ ਵੀ ਜੁੜੀਆਂ ਹੋਈਆਂ ਹਨ ਤਾਂ ਅਜਿਹੀਆਂ ਭੈਣਾਂ ਕਰਕੇ ਹਨ।
* * *

Advertisement

ਪੀਐੱਮ ਦੀ ਮੱਝ

ਉੱਤਰ ਪ੍ਰਦੇਸ਼ ਦਾ ਕਿਸਾਨ ਆਗੂ ਚੌਧਰੀ ਚਰਨ ਸਿੰਘ ਕੁਝ ਅਰਸੇ ਲਈ ਭਾਰਤ ਦਾ ਪ੍ਰਧਾਨ ਮੰਤਰੀ ਬਣਿਆ ਸੀ। ਇੱਕ ਸ਼ਾਮ ਨੂੰ ਉਹ ਕਿਸਾਨੀ ਲਿਬਾਸ ਵਿੱਚ ਇਟਾਵਾ ਜ਼ਿਲ੍ਹੇ ਦੇ ਉਸਰਾਹਰ ਥਾਣੇ ਵਿੱਚ ਆਪਣੀ ਮੱਝ ਦੀ ਚੋਰੀ ਦੀ ਰਿਪੋਰਟ ਲਿਖਵਾਉਣ ਗਿਆ। ਹਾਜ਼ਰ ਪੁਲੀਸ ਵਾਲੇ ਨੇ ਪੁਲਸੀਏ ਅੰਦਾਜ਼ ਵਿੱਚ ਉਸ ਦਾ ਮਖੌਲ ਉਡਾਇਆ ਅਤੇ ਬਿਨਾਂ ਰਿਪੋਰਟ ਲਿਖੇ ਵਾਪਸ ਭੇਜ ਦਿੱਤਾ। ਵਾਪਸ ਜਾਂਦੇ ਨੂੰ ਇੱਕ ਹੋਰ ਪੁਲੀਸ ਵਾਲੇ ਨੇ ਕਿਹਾ, ਪਹਿਲਾਂ ਚਾਹ-ਪਾਣੀ ਲਈ ਕੁਝ ਦੇ ਤਾਂ ਹੀ ਰਿਪੋਰਟ ਲਿਖੀ ਜਾਵੇਗੀ। ਮੁਨਸ਼ੀ ਨੇ ਪੈਂਤੀ ਰੁਪਏ ਲੈ ਕੇ ਰਿਪੋਰਟ ਲਿਖੀ। ਰਿਪੋਰਟ ਲਿਖ ਕੇ ਮੁਨਸ਼ੀ ਨੇ ਪੁੱਛਿਆ, ‘‘ਤੂੰ ਦਸਤਖਤ ਕਰੇਂਗਾ ਜਾਂ ਅੰਗੂਠਾ ਲਾਵੇਂਗਾ?’’ ਇਹ ਕਹਿ ਕੇ ਮੁਨਸ਼ੀ ਨੇ ਰਿਪੋਰਟ ਵਾਲਾ ਕਾਗਜ਼ ਉਸ ਦੇ ਅੱਗੇ ਕਰ ਦਿੱਤਾ। ਕਿਸਾਨ ਨੇ ਅੰਗੂਠੇ ਨੂੰ ਸਿਆਹੀ ਲਾਉਣ ਵਾਲਾ ਪੈਡ ਪਰ੍ਹੇ ਕਰਕੇ ਜੇਬ ਵਿੱਚੋਂ ਪੈੱਨ ਕੱਢ ਕੇ ਆਪਣਾ ਨਾਂ ਲਿਖਿਆ, ਚੌਧਰੀ ਚਰਨ ਸਿੰਘ ਅਤੇ ਆਪਣੇ ਕੁੜਤੇ ਦੀ ਜੇਬ ਵਿੱਚੋਂ ਪ੍ਰਾਈਮ ਮਨਿਸਟਰ ਆਫ਼ ਇੰਡੀਆ ਦੀ ਮੋਹਰ, ਪੈਡ ’ਤੇ ਘਸਾ ਕੇ ਲਾਈ। ਇਹ ਵੇਖ ਕੇ ਰਿਪੋਰਟ ਲਿਖਣ ਵਾਲਾ ਮੁਨਸ਼ੀ ਕੰਬਣ ਲੱਗ ਪਿਆ ਕਿਉਂਕਿ ਉਸ ਨੂੰ ਪਤਾ ਲੱਗ ਗਿਆ ਸੀ ਕਿ ਉਹ ਕਿਸਾਨ ਕੌਣ ਸੀ। ਇੰਨੇ ਵਿੱਚ ਪ੍ਰਧਾਨ ਮੰਤਰੀ ਦੀਆਂ ਕਾਰਾਂ ਦਾ ਕਾਫ਼ਲਾ ਪਹੁੰਚ ਗਿਆ। ਸਾਰਾ ਪੁਲੀਸ ਥਾਣਾ ਮੁਅੱਤਲ ਕਰ ਦਿੱਤਾ ਗਿਆ। ਇਉਂ ਰਾਤੋ-ਰਾਤ ਉੱਤਰ ਪ੍ਰਦੇਸ਼ ਦੇ ਥਾਣੇ ਸੁਧਰ ਗਏ ਸਨ।
* * *

ਡਰ

ਕਈ ਲੜਾਈਆਂ ਲੜਨ, ਜੰਗਾਂ ਜਿੱਤਣ ਅਤੇ ਲੜਾਈਆਂ ਦੀਆਂ ਕਹਾਣੀਆਂ ਸੁਣਾਉਣ ਵਾਲੇ ਇੱਕ ਬਜ਼ੁਰਗ ਨੂੰ ਉਸ ਦੀਆਂ ਪੜਪੋਤੀਆਂ ਨੇ ਪੁੱਛਿਆ, ‘‘ਬਾਬਾ ਜੀ, ਸਾਨੂੰ ਸੱਚੋ-ਸੱਚ ਦੱਸੋ, ਕੀ ਜੰਗ ਵਿੱਚ ਤੁਹਾਨੂੰ ਡਰ ਵੀ ਲੱਗਦਾ ਸੀ? ਕੀ ਤੁਸੀਂ ਡਰਿਆ ਵੀ ਕਰਦੇ ਸੀ?’’ ਬਜ਼ੁਰਗ ਨੇ ਕਿਹਾ, ‘‘ਤੁਸੀਂ ਕਿੱਡੀਆਂ ਅਜੀਬ ਗੱਲਾਂ ਕਰਦੀਆਂ ਹੋ? ਹਾਂ ਮੈਨੂੰ ਡਰ ਲੱਗਦਾ ਸੀ? ਤੁਸੀਂ ਉਨ੍ਹਾਂ ਲੋਕਾਂ ’ਤੇ ਕਦੇ ਯਕੀਨ ਨਾ ਕਰਨਾ, ਜਿਹੜੇ ਕਹਿੰਦੇ ਹਨ ਕਿ ਉਹ ਡਰਦੇ ਨਹੀਂ ਅਤੇ ਫੜ੍ਹ ਮਾਰਦੇ ਹਨ ਕਿ ਗੋਲੀਬਾਰੀ ਦੀ ਸ਼ਾਂ-ਸ਼ਾਂ ਮਿੱਠਾ ਸੰਗੀਤ ਹੁੰਦੀ ਹੈ। ਕੇਵਲ ਸਿਰ-ਫਿਰੇ ਅਤੇ ਸ਼ੇਖੀਖੋਰ ਹੀ ਅਜਿਹੀਆਂ ਗੱਲਾਂ ਕਰਦੇ ਹਨ। ਹਰ ਕੋਈ ਡਰਦਾ ਹੈ। ਕੋਈ ਡਰ ਅੱਗੇ ਵਿਛ ਜਾਂਦਾ ਹੈ ਅਤੇ ਕੋਈ ਡਰ ’ਤੇ ਕਾਬੂ ਪਾ ਲੈਂਦਾ ਹੈ। ਡਰ ਦੌਰਾਨ ਸ਼ਾਂਤ ਰਹਿਣ ਦੀ ਸਮਰੱਥਾ ਤਜਰਬੇ ਨਾਲ ਵਧ ਜਾਂਦੀ ਹੈ। ਯੋਧੇ ਅਤੇ ਨਾਇਕ ਸ਼ਾਂਤ ਰਹਿਣ ਵਾਲੇ ਹੀ ਬਣਦੇ ਹਨ। ਇੱਕ ਲੜਾਈ ਵਿੱਚ ਤਾਂ ਡਰ ਕਾਰਨ ਮੇਰੀ ਜਾਨ ਹੀ ਨਿਕਲ ਚੱਲੀ ਸੀ। ਮੈਨੂੰ ਲੱਗਦਾ ਸੀ ਕਿ ਅੱਜ ਮੈਂ ਮਾਰਿਆ ਜਾਵਾਂਗਾ।’’
ਪੜਪੋਤੀਆਂ ਨੇ ਕਿਹਾ, ਉਸ ਲੜਾਈ ਬਾਰੇ ਸੁਣਾਓ। ‘‘ਇੱਕ ਵਾਰੀ ਅਸੀਂ ਪਹਾੜੀ ’ਤੇ ਹੋ ਰਹੀ ਲੜਾਈ ਵਿੱਚ ਸਾਂ। ਉਦੋਂ ਬੰਬ ਫਟਣ ਨਾਲ ਅਸੀਂ ਦਹਿਲ ਜਾਂਦੇ ਸਾਂ ਪਰ ਬੰਬ ਨਿਰੰਤਰ ਫਟ ਰਹੇ ਸਨ। ਅਸੀਂ ਬੇਸੁੱਧ ਹੋ ਕੇ ਪਏ ਰਹੇ। ਸਵੇਰੇ ਜਦੋਂ ਚਾਨਣ ਹੋਣ ’ਤੇ ਮੈਂ ਜਾਗਿਆ ਤਾਂ ਮੈਨੂੰ ਸਮਝ ਹੀ ਨਾ ਆਇਆ ਕਿ ਮੈਂ ਕੌਣ ਸਾਂ। ਲੱਖ ਕੋਸ਼ਿਸ਼ਾਂ ਕਰਨ ’ਤੇ ਵੀ ਮੈਂ ਆਪਣੇ ਆਪ ਨੂੰ ਮਨਾ ਨਾ ਸਕਿਆ ਕਿ ਉਹ ਮੈਂ ਹੀ ਸਾਂ। ਮੈਨੂੰ ਮੁੜ ਮੁੜ ਖ਼ਿਆਲ ਆ ਰਿਹਾ ਸੀ ਕਿ ਮੈਂ ਤਾਂ ਕੱਲ੍ਹ ਮਰ ਗਿਆ ਸਾਂ। ਮੇਰਾ ਦਿਮਾਗ਼ ਮੰਨ ਹੀ ਨਹੀਂ ਸੀ ਰਿਹਾ ਕਿ ਮੈਂ, ਮੈਂ ਸਾਂ। ਮੈਨੂੰ ਪੱਕ ਹੋ ਗਿਆ ਸੀ ਕਿ ਮੇਰਾ ਦਿਮਾਗ਼ ਹਿੱਲ ਗਿਆ ਸੀ। ਮੈਂ ਪਾਣੀ ਲਿਆਉਣ ਲਈ ਕਿਹਾ, ਮੈਂ ਆਪਣਾ ਸਿਰ ਪਾਣੀ ਦੀ ਬਾਲਟੀ ਵਿੱਚ ਡੁਬੋਇਆ ਤਾਂ ਮੇਰੀ ਹੋਸ਼ ਟਿਕਾਣੇ ਆਈ।
* * *

Advertisement

ਇੱਜ਼ਤ ਤੇ ਆਜ਼ਾਦੀ

ਸੂਖ਼ਮ ਸੋਚ ਕੀ ਹੁੰਦੀ ਹੈ? ਸੂਖ਼ਮ ਸੋਚ ਵਾਲੇ ਹੀ ਮਹਿਸੂਸ ਕਰਨਗੇ ਕਿ ਕਿਸੇ ਨੂੰ ਇੱਜ਼ਤ ਦੇਣਾ, ਸਨਮਾਨ ਦੇਣਾ, ਉਸ ਦੀ ਆਪਣੀ ਜ਼ਿੰਦਗੀ ਵਿੱਚ ਦਖ਼ਲ ਦੇਣਾ ਹੁੰਦਾ ਹੈ। ਜਦੋਂ ਕੋਈ ਤੁਹਾਨੂੰ ਇੱਜ਼ਤ ਦਿੰਦਾ ਹੈ, ਬਦਲੇ ਵਿੱਚ ਉਹ ਤੁਹਾਡੀ ਆਜ਼ਾਦੀ ਖੋਹ ਲੈਂਦਾ ਹੈ ਅਤੇ ਫਿਰ ਤੁਹਾਨੂੰ ਉਸ ਦੇ ਹਿਸਾਬ ਨਾਲ ਜਿਊਣਾ ਪੈਂਦਾ ਹੈ ਤਾਂ ਕਿ ਉਸ ਦੀਆਂ ਨਜ਼ਰਾਂ ਵਿੱਚ ਤੁਹਾਡੀ ਇੱਜ਼ਤ ਬਣੀ ਰਹੇ। ਜਦੋਂ ਇੱਜ਼ਤ ਦੇਣ ਵਾਲਾ ਤੁਹਾਡੇ ਸਾਹਮਣੇ ਹੋਵੇਗਾ, ਤੁਸੀਂ ਖੁੱਲ੍ਹ ਕੇ ਹੱਸ ਨਹੀਂ ਸਕੋਗੇ, ਨੱਚ ਨਹੀਂ ਸਕੋਗੇ, ਮੌਜ ਮਸਤੀ ਨਹੀਂ ਕਰ ਸਕੋਗੇ, ਖਾ-ਪੀ ਨਹੀਂ ਸਕੋਗੇ। ਨਾ ਚਾਹੁੰਦਿਆਂ ਵੀ ਤੁਹਾਨੂੰ ਰੋਜ਼ ਨਹਾਉਣਾ ਪਏਗਾ, ਤਿਆਰ ਹੋਣਾ ਪਏਗਾ, ਚਾਲੀਆਂ ਦੀ ਉਮਰ ਵਿੱਚ ਸੱਠਾਂ ਵਾਂਗ ਵਿਚਰਨਾ ਪਏਗਾ। ਕੋਈ ਮਨਮਰਜ਼ੀ ਕਰਨ ਲਈ ਕੋਈ ਵੱਡਾ ਬਹਾਨਾ ਸੋਚਣਾ ਪਏਗਾ। ਭਾਵੇਂ ਦਿਲ ਟੁੱਟੇ, ਭਾਵੇਂ ਸਿਰ ਦਾ ਦਰਦ ਉੱਠੇ ਤੁਸੀਂ ਰੋ ਨਹੀਂ ਸਕੋਗੇ ਕਿਉਂਕਿ ਤੁਹਾਨੂੰ ਇੱਜ਼ਤ ਦੇਣ ਵਾਲਾ ਵੇਖ ਰਿਹਾ ਹੈ। ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਤੁਹਾਨੂੰ ਇੱਜ਼ਤ ਦੇਣ ਵਾਲੇ ਬੜੇ ਖ਼ਤਰਨਾਕ ਹੁੰਦੇ ਹਨ। ਦਿਲ ਅਤੇ ਦਿਮਾਗ ਦੇ ਰੋਗ ਤੁਹਾਨੂੰ ਇਹੀ ਦਿੰਦੇ ਹਨ। ਚੰਗੇ ਨੇ ਉਹ ਜਿਹੜੇ ਤੁਹਾਨੂੰ ਗੌਲਦੇ ਨਹੀਂ, ਤੁਹਾਡੇ ਵੱਲ ਧਿਆਨ ਨਹੀਂ ਦਿੰਦੇ, ਇਉਂ ਤੁਸੀਂ ਕਿਸੇ ਵੀ ਤਰ੍ਹਾਂ ਉਨ੍ਹਾਂ ਪ੍ਰਤੀ ਜਵਾਬਦੇਹ ਨਹੀਂ ਅਤੇ ਤੁਸੀਂ ਜਿਵੇਂ ਦੇ ਹੋ ਉਵੇਂ ਜਿਊਣ ਲਈ ਆਜ਼ਾਦ ਹੁੰਦੇ ਹੋ।
ਸੰਪਰਕ: 98158-80434

Advertisement
Advertisement