ਦਸੂਹਾ ਦੇ ਸੁੰਦਰੀਕਰਨ ਲਈ ਟੈਂਡਰ ਪ੍ਰਕਿਰਿਆ ਜਾਰੀ: ਘੁੰਮਣ
ਪੱਤਰ ਪ੍ਰੇਰਕ
ਦਸੂਹਾ, 9 ਅਗਸਤ
ਇੱਥੇ ਹਲਕਾ ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ ਦਸੂਹਾ ਸ਼ਹਿਰ ਦੇ ਸੁੰਦਰੀਕਰਨ ਤਹਿਤ ਸ਼ਹਿਰ ਵਾਸੀਆਂ ਨੂੰ ਵਿਕਾਸ ਕਾਰਜਾਂ ਦਾ ਤੋਹਫਾ ਦੇਣ ਲਈ ਪੱਬਾਂ ਭਾਰ ਹੋ ਗਏ ਹਨ ਜਿਸ ਤਹਿਤ ਸ਼ਹਿਰ ਦੀਆਂ ਸਾਰੇ ਵਾਰਡਾਂ ਵਿੱਚ ਰਹਿੰਦੇ ਵਿਕਾਸ ਕਾਰਜਾਂ ਜਾਂ ਲੱਗ ਚੁੱਕੇ ਟੈਂਡਰਾਂ ਦੀ ਅਲਾਟਮੈਂਟ ਲਈ ਸਥਾਨਕ ਪ੍ਰਸ਼ਾਸਨ ਨੇ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਵਿਧਾਇਕ ਘੁੰਮਣ ਨੇ ਦੱਸਿਆ ਕਿ ਕੌਂਸਲ ਦੇ ਅਧਿਕਾਰੀਆਂ ਅਤੇ ਕੌਂਸਲਰਾਂ ਤੋਂ ਅਧੂਰੇ ਵਿਕਾਸ ਕਾਰਜਾਂ ਦੀ ਸੂਚੀ ਪ੍ਰਾਪਤ ਕਰਨ ਮਗਰੋਂ ਕਰੀਬ 3 ਕਰੋੜ ਦੇ ਟੈਂਡਰ ਲਾਉਣ ਦੇ ਆਦੇਸ਼ ਦਿੱਤੇ ਗਏ ਹਨ ਜਿਨ੍ਹਾਂ ਵਿੱਚੋਂ ਕਰੀਬ 1 ਕਰੋੜ ਦੇ ਟੈਂਡਰ ਖੋਲ੍ਹੇ ਜਾ ਚੁੱਕੇ ਹਨ ਜਦਕਿ 2 ਕਰੋੜ ਦੇ ਟੈਂਡਰ 15 ਦਿਨਾਂ ਬਾਅਦ ਖੋਲ੍ਹੇ ਜਾਣਗੇ। ਉਨ੍ਹਾਂ ਦੱਸਿਆ ਕਿ ਮੁਹੱਲਾ ਕਸਬਾ ਦੇ ਨਿਕਾਸੀ ਨਾਲੇ ਦਾ ਨਿਰਮਾਣ ਅਤੇ ਮੁਹੱਲਾ ਕਹਿਰਵਾਲੀ ਦੀਆਂ ਪਾਸ ਗਲੀਆਂ ਦਾ ਨਿਰਮਾਣ ਵੀ ਇਨ੍ਹਾਂ ਵਿਕਾਸ ਕਾਰਜਾਂ ’ਚ ਸ਼ਾਮਲ ਹੈ। ਵਿਧਾਇਕ ਘੁੰਮਣ ਨੇ ਦਸੂਹਾ ਨੂੰ ਸੁੰਦਰ ਬਣਾਉਣ ਲਈ ਲੋਕਾਂ ਨੂੰ ਨਗਰ ਕੌਂਸਲ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਇਸ ਮੌਕੇ ਈਓ ਕਮਲਜਿੰਦਰ ਸਿੰਘ, ਕੌਂਸਲ ਦੇ ਮੀਤ ਪ੍ਰਧਾਨ ਅਮਰਪ੍ਰੀਤ ਸਿੰਘ ਖ਼ਾਲਸਾ, ਕੌਂਸਲਰ ਸੰਤੋਖ ਤੋਖੀ, ਨੰਬੜਦਾਰ ਸੁਖਵਿੰਦਰ ਇੰਦੂ, ਸਾਬਕਾ ਕੌਂਸਲਰ ਗੁਰਵਿੰਦਰ ਸਿੰਘ, ਰਾਜਾ ਲੰਗਰਪੁਰ ਤੇ ਪਵਨ ਭੋਲੂ ਕੈਥਾਂ ਮੌਜੂਦ ਸਨ।