ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੋਹ ਦੀਆਂ ਤੰਦਾਂ

08:53 AM Aug 21, 2024 IST

ਗੁਰਮਲਕੀਅਤ ਸਿੰਘ ਕਾਹਲੋਂ
Advertisement

ਮਨਰਾਜ ਉਦੋਂ ਤੀਜੀ ਜਮਾਤੇ ਚੜ੍ਹਿਆ ਹੀ ਸੀ। ਨਤੀਜੇ ਤੋਂ 10 ਕੁ ਦਿਨ ਪਹਿਲਾਂ ਕੁਲਜੀਤ ਨੇ ਪੁੱਤ ਦੇ ਜਨਮ ਦਿਨ ਮੌਕੇ ਕਿੰਨੇ ਚਾਅ ਕੀਤੇ ਸੀ। ਉਸ ਨੇ ਕਿਆਸ ਵੀ ਨਹੀਂ ਕੀਤਾ ਹੋਣਾ ਕਿ ਲਾਡਲੇ ਦੇ ਅਗਲੇ ਜਨਮ ਦਿਨ ਮੌਕੇ ਉਹ ਕਿੱਥੇ ਹੋਊ? ਪੁੱਤ ਦੇ ਸੁਨਹਿਰੇ ਭਵਿੱਖ ਬਾਰੇ ਸੰਜੋਏ ਹੋਏ ਵੱਡੇ ਸੁਪਨੇ ਲੈ ਕੇ ਉਹ ਉੱਥੇ ਜਾ ਬੈਠੀ, ਜਿੱਥੋਂ ਕਦੇ ਕੋਈ ਵਾਪਸ ਨਹੀਂ ਮੁੜਦਾ। ਆਪਣੇ ਸੁਪਨਿਆਂ ’ਚੋਂ ਇੱਕ ਦੀ ਪੂਰਤੀ ਕਰਨ ਦਾ ਯਤਨ ਉਸ ਨੂੰ ਮਹਿੰਗਾ ਪੈ ਗਿਆ। ਰੱਖੜੀ ਵਾਲੇ ਦਿਨ ਮਨਰਾਜ ਦਾ ਗੁੱਟ ਖਾਲੀ ਨਾ ਰਿਹਾ ਕਰੇ, ਇਸੇ ਦਾ ਪ੍ਰਬੰਧ ਹੀ ਉਸ ਦੀ ਜਾਨ ਦਾ ਖੌਅ ਬਣ ਗਿਆ। ਜਣੇਪੇ ਮੌਕੇ ਪਤੀ ਦੀ ਗ਼ੈਰ ਮੌਜੂਦਗੀ ਉਸ ’ਤੇ ਭਾਰੀ ਪੈ ਗਈ। ਚਾਰ ਕੁ ਦਿਨ ਪਹਿਲਾਂ ਹਰਨੇਕ ਸਿੰਘ ਨੂੰ ਜ਼ਰੂਰੀ ਕੰਮ ਲੰਡਨ ਜਾਣਾ ਪੈ ਗਿਆ ਸੀ। ਪਤੀ ਨੂੰ ਯਕੀਨ ਸੀ ਕਿ ਡਾਕਟਰ ਵੱਲੋਂ ਜਣੇਪੇ ਦੀ ਤਰੀਕ ਤੋਂ ਪਹਿਲਾਂ ਉਸ ਨੇ ਯੂਕੇ ਤੋਂ ਪਰਤ ਆਉਣਾ ਹੈ, ਪਰ ਉਸ ਦੇ ਜਾਣ ਤੋਂ ਅਗਲੇ ਦਿਨ ਵੇਲੇ ਸਿਰ ਹਸਪਤਾਲ ਨਾ ਪਹੁੰਚ ਸਕਣ ਕਰਕੇ ਮਨਰਾਜ ਮਾਂ ਦੀ ਗੋਦ ਤੋਂ ਵਾਂਝਾ ਹੋ ਗਿਆ ਤੇ ਨਾਲ ਹੀ ਗੁੱਟ ਸਜਾਉਣ ਆਈ ਭੈਣ ਦੇ ਮੂੰਹੋਂ ਵੀਰਾ ਸੁਣਨ ਦੀ ਉਮੀਦ ਖ਼ਤਮ ਹੋ ਗਈ। ਨਿਆਣੀ ਉਮਰੇ ਤਾਂ ਇਨ੍ਹਾਂ ਘਾਟਾਂ ਦੇ ਦਰਦ ਨੇ ਉਸ ਨੂੰ ਬਹੁਤਾ ਨਾ ਵਿੰਨ੍ਹਿਆ, ਪਰ ਜਿਵੇਂ ਜਿਵੇਂ ਉਹ ਵੱਡਾ ਹੁੰਦਾ ਗਿਆ, ਤਿਵੇਂ ਤਿਵੇਂ ਇਹ ਪੀੜ ਚੀਸ ਬਣਦੀ ਗਈ।
ਪਤਨੀ ਦੇ ਵਿਛੋੜੇ ਦੇ ਸਦਮੇਂ ’ਚੋਂ ਉਭਰਨਾ ਹਰਨੇਕ ਸਿੰਘ ਲਈ ਭਾਰੀ ਹੋ ਗਿਆ। ਕੁਲਜੀਤ ਦੀਆਂ ਅੰਤਮ ਰਸਮਾਂ ਪੂਰੀਆਂ ਹੋ ਗਈਆਂ। ਮਨਰਾਜ ਫਿਰ ਸਕੂਲ ਜਾਣ ਲੱਗ ਪਿਆ, ਪਰ ਉਸ ਨੂੰ ਭੂਆ ਹੱਥੋਂ ਤਿਆਰ ਹੋਣ ਦੀ ਉਹ ਖ਼ੁਸ਼ੀ ਨਾ ਹੁੰਦੀ, ਜੋ ਮੰਮੀ ਦੇ ਲਾਡਾਂ ’ਚੋਂ ਹੁੰਦੀ ਸੀ। ਮਹੀਨੇ ਕੁ ਬਾਅਦ ਭੂਆ ਨੂੰ ਆਪਣੇ ਘਰ ਵਿੱਚ ਹਾਜ਼ਰੀ ਦੀ ਲੋੜ ਵੱਡੀ ਲੱਗਣ ਲੱਗ ਪਈ। ਵੀਰੇ ਨੂੰ ਫਿਰ ਤੋਂ ਘਰ ਵਸਾਉਣ ਦੀਆਂ ਸਲਾਹਾਂ ਦੇਣ ਲੱਗੀ। ਲੰਘਦੇ ਦਿਨਾਂ ਨਾਲ ਘਰ ’ਚ ਮਾਲਕਣ ਦੀ ਜ਼ਰੂਰਤ ਵੀ ਜ਼ੋਰ ਫੜਨ ਲੱਗੀ। ਸਕੂਲੋਂ ਮੁੜਦੇ ਮਨਰਾਜ ਦਾ ਮਾਸੂਮ ਚਿਹਰਾ ਤੱਕ ਕੇ ਪਿਓ ਦਾ ਹਉਕਾ ਨਿਕਲ ਜਾਂਦਾ। ਕਿੰਨੀ ਕਿੰਨੀ ਦੇਰ ਉਸ ਨੂੰ ਗੋਦੀ ’ਚ ਲੈ ਕੇ ਸਹਿਲਾਉਂਦਾ। ਗ਼ੈਰਹਾਜ਼ਰੀ ਕਾਰਨ ਉਸ ਦੀ ਕੰਪਨੀ ਦਾ ਕੰਮ ਪ੍ਰਭਾਵਿਤ ਹੋਣ ਲੱਗ ਪਿਆ।
ਮਸੀਂ ਸਾਲ ਲੰਘਿਆ ਹੋਊ, ਰਿਸ਼ਤੇਦਾਰ ਤੇ ਦੋਸਤ ਹਰਨੇਕ ਸਿੰਘ ’ਤੇ ਦੂਜੇ ਵਿਆਹ ਲਈ ਜ਼ੋਰ ਪਾਉਣ ਲੱਗੇ, ਪਰ ਉਸ ਦਾ ਇੱਕੋ ਜਵਾਬ ‘‘ਮਨਰਾਜ ਲਈ ਕਿਸੇ ਨੇ ਵੀ ਕੁਲਜੀਤ ਵਰਗੀ ਨਹੀਂ ਬਣ ਸਕਣਾ’’ ਅਗਲਿਆਂ ਨੂੰ ਚੁੱਪ ਕਰਾ ਦਿੰਦਾ। ਆਖਰ ਮਜਬੂਰੀਆਂ ਮੂਹਰੇ ਉਸ ਨੂੰ ਹਥਿਆਰ ਸੁੱਟਣੇ ਪਏ। ਗੱਲ ਰਾਜਬੀਰ ਦੇ ਮਾਪਿਆਂ ਤੱਕ ਪਹੁੰਚੀ। ਉਨ੍ਹਾਂ ਸੰਪਰਕ ਬਣਾਇਆ। ਵਿਆਹ ਦੇ ਸਾਲ ਕੁ ਬਾਅਦ ਵਿਧਵਾ ਹੋਈ ਰਾਜਬੀਰ ਦੀ ਬੇਟੀ ਤਿੰਨ ਸਾਲਾਂ ਦੀ ਹੋ ਗਈ ਸੀ, ਜਿਸ ਨੂੰ ਨਾਲ ਰੱਖਣ ਦੀ ਉਸ ਦੀ ਮਜਬੂਰੀ ਮੰਨ ਲਈ ਗਈ, ਪਰ ਉਹ ਮਨਰਾਜ ਦਾ ਮਨ ਨਾ ਜਿੱਤ ਸਕੀ। ਉਸ ਦਾ ਆਪਣੀ ਬੇਟੀ ਪ੍ਰਤੀ ਮੋਹ ਮਨਰਾਜ ਦੇ ਮੂਹਰੇ ਆਣ ਖੜ੍ਹਦਾ। ਮਨਰਾਜ ਉਦਾਸ ਰਹਿਣ ਲੱਗਿਆ। ਹਰਨੇਕ ਤੋਂ ਇਹ ਬਰਦਾਸ਼ਤ ਨਾ ਹੋਇਆ। ਉਸ ਨੂੰ ਕਿਤੋਂ ਡਲਹੌਜ਼ੀ ਦੇ ਰਿਹਾਇਸ਼ੀ ਸਕੂਲ ਦਾ ਪਤਾ ਲੱਗਾ। ਮਾਂ ਦੇ ਵਿਛੋੜੇ ਕਾਰਨ ਮਨਰਾਜ ਦੀ ਸਮਝ ਬਚਪਨ ਤੋਂ ਪੰਜ ਸੱਤ ਕਦਮ ਅੱਗੇ ਲੰਘ ਚੁੱਕੀ ਸੀ। ਇੱਕ ਦਿਨ ਉਸ ਨੇ ਆਪ ਹੀ ਡਲਹੌਜ਼ੀ ਛੱਡ ਆਉਣ ਲਈ ਕਹਿ ਦਿੱਤਾ ਤਾਂ ਮਨ ’ਤੇ ਪੱਥਰ ਰੱਖ ਕੇ ਹਰਨੇਕ ਸਿੰਘ ਆਪਣੇ ਲਾਡਲੇ ਨੂੰ ਨਾਲ ਲੈ ਤੁਰਿਆ। ਰਾਜਬੀਰ ਵੱਲੋਂ ਉਸ ਨੂੰ ਦੂਰ ਨਾ ਭੇਜਣ ਬਾਰੇ ਕੁਝ ਨਾ ਬੋਲਣ ਤੋਂ ਹਰਨੇਕ ਸਿੰਘ ਦੇ ਮਨ ’ਚ ਦੂਜੇ ਵਿਆਹ ਦਾ ਪਛਤਾਵਾ ਹੋਣ ਲੱਗਾ।

ਥੋੜ੍ਹੇ ਦਿਨ ਤਾਂ ਨਵੇਂ ਸਕੂਲ ’ਚ ਮਨਰਾਜ ਦਾ ਮਨ ਨਾ ਲੱਗਾ, ਪਰ ਉਸ ਦੇ ਦੋਸਤ ਬਣਦੇ ਗਏ ਤੇ ਉਸ ਨੂੰ ਪਹਾੜੀ ਸ਼ਹਿਰ ਚੰਗਾ ਲੱਗਣ ਲੱਗ ਪਿਆ। ਬਠਿੰਡੇ ਵਾਲੇ ਰਮਨੀਕ ਨਾਲ ਉਸ ਦੀ ਦੋਸਤੀ ਗੂੜ੍ਹੀ ਹੋਣ ਲੱਗੀ। ਉਹ ਅਕਸਰ ਲਾਇਬ੍ਰੇਰੀ ’ਚੋਂ ਕੋਈ ਕਿਤਾਬ ਲਿਆ ਕੇ ਪੜ੍ਹਦਾ। ਮਨਰਾਜ ਉਸ ਦੀ ਰੀਸ ਕਰਨ ਲੱਗ ਪਿਆ। ਇੱਕ ਦਿਨ ਰਮਨੀਕ ਨੇ ਉਸ ਨੂੰ ਪੁਰਾਤਨ ਕਥਾਵਾਂ ਵਾਲੀ ਕਿਤਾਬ ਲੱਭ ਕੇ ਦਿੱਤੀ। ਉਸ ਵਿਚਲੀਆਂ ਨਿੱਕੀਆਂ ਨਿੱਕੀਆਂ ਕਹਾਣੀਆਂ ਦੇ ਸੰਦੇਸ਼ ਮਨਰਾਜ ਦੇ ਮਨ ’ਤੇ ਕਾਟ ਕਰਨ ਲੱਗੇ। ਬੱਚਿਆਂ ਦੀ ਪਸੰਦ ਲਈ ਸਕੂਲ ਦੇ ਬਾਹਰਵਾਰ ਬਜ਼ੁਰਗ ਜੋੜੇ ਦੀ ਦੁਕਾਨ ਸੀ। ਉਸ ਦਿਨ ਛੁੱਟੀ ਸੀ। ਕਿਤਾਬ ਮੋੜਨ ਗਏ ਮਨਰਾਜ ਦਾ ਮਨ ਕੁਲਫ਼ੀ ਖਾਣ ਨੂੰ ਕੀਤਾ ਤਾਂ ਉਹ ਦੁਕਾਨ ’ਤੇ ਪਹੁੰਚ ਗਿਆ। ਬਜ਼ੁਰਗ ਜੋੜਾ ਬੱਚਿਆਂ ਦੀ ਸਿਹਤ ਦਾ ਧਿਆਨ ਰੱਖ ਕੇ ਹਰ ਚੀਜ਼ ਆਪ ਬਣਾਉਂਦਾ ਸੀ। ਪਤੀ-ਪਤਨੀ ਕੰਮ ਕਰਦੇ ਮਨਰਾਜ ਨੂੰ ਚੰਗੇ ਲੱਗਦੇ। ਉਹ ਨਿੱਕੀਆਂ ਨਿੱਕੀਆਂ ਗੱਲਾਂ ਕਰਨ ਲੱਗ ਪੈਂਦਾ। ਮਾਤਾ ਸਬਜ਼ੀ ਕੱਟਦੀ ਹੁੰਦੀ, ਉਹ ਕੋਲ ਬੈਠ ਕੇ ਉਸ ਦੀ ਮਦਦ ਕਰਦਾ। ਉਹ ਮਾਤਾ ਦੇ ਸਾਮਾਨ ਵਾਲੇ ਭਾਰੇ ਬੈਗ ਠਿਕਾਣੇ ਰੱਖ ਕੇ ਮਾਤਾ ਦਾ ਕੰਮ ਸੁਖਾਲਾ ਕਰ ਦਿੰਦਾ। ਮਨਰਾਜ ਜਮਾਤਾਂ ਪਾਸ ਕਰਦਾ ਗਿਆ, ਪਰ ਬਜ਼ੁਰਗਾਂ ਨਾਲ ਮੋਹ ਬਣਿਆ ਰਿਹਾ।
ਕੁਝ ਸਾਲ ਲੰਘੇ, ਮਨਰਾਜ ਨੇ ਪਲੱਸ ਟੂ ਪਾਸ ਕਰ ਲਈ। ਆਖਰੀ ਪੇਪਰ ਵਾਲੇ ਦਿਨ ਹਰਨੇਕ ਸਿੰਘ ਉਸ ਨੂੰ ਲੈਣ ਪਹੁੰਚ ਗਿਆ। ਮਨਰਾਜ ਨੇ ਦੋਹਾਂ ਬਜ਼ੁਰਗਾਂ ਨਾਲ ਮਿਲਵਾਇਆ। ਸਾਰਾ ਸਾਮਾਨ ਕਾਰ ਵਿੱਚ ਰੱਖ ਕੇ ਤੁਰਨ ਵੇਲੇ ਉਹ ਬਜ਼ੁਰਗਾਂ ਤੋਂ ਆਸ਼ੀਰਵਾਦ ਲੈਣਾ ਨਾ ਭੁੱਲਿਆ। ਘਰ ਪਹੁੰਚ ਕੇ ਮਨਰਾਜ ਨੇ ਨੋਟ ਕੀਤਾ ਕਿ ਸੱਤ ਸਾਲ ਬਾਅਦ ਵੀ ਰਾਜਬੀਰ ਦੇ ਉਸ ਪ੍ਰਤੀ ਵਿਹਾਰ ਵਿੱਚ ਫ਼ਰਕ ਨਹੀਂ ਸੀ, ਪਰ ਉਸ ਦੀ ਬੇਟੀ ਨੀਤੂ ਬੜਾ ਮੋਹ ਕਰਦੀ। ਨੀਤੂ ਡਲਹੌਜੀ ਮਨਰਾਜ ਨੂੰ ਰੱਖੜੀ ਭੇਜਦੀ ਹੁੰਦੀ ਸੀ ਤੇ ਮਨਰਾਜ ਗੁੱਟ ’ਤੇ ਬੱਝੀ ਰੱਖੜੀ ਦੀ ਫੋਟੋ ਭੈਣ ਨੂੰ ਜ਼ਰੂਰ ਭੇਜਦਾ। ਵੀਰ ਦੀ ਸਕੂਲੀ ਪੜ੍ਹਾਈ ਪੂਰੀ ਹੋਣ ’ਤੇ ਉਹ ਖ਼ੁਸ਼ ਹੋਈ। ਹਰਨੇਕ ਸਿੰਘ ਨੂੰ ਭੈਣ-ਭਰਾ ਦਾ ਪਿਆਰ ਚੰਗਾ ਲੱਗਦਾ, ਪਰ ਰਾਜਬੀਰ ਇਸ ਤੋਂ ਚਿੜਦੀ ਸੀ। ਅਸਲ ਵਿੱਚ ਰਾਜਬੀਰ ਨੂੰ ਉੱਥੇ ਆਪਣੀ ਹੋਂਦ ’ਤੇ ਭਰੋਸਾ ਨਹੀ ਂ ਸੀ ਬੱਝਦਾ।
ਮਨਰਾਜ ਨੇ ਚੰਡੀਗੜ੍ਹ ਦੇ ਇੰਜਨੀਰਿੰਗ ਕਾਲਜ ਵਿੱਚ ਦਾਖਲਾ ਲਿਆ। ਉੱਥੇ ਹੋਰ ਚੰਗੇ ਦੋਸਤ ਮਿਲ ਗਏ। ਪੜ੍ਹਾਈ ’ਚ ਲਾਇਕ ਹੋਣ ਤੇ ਨਿੱਘੇ ਸੁਭਾਅ ਕਰਕੇ ਅਧਿਆਪਕਾਂ ’ਚ ਚੰਗੇ ਵਿਦਿਆਰਥੀ ਵਜੋਂ ਜਾਣਿਆ ਜਾਣ ਲੱਗਾ। ਸਮੈਸਟਰਾਂ ਦੇ ਨਤੀਜੇ ਐਲਾਨੇ ਜਾਂਦੇ ਤਾਂ ਉਸ ਦਾ ਨਾਂ ਟੌਪ ਵਾਲੇ ਪੰਜਾਂ ਸੱਤਾਂ ’ਚ ਹੁੰਦਾ। ਸਟੇਜ ਤੋਂ ਕਿਸੇ ਵਿਸ਼ੇ ’ਤੇ ਬੋਲਣ ਲਈ ਉਸ ਦਾ ਨਾਂ ਲਿਆ ਜਾਂਦਾ ਤਾਂ ਉਹ ਖਿੜ ਜਾਂਦਾ। ਸਰੋਤਿਆਂ ਦੇ ਮਨਾਂ ’ਚ ਖੁੱਭਣ ਵਾਲੀਆਂ ਉਦਾਹਰਨਾਂ ਦਿੰਦਾ। ਕੁਲਜੀਤ ਦੀਆਂ ਲੋਰੀਆਂ ਉਸ ਦੇ ਮਨ ’ਤੇ ਉੱਕਰੀਆਂ ਹੋਈਆਂ ਸਨ। ਅਗਲੇ ਸਾਲ ਉਹ ਸਟੇਜ ਸੰਭਾਲਣ ਲੱਗਾ। ਕਾਲਜ ’ਚ ਪਹਿਚਾਣ ਬਣ ਗਈ। ਦੋਸਤੀ ਦੇ ਹੱਥ ਉਸ ਵੱਲ ਵਧਣ ਲੱਗੇ। ਹੈਲੋ ਹਾਇ ਦੇ ਉੱਤਰ ’ਚ ਉਸ ਦਾ ਹੱਥ ਹਿਲਦਾ ਵੇਖ ਕੁੜੀਆਂ ਫਖ਼ਰ ਨਾਲ ਭਰ ਜਾਂਦੀਆਂ ਤੇ ਆਪਸ ਵਿੱਚ ਬਹਿਸਣ ਲੱਗਦੀਆਂ, ਪਰ ਵੀਰਪਾਲ ਹੈਲੋ ਹਾਇ ਦੀ ਥਾਂ ਇੱਕ ਦੋ ਸੈਕਿੰਡ ਲਈ ਉਸ ਦਾ ਚਿਹਰਾ ਨਿਹਾਰਦੀ ਤੇ ਨੀਵੀਂ ਪਾ ਕੇ ਤੁਰ ਪੈਂਦੀ। ਉਹ ਕੁੜੀਆਂ ਦੀ ਬਹਿਸ ਨੂੰ ਇੰਜ ਲੈਂਦੀ ਜਿਵੇਂ ਉਸ ਦੇ ਆਪਣੇ ਦਾ ਮਾਣ ਸਤਿਕਾਰ ਹੋ ਰਿਹਾ ਹੋਵੇ। ਉਸ ਨੂੰ ਵੇਖ ਕੇ ਮਨਰਾਜ ਦੇ ਮਨ ’ਚ ਹਲਚਲ ਹੋਣ ਲੱਗਦੀ। ਦੋਸਤਾਂ ਤੋਂ ਨਜ਼ਰ ਬਚਾ ਕੇ ਉਹ ਵੀ ਜਾਂਦੀ ਹੋਈ ਵੀਰਪਾਲ ਵੱਲ ਤੱਕਦੀ।
ਇੱਕ ਦਿਨ ਲਾਇਬ੍ਰੇਰੀ ਬੈਠਿਆਂ ਦੋਹਾਂ ਦਾ ਟਾਕਰਾ ਹੋ ਗਿਆ। ਵੀਰਪਾਲ ਕਿਤਾਬ ਵਿੱਚ ਖੁੱਭੀ ਹੋਈ ਸੀ। ਉਹ ਮੇਜ਼ ਦੇ ਦੂਜੇ ਪਾਸੇ ਜਾ ਬੈਠਾ। ਵੀਰਪਾਲ ਨੇ ਸਿਰ ਨਾ ਚੁੱਕਿਆ। ਮਨਰਾਜ ਨੂੰ ਵੀਰਪਾਲ ਦੇ ਮਨ ’ਚ ਪੜ੍ਹਾਈ ਪ੍ਰਤੀ ਕਦਰ ਦੀ ਸਮਝ ਲੱਗ ਗਈ। ਉਸ ਨੇ ਕਿਤਾਬ ਖੋਲ੍ਹੀ ਤੇ ਪੜ੍ਹਨ ਲੱਗਾ, ਪਰ ਮਨ ਕਿਤਾਬ ਦੇ ਅੱਖਰਾਂ ’ਤੇ ਨਹੀਂ ਸੀ ਟਿਕ ਰਿਹਾ। ਬੈਠਿਆਂ ਘੰਟਾ ਲੰਘ ਗਿਆ ਸੀ। ਦੋਹਾਂ ਦੇ ਮਨਾਂ ਦੀਆਂ ਤਾਰਾਂ ’ਚ ਕਰੰਟ ਸੀ, ਪਰ ਬੁੱਲ੍ਹ ਹਰਕਤ ਤੋਂ ਝਕ ਰਹੇ ਸਨ। ਇੱਕ ਦੂਜੇ ਦੇ ਮਨਾਂ ਵਿੱਚ ਬੈਠ ਕੇ ਵੀ ਉਹ ਦੂਜੇ ਦੀਆਂ ਅੱਖਾਂ ’ਚੋਂ ਝਾਕਣ ਦੇ ਹੌਸਲੇ ਮੂਹਰੇ ਹਾਰ ਰਹੇ ਸੀ। ਕੰਨ ਆਵਾਜ਼ ਸੁਣਨ ਲਈ ਤਰਸ ਰਹੇ ਸੀ, ਪਰ ਸਮਾਜਿਕ ਕੰਧ ਸਿਗਨਲ ਜਾਮ ਕਰ ਦਿੰਦੀ। ਮਨਾਂ ਦੀ ਤੜਫ਼ ਨੂੰ ਬਾਹਰ ਨਿਕਲਣ ਦਾ ਰਸਤਾ ਨਹੀਂ ਸੀ ਲੱਭ ਰਿਹਾ। ਅੱਖਾਂ ਦੋਹਾਂ ਦੀਆਂ ਕਿਤਾਬ ਦੇ ਅੱਖਰਾਂ ’ਤੇ ਸਨ, ਪਰ ਵਰਕੇ ਪਰਤਣੇ ਭੁੱਲ ਗਏ ਸੀ। ਅਚਾਨਕ ਮਨਰਾਜ ਦੇ ਫੋਨ ਦੀ ਘੰਟੀ ਵੱਜੀ। ਉਸ ਨੂੰ ਲੱਗਿਆ ਜਿਵੇਂ ਨੀਂਦ ’ਚੋਂ ਜਾਗਿਆ ਹੋਏ। ਹੈਲੋ ਕਹਿਣ ਦੀ ਹਿੰਮਤ ਨਾ ਹੋਈ। ਕਿਸ ਦਾ ਨੰਬਰ ਸੋਚ ਈ ਰਿਹਾ ਸੀ ਕਿ ਘੰਟੀ ਬੰਦ ਹੋ ਗਈ।
“ਸੁਣ ਲੈਂਦੇ, ਸ਼ਾਇਦ ਕਿਸੇ ਨੂੰ ਜ਼ਰੂਰੀ ਕੰਮ ਹੋਏ?” ਵੀਰਪਾਲ ਨੂੰ ਖ਼ੁਦ ਪਤਾ ਨਾ ਲੱਗਾ ਕਿ ਉਸ ਤੋਂ ਕਿਵੇਂ ਕਹਿ ਹੋ ਗਿਆ?
“ਪਤਾ ਨਹੀਂ ਕਿਸਦਾ, ਬਹੁਤੇ ਮਾਰਕੀਟਿੰਗ ਵਾਲੇ ਹੁੰਦੇ ਨੇ।’’
ਗੱਲਬਾਤ ਦਾ ਰਸਤਾ ਖੁੱਲ੍ਹ ਗਿਆ। ਮਨਾਂ ਦੀ ਤੜਫ਼ ’ਚ ਕਰੰਟ ਦਾ ਪ੍ਰਵਾਹ ਵਹਿਣ ਲੱਗਾ। ਇੱਕ ਦੂਜੇ ਦੀਆਂ ਅੱਖਾਂ ’ਚੋਂ ਆਪਣੇ ਅਕਸ ਸਾਫ਼ ਦਿਸਣ ਲੱਗੇ। ਆਪਣਿਆਂ ਵਾਲਾ ਸਤਿਕਾਰ ਤੇ ਪਿਆਰ ਉਬਾਲੇ ਮਾਰਨ ਲੱਗ ਪਿਆ। ਫੋਨ ਤੋਂ ਸ਼ੁਰੂ ਹੋਈ ਗੱਲ ਨੇ ਪਰਿਵਾਰਾਂ ਦੀ ਜਾਣਕਾਰੀ ਦਾ ਸਫ਼ਰ ਮੁਕਾ ਲਿਆ। ਦੋਹਾਂ ਦੇ ਚਿਹਰਿਆਂ ਦਾ ਜਲੌਅ ਭਖ ਰਿਹਾ ਸੀ। ਅਚਾਨਕ ਲਾਇਬ੍ਰੇਰੀ ਬੰਦ ਕਰਨ ਦਾ ਸਾਇਰਨ ਵੱਜਾ। ਉਨ੍ਹਾਂ ਇੱਕ ਦੂਜੇ ਦੇ ਫੋਨ ਨੰਬਰ ਲਏ ਤੇ ਮਨਾਂ ’ਚ ਮੱਚੇ ਪਿਆਰ ਦੇ ਚਿਰਾਗ ਦਾ ਨੂਰ ਸਾਂਭਦੇ ਹੋਏ ਹੋਸਟਲਾਂ ਵੱਲ ਤੁਰ ਪਏ। ਉਨ੍ਹਾਂ ਮਨਾਂ ’ਚ ਧਾਰ ਲਿਆ ਕਿ ਕਾਲਜ ਵਿੱਚ ਇਕਮਿਕਤਾ ਦੀ ਭਾਫ਼ ਨਹੀਂ ਕੱਢਣਗੇ। ਡਿਗਰੀ ਦੇ ਆਖਰੀ ਤੋਂ ਪਹਿਲੇ ਮਹੀਨੇ ਤੱਕ ਉਹ ਆਪਣਾ ਅਹਿਦ ਪੁਗਾਉਣ ’ਚ ਸਫਲ ਰਹੇ। ਪਤਾ ਨਹੀਂ ਇਹ ਭੇਦ ਹੋਰ ਕਦ ਤੱਕ ਬਣਿਆ ਰਹਿੰਦਾ, ਜੇਕਰ ਮਨਰਾਜ ਨਾਲ ਉਹ ਹਾਦਸਾ ਨਾ ਵਾਪਰਦਾ।
ਸੈਕਟਰ 17 ਵੱਲ ਗਿਆ ਮਨਰਾਜ ਥਰੀ ਵੀਲ੍ਹਰ ’ਚ ਕਾਲਜ ਆ ਰਿਹਾ ਸੀ। ਗ਼ਲਤ ਢੰਗ ਨਾਲ ਭੱਜ ਕੇ ਸੜਕ ਪਾਰ ਕਰਦਿਆਂ ਮੂਹਰੇ ਆਏ ਵਿਅਕਤੀ ਨੂੰ ਬਚਾਉਂਦੇ ਹੋਏ ਅਚਾਨਕ ਬਰੇਕ ਤੇ ਕੱਟ ਮਾਰਨ ਕਰਕੇ ਥਰੀ ਵੀਲ੍ਹਰ ਪਲਟ ਗਿਆ। ਮਨਰਾਜ ਦਾ ਮੋਢਾ ਜਰਕ ਖਾ ਗਿਆ। ਦਰਦ ਉਸ ਤੋਂ ਬਰਦਾਸ਼ਤ ਨਹੀਂ ਸੀ ਹੋ ਰਹੀ। ਐਂਬੂਲੈਂਸ ’ਚ ਹਸਪਤਾਲ ਪਹੁੰਚਿਆ। ਡੈਡੀ ਦੀ ਥਾਂ ਉਸ ਤੋਂ ਵੀਰਪਾਲ ਦਾ ਨੰਬਰ ਡਾਇਲ ਹੋ ਗਿਆ। ਗੇਟ ਵੱਲ ਜਾਂਦੀ ਵੀਰਪਾਲ ਦੀ ਤੇਜੀ ਨੇ ਸਾਥਣਾਂ ਨੂੰ ਹੈਰਾਨ ਕੀਤਾ। ਟੈਕਸੀ ’ਚ ਬੈਠ ਕੇ ਉਸ ਨੇ ਮਨਰਾਜ ਦੇ ਡੈਡੀ ਨੂੰ ਫੋਨ ਲਾਇਆ ਤੇ ਹਾਦਸੇ ਬਾਰੇ ਦੱਸਦਿਆਂ ਉਸ ਤੋਂ ਕਹਿ ਹੋ ਗਿਆ,
“ਡੈਡੀ ਤੁਸੀਂ ਬਹੁਤੀ ਕਾਹਲੀ ’ਚ ਨਾ ਆਇਓ, ਮੈਂ ਆਪਣੇ ਮਨਰਾਜ ਨੂੰ ਕੁਝ ਨਹੀਂ ਹੋਣ ਦਿੰਦੀ।’’ ਹਸਪਤਾਲ ਪਹੁੰਚੀ। ਰਿਸੈਪਸ਼ਨ ਤੋਂ ਪਤਾ ਕੀਤਾ। ਉਨ੍ਹਾਂ ਰਜਿਸਟਰ ਦੇ ਖਾਨਿਆਂ ’ਚ ਆਪਣਾ ਨਾਂ ਪਤਾ ਤੇ ਮਰੀਜ਼ ਨਾਲ ਰਿਸ਼ਤਾ ਲਿਖਣ ਲਈ ਕਿਹਾ। ਉਸ ਨੂੰ ਖ਼ੁਦ ਪਤਾ ਨਾ ਲੱਗਾ ਕਿ ਰਿਸ਼ਤੇ ਵਾਲੇ ਖਾਨੇ ’ਚ ਕਦ ਮੰਗੇਤਰ ਲਿਖਿਆ ਗਿਆ। ਕਮਰਾ ਨੰਬਰ 135 ’ਚ ਜਾ ਕੇ ਉਹ ਮਨਰਾਜ ਦੀ ਉਡੀਕ ਕਰਨ ਲੱਗੀ। ਮਿੰਟ ਉਸ ਨੂੰ ਮਹੀਨੇ ਵਰਗੇ ਲੱਗਣ। ਐਕਸਰੇਅ ਰੂਮ ’ਚੋਂ ਵੀਲ੍ਹ ਚੇਅਰ ’ਤੇ ਕਮਰੇ ਵੱਲ ਆਉਂਦੇ ਮਨਰਾਜ ਨੂੰ ਵੇਖ ਕੇ ਉਸ ਤੋਂ ਰਹਿ ਨਾ ਹੋਇਆ। ਨਰਸ ਹੱਥੋਂ ਵੀਲ੍ਹ ਚੇਅਰ ਫੜੀ ਤੇ ਮਨਰਾਜ ਨੂੰ ਬਾਹਵਾਂ ’ਚ ਘੁੱਟ ਲਿਆ। ਮਨਰਾਜ ਨੂੰ ਸੱਟਾਂ ਦਾ ਦਰਦ ਭੁੱਲ ਗਿਆ। ਦੋਹਾਂ ਦਾ ਇੱਕ ਦੂਜੇ ਦੇ ਏਨਾ ਨੇੜੇ ਹੋਣ ਦਾ ਪਹਿਲਾ ਮੌਕਾ ਸੀ। ਵੀਰਪਾਲ ਦੇ ਗਰਮ ਸਾਹਾਂ ’ਚੋਂ ਮਨਰਾਜ ਨੂੰ ਪੀੜ ਨਾਲ ਤੜਫ਼ਦੇ ਉਸ ਦੇ ਮਨ ਦਾ ਅਹਿਸਾਸ ਹੋਇਆ। ਰੂਹਾਂ ਦੇ ਮੇਲ ਨੂੰ ਨੇੜਿਓਂ ਤੱਕ ਰਹੀ ਨਰਸ ਦੀਆਂ ਅੱਖਾਂ ਸਿੱਲੀਆਂ ਹੋਈਆਂ। ਵੀਲ੍ਹਚੇਅਰ ਤੋਂ ਉਠਾ ਕੇ ਬਾਹਵਾਂ ’ਚ ਸੰਭਾਲਦੇ ਹੋਏ ਵੀਰਪਾਲ ਨੇ ਮਨਰਾਜ ਨੂੰ ਬੈੱਡ ’ਤੇ ਲਿਟਾਇਆ।
ਰਾਤ ਦਾ ਹਨੇਰਾ ਪਸਰਨ ਤੱਕ ਮਨਰਾਜ ਦੇ ਡੈਡੀ, ਭੈਣ ਤੇ ਮੰਮੀ ਪਹੁੰਚ ਗਏ। ਦੁਪਹਿਰੇ ਵੀਰਪਾਲ ਦਾ ਫੋਨ ਸੁਣਦਿਆਂ ਹਰਨੇਕ ਸਿੰਘ ਦੇ ਅੰਦਰ ਉਹ ਸ਼ੱਕ ਪੁੰਗਰ ਆਇਆ ਸੀ, ਜੋ ਜਵਾਨ ਹੁੰਦੇ ਪੁੱਤਾਂ ਧੀਆਂ ਦੇ ਮਾਪਿਆਂ ਦੇ ਮਨਾਂ ’ਚ ਅਕਸਰ ਪੈਦਾ ਹੋ ਜਾਂਦੇ ਨੇ। ਹਸਪਤਾਲ ਵੜਦੇ ਹੀ ਨਰਸ ਤੋਂ ਮਨਰਾਜ ਦਾ ਕਮਰਾ ਅਤੇ ਹਾਲਤ ਪੁੱਛਦਿਆਂ, ਨਰਸ ਦੇ ਉੱਤਰ ਨੇ ਉਸ ਸ਼ੱਕ ’ਤੇ ਸਬੂਤ ਦੀ ਮੋਹਰ ਲਾ ਦਿੱਤੀ।
“ਭਾਗਾਂ ਵਾਲੇ ਮਾਂ-ਪਿਓ ਹੋ ਸਰਦਾਰ ਜੀ ਤੁਸੀਂ ਤੇ ਤੁਹਾਡਾ ਬੇਟਾ, ਨਹੀਂ ਤਾਂ ਐਹੋ ਜਿਹਾ ਸਾਥ ਦੇਣ ਵਾਲੀਆਂ ਕੁੜੀਆਂ ਦੇ ਰਿਸ਼ਤੇ ਅੱਜਕੱਲ੍ਹ ਕਿੱਥੋਂ ਲੱਭਦੇ ਨੇ। ਫਿਕਰ ਨਾ ਕਰੋ, ਜਿਵੇਂ ਦੁਪਹਿਰ ਤੋਂ ਉਹ ਮਨਰਾਜ ਦਾ ਖ਼ਿਆਲ ਰੱਖ ਰਹੀ ਹੈ, ਐਨੀ ਸੰਭਾਲ ਤਾਂ ਕਈ ਮਾਵਾਂ ਨਹੀਂ ਕਰਦੀਆਂ?’’
ਨਰਸ ਦੀ ਗੱਲ ਸੁਣ ਕੇ ਰਾਜਬੀਰ ਦੀ ਉਸ ਵੱਲ ਟੇਢੀ ਝਾਕਣੀ ਮਾਵਾਂ ਵਾਲੀ ਗੱਲ ਦੇ ਮਨ ਵਿੱਚ ਚੋਭ ਦਾ ਸੰਕੇਤ ਸੀ। ਉਸ ਨੂੰ ਨਰਸ ਦੀ ਗੱਲ ਤਾਅਨੇ ਵਾਂਗ ਚੁੱਭੀ। ਰਾਤ ਨੂੰ ਹਰਨੇਕ ਸਿੰਘ ਵੀਰਪਾਲ ਨੂੰ ਹੋਸਟਲ ਛੱਡਣ ਗਿਆ। ਰਸਤੇ ’ਚ ਉਸ ਨੇ ਉਸ ਦੇ ਮਾਪਿਆਂ ਬਾਰੇ ਸਾਰਾ ਕੁਝ ਪੁੱਛ ਲਿਆ ਤੇ ਉਨ੍ਹਾਂ ਦੇ ਫੋਨ ਨੰਬਰ ਲੈ ਲਏ। ਚੌਥੇ ਦਿਨ ਮਨਰਾਜ ਨੂੰ ਹਸਪਤਾਲ ਤੋਂ ਛੁੱਟੀ ਮਿਲਣ ’ਤੇ ਉਹ ਕਾਲਜ ਆ ਗਿਆ। ਹਸਪਤਾਲ ਦੇ ਰਿਸੈਪਸ਼ਨ ਰਜਿਸਟਰ ’ਤੇ ਹੋਈ ਐਂਟਰੀ ਵਾਲਾ ਮੰਗੇਤਰ ਸ਼ਬਦ ਜੰਗਲ ਦੀ ਅੱਗ ਵਾਂਗ ਕਾਲਜ ਪਹੁੰਚ ਗਿਆ। ਫਿਰ ਤਾਂ ਜਿਵੇਂ ਘੜੇ ਤੋਂ ਢੱਕਣ ਲਹਿ ਗਿਆ ਹੋਏ। ਉਨ੍ਹਾਂ ਦੇ ਦੋਸਤ/ਸਹੇਲੀਆਂ ਦੀ ਹੈਰਾਨੀ ਸਿਖਰ ’ਤੇ ਸੀ। ਰੁਮਾਂਸ ਤੋਂ ਵੱਧ ਚਰਚਾ ‘ਢਕੀ ਰਿੱਝਣ’ ਦੀ ਹੋਇਆ ਕਰੇ। ਦਿਨ ਲੰਘਦੇ ਗਏ ਤੇ ਆਖਰੀ ਸਮੈਸਟਰ ਪ੍ਰੀਖਿਆ ਖ਼ਤਮ ਹੋ ਗਈ। ਸਾਰੇ ਘਰਾਂ ਨੂੰ ਚਲੇ ਗਏ।
ਉਸ ਦਿਨ ਦੁਪਹਿਰ ਢਲੀ ਹੋਈ ਸੀ, ਮੋਗੇ ਨੇੜਲੇ ਪਿੰਡ ਦੇ ਸ਼ਿਵਚਰਨ ਸਿੰਘ ਬਰਾੜ ਦੇ ਫੋਨ ’ਤੇ ਟੀਂ ਟੀਂ ਹੋਈ। ਮੂਹਰਿਓਂ ਆਵਾਜ਼ ਆਈ “ਬਰਾੜ ਜੀ ਸਤਿ ਸ੍ਰੀ ਅਕਾਲ। ਜੀ ਮੈਂ ਜਲੰਧਰ ਤੋਂ ਹਰਨੇਕ ਸਿੰਘ ਸੰਘਾ, ਹੋਰ ਸੁਣਾਓ ਘਰ ਪਰਿਵਾਰ, ਸਾਡੀ ਬੇਟੀ ਵੀਰਪਾਲ ਕਿਵੇਂ ਆ?’’ ਸਾਡੀ ਬੇਟੀ ਵੀਰਪਾਲ ਸੁਣ ਕੇ ਬਰਾੜ ਦੇ ਮਨ ’ਚ ਟਨ ਟਨ ਹੋਈ।
“ਅਸੀਂ ਸਾਰੇ ਠੀਕ ਹਾਂ ਸੰਘਾ ਜੀ, ਤੁਹਾਡਾ ਨਾਂ ਤਾਂ ਸੁਣਿਆ ਸੁਣਿਆ ਲੱਗਦਾ, ਸ਼ਾਇਦ ਆਪਾਂ ਕਦੇ ਮਿਲੇ ਹੋਈਏ, ਪਰ ਯਾਦ ਨਹੀਂ ਜੇ ਆ ਰਿਹਾ?’’
“ਕੋਈ ਨਾ ਬਰਾੜ ਜੀ, ਤੁਸੀਂ ਸਮਾਂ ਦਿਓ, ਅਸੀਂ ਅੱਜ ਈ ਤੁਹਾਡੇ ਦਰਸ਼ਨ ਕਰਕੇ ਨਿਹਾਲ ਹੋਣ ਲਈ ਪਹੁੰਚ ਜਾਂਦੇ ਹਾਂ। ਹੋ ਸਕਦਾ ਪਹਿਲੀ ਮਿਲਣੀ ਪੁਸ਼ਤਾਂ ਦੀ ਸਾਂਝ ’ਚ ਬਦਲ ਜਾਏ?’’
“ਜਦ ਜੀਅ ਕਰੇ ਆਓ ਸੰਘਾ ਜੀ, ਮੈਂ ਘਰੇ ਈ ਆਂ। ਆਪਣਾ ਘਰ ਸਮਝ ਕੇ ਜਦ ਮਰਜ਼ੀ ਆਓ।’’
“ਬਰਾੜ ਜੀ ਅੱਧਾ ਨਿਹਾਲ ਤਾਂ ਤੁਹਾਡੀ ਦਰਿਆ ਦਿਲੀ ਨੇ ਕਰਤਾ, ਬਸ ਅੱਧੇ ਘੰਟੇ ’ਚ ਹਾਜ਼ਰ ਹੋ ਜਾਵਾਂਗਾ ਜੀ, ਤੁਹਾਡੇ ਸ਼ਹਿਰ ਕੋਲੋਂ ਲੰਘ ਰਿਹਾ ਸੀ, ਸੋਚਿਆ ਚੰਗੇ ਕੰਮਾਂ ’ਚ ਦੇਰੀ ਕਾਹਤੋਂ ?’’
“ਜੀ ਆਇਆਂ ਨੂੰ, ਸਾਡੇ ਧੰਨਭਾਗ, ਉਡੀਕ ਰਹੇ ਹਾਂ ਜੀ। ਬਾਈਪਾਸ ਤੋਂ ਮੁੜ ਕੇ...।’’
“ਮੇਰੇ ਕੋਲ ਹੈ ਜੀ ਤੁਹਾਡਾ ਪਤਾ ਠਿਕਾਣਾ, ਬਸ ਪਹੁੰਚਿਆ ਸਮਝੋ।” ਹਰਨੇਕ ਸਿੰਘ ਨੇ ਬਰਾੜ ਦੀ ਗੱਲ ਕੱਟਦੇ ਹੋਏ ਕਿਹਾ।
ਪਤਾ ਠਿਕਾਣਾ ਹੈਗਾ ਤੇ ਹੋਰ ਗੱਲਾਂ ਸਵਾਲ ਬਣ ਕੇ ਬਰਾੜ ਦੇ ਮਨ ਨੂੰ ਟਕੋਰਨ ਲੱਗੀਆਂ। ਕੋਲ ਬੈਠੀ ਵੀਰਪਾਲ ਨੂੰ ਅਪਣੱਤ ਤੇ ਸਹਿਜ ਮਾਹੌਲ ’ਚ ਹੋਈ ਡੈਡੀਆਂ ਦੀ ਗੱਲਬਾਤ ‘ਚੰਗੀ ਪਹਿਲ’ ਦਾ ਸੰਕੇਤ ਲੱਗਿਆ।
ਬਰਾੜ ਤੇ ਸੰਘਾ ਨੂੰ ਗੱਲਾਂ ਕਰਦਿਆਂ ਸ਼ਾਮ ਹੋ ਗਈ ਸੀ। ਪਹਿਲੀ ਮਿਲਣੀ ’ਚ ਇੱਕ ਦੂਜੇ ਨਾਲ ਘੁਲ ਮਿਲ ਗਏ। ਪੁਸ਼ਤਾਂ ਦੇ ਰਿਸ਼ਤੇ ਦਾ ਮੁੱਢ ਬੱਝ ਗਿਆ ਸੀ। ਜਲੰਧਰ ਵੱਲ ਦੌੜ ਰਹੀ ਕਾਰ ’ਚੋਂ ਹਰਨੇਕ ਸਿੰਘ ਦੀ ਖ਼ੁਸ਼ੀ ‘ਫੁੱਟ ਫੁੱਟ ਪੈ ਰਹੀ’ ਸੀ। ਕੁਲਜੀਤ ਦੀ ਮੌਤ ਤੋਂ ਬਾਅਦ ਉਹ ਪੁੱਤ ਲਈ ਜਿਹੋ ਜਿਹੇ ਘਰਾਣੇ ਦੀ ਜੀਵਨ ਸਾਥਣ ਦੇ ਸੁਪਨੇ ਵੇਖ ਰਿਹਾ ਸੀ, ‘ਰੱਬ ਨੇ ਨੇੜਿਓਂ ਹੋ ਕੇ ਸੁਣੀ’ ਦਾ ਯਕੀਨ ਹੋ ਗਿਆ। ਘਰ ਵੜਦੇ ਹੀ ਹਰਨੇਕ ਸਿੰਘ ਨੇ ਪੁੱਤਰ ਨੂੰ ਬਾਹਾਂ ’ਚ ਘੁੱਟ ਲਿਆ।
“ਮੈਂ ਅੱਜ ਬਹੁਤ ਖ਼ੁਸ਼ ਆਂ ਬੱਚੇ, ਰੱਬ ਨੇ ਸਾਡੀ ਸੁਣ ਲਈ। ਤੇਰੀ ਚੋਣ ’ਤੇ ਮੈਨੂੰ ਫਖ਼ਰ ਹੋਇਆ ਪੁੱਤਰਾ, ਤੂੰ ਮਾਂ ਦੇ ਦੁੱਧ ਦਾ ਮੁੱਲ ਮੋੜਤਾ।’’ ਭਾਵੁਕ ਹੋਏ ਡੈਡੀ ਦੇ ਮੂਹਰੇ ਕੁਲਜੀਤ ਦੀ ਰੂਹ ਆਣ ਖੜੋਈ। ਡੈਡੀ ਨੂੰ ਕਾਹਦੀ ਖ਼ੁਸ਼ੀ ਹੋਈ, ਮਨਰਾਜ ਦੀ ਸਮਝ ਤੋਂ ਬਾਹਰ ਸੀ। ਥੋੜ੍ਹੀ ਦੇਰ ਬਾਅਦ ਫੋਨ ਦੀ ਘੰਟੀ ਵੱਜੀ।
“ਡੈਡੀ ਪਹੁੰਚ ਗਏ ਘਰ?’’ ਵੀਰਪਾਲ ਦੇ ਸਵਾਲ ਨੇ ਮਨਰਾਜ ਨੂੰ ਭੌਂਚਲਾ ਦਿੱਤਾ। ਵੀਰਪਾਲ ਨੂੰ ਡੈਡੀ ਦੇ ਆਉਣ ਦਾ ਪਤਾ ਕਿੱਥੋਂ ਲੱਗਾ? ਉਹ ਕਿਆਫੇ ਲਾਉਣ ਲੱਗਾ। “ਹਾਂ ਹੁਣੇ ਆਏ ਨੇ, ਪਰ ਤੁਹਾਨੂੰ ਕਿਵੇਂ ਪਤਾ?” ਮਨਰਾਜ ਦੀ ਹੈਰਾਨੀ ਕੁਦਰਤੀ ਸੀ।
“ਖ਼ੁਸ਼ਖਬਰੀ ਸੁਣੋ। ਅੱਜ ਡੈਡੀ ਘਰ ਆਏ ਸੀ। ਦੋਵੇਂ ਡੈਡੀ ਐਂ ਘੁੱਟ ਕੇ ਮਿਲੇ ਜਿਵੇਂ ਲੰਗੋਟੀਏ ਯਾਰ ਦੇਰ ਬਾਅਦ ਮਿਲਦੇ ਹਨ। ਸਮਝ ਲਓ, ਕੁੜਮਾਂ ਦੀ ਪਹਿਲੀ ਮਿਲਣੀ ਹੋ ਗਈ ਅੱਜ।’’
“ਅੱਛਾ, ਤਾਂ ਈ ਮੈਨੂੰ ਵੀ ਆਉਂਦੇ ਸਾਰ ਜੱਫੀ ’ਚ ਘੁੱਟਿਆ ਸੀ। ਮੈਂ ਤਾਂ ਸੋਚਦਾ ਹੁੰਦਾ ਸੀ ਕਿ ਸ਼ਾਇਦ ਸਾਨੂੰ ਮੋਰਚਾ ਫਤਹਿ ਕਰਨ ਲਈ ਘੋੜੇ ਬੀੜਨੇ ਪੈਣਗੇ, ਪਰ ਰੱਬ ਨੇ ਬਿਨਾਂ ਕਿਸੇ ਅੜਚਣ ਜਿੱਤ ਝੋਲੀ ਪਾ ਦਿੱਤੀ।” ਤੇ ਉਹ ਫੋਨ ਬੰਦ ਕਰਕੇ ਝੂਲੇ ’ਤੇ ਬੈਠੇ ਡੈਡੀ ਵੱਲ ਹੋ ਤੁਰਿਆ।
ਸਿਵਲ ਇੰਜਨੀਰਿੰਗ ਦੀ ਡਿਗਰੀ ਹੱਥ ’ਚ ਆਇਆਂ ਚਾਰ ਕੁ ਮਹੀਨੇ ਲੰਘੇ ਸੀ। ਸਥਾਨਕ ਸਰਕਾਰਾਂ ਦਾ ਇਸ਼ਤਿਹਾਰ ਪੜ੍ਹ ਕੇ ਮਨਰਾਜ ਨੇ ਅਪਲਾਈ ਕਰਤਾ। ਹਫ਼ਤੇ ਬਾਅਦ ਇੰਟਰਵਿਊ ਕਾਲ ਆ ਗਈ। ਪਤਾ ਨਹੀਂ, ਉਸ ਦੇ ਜਵਾਬਾਂ ਨੇ ਚੋਣ ਕਮੇਟੀ ਮੈਂਬਰਾਂ ਨੂੰ ਕਾਇਲ ਕੀਤਾ ਜਾਂ ਉਨ੍ਹਾਂ ’ਚ ਬੈਠੇ ਹਰਨੇਕ ਸਿੰਘ ਦੇ ਦੋਸਤ ਦੀ ਮੰਨੀ ਗਈ, ਮਨਰਾਜ ਦੀ ਸਿਲੈਕਸ਼ਨ ਹੋ ਗਈ ਤੇ 10 ਦਿਨਾਂ ਬਾਅਦ ਪਠਾਨਕੋਟ ਜੁਆਇਨ ਕਰਨ ਦਾ ਪੱਤਰ ਆ ਗਿਆ। ਉਹੀ ਪਠਾਨਕੋਟ ਜਿਸ ਵਿੱਚੋਂ ਦੀ ਲੰਘ ਕੇ ਕਦੇ ਉਹ ਡਲਹੌਜ਼ੀ ਜਾਇਆ ਕਰਦਾ ਸੀ। ਹਰਨੇਕ ਸਿੰਘ ਨੇ ਪਠਾਨਕੋਟ ਜਾ ਕੇ ਆਪਣੇ ਦੋਸਤ ਰਾਹੀਂ ਉਸ ਦੇ ਰਹਿਣ ਦਾ ਪ੍ਰਬੰਧ ਕਰ ਦਿੱਤਾ। ਐੱਸਡੀਓ ਬਣੇ ਮਨਰਾਜ ਨੇ ਕੰਮ ਸਮਝੇ ਤੇ ਜੁੱਟ ਗਿਆ। ਨੌਕਰੀ ਦਾ ਸਾਲ ਕੁ ਲੰਘਿਆ ਹੋਊ, ਕਿਸੇ ਸੜਕ ਨੂੰ ਚੌੜਾ ਕਰਨ ਦਾ ਸਰਵੇਖਣ ਚੱਲ ਰਿਹਾ ਸੀ। ਉਸ ਕੰਮ ’ਤੇ ਲੱਗੇ ਜੇਈ ਨੇ ਦੁਪਹਿਰੇ ਉਸ ਦੀ ਮੇਜ਼ ’ਤੇ ਲਿਫ਼ਾਫ਼ਾ ਲਿਆ ਰੱਖਿਆ।
“ਸਰ ਐਹ ਪਕੌੜੇ ਅਸੀਂ ਤੇ ਰੋਜ਼ ਖਾ ਆਉਂਦੇ ਸੀ, ਮੈਂ ਸੋਚਿਆ ਅੱਜ ਤੁਹਾਨੂੰ ਵੀ ਸਵਾਦ ਚਖਾਈਏ। ਰੈਸਟੋਰੈਂਟਾਂ ’ਚੋਂ ਵੀ ਐਹੋ ਜਿਹਾ ਸਵਾਦ ਨਹੀਂ ਜੇ ਆਉਂਦਾ?’’ ਸੇਵਾਦਾਰ ਪਲੇਟਾਂ ਲੈ ਆਇਆ। ਜੇਈ ਨੇ ਵੇਖਿਆ ਕਿ ਪਹਿਲਾ ਪਕੌੜਾ ਖਾਂਦੇ ਸਾਰ ਜਿਵੇਂ ਚੇਤਿਆਂ ’ਚੋਂ ਕੁਝ ਉੱਭਰ ਆਇਆ ਹੋਏ।
“ਜੇਈ ਸਾਬ ਕਿੱਥੋਂ ਲੈ ਕੇ ਆਏ ਓ?’’ ਜੇਈ ਆਪਣੇ ਸਾਹਬ ਦੇ ਚਿਹਰੇ ’ਤੇ ਡੂੰਘੀਆਂ ਹੋਈਆਂ ਲਕੀਰਾਂ ਨੋਟ ਕਰ ਰਿਹਾ ਸੀ।
“ਸਰ ਜਿਹੜੀ ਸੜਕ ਦੇ ਐਸਟੀਮੇਟ ਲਈ ਜਾਂਦੇ ਆਂ, ਉਸੇ ਦੇ ਇੱਕ ਪਾਸੇ ਬਜ਼ੁਰਗ ਮਾਤਾ ਦਾ ਖੋਖਾ ਹੈ।’’
“ਕੱਲ੍ਹ ਮੈਂ ਵੀ ਜਾਵਾਂਗਾ ਤੁਹਾਡੇ ਨਾਲ, ਪ੍ਰਾਜੈਕਟ ਵੀ ਅੱਖਾਂ ’ਚੋਂ ਨਿਕਲ ਜਾਊ ਤੇ ਗਰਮ ਪਕੌੜੇ ਹੋਰ ਸਵਾਦੀ ਲੱਗਣਗੇ।’’
ਅਗਲੇ ਦਿਨ ਟਿਕਾਣੇ ਪਹੁੰਚ ਕੇ ਡਰਾਈਵਰ ਨੇ ਗੱਡੀ ਰੋਕੀ। ਮੇਟ ਗਿਆ ਤੇ ਮਾਤਾ ਨੂੰ ਕਿਹਾ ਸਾਹਬ ਸੱਦਦੇ ਨੇ।
“ਨਾ ਵੇ ਪੁੱਤ ਮੈਂ ਭੁੱਖੀ ਮਰ ਜਾਊਂ, ਮੇਰੇ ਤੋਂ ਤਾਂ ਕਿਸੇ ਮੂਹਰੇ ਹੱਥ ਵੀ ਨਹੀਂ ਅੱਡੇ ਜਾਣੇ।’’ ਮਾਤਾ ਨੂੰ ਲੱਗਿਆ ਖੋਖਾ ਚੁਕਾਉਣ ਆਏ ਨੇ।
“ਨਹੀਂ ਮਾਤਾ ਐਹੋ ਜਿਹੀ ਗੱਲ ਨਹੀਂ, ਸਾਹਬ ਤਾਂ ਤੇਰੇ ਪਕੌੜੇ ਖਾਣ ਆਏ ਆ।’’ ਹੱਥ ਸਾਫ਼ ਕਰਕੇ ਸਿਰ ’ਤੇ ਚੁੰਨੀ ਸੰਵਾਰਦਿਆਂ ਮਾਤਾ ਉੱਠੀ ਤੇ ਦੁਖਦੇ ਗੋਡਿਆਂ ਨਾਲ ਤੁਰਦੀ ਸਾਹਬ ਦੀ ਕਾਰ ਕੋਲ ਪਹੁੰਚੀ। ਮਾਤਾ ਦੇ ਜੁੜੇ ਹੱਥ ਫੜ ਕੇ ਮਨਰਾਜ ਨੇ ਸੀਟ ’ਤੇ ਬੈਠਾ ਲਿਆ ਤੇ ਸਿਰ ਉਸ ਦੇ ਚਰਨਾਂ ’ਚ ਨਿਵਾ ਦਿੱਤਾ। ਜਵਾਨ ਹੋਇਆ ਮਨਰਾਜ ਮਾਤਾ ਦੀ ਕਮਜ਼ੋਰ ਨਜ਼ਰ ’ਚੋਂ ਸਿਆਣਿਆ ਨਾ ਗਿਆ। ਦੋ ਮਿੰਟ ਬਾਅਦ ਮਨਰਾਜ ਨੇ ਸਿਰ ਉੱਪਰ ਚੁੱਕਿਆ,
“ਆਂਟੀ ਤੇਰਾ ਮਨਰਾਜ, ਖੀਰਿਆਂ ਨੂੰ ਤੜਕਾ ਲਾਉਣ ਵਾਲਾ ਕਮਲਾ ਪੁੱਤ,’’ ਉਸ ਦੇ ਮੂੰਹੋਂ ਇੰਨਾ ਹੀ ਨਿਕਲ ਸਕਿਆ ਤੇ ਉਹ ਮਾਤਾ ਦੇ ਕਮਜ਼ੋਰ ਹੱਥਾਂ ਦੀ ਪਕੜ ਵਿੱਚ ਘੁੱਟਿਆ ਗਿਆ। ਦੋਵਾਂ ਦੇ ਗਲੇ ਆਵਾਜ਼ ਤੋਂ ਜਵਾਬ ਦੇ ਗਏ। ਮਾਤਾ ਦੇ ਹੱਥ ਲਗਾਤਾਰ ਮਨਰਾਜ ਦਾ ਸਿਰ ਪਲੋਸੀ ਜਾ ਰਹੇ ਸੀ। ਦੋਹਾਂ ਦੇ ਮਿਲਾਪ ਦੀ ਘੜੀ ਜੇਈ, ਮੇਟ ਤੇ ਹੋਰਾਂ ਲਈ ਬੁਝਾਰਤ ਬਣ ਗਈ। ਮਾਤਾ ਨੇ ਦੱਸਿਆ ਕਿ ਹਿੱਸੇਦਾਰਾਂ ਦੀ ਵੰਡ ਵੰਡਾਈ ’ਚ ਸਕੂਲ ਬੰਦ ਹੋ ਗਿਆ ਤੇ ਉਹ ਬੇਰੁਜ਼ਗਾਰ ਹੋ ਕੇ ਪਠਾਨਕੋਟ ਆ ਕੇ ਕਿਰਾਏ ’ਤੇ ਰਹਿਣ ਲੱਗੇ। ਦੋ ਸਾਲ ਪਹਿਲਾਂ ਮਿਆਦੀ ਬੁਖਾਰ ਨੇ ਜੀਵਨ ਸਾਥੀ ਖੋਹ ਲਿਆ ਤੇ ਕਿਸੇ ਨੇ ਇਕੱਲੀ ਜਾਨ ਨੂੰ ਖੋਖਾ ਬਣਾ ਕੇ ਦੇ ਦਿੱਤਾ। ਹੁਣ ਏਹੀ ਉਸ ਦਾ ਘਰ ਤੇ ਰੋਟੀ ਦਾ ਜੁਗਾੜ ਸੀ। ਸ਼ਾਮ ਨੂੰ ਖੋਖੇ ਨੂੰ ਤਾਲਾ ਲਵਾ ਕੇ ਮਾਤਾ ਨੂੰ ਆਪਣੇ ਨਾਲ ਲੈ ਗਿਆ ਤੇ ਆਂਢ ਗੁਆਂਢ ਉਸ ਦੀ ਪਹਿਚਾਣ ਆਪਣੀ ਦਾਦੀ ਵਜੋਂ ਕਰਵਾਈ। ਮਾਤਾ ਨੂੰ ਨਵੇਂ ਮਾਹੌਲ ਤੇ ਅਫ਼ਸਰ ਦੀ ਦਾਦੀ ਵਜੋਂ ਵਿਚਰਨ ਲਈ ਕੁਝ ਦਿਨ ਲੱਗੇ। ਉਹ ਮਨਰਾਜ ਦੇ ਸਾਹਾਂ ’ਚੋਂ ਸਾਹ ਲੈਣ ਲੱਗੀ। ਉਹ ਕਿੱਥੇ ਚੱਲਿਆ, ਕਿੰਨੇ ਵਜੇ ਪਰਤੇਗਾ, ਦੁਪਹਿਰੇ ਕੀ ਖਾਣਾ, ਰਾਤ ਨੂੰ ਕੀ ਪਸੰਦ ਹੈ, ਗੱਲਾਂ ਦਾ ਖ਼ਿਆਲ ਰੱਖਦੀ।
ਉਸ ਦਿਨ ਛੁੱਟੀ ਸੀ। ਮਨਰਾਜ ਅਜੇ ਸੁੱਤਾ ਨਹੀਂ ਸੀ ਉੱਠਿਆ। ਰਾਤੀਂ ਉਸ ਤੋਂ ਫੋਨ ਬਾਹਰ ਮੇਜ਼ ’ਤੇ ਪਿਆ ਰਹਿ ਗਿਆ। ਸਵੇਰੇ ਟੀਂ ਟੀਂ ਹੋਈ ਤਾਂ ਦਾਦੀ ਨੇ ਕੰਨ ਨੂੰ ਲਾ ਕੇ ਹੈਲੋ ਕਹੀ, ਮੂਹਰਿਓਂ ਮਨ ਟੁੰਬਦੀ ਆਵਾਜ਼ ’ਚ ਦਾਦੀ ਜੀ ਸਤਿ ਸ੍ਰੀ ਅਕਾਲ ਸੁਣ ਕੇ ਉਹ ਹੈਰਾਨ ਹੋਈ। “ਧੀ ਰਾਣੀਏਂ ਤੂੰ ਮਨਰਾਜ ਨੂੰ ਕਿਵੇਂ ਤੇ ਕਦ ਤੋਂ ਜਾਣਦੀ ਏਂ?’’
ਖ਼ੁਸ਼ੀ ਦੇ ਮੂਡ ’ਚ ਵੀਰਪਾਲ ਨੇ ਦੱਸਿਆ ਕਿ ਚੰਡੀਗੜ੍ਹ ’ਕੱਠੇ ਪੜ੍ਹਦੇ ਸੀ ਤੇ ਹੁਣੇ ਉਸ ਨੂੰ ਜੌਬ ਸਿਲੈਕਸ਼ਨ ਦੀ ਚਿੱਠੀ ਮਿਲੀ ਹੈ। ਕੁੜੀ ਤੋਂ ਘਰ ਵਸਾਇਆ ਜਾਂ ਨਹੀਂ ਦੇ ਸਵਾਲ ਦਾ ਜਵਾਬ ਸੁਣ ਕੇ ਦਾਦੀ ਚਕਰਾ ਗਈ।
“ਦਾਦੀ ਜੀ ਭਲਾ ਤੁਹਾਡੇ ਆਸ਼ੀਰਵਾਦ ਤੋਂ ਬਿਨਾਂ ਮੈਂ ਘਰ ਥੋੜ੍ਹਾ ਵਸਾ ਲੈਣਾ ਸੀ।’’ ਹੈਂ ਇਹ ਮੈਨੂੰ ਕਦੋਂ ਤੋਂ ਜਾਣਦੀ ਆ?
“ਚੰਗਾ ਬੇਟੀ ਮਨਰਾਜ ਉੱਠੇਗਾ ਤਾਂ ਤੇਰੀ ਗੱਲ ਕਰਵਾ ਦਿਆਂਗੀ।’’ ਪਰ ਉਸ ਦਾ ਧਿਆਨ ਕੁੜੀ ਦੀ ਘਰ ਵਸਾਉਣ ਵਾਲੀ ਗੱਲ ’ਤੇ ਕੇਂਦਰਿਤ ਹੋ ਕੇ ਰਹਿ ਗਿਆ।
ਮਨਰਾਜ ਥੋੜ੍ਹੀ ਦੇਰ ਨਾਲ ਉੱਠਿਆ। ਦਾਦੀ ਦੇ ਮੱਥੇ ਤੋਂ ਵਿਚਾਰਕ ਲਕੀਰਾਂ ਪੜ੍ਹ ਕੇ ਉਸ ਨੇ ਪੁੱਛਣਾ ਜ਼ਰੂਰੀ ਸਮਝਿਆ।
“ਅੱਜ ਮੇਰੀ ਦਾਦੀ ਕਿਹੜੇ ਖ਼ਿਆਲਾਂ ਵਿੱਚ ਡੁੱਬੀ ਹੋਈ ਆ? ਮੈਨੂੰ ਜਗਾਉਣਾ ਵੀ ਭੁੱਲ ਗਈ।’’ ਜਗਾਉਣ ਦੀ ਗੱਲ ਤਾਂ ਉਸ ਨੇ ਸਹਿਜ ਸੁਭਾਅ ਕੀਤੀ ਸੀ, ਪਰ ਦਾਦੀ ਨੂੰ ਲੱਗਿਆ ਜਿਵੇਂ ਕੁੜੀ ਦੇ ਫੋਨ ਦਾ ਪਤਾ ਲੱਗ ਗਿਆ ਹੋਵੇ।
“ਪੁੱਤ ਵੇਖ ਰਹੀ ਸੀ ਤੂੰ ਸਿਹਰੇ ਲਾ ਕੇ ਘੋੜੀ ਚੜਿ੍ਹਆ ਕਿੰਨਾ ਫੱਬੇਂਗਾ। ਪੂਰੀ ਦੁਨੀਆ ਤੋਂ ਵੱਖਰਾ ਲੱਗੇਂਗਾ।’’ ਦਾਦੀ ਨੂੰ ਮਨਰਾਜ ਦੇ ਵਿਆਹ ਦੀ ਗੱਲ ਛੇੜਨ ਦਾ ਇਹੀ ਬਹਾਨਾ ਸੁੱਝਿਆ।
“ਲੈ ਦਾਦੀ ਇਹ ਕਿਹੜੀ ਗੱਲ ਐ, ਜਦ ਤੂੰ ਕਹੇਂਗੀ ਸਿਹਰੇ ਬੰਨ੍ਹ ਲਊਂ, ਪਰ ਸਿਹਰੇ ਲਾ ਕੇ ਜਾਣਾ ਕਿੱਥੇ ਆ, ਇਹ ਵੀ ਦੱਸ ਦਿੰਦੀ?”
“ਜਾਣਾ ਉੱਥੇ ਈ ਆ, ਜਿੱਥੋਂ ਦੀ ਕੁੜੀ ਮੈਂ ਅੱਜ ਲੱਭੀ ਆ ਤੇਰੇ ਲਈ। ਤੇਰੇ ਪਾਪਾ ਨੂੰ ਫੋਨ ਕਰਦੀ ਆਂ, ਕੱਲ੍ਹ ਪਰਸੋਂ ਜਾ ਆਉਂਨੇ ਉਨ੍ਹਾਂ ਦੇ ਘਰ। ਮੈਨੂੰ ਪੱਕਾ ਪਤਾ, ਉਸ ਦੇ ਮਾਪੇ ਮੇਰੀ ਝੋਲੀ ਖਾਲੀ ਨਹੀਂ ਮੋੜਨਗੇ।’’
“ਮਾਤਾ ਤੂੰ ਕਿੱਥੋਂ ਲੱਭ ਲਈ ਘਰੇ ਬੈਠੀ ਨੇ। ਕਿੱਥੋਂ ਦੀ ਆ, ਕੀ ਕਰਦੀ ਆ, ਕਿੰਨਾ ਪੜ੍ਹੀ ਆ?” ਮਨਰਾਜ ਮਚਲਾ ਬਣ ਰਿਹਾ ਸੀ।
“ਵੇਖ ਪੁੱਤ ਆਹ ਝਾਟਾ ਧੁੱਪੇ ਬੈਠ ਕੇ ਚਿੱਟਾ ਨਹੀਂ ਕੀਤਾ, ਮੈਂ ਦੁਨੀਆ ਵੇਖੀ ਤੇ ਸਮਝੀ ਆ। ਚਾਰ ਬੋਲਾਂ ਤੋਂ ਈ ਅਗਲੇ ਦਾ ਮਨ ਟੋਹ ਲਈਦਾ। ਜਦ ਦਾ ਤੂੰ ਮਿਲਿਐਂ, ਬੜੀ ਵਾਰ ਸੋਚਿਆ ਤੇਰੇ ਨਾਲ ਗੱਲ ਕਰਾਂ, ਪਰ ਝਕ ਜਾਂਦੀ ਰਹੀ। ਅੱਜ ਤੇਰੇ ਨਾਲ ਪੜ੍ਹਦੀ ਰਹੀ ਕਿਸੇ ਕੁੜੀ ਦਾ ਫੋਨ ਆਇਆ ਸੀ ਮੋਗੇ ਤੋਂ। ਸੁੱਤਾ ਹੋਣ ਕਰਕੇ ਮੈਂ ਤੈਨੂੰ ਜਗਾਇਆ ਨਾ ਤੇ ਮੇਰੇ ਤੋਂ ਫੋਨ ’ਤੇ ਠੂੰਗ ਵੱਜ ਗਿਆ। ਉਸ ਦੇ ਪਹਿਲੇ ਬੋਲ ਤੋਂ ਮੈਂ ਸਮਝ ਗਈ ਕਿ ਖਾਨਦਾਨੀ ਮਾਪਿਆਂ ਦੀ ਧੀ ਆ ਉਹ। ਮੈਂ ਉਸ ਨੂੰ ਪੁੱਛ ਵੀ ਲਿਆ, ਅਜੇ ਵਿਆਹੀ ਨਹੀਂ। ਜੋ ਮਰਜ਼ੀ ਕਰਨਾ ਪੈ ਜਾਏ, ਬਸ ਮੈਂ ਤੈਨੂੰ ਉਸੇ ਨਾਲ ਵਿਆਹੁਣਾ।’’
ਦਾਦੀ ਦੀ ਗੱਲ ਸੁਣ ਕੇ ਮਨਰਾਜ ਨੇ ਫੋਨ ਸਕਰੀਨ ਵੇਖੀ। ਵੀਰਪਾਲ ਵਾਲੀ ਕਾਲ ਦੀ ਡਿਟੇਲ ਵੇਖੀ। 6 ਮਿੰਟ ਗੱਲ ਹੋਈ ਸੀ। “ਦਾਦੀ ਅੱਜ ਪਕੌੜੇ ਨਾ ਖਾਈਏ, ਕਿੰਨੇ ਦਿਨ ਹੋਗੇ, ਤੇਰੇ ਪਕੌੜਿਆਂ ਦਾ ਸਵਾਦ ਈ ਭੁੱਲਦਾ ਜਾਂਦਾ।’’ ਦਾਦੀ ਨੂੰ ਕਿਸੇ ਕੰਮ ਲਾ ਕੇ ਵੀਰਪਾਲ ਨਾਲ ਗੱਲ ਕਰਨ ਦੀ ਕਾਹਲ ਮਨਰਾਜ ਦੀ ਤੜਫ਼ ਬਣਦੀ ਜਾ ਰਹੀ ਸੀ।
“ਆਹੋ, ਅਜੇ ਤੇ ਮੈਂ ਵਿਆਹ ਦੀ ਗੱਲ ਈ ਤੋਰੀ ਆ ਤੇ ਏਹਨੂੰ ਦਿਨਾਂ ’ਚ ਈ ਸਵਾਦ ਭੁੱਲਣ ਲੱਗ ਪਿਆ। ਪਹਿਲਾਂ ਤੇ ਸਾਢੇ ਸੱਤ ਸਾਲ ਨਹੀਂ ਸੀ ਭੁੱਲਿਆ।’’ ਦਾਦੀ ਹਰ ਗੱਲ ’ਤੇ ਮਨਰਾਜ ਨੂੰ ਨਿਰਉੱਤਰ ਕਰੀ ਜਾ ਰਹੀ ਸੀ। ਉਸ ਨੂੰ ਮਨਰਾਜ ਦੇ ਸਕੂਲ ਛੱਡਣ ਤੋਂ ਫਿਰ ਮਿਲਣ ਤੱਕ ਦੇ ਮਹੀਨੇ ਯਾਦ ਸੀ। ਮੌਕਾ ਤਾੜ ਕੇ ਮਨਰਾਜ ਨੇ ਫੋਨ ਫੜਿਆ ਤੇ ਬੈੱਡਰੂਮ ’ਚ ਜਾ ਕੇ ਵੀਰਪਾਲ ਨੂੰ ਡਾਇਲ ਕਰ ਲਿਆ। ਪਹਿਲਾਂ ਤਾਂ ਵੀਰਪਾਲ ਨੇ ਰੋਸ ਕੀਤਾ ਕਿ ਉਸ ਨੂੰ ਦਾਦੀ ਬਾਰੇ ਬਹੁਤਾ ਕਿਉਂ ਨਹੀਂ ਸੀ ਦੱਸਿਆ।
“ਸਾਡੀਆਂ ਤੇ ਆਪਣੀਆਂ ਗੱਲਾਂ ਨਹੀਂ ਸੀ ਪੂਰੀਆਂ ਹੁੰਦੀਆਂ, ਵਿੱਚ ਦਾਦੀ ਨੂੰ ਕਿੱਥੇ ਘੁਸੇੜ ਲਿਆ ਕਰਦਾ।’’ ਮਨਰਾਜ ਨੂੰ ਵੀਰਪਾਲ ਨਾਲ ਛੇੜਛਾੜ ਦਾ ਫੁਰਨਾ ਫੁਰਿਆ।
“ਵੀਰਪਾਲ ਦਾਦੀ ਨੇ ਤਾਂ ਹੋਰ ਈ ਪੰਗਾ ਪਾ ਦਿੱਤਾ। ਉਹ ਤਾਂ ਮੇਰੇ ਵਿਆਹ ਲਈ ਕਾਹਲੀ ਪੈ ਗਈ ਆ, ਕੋਈ ਕੁੜੀ ਪਸੰਦ ਕਰੀ ਬੈਠੀ ਆ ਉਹ, ਹੁਣ ਕੀ ਬਣੂੰਗਾ?”
“ਉਹਨੂੰ ਦੱਸ ਦੇਣਾ ਸੀ ਨਾ ਕਿ ਮੇਰੇ ਰੱਸੇ ਪੈੜੇ ਵੱਟੇ ਗਏ ਆ, ਬਸ ਗੁਰੂ ਮੂਹਰੇ ਗੰਢਾਂ ਦੇਣੀਆਂ ਰਹਿੰਦੀਆਂ।’’
ਥੋੜ੍ਹੇ ਦਿਨਾਂ ਬਾਅਦ ਹਰਨੇਕ ਸਿੰਘ ਦਾ ਫੋਨ ਆਇਆ, ‘ਬੀਬੀ ਤੁਹਾਡੇ ਆਸ਼ੀਰਵਾਦ ਨਾਲ ਮਨਰਾਜ ਦਾ ਵਿਆਹ ਮਿੱਥ ਲਿਆ।’’
“ਪੁੱਤ ਵਹਿਗੁਰੂ ਨੇ ਸਾਡੀ ਨੇੜੇ ਹੋ ਕੇ ਸੁਣ ਲਈ। ਐਹੋ ਜਿਹੇ ਸੰਜੋਗ ਚੰਗੇ ਭਾਗੀਂ ਬਣਦੇ ਨੇ। ਮੇਰੇ ਵੀ ਕਿੰਨੇ ਚੰਗੇ ਭਾਗ ਨੇ, ਵਹਿਗੁਰੂ ਨੇ ਪੁੱਤ ਧੀ ਦੀ ਥਾਂ ਸਿੱਧਾ ਈ ਪੋਤਾ ਵਿਆਹੁਣ ਦਾ ਮੌਕਾ ਦਿੱਤਾ। ਬੁੱਢੇ ਵਾਰੇ ਨੱਚਿਆ ’ਤੇ ਨਹੀਂ ਜਾਣਾ ਪਰ ਬੋਲੀਆਂ ’ਚ ਨਈਂ ਮੈ ਕਿਸੇ ਨੂੰ ਵਾਰੇ ਆਉਣ ਦਿੰਦੀ।’’
“ਬੀਜੀ ਤੁਸੀਂ ਆ ਜਾਇਓ ਕਿਸੇ ਦਿਨ ਜਲੰਧਰ। ਆਪਣੀ ਨੂੰਹ ਨੂੰ ਸਾਰਾ ਕੁਝ ਸਮਝਾ ਜਾਇਓ, ਕਿਵੇਂ ਕਿਵੇਂ ਸਾਰੇ ਪ੍ਰਬੰਧ ਕਰਨੇ ਨੇ। ਮਾਤਾ ਨਾਲ ਗੱਲ ਕਰਦਿਆਂ ਹਰਨੇਕ ਸਿੰਘ ਨੂੰ ਲੱਗਦਾ ਜਿਵੇਂ ਉਸ ਦੀ ਮਾਂ ਮਰੀ ਨਹੀਂ ਗੁੰਮ ਹੋਈ ਸੀ।
ਥੋੜ੍ਹੇ ਦਿਨਾਂ ਬਾਅਦ ਸਰਦਾਰ ਸ਼ਿਵਚਰਨ ਸਿੰਘ ਬਰਾੜ ਦੀ ਮਰਜ਼ੀ ਦੇ ਮੈਰਿਜ ਪੈਲੇਸ ਦੀ ਬੁਕਿੰਗ ਮਿਲਣ ’ਤੇ ਵਿਆਹ ਦਾ ਦਿਨ ਮਿੱਥ ਲਿਆ ਤੇ ਦੋਹਾਂ ਘਰਾਂ ’ਚ ਵਿਆਹ ਦੀਆਂ ਤਿਆਰੀਆਂ ਜ਼ੋਰ ਫੜਨ ਲੱਗੀਆਂ। ਦੋਹੇਂ ਪਾਸੀਂ ਜਿੱਥੇ ਸਮਝ ਨਾ ਲੱਗਦੀ, ਉਸ ਦਾ ਜਵਾਬ ਦਾਦੀ ਤੋਂ ਪੁੱਛ ਲਵਾਂਗੇ ’ਤੇ ਜਾ ਕੇ ਖ਼ਤਮ ਹੋ ਜਾਂਦੀ। ਮਨਰਾਜ ਨੇ ਇੱਕ ਮਹੀਨੇ ਦੀ ਛੁੱਟੀ ਮਨਜ਼ੂਰ ਕਰਵਾ ਲਈ ਤੇ ਦਾਦੀ ਨੂੰ ਲੈ ਕੇ ਘਰ ਪਹੁੰਚ ਗਿਆ। ਦਾਦੀ ਦੀ ਉਸ ਘਰ ਪਹਿਲੀ ਫੇਰੀ ਸੀ। ਉਸ ਨੇ ਰਾਜਬੀਰ ਦਾ ਸੁਭਾਅ ਤੇ ਵਿਹਾਰ ਆਉਂਦੇ ਹੀ ਸਮਝ ਲਿਆ ਸੀ। ਆਪਣੇ ਆਪ ਨੂੰ ਹੈਸੀਅਤ ਤੱਕ ਸੀਮਤ ਰੱਖਣਾ ਨਿਸ਼ਚਿਤ ਕਰ ਲਿਆ। ਵਿਆਹ ਦੇ ਸ਼ਗਨ ਵਿਹਾਰਾਂ ਮੌਕੇ ਉਹ ਰਾਜਬੀਰ ਨੂੰ ਮੂਹਰੇ ਲਾਉਣ ਦੇ ਯਤਨ ਕਰਦੀ। ਬਿਨਾਂ ਪੁੱਛੇ ’ਤੇ ਬੇਲੋੜੀ ਸਲਾਹ ਦੇਣ ਤੋਂ ਅਕਸਰ ਬਚਦੀ। ਹਰਨੇਕ ਸਿੰਘ ਹੈਰਾਨ ਸੀ ਕਿ ਬੇਔਲਾਦ ਹੁੰਦਿਆਂ ਉਸ ਨੇ ਐਨੀ ਸਮਾਜਿਕ ਸਿਆਣਪ ਤੇ ਮਰਿਆਦਾ ਕਿੱਥੋਂ ਸਿੱਖੀ ਹੋਈ ਸੀ। ਨੀਤੂ ਨੂੰ ਗਿੱਧੇ ’ਚ ਟਰੇਂਡ ਕਰਦਿਆਂ ਉਸ ਨੂੰ ਦੋ ਦਿਨ ਹੀ ਲੱਗੇ। ਧੀ ਨੂੰ ਗਿੱਧੇ ’ਚ ਧਮਾਲਾਂ ਪਾਉਂਦੇ ਵੇਖ ਰਾਜਬੀਰ ਮਾਤਾ ਦੀ ਕਲਾਕਾਰੀ ਤੋਂ ਹੈਰਾਨ ਰਹਿ ਗਈ। ਵਿਆਹ ਰਸਮਾਂ ਮੌਕੇ ਕੁੜੀਆਂ ਲਈ ਗਿੱਧੇ ਦੀ ਕੋਚ ਬਣ ਕੇ ਉਸ ਨੂੰ ਆਪਣੇ ਗੋਡਿਆਂ ਦਾ ਦਰਦ ਭੁੱਲ ਜਾਂਦਾ। ਬਰਾਤ ਮੌਕੇ ਦਾਦੀ ਨੂੰ ਮਨਰਾਜ ਵਾਲੀ ਕਾਰ ਵਿੱਚ ਬੈਠਣ ਲਈ ਕਿਹਾ ਗਿਆ ਤਾਂ ਉਹ ਰਾਜਬੀਰ ਤੇ ਨੀਤੂ ਨੂੰ ਬੈਠਾ ਕੇ ਬੈਠੀ। ਕਿਸੇ ਨੂੰ ਰਸਮ ਦੀ ਸਮਝ ਨਾ ਲੱਗਦੀ ਤਾਂ ਉਸ ਦੇ ਮੂੰਹੋਂ ‘ਦਾਦੀ ਨੂੰ ਪੁੱਛ ਲਓ’ ਨਿਕਲਦਾ। ਕੋਈ ਮਿੰਟ ਅਜਿਹਾ ਨਾ ਲੰਘਦਾ, ਜਦ ਦਾਦੀ ਦੀ ਲੋੜ ਮਹਿਸੂਸ ਨਾ ਹੁੰਦੀ। ਜੋੜੀ ਦੇ ਸਵਾਗਤ ਤੇ ਦਰ ਲੰਘਾਊ ਰਸਮਾਂ ਦੀ ਤਿਆਰੀ ਲਈ ਦਾਦੀ ਨੇ ਰਾਜਬੀਰ ਨੂੰ ਨਾਲ ਲਿਆ ਤੇ ਵਿਦਾਈ ਤੋਂ ਥੋੜ੍ਹਾਂ ਪਹਿਲਾਂ ਚੱਲ ਪਈਆਂ।
ਦਰ ’ਤੇ ਆਈ ਜੋੜੀ ਤੋਂ ਪਾਣੀ ਵਾਰਨ ਲੱਗੀ ਰਾਜਬੀਰ ਨੇ ਦਾਦੀ ਨੂੰ ਨਾਲ ਖੜ੍ਹਾਇਆ ਤੇ ਉਸ ਦਾ ਹੱਥ ਆਪਣੇ ਹੱਥ ਦੇ ਨਾਲ ਜੋੜ ਕੇ ਗੜਵੀ ਫੜ ਕੇ ਜੋੜੀ ਉੱਪਰੋਂ ਸੱਤ ਵਾਰ ਘੁਮਾਈ। ਰਾਜਬੀਰ ਦੇ ਵਿਹਾਰ ’ਚ ਆਇਆ ਬਦਲਾਅ ਸਭ ਨੂੰ ਹੈਰਾਨ ਕਰ ਰਿਹਾ ਸੀ। ਆਂਢ ਗੁਆਂਢ ਦਾਦੀ ਦੀਆਂ ਸਿਫ਼ਤਾਂ ਹੋਣ ਲੱਗੀਆਂ। ਉਸ ਦੇ ਚਿਹਰੇ ਦੀਆਂ ਝੁਰੜੀਆਂ ਫਿੱਕੀਆਂ ਪੈਣ ਲੱਗੀਆਂ। ਉੱਠਦਿਆਂ ਬੈਠਦਿਆਂ ਉਸ ਨੂੰ ਗੋਡਿਆਂ ’ਤੇ ਹੱਥ ਰੱਖਣ ਦੀ ਲੋੜ ਘੱਟ ਪੈਂਦੀ। ਮੋਹ ਘਰ ਦੀਆਂ ਕੰਧਾਂ ’ਚੋਂ ਸਿੰਮਣ ਲੱਗ ਪਿਆ। ਦੋ ਢਾਈ ਮਹੀਨੇ ਬਾਅਦ ਮਨਰਾਜ ਦੀ ਭੂਆ ਆਈ। ਰਾਤ ਨੂੰ ਉਸ ਨੇ ਗੱਲ ਛੇੜੀ, “ਵੀਰੇ, ਮਨਰਾਜ ਦੇ ਵਿਆਹ ਤੋਂ ਬਾਅਦ ਮੈਨੂੰ ਇੱਥੇ ਆਉਣ ਦਾ ਚਾਅ ਚੜ੍ਹਨ ਲੱਗ ਪਿਆ। ਮੋਹ ਦੀ ਖਿੱਚ ਪੈਣ ਲੱਗ ਪਈ ਹੈ। ਸੋਚਦੀ ਸੀ, ਇਹ ਚਮਤਕਾਰ ਹੈ ਕਿ ਹੋਰ ਕੁਝ?’’
“ਭੈਣੇ, ਇਹ ਚਮਤਕਾਰ ਉਨ੍ਹਾਂ ਮੋਹ ਦੀਆਂ ਤੰਦਾਂ ਦੇ ਏ, ਜੋ ਤੇਰੇ ਭਤੀਜੇ ਦੇ ਮਨੋਂ ਫੁੱਟੀਆਂ ਤੇ ਐਕਸੀਡੈਂਟ ਮੌਕੇ ਪੱਕੀਆਂ ਹੋ ਕੇ, ਪਕੌੜਿਆਂ ਦੇ ਸਵਾਦ ’ਚੋਂ ਹੋਂਦ ਪ੍ਰਗਟਾਉਂਦੇ ਹੋਏ ਦਾਦੀ-ਪੋਤੇ ਦਾ ਨਿੱਘ ਬਣ ਕੇ ਇਸ ਘਰ ਦੇ ਹਰ ਜੀਅ ਦੇ ਮਨ ਵਿੱਚ ਸਮਾ ਗਈਆਂ ਨੇ। ਮੈਨੂੰ ਤਾਂ ਕਦੋਂ ਦਾ ਲੱਗਣ ਲੱਗ ਪਿਆ ਸੀ ਤੇ ਹੁਣ ਤੂੰ ਵੀ ਮਹਿਸੂਸ ਕੀਤਾ ਹੋਊ ਕਿ ਸਾਡੇ ਬੀਜੀ ਮਰੇ ਨਹੀਂ, ਗੁਆਚੇ ਸੀ। ਉਨ੍ਹਾਂ ਨੂੰ ਪੋਤੇ ਦਾ ਕਿੰਨਾ ਚਾਅ ਹੁੰਦਾ ਸੀ, ਪਰ ਉਸ ਦਾ ਮੂੰਹ ਨਾ ਚੁੰਮ ਸਕੇ, ਪਰ ਪੋਤੇ ਨੇ ਡਲਹੌਜ਼ੀ ਜਾ ਕੇ ਲੱਭ ਲਿਆ ਤੇ ਜਵਾਨ ਹੋ ਕੇ ਆਪਣੇ ਘਰ ਲੈ ਆਇਆ।’’ ਹਰਨੇਕ ਸਿੰਘ ਦੀ ਗੱਲ ਖ਼ਤਮ ਹੋਈ ਤਾਂ ਸਭ ਨੇ ਵੇਖਿਆ ਕਿ ਉਸੇ ਮੋਹ ਦੀਆਂ ਤੰਦਾਂ ਦਾਦੀ ਦੀਆਂ ਅੱਖਾਂ ’ਚੋਂ ਪਾਣੀ ਬਣ ਕੇ ਵਹਿੰਦੇ ਹੋਏ ਚਮਕ ਰਹੀਆਂ ਸਨ।
ਸੰਪਰਕ: 16044427676

Advertisement
Advertisement