ਮੰਦਰ ਹਿੰਸਾ: ਪ੍ਰਦਰਸ਼ਨਕਾਰੀਆਂ ਵੱਲੋਂ ਕੈਨੇਡਿਆਈ ਹਾਈ ਕਮਿਸ਼ਨ ਵੱਲ ਮਾਰਚ
ਨਵੀਂ ਦਿੱਲੀ, 10 ਨਵੰਬਰ
ਕੈਨੇਡਾ ’ਚ ਮੰਦਰ ’ਤੇ ਹਮਲੇ ਖ਼ਿਲਾਫ਼ ਪ੍ਰਦਰਸ਼ਨ ਨੂੰ ਦੇਖਦਿਆਂ ਇਥੇ ਕੈਨੇਡੀਅਨ ਹਾਈ ਕਮਿਸ਼ਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਹਿੰਦੂ ਸਿੱਖ ਗਲੋਬਲ ਫੋਰਮ ਦੇ ਮੈਂਬਰਾਂ ਨੇ ਰੋਸ ਮਾਰਚ ਕੱਢਦਿਆਂ ਪੰਚਾਰੀਪੁਰੀ ਇਲਾਕੇ ’ਚ ਹਾਈ ਕਮਿਸ਼ਨ ਵੱਲ ਵਧਣਾ ਸ਼ੁਰੂ ਕੀਤਾ। ਦਿੱਲੀ ਪੁਲੀਸ ਪ੍ਰਦਰਸ਼ਨਕਾਰੀਆਂ ਨੂੰ ਬੈਰੀਕੇਡ ਪਾਰ ਨਾ ਕਰਨ ਦੀਆਂ ਅਪੀਲਾਂ ਕਰਦੀ ਰਹੀ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ’ਚ ਬੈਨਰ ਫੜੇ ਹੋਏ ਸਨ ਜਿਨ੍ਹਾਂ ’ਤੇ ਕੈਨੇਡਾ ’ਚ ਮੰਦਰ ਬਾਹਰ ਹਿੰਸਾ ਖ਼ਿਲਾਫ਼ ਨਾਅਰੇ ਲਿਖੇ ਹੋਏ ਸਨ। ਉਹ ਕੈਨੇਡਾ ਸਰਕਾਰ ਖ਼ਿਲਾਫ਼ ਨਾਅਰੇ ਲਗਾਉਂਦਿਆਂ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕਰ ਰਹੇ ਸਨ।
ਪੁਲੀਸ ਨੇ ਕਿਹਾ ਕਿ ਉਨ੍ਹਾਂ ਹਾਈ ਕਮਿਸ਼ਨ ਦੇ ਬਾਹਰ ਬੈਰੀਕੇਡ ਲਗਾ ਦਿੱਤੇ ਹਨ ਤਾਂ ਜੋ ਅਮਨ-ਕਾਨੂੰਨ ਦੀ ਕੋਈ ਸਮੱਸਿਆ ਪੈਦਾ ਨਾ ਹੋਵੇ। ਹਾਈ ਕਮਿਸ਼ਨ ਵੱਲ ਵੱਧ ਰਹੇ ਕੁਝ ਪ੍ਰਦਰਸ਼ਨਕਾਰੀ ਬੈਰੀਕੇਡਾਂ ’ਤੇ ਚੜ੍ਹ ਗਏ ਜਿਨ੍ਹਾਂ ਨੂੰ ਪੁਲੀਸ ਨੇ ਰੋਕ ਦਿੱਤਾ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ, ‘‘ਅਸੀਂ ਰੋਸ ਮਾਰਚ ਨੂੰ ਦੇਖਦਿਆਂ ਕੈਨੇਡਾ ਦੇ ਹਾਈ ਕਮਿਸ਼ਨ ਬਾਹਰ ਬੈਰੀਕੇਡ ਲਗਾ ਦਿੱਤੇ ਹਨ ਅਤੇ ਵਾਧੂ ਸੁਰੱਖਿਆ ਬਲ ਤਾਇਨਾਤ ਕੀਤੇ ਹਨ। ਕਿਸੇ ਨੂੰ ਵੀ ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।’’ ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਕੈਨੇਡਾ ’ਚ ਮੰਦਰਾਂ ਨੂੰ ਨਿਸ਼ਾਨਾ ਬਣਾ ਕੇ ਹਿੰਸਕ ਘਟਨਾਵਾਂ ਵਾਪਰੀਆਂ ਹਨ ਜਿਸ ਨੂੰ ਲੈ ਕੇ ਭਾਰਤ ’ਚ ਤਿੱਖਾ ਰੋਸ ਦੇਖਣ ਨੂੰ ਮਿਲਿਆ ਹੈ। -ਪੀਟੀਆਈ