ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿੱਦਿਆ ਦਾ ਮੰਦਿਰ

07:49 AM Nov 28, 2024 IST

ਪ੍ਰਤਾਪ ‘ਪਾਰਸ’ ਗੁਰਦਾਸਪੁਰੀ

Advertisement

ਰਾਣੋ ਦਾ ਬਾਪੂ ਜਨਕਾ ਪਿੰਡ ਵਿੱਚ ਲੰਬੜਦਾਰਾਂ ਦਾ ਸੀਰੀ ਲੱਗਿਆ ਹੋਇਆ ਸੀ ਤੇ ਮਾਂ ਵਿੱਦਿਆ ਦੇਵੀ ਉਨ੍ਹਾਂ ਹੀ ਲੰਬੜਦਾਰਾਂ ਦੇ ਘਰ ਗੋਹਾ-ਕੂੜਾ ਕਰਿਆ ਕਰਦੀ ਸੀ। ਰੱਬ ਵੱਲੋਂ ਵਿੱਦਿਆ ਦੇਵੀ ਦੇ ਘਰ ਕੋਈ ਹੋਰ ਸੰਤਾਨ ਨਹੀਂ ਹੋਈ, ਬਸ ਰਾਣੋ ਹੀ ਉਨ੍ਹਾਂ ਦੇ ਘਰ ਦੀ ਰੌਣਕ ਸੀ। ਰਾਣੋ ਆਪਣੀ ਮਾਂ ਦੇ ਨਾਲ-ਨਾਲ ਹੀ ਰਹਿੰਦੀ ਚਾਹੇ ਉਸ ਦੀ ਮਾਂ ਗੋਹਾ-ਕੂੜਾ ਕਿਉਂ ਨਾ ਕਰਦੀ ਹੋਵੇ। ਵਿੱਦਿਆ ਦੇਵੀ ਨੂੰ ਵੀ ਰਾਣੋ ਦਾ ਇੰਝ ਨਾਲ-ਨਾਲ ਹੀ ਰਹਿਣਾ ਚੰਗਾ ਲੱਗਦਾ। ਰਾਣੋ ਲੰਬੜਦਾਰਾਂ ਦੇ ਬੱਚਿਆਂ ਨੂੰ ਸਕੂਲ ਜਾਂਦੇ ਵੇਖ ਕੇ ਪੜ੍ਹਨ ਦੀ ਇੱਛਾ ਜ਼ਾਹਰ ਕਰਦੀ ਤਾਂ ਮਾਂ ਕਹਿੰਦੀ, ‘‘ਧੀਏ, ਅਸੀਂ ਗ਼ਰੀਬ ਲੋਕ ਹਾਂ। ਪੜ੍ਹਨਾ ਸਾਡੇ ਹਿੱਸੇ ਨਹੀਂ ਆਇਆ। ਇਹ ਵੱਡੇ ਲੋਕ ਹੁੰਦੇ ਨੇ ਜਿਹੜੇ ਸਕੂਲ ਵਿੱਚ ਪੜ੍ਹਨ ਜਾਂਦੇ ਨੇ।’’ ਇਹ ਕਹਿ ਕੇ ਉਸ ਨੂੰ ਚੁੱਪ ਕਰਵਾ ਦਿੰਦੀ। ਰਾਣੋ ਦੀ ਮਾਂ ਦਾ ਨਾਂ ਬੇਸ਼ੱਕ ਵਿੱਦਿਆ ਦੇਵੀ ਸੀ, ਪਰ ਵਿੱਦਿਆ ਦੇ ਅਰਥ ਅਤੇ ਅਹਿਮੀਅਤ ਦਾ ਉਸ ਨੂੰ ਕੋਈ ਪਤਾ ਨਹੀਂ ਸੀ।ਰਾਣੋ ਪੜ੍ਹਨਾ ਚਾਹੁੰਦੀ ਸੀ, ਪਰ ਉਸ ਦੀ ਆਸ ਉਸ ਨੂੰ ਆਪਣੀ ਮਾਂ ਵਿਦਿਆ ਦੇਵੀ ਤੋਂ ਬਿਲਕੁਲ ਵੀ ਨਹੀਂ ਸੀ ਜਾਪਦੀ।
ਲੰਬੜਦਾਰਾਂ ਦਾ ਵੱਡਾ ਮੁੰਡਾ ਹੁਸ਼ਿਆਰ ਸਿੰਘ ਸ਼ਹਿਰ ਰਹਿੰਦਾ ਸੀ। ਸਬੱਬੀਂ ਉਹ ਘਰ ਆਇਆ ਹੋਇਆ ਸੀ। ਉਸ ਨੂੰ ਰਾਣੋ ਦੀ ਪੜ੍ਹਨ ਦੀ ਖ਼ਾਹਿਸ਼ ਦਾ ਪਤਾ ਲੱਗਿਆ ਤਾਂ ਉਸ ਨੇ ਘਰ ਕੰਮ ਕਰਨ ਆਈ ਵਿੱਦਿਆ ਦੇਵੀ ਨੂੰ ਕਿਹਾ ਕਿ ਉਹ ਰਾਣੋ ਨੂੰ ਪੜ੍ਹਨ ਲਈ ਸਕੂਲ ਭੇਜਿਆ ਕਰੇ। ਉਹ ਰਾਣੋ ਦੇ ਲੀੜੇ-ਕੱਪੜੇ, ਕਿਤਾਬਾਂ, ਫੀਸ ਅਤੇ ਹੋਰ ਖਰਚਾ ਸਮੇਂ-ਸਮੇਂ ’ਤੇ ਦੇ ਦਿਆ ਕਰੇਗਾ।
ਹੁਸ਼ਿਆਰ ਸਿੰਘ ਨੇ ਕੀਤੇ ਵਾਅਦੇ ਨੂੰ ਅਖੀਰ ਤੱਕ ਬਾਖ਼ੂਬੀ ਨਿਭਾਇਆ।ਰਾਣੋ ਪੜ੍ਹਦੀ-ਪੜ੍ਹਦੀ ਪੰਜਵੀਂ, ਦਸਵੀਂ ਅਤੇ ਫਿਰ ਚੰਗੇ ਨੰਬਰਾਂ ਵਿੱਚ ਬੀ.ਏ. ਕਰ ਗਈ। ਇਸ ਸਮੇਂ ਦੌਰਾਨ ਉਸ ਕੋਲੋਂ ਉਸ ਦੇ ਮਾਂ-ਬਾਪ ਦੋਵੇਂ ਹੀ ਵਾਰੋ-ਵਾਰੀ ਖੁੱਸ ਗਏ ਭਾਵ ਰੱਬ ਨੂੰ ਪਿਆਰੇ ਹੋ ਗਏ। ਇਸ ਕਾਰਨ ਉਹ ਇੱਕ ਵਾਰ ਤਾਂ ਧੁਰ ਅੰਦਰ ਤੱਕ ਟੁੱਟ ਗਈ, ਪਰ ਟੀਚੇ ਮਿੱਥ ਲੈਣ ਵਾਲਿਆਂ ਦੇ ਰਾਹ ਕੋਈ ਔਕੜ-ਮੁਸ਼ਕਿਲ ਕਦੇ ਵੀ ਨਹੀਂ ਰੋਕ ਸਕਦੀ। ਰਾਣੋ ਨੇ ਹੁਸ਼ਿਆਰ ਸਿੰਘ ਦੀ ਪ੍ਰੇਰਨਾ ਅਤੇ ਸਹਿਯੋਗ ਨਾਲ ਬੀ.ਐੱਡ. ਤੇ ਇਸ ਤੋਂ ਬਾਅਦ ਐੱਮ.ਏ. ਪੰਜਾਬੀ ਕਰ ਲਈ। ਹੁਣ ਉਹ ਸਰਕਾਰੀ ਨੌਕਰੀ ਦੀ ਭਾਲ ਵਿੱਚ ਸੀ। ਜਦ ਤੱਕ ਸਰਕਾਰੀ ਨੌਕਰੀ ਨਾ ਮਿਲੀ, ਉਸ ਨੇ ਪ੍ਰਾਈਵੇਟ ਕਾਲਜ ਵਿੱਚ ਮਿਲੀ ਬਤੌਰ ਪੰਜਾਬੀ ਲੈਕਚਰਾਰ ਨੌਕਰੀ ਸਵੀਕਾਰ ਕਰ ਲਈ। ਬੇਸ਼ੱਕ ਉਸ ਨੂੰ ਪਿੰਡ ਤੋਂ ਨੌਕਰੀ ਲਈ ਸ਼ਹਿਰ ਜਾਣ ’ਚ ਮੁਸ਼ਕਿਲ ਆ ਰਹੀ ਸੀ, ਪਰ ਉਹ ਮੁਸ਼ਕਿਲਾਂ ਨਾਲ ਟਕਰਾਉਣ ਦਾ ਵੱਲ ਬਾਖ਼ੂਬੀ ਜਾਣਦੀ ਸੀ।
ਵਕਤ ਆਪਣੀ ਚਾਲ ਚੱਲਦਾ ਗਿਆ। ਭਾਵੇਂ ਰਾਣੋ ਨੂੰ ਸਰਕਾਰੀ ਨੌਕਰੀ ਨਹੀਂ ਮਿਲੀ ਸੀ, ਪਰ ਉਸ ਦੀ ਲਿਆਕਤ ਦੀ ਚਰਚਾ ਲਾਗੇ-ਲਾਗੇ ਦੇ ਸਾਰੇ ਪਿੰਡਾਂ ਵਿੱਚ ਹੋ ਰਹੀ ਸੀ ਕਿ ਉਹ ਕਿੰਝ ਗ਼ਰੀਬੀ ਹੰਢਾਉਂਦੀ ਹੋਈ ਅੱਵਲ ਦਰਜੇ ਦੀ ਪੜ੍ਹਾਈ ਕਰ ਗਈ। ਇਸ ਕਰਕੇ ਰਾਣੋ ਦਾ ਬਹੁਤ ਸਤਿਕਾਰ ਹੋ ਰਿਹਾ ਸੀ। ਉਸ ਨੂੰ ਵਧੀਆ-ਵਧੀਆ ਘਰਾਂ ਦੇ ਰਿਸ਼ਤੇ ਵੀ ਆ ਰਹੇ ਸਨ, ਪਰ ਉਸ ਨੇ ਇਸ ਫ਼ੈਸਲੇ ਦਾ ਅਖਤਿਆਰ ਹੁਸ਼ਿਆਰ ਸਿੰਘ ਨੂੰ ਦੇ ਦਿੱਤਾ ਸੀ ਕਿਉਂਕਿ ਉਹ ਆਪਣੇ ਇਸ ਜੀਵਨ ਨੂੰ ਉਸ ਦੇ ਗਿਰਵੀ ਮੰਨਦੀ ਸੀ।ਸਹੀ ਸਮਾਂ ਤੇ ਸਹੀ ਰਿਸ਼ਤਾ ਵੇਖ ਹੁਸ਼ਿਆਰ ਸਿੰਘ ਨੇ ਰਾਣੋ ਦਾ ਰਿਸ਼ਤਾ ਉਸ ਪ੍ਰਾਈਵੇਟ ਕਾਲਜ ਦੇ ਮਾਲਕ ਦੇ ਹੋਣਹਾਰ ਪੁੱਤਰ ਹਰੀਸ਼ ਨਾਲ ਉਸ ਦੇ ਪੂਰੇ ਪਰਿਵਾਰ ਦੀ ਸਹਿਮਤੀ ਨਾਲ ਪੱਕਾ ਕਰ ਦਿੱਤਾ ਜਿਸ ਕਾਲਜ ਵਿੱਚ ਰਾਣੋ ਲੈਕਚਰਾਰ ਸੀ। ਕੁਝ ਸਮੇਂ ਬਾਅਦ ਹੀ ਹਰੀਸ਼ ਤੇ ਰਾਣੋ ਦਾ ਵਿਆਹ ਬੜੇ ਸਾਦੇ ਢੰਗ ਨਾਲ ਹੋ ਗਿਆ। ਹੁਣ ਰਾਣੋ ਉਸ ਕਾਲਜ ਦੀ ਮਾਲਕ ਬਣ ਗਈ ਸੀ ਜਿੱਥੇ ਉਹ ਕਦੇ ਨੌਕਰੀ ਕਰਿਆ ਕਰਦੀ ਸੀ। ਉਹ ਪਹਿਲਾਂ ਤੋਂ ਵੀ ਵੱਧ ਮਿਹਨਤ ਨਾਲ ਕਾਲਜ ਦੀ ਬਿਹਤਰੀ ਲਈ ਕੰਮ ਕਰਨ ਲੱਗੀ। ਨਤੀਜੇ ਵਜੋਂ ਉਸ ਕਾਲਜ ਵਿੱਚ ਸਿਖਿਆਰਥੀਆਂ ਦੀ ਗਿਣਤੀ ਪਹਿਲਾਂ ਨਾਲੋਂ ਦੁੱਗਣੀ ਹੋ ਗਈ।
ਹੁਣ ਰਾਣੋ ਨੂੰ ਆਉਣ-ਜਾਣ ਲਈ ਗੱਡੀ ਅਤੇ ਇੱਕ ਡਰਾਈਵਰ ਮਿਲ ਗਿਆ ਸੀ। ਉਸ ਨੇ ਆਪਣੇ ਸੰਕਲਪ ਮੁਤਾਬਿਕ ਆਪਣੇ ਜੱਦੀ ਘਰ ਜਿੱਥੇ ਆਪਣੇ ਮਾਪਿਆਂ ਨਾਲ ਬਚਪਨ ਦੇ ਅਤਿ ਗ਼ਰੀਬੀ ਭਰੇ ਦਿਨ ਗੁਜ਼ਾਰੇ ਸਨ, ਵਿੱਚ ਉਸ ਨੇ ਮੁਫ਼ਤ ਟਿਊਸ਼ਨ ਸੈਂਟਰ ਖੋਲ੍ਹ ਦਿੱਤਾ ਸੀ। ਇਸ ਦਾ ਨਾਮ ‘ਵਿੱਦਿਆ ਮੁਫ਼ਤ ਟਿਊਸ਼ਨ ਸੈਂਟਰ’ ਆਪਣੀ ਮਾਂ ਦੇ ਨਾਮ ’ਤੇ ਰੱਖਿਆ ਸੀ ਜਿਸ ਨੂੰ ਉਹ ਬਹੁਤ ਪਿਆਰ ਕਰਦੀ ਸੀ। ਉਹ ਚਾਹੁੰਦੀ ਸੀ ਕਿ ਪੜ੍ਹਾਈ ਨੂੰ ਗ਼ਰੀਬਾਂ ਦੀ ਪਹੁੰਚ ਤੋਂ ਬਹੁਤ ਦੂਰ ਸਮਝਣ ਵਾਲੀ ਉਸ ਦੀ ਮਾਂ ਦੇ ਨਾਮ ’ਤੇ ਬਣੇ ਇਸ ਟਿਊਸ਼ਨ ਸੈਂਟਰ ਤੋਂ ਉਹ ਬੱਚੇ ਪੜ੍ਹਾਈ ਕਰ ਸਕਣ ਜੋ ਗ਼ਰੀਬੀ ਕਾਰਨ ਪੜ੍ਹਾਈ ਬਾਰੇ ਸੋਚ ਵੀ ਨਹੀਂ ਸਕਦੇ।
ਇਸ ਟਿਊਸ਼ਨ ਸੈਂਟਰ ਵਿੱਚ ਉਹ ਕਾਲਜ ’ਚੋਂ ਛੁੱਟੀ ਹੋਣ ਤੋਂ ਬਾਅਦ ਜਾਂਦੀ ਸੀ। ਇਸ ਟਿਊਸ਼ਨ ਸੈਂਟਰ ਵਿੱਚ ਹਰ ਬੱਚਾ ਮੁਫ਼ਤ ਪੜ੍ਹਾਈ ਕਰ ਸਕਦਾ ਸੀ।ਉਸ ਨੇ ਇੱਕ ਹੋਰ ਵਿਲੱਖਣ ਕੰਮ ਕੀਤਾ ਸੀ ਜਿਸ ਵਿੱਚ ਵੱਡੀਆਂ ਕਲਾਸਾਂ ਨੂੰ ਉਹ ਖ਼ੁਦ ਪੜ੍ਹਾਉਂਦੀ ਸੀ ਅਤੇ ਛੋਟੀਆਂ ਕਲਾਸਾਂ ਨੂੰ ਵੱਡੀਆਂ ਕਲਾਸਾਂ ਦੇ ਬੱਚੇ ਪੜ੍ਹਾਉਂਦੇ ਸਨ, ਇਉਂ ਇਸ ਟਿਊਸ਼ਨ ਸੈਂਟਰ ਦਾ ਲੋਕ ਭਰਪੂਰ ਲਾਭ ਉਠਾ ਰਹੇ ਸਨ।
ਓਧਰ ਹੁਸ਼ਿਆਰ ਸਿੰਘ ਦੇ ਆਪਣੇ ਕੋਈ ਬੱਚਾ ਨਹੀਂ ਸੀ। ਉਹ ਆਪਣੇ ਹੱਥੀਂ ਲਾਏ ਇਸ ਵਿੱਦਿਆ ਦੇ ਬੂਟੇ ਨੂੰ ਵਧਦਾ-ਫੁੱਲਦਾ ਵੇਖ ਕੇ ਬਹੁਤ ਖ਼ੁਸ਼ ਹੋ ਰਿਹਾ ਸੀ। ਇੱਕ ਦਿਨ ਹੁਸ਼ਿਆਰ ਸਿੰਘ ਨੇ ਫੋਨ ਕਰਕੇ ਰਾਣੋ ਨੂੰ ਘਰ ਬੁਲਾਇਆ ਅਤੇ ਉਸ ਨੂੰ ਆਪਣੇ ਕੋਲ ਬਿਠਾ ਕਹਿਣ ਲੱਗਾ, ‘‘ਧੀਏ, ਕਈ ਵਾਰ ਬੱਚੇ ਸਾਡੇ ਖ਼ੂਨ ਤੋਂ ਪੈਦਾ ਨਾ ਹੋ ਕੇ ਵੀ ਆਪਣੇ ਬੱਚੇ ਬਣ ਜਾਂਦੇ ਨੇ। ਮੈਨੂੰ ਪਰਮਾਤਮਾ ਨੇ ਔਲਾਦ ਨਹੀਂ ਦਿੱਤੀ। ਕਦੇ ਮੈਨੂੰ ਇਸ ਦਾ ਪਰਮਾਤਮਾ ਨਾਲ ਬਹੁਤ ਰੰਜ ਸੀ, ਪਰ ਜਦੋਂ ਤੋਂ ਮੈਂ ਤੈਨੂੰ ਦਿਲ ਹੀ ਦਿਲ ਵਿੱਚ ਆਪਣੀ ਧੀ ਸਵੀਕਾਰਿਆ ਹੈ ਓਦੋਂ ਤੋਂ ਮੈਂ ਉਸ ਵਾਹਿਗੁਰੂ ਦਾ ਸ਼ੁਕਰਗੁਜ਼ਾਰ ਹਾਂ ਜਿਸ ਨੇ ਤੇਰੇ ਵਰਗੀ ਨੇਕ ਧੀ ਦਾ ਅਮੋਲਕ ਗਹਿਣਾ ਮੇਰੀ ਝੋਲੀ ਪਾਇਆ ਏ। ਧੀਏ, ਮੈਂ ਤੇਰੀਆਂ ਪ੍ਰਾਪਤੀਆਂ ਤੋਂ ਬਹੁਤ ਖ਼ੁਸ਼ ਹਾਂ ਅਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਇਹ ਵਿੱਦਿਆ ਦਾ ਮੰਦਿਰ ਵਿੱਦਿਆ ਦਾ ਦਾਨ ਸਦਾ-ਸਦਾ ਹੀ ਵੰਡਦਾ ਰਹੇ।’’
ਇਸ ਤਰ੍ਹਾਂ ਦੀਆਂ ਭਾਵੁਕ ਗੱਲਾਂ ਕਰਦੇ-ਕਰਦੇ ਹੀ ਹੁਸ਼ਿਆਰ ਸਿੰਘ ਨੂੰ ਇਕਦਮ ਦਿਲ ਦਾ ਦੌਰਾ ਪਿਆ ਜਿਸ ਕਾਰਨ ਉਸ ਦੀ ਰਾਣੋ ਦੇ ਹੱਥਾਂ ਵਿੱਚ ਹੀ ਮੌਤ ਹੋ ਗਈ। ਭੋਗ ਉਪਰੰਤ ਹੁਸ਼ਿਆਰ ਸਿੰਘ ਦੀ ਪਤਨੀ ਨੇ ਉਸ ਦੀ ਕਰਵਾਈ ਵਸੀਅਤ ਰਾਣੋ ਦੇ ਹੱਥ ਫੜਾਈ ਤਾਂ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਪਰਲ-ਪਰਲ ਵਹਿ ਰਹੇ ਸਨ। ਹੁਸ਼ਿਆਰ ਸਿੰਘ ਨੇ ਆਪਣੀ ਸਾਰੀ ਚੱਲ ਅਤੇ ਅਚੱਲ ਜਾਇਦਾਦ ਦੀ ਵਾਰਿਸ ਰਾਣੋ ਨੂੰ ਬਣਾਇਆ ਹੋਇਆ ਸੀ। ਉਹ ਸੋਚਣ ਲੱਗੀ, ‘ਹੇ ਪਰਮਾਤਮਾ, ਤੇਰੇ ਰੰਗ ਨਿਆਰੇ ਹਨ। ਕਦੇ ਪੜ੍ਹਾਈ ਨੂੰ ਤਰਸਦੀ ਇੱਕ ਕੁੜੀ ਅੱਜ ਵਿਦਿਆ ਦਾ ਦਾਨ ਵੰਡ ਰਹੀ ਹੈ। ਇੱਕ ਬਾਪ ਦੁਨੀਆ ਤੋਂ ਤੁਰ ਜਾਣ ਤੋਂ ਬਾਅਦ ਦੋ ਬਾਪ ਦੇ ਦਿੱਤੇ ਜੋ ਮੇਰੇ ਜੀਵਨ ਵਿੱਚ ਚਾਨਣ ਹੀ ਚਾਨਣ ਭਰ ਗਏ’।
ਅੱਜ ਰਾਣੋ ਦੇ ਆਪਣੇ ਦੋਵੇਂ ਬੱਚੇ ਪੜ੍ਹ ਲਿਖ ਗਏ। ਪੁੱਤਰ ਐਲ.ਐਲ.ਬੀ. ਕਰਕੇ ਵਕਾਲਤ ਕਰ ਰਿਹਾ ਹੈ ਅਤੇ ਧੀ ਪੜ੍ਹ-ਲਿਖ ਕੇ ਉਸ ਦੇ ਆਪਣੇ ਕਾਲਜ ਵਿੱਚ ਬਤੌਰ ਚੇਅਰਮੈਨ ਸੇਵਾ ਨਿਭਾਅ ਰਹੀ ਹੈ। ਰਾਣੋ ਅਤੇ ਹਰੀਸ਼ ਦੋਵੇਂ ਕਦੇ ਸ਼ਹਿਰ, ਕਦੇ ਪਿੰਡ ਅਤੇ ਕਦੇ ਹੁਸ਼ਿਆਰ ਸਿੰਘ ਦੇ ਘਰ ਚਲੇ ਜਾਂਦੇ। ਹੁਸ਼ਿਆਰ ਸਿੰਘ ਦੀ ਪਤਨੀ ਨੂੰ ਵੀ ਜਿਵੇਂ ਉਨ੍ਹਾਂ ਨੂੰ ਮਿਲ ਕੇ ਜਿਊਣ ਦੀ ਹੋਰ ਆਸ ਮਿਲ ਜਾਂਦੀ।
ਉਹ ਦੋਵੇਂ ਹੁਣ ਸੇਵਾਮੁਕਤੀ ਜੀਵਨ ਵਾਂਗ ਵਿਚਰ ਰਹੇ ਹਨ, ਪਰ ਰਾਣੋ ਅੱਜ ਵੀ ਪਿੰਡ ਵਾਲੇ ਮੁਫ਼ਤ ਟਿਊਸ਼ਨ ਸੈਂਟਰ ਦੀ ਦੇਖ-ਰੇਖ ਆਪ ਕਰਦਿਆਂ ਮਾਂ-ਬਾਪ ਨੂੰ ਆਪਣੇ ਅੰਗ-ਸੰਗ ਮਹਿਸੂਸ ਕਰਦੀ ਹੈ।
ਸੰਪਰਕ: 99888-11681
* * *

ਅਣਭੋਲ ਭੁੱਖ

ਜੈਸਮੀਨ ਕੌਰ ਸੰਧੂ

Advertisement

ਅੱਜ ਮੂੰਹ ਹਨੇਰੇ ਤੋਂ ਹੀ ਮੌਸਮ ਖਰਾਬ ਸੀ ਤੇ ਹਲਕੀ-ਹਲਕੀ ਭੂਰ ਪੈ ਰਹੀ ਸੀ। ਮੈਂ ਚਾਹ ਦਾ ਕੱਪ ਲੈ ਕੇ ਬਾਹਰ ਬੈਠੀ ਭੂਰੋ ਨੂੰ ਉਡੀਕ ਰਹੀ ਸੀ ਕਿਉਂਕਿ ਅੱਜ ਮੀਂਹ ਕਾਰਨ ਉਸ ਨੂੰ ਦੇਰ ਹੋ ਗਈ ਸੀ। ਜਿਉਂ ਹੀ ਮੈਂ ਚਾਹ ਦੀ ਆਖ਼ਰੀ ਘੁੱਟ ਭਰੀ, ਭੂਰੋ ਮੀਂਹ ’ਚ ਭਿੱਜਦੀ ਹੋਈ ਬੂਹੇ ਵਿੱਚੋਂ ਅੰਦਰ ਆਈ। ਅੱਜ ਉਸ ਨਾਲ ਇੱਕ ਨਿਆਣਾ ਵੀ ਆਇਆ ਸੀ। ਪੁੱਛਣ ’ਤੇ ਉਸ ਨੇ ਦੱਸਿਆ ਕਿ ਉਸ ਦਾ ਭਤੀਜਾ ਹੈ। ਭੂਰੋ ਨੇ ਨਿਆਣੇ ਨੂੰ ਬੈਠਣ ਦਾ ਇਸ਼ਾਰਾ ਕੀਤਾ ਤੇ ਆਪ ਆਪਣੇ ਕੰਮ ਲੱਗ ਗਈ। ਮੈਂ ਵੀ ਅੰਦਰ ਆ ਕੇ ਧੋਤੇ ਕੱਪੜੇ ਸੁੱਕਣੇ ਪਾਉਣ ਲਈ ਮਸ਼ੀਨ ’ਚੋਂ ਕੱਢਣ ਲੱਗੀ ਤੇ ਭੂਰੋ ਲਈ ਗੈਸ ’ਤੇ ਚਾਹ ਰੱਖ ਦਿੱਤੀ। ਫਿਰ ਬਾਹਰ ਜਾ ਕੇ ਭੂਰੋ ਨਾਲ ਗੱਲਾਂ ਕਰਨ ਲੱਗੀ ਅਤੇ ਕੁਝ ਕਬਾੜ ਦਾ ਸਾਮਾਨ ਗੱਟੇ ਵਿੱਚ ਪਾਉਣ ਲੱਗੀ। ਇੰਨੇ ਨੂੰ ਚਾਹ ਬਣ ਗਈ ਅਤੇ ਭੂਰੋ ਵੀ ਵਿਹੜੇ ਵਿੱਚ ਝਾੜੂ ਲਾ ਕੇ ਚਾਹ ਪੀਣ ਬਹਿ ਗਈ ਸੀ। ਉਸ ਨੇ ਆਪਣੇ ਭਤੀਜੇ ਨੂੰ ਹਾਕ ਮਾਰ ਕੇ ਚਾਹ ਪੀਣ ਲਈ ਪੁੱਛਿਆ। ਉਸ ਨੇ ਨਾਂਹ ਵਿੱਚ ਸਿਰ ਹਿਲਾ ਦਿੱਤਾ। ਮੇਰੇ ਪੁੱਛਣ ’ਤੇ ਵੀ ਉਸ ਨੇ ਨਾਂਹ ਕਿਹਾ। ਮੈਂ ਅੰਦਰੋਂ ਉਸ ਲਈ ਬਿਸਕੁਟ ਲੈ ਆਈ। ਉਸ ਨੇ ਬੜੇ ਹੀ ਅਣਮੰਨੇ ਮਨ ਨਾਲ ਬਿਸਕੁਟ ਦਾ ਪੈਕਟ ਫੜਿਆ। ਚਾਹ ਪੀ ਕੇ ਭੂਰੋ ਅੰਦਰਲੇ ਕੰਮ ਕਰਨ ਲੱਗੀ। ਮੈਂ ਵੀ ਰਸੋਈ ’ਚ ਆ ਕੇ ਭਾਂਡੇ ਮਾਂਜਣ ਲੱਗੀ। ਸ਼ਨਿੱਚਰਵਾਰ ਹੋਣ ਕਰਕੇ ਅੱਜ ਕਬਾੜੀਏ ਨੇ ਵੀ ਆਉਣਾ ਸੀ। ਜਦੋਂ ਨੂੰ ਮੈਂ ਭਾਂਡੇ ਮਾਂਜੇ, ਕਬਾੜ ਵਾਲਾ ਆ ਗਿਆ। ਮੈਂ ਬਾਹਰ ਆ ਕੇ ਉਸ ਨੂੰ ਗੱਟਾ ਚੁੱਕਣ ਲਈ ਕਹਿ ਦਿੱਤਾ। ਮੈਂ ਉਸ ਨਾਲ ਗੱਲਾਂ ਕਰਦੀ ਨੇ ਵੇਖਿਆ ਕਿ ਭੂਰੋ ਦਾ ਭਤੀਜਾ ਉੱਥੇ ਨਹੀਂ ਸੀ। ਮੈਂ ਜਦੋਂ ਪਿੱਛੇ ਮੁੜ ਕੇ ਵੇਖਿਆ ਤਾਂ ਉਹ ਕਿਨੂੰ ਦੇ ਬੂਟੇ ਤੋਂ ਕੱਚੇ ਕਿਨੂੰ ਤੋੜ ਰਿਹਾ ਸੀ। ਮੈਨੂੰ ਇੱਕਦਮ ਗੁੱਸਾ ਆਇਆ ਤੇ ਮੈਂ ਉਸ ਨੂੰ ਇਸ ਕੰਮ ਤੋਂ ਵਰਜਿਆ। ਨਿਆਣਾ ਡਰ ਗਿਆ ਅਤੇ ਉਸੇ ਥਾਂ ਜਾ ਕੇ ਬੈਠ ਗਿਆ। ਭੂਰੋ ਨੇ ਵੀ ਉਸ ਨੂੰ ਝਿੜਕਿਆ ਤੇ ਫਟਾਫਟ ਆਪਣਾ ਕੰਮ ਨਿਬੇੜਨ ਲੱਗੀ। ਮੈਂ ਨਹਾਉਣ ਚਲੀ ਗਈ। ਮੇਰੇ ਆਉਣ ਤੱਕ ਭੂਰੋ ਕੰਮ ਕਰਕੇ ਜਾ ਚੁੱਕੀ ਸੀ ਤੇ ਉਹ ਬਿਸਕੁਟ ਦਾ ਪੈਕਟ ਉਵੇਂ ਹੀ ਪਿਆ ਸੀ। ਉਹ ਨਿਆਣੇ ਦੀ ਅਣਭੋਲ ਭੁੱਖ ਨੇ ਮੈਨੂੰ ਅੰਦਰੋਂ ਹਲੂਣਿਆ। ਉਸ ਨੇ ਬਿਸਕੁਟ ਛੱਡ ਕੇ ਕੱਚੇ ਕਿਨੂੰ ਖਾਣ ਲਈ ਤੋੜੇ ਸਨ। ਮੈਨੂੰ ਆਪਣੇ ਆਪ ’ਤੇ ਬਹੁਤ ਗੁੱਸਾ ਆਇਆ ਤੇ ਬਿਸਕੁਟ ਦਾ ਪੈਕਟ ਮੈਂ ਉਸ ਲਈ ਸੰਭਾਲ ਕੇ ਰੱਖ ਦਿੱਤਾ।
ਸੰਪਰਕ: 95012-00147
* * *

ਬੰਦਗੀ

ਜਗਜੀਤ ਸਿੰਘ ਲੋਹਟਬੱਦੀ

ਪਿੰਡ ਦੇ ਬਾਹਰਵਾਰ ਬਣੇ ਡੇਰੇ ਵਿੱਚ ਖ਼ੂਬ ਚਹਿਲ-ਪਹਿਲ ਸੀ। ਵੱਡੇ ਭੰਡਾਰੇ ਦਾ ਦਿਨ ਜੁ ਸੀ। ਹਰ ਸਾਲ ਸਾਵਣ ਦੀ ਪੂਰਨਮਾਸ਼ੀ ਮਨਾਈ ਜਾਂਦੀ। ਮਹਾਂਪੁਰਸ਼ਾਂ ਦਾ ਜਮਾਵੜਾ ਲੱਗਦਾ। ਪੰਡਾਲ ਵਿੱਚ ਇਕੱਤਰ ਹੋਏ ਹਜ਼ਾਰਾਂ ਸ਼ਰਧਾਲੂ ਨਤਮਸਤਕ ਹੋ ਰਹੇ ਸਨ। ਡੇਰੇ ਦੇ ਸੰਚਾਲਕ ਸਵਾਮੀ ਜੀ ਉੱਚੇ ਆਸਣ ’ਤੇ ਬਿਰਾਜਮਾਨ, ਅੰਤਰ ਧਿਆਨ ਦੀ ਮੁਦਰਾ ਵਿੱਚ ਚੌਂਕੜਾ ਮਾਰ ਕੇ ਸਜੇ ਹੋਏ। ਮਹਾਤਮਾ ਜੀ ਦੀ ਸਮਾਧੀ ਖੁੱਲ੍ਹਣ ਤੋਂ ਬਾਅਦ ਸਤਸੰਗ ਦਾ ਲਗਨ ਸੀ ਅਤੇ ਫਿਰ ਲੰਗਰ ਵਰਤਾਏ ਜਾਣ ਦਾ ਯੋਗ! ਤਿੱਖੇ ਬਰਛਿਆਂ ਵਾਲੇ ਸੇਵਾਦਾਰ ਚਾਰੇ ਪਾਸੇ ਨਜ਼ਰ ਘੁਮਾ ਕੇ ਸ਼ਾਂਤ ਮਾਹੌਲ ਹੋਣ ਦੇ ਪੂਰਕ ਬਣ ਰਹੇ ਸਨ।
ਬਾਰ੍ਹਾਂ ਕੁ ਵਰ੍ਹਿਆਂ ਦਾ ਛਿੰਦਾ ਵੀ ਇਸ ਕੁੰਭੀ ਮੇਲੇ ਦਾ ਹਿੱਸਾ ਬਣਿਆ ਬੈਠਾ ਸੀ। ਗਲੀਆਂ ਰੂੜੀਆਂ ਤੋਂ ਕਾਗਜ਼ ਇਕੱਠੇ ਕਰਦਾ ਉਹ ਇੱਧਰ ਆ ਨਿਕਲਿਆ ਸੀ। ਉਹ ਕੋਈ ਧਾਰਮਿਕ ਵਚਨ-ਵਿਲਾਸ ਸੁਣ ਕੇ ਮਨ ਦਾ ਸਕੂਨ ਲੱਭਣ ਨਹੀਂ ਸੀ ਆਇਆ ਸਗੋਂ ਉਸ ਲਈ ਹਰ ਸਾਲ ਦੀ ਤਰ੍ਹਾਂ ਭੰਡਾਰੇ ਵਿੱਚੋਂ ਦੋ ਡੰਗ ਦੀ ਰੋਟੀ ਦੇ ਜੁਗਾੜ ਦਾ ਸਵਾਲ ਸੀ। ਸਵੇਰ ਤੋਂ ਸੁੱਚੇ ਮੂੰਹ ਹੋਣ ਕਰ ਕੇ, ਲੰਗਰ ਵਿੱਚ ਤਿਆਰ ਹੋ ਰਹੇ ਪਕਵਾਨਾਂ ਦੀ ਖੁਸ਼ਬੂ ਨੇ ਉਸ ਦੀ ਭੁੱਖ ਹੋਰ ਤਿੱਖੀ ਕਰ ਦਿੱਤੀ ਸੀ। ਉਸ ਦੀ ਬਿਰਤੀ ਕਿਵੇਂ ਵੀ ਨਹੀਂ ਸੀ ਲੱਗ ਰਹੀ। ਇੱਧਰ ਉੱਧਰ ਦੇਖਦੇ ਨੂੰ ਸੇਵਾਦਾਰ ਨੇ ਆ ਦਬਕਾ ਮਾਰਿਆ:
“ਕੀ ਦੇਖਦਾਂ ਓਏ... ਸਾਰੀ ਸੰਗਤ ਚੁੱਪਚਾਪ ਬੈਠੀ ਐ... ਤੈਨੂੰ ਟਿਕਾਅ ਨ੍ਹੀਂ...?” ਉਸ ਨੂੰ ਉਹ ਕੋਈ ਚੋਰ ਉਚੱਕਾ ਜਾਪਿਆ ਸੀ।
“ਸਤਿਬਚਨ ਜੀ...” ਛਿੰਦਾ ਸੱਚੀਂ ਡਰ ਗਿਆ ਸੀ।
ਪਲ ਦੋ ਪਲ ਤੋਂ ਬਾਅਦ ਹੀ ਆਂਦਰਾਂ ਦੀ ਭੁੱਖ ਨੇ ਉਸ ਨੂੰ ਫਿਰ ਬੇਚੈਨ ਕਰ ਦਿੱਤਾ। ਸੇਵਾਦਾਰ ਤੋਂ ਨਜ਼ਰ ਬਚਾ ਕੇ ਉਹ ਬਾਹਰ ਨੂੰ ਖਿਸਕ ਤੁਰਿਆ।ਉਸ ਦੀਆਂ ਲਲਚਾਈਆਂ ਅੱਖਾਂ ਲੰਗਰ ’ਤੇ ਟਿਕੀਆਂ ਹੋਈਆਂ ਸਨ। ਤੁਰੇ ਜਾਂਦੇ ਨੂੰ ਇੱਕ ਨਰਮਦਿਲ ਲਾਂਗਰੀ ਨੇ ਆਪਣੇ ਕੋਲ ਆਉਣ ਦਾ ਇਸ਼ਾਰਾ ਕੀਤਾ। ਉਹ ਉਸ ਦਾ ਦਰਦ ਸਮਝ ਚੁੱਕਾ ਸੀ। ਲਾਂਗਰੀ ਨੇ ਓਹਲੇ ਜਿਹੇ ਬਿਠਾ ਕੇ ਉਸ ਦੇ ਸਾਹਮਣੇ ਕਈ ਤਰ੍ਹਾਂ ਦੇ ਭੋਜਨ ਪਰੋਸ ਦਿੱਤੇ। ਛਿੰਦੇ ਨੇ ਪਕਵਾਨਾਂ ਦਾ ਰੱਜ ਕੇ ਆਨੰਦ ਮਾਣਿਆ। ਰੂਹ ਦੀ ਤ੍ਰਿਪਤੀ ਹੋਈ ਅਤੇ ਉਹ ਫਿਰ ਪੰਡਾਲ ਵਿੱਚ ਆ ਬਿਰਾਜਿਆ। ਆਲੇ-ਦੁਆਲੇ ਪਵਿੱਤਰ ਪ੍ਰਵਚਨ ਗੂੰਜ ਰਹੇ ਸਨ। ਅੱਖਾਂ ਮੁੰਦੀ ਬੈਠੇ ਛਿੰਦੇ ਨੂੰ ਮੰਤਰ-ਮੁਗਧ ਬੈਠੇ ਦੇਖ, ਸੇਵਾਦਾਰ ਮਨ ਹੀ ਮਨ ਪ੍ਰਸੰਨਚਿੱਤ ਸੀ ਕਿ ਉਸ ਉੱਤੇ ਵੀ ਸਤਸੰਗ ਦਾ ਗੂੜ੍ਹਾ ਰੰਗ ਚੜ੍ਹ ਗਿਐ, ਪਰ ਛਿੰਦਾ ਆਪਣੀ ਅਗਲੇ ਡੰਗ ਦੀ ਰੋਟੀ ਦੇ ਸੁਪਨੇ ਸਿਰਜ ਰਿਹਾ ਸੀ।
ਸੰਪਰਕ: 89684-33500
* * *

ਦਲਦਲ

ਇਕਬਾਲ ਸਿੰਘ ਹਮਜਾਪੁਰ

ਸਰਦਾਰ ਨੇ ਬਾਟੀਆਂ ਵਿੱਚ ਚਾਹ ਪਾ ਕੇ ਸੀਰੀਆਂ ਨੂੰ ਆਵਾਜ਼ ਮਾਰ ਲਈ ਸੀ। ਉਸ ਦੇ ਸੀਰੀ ਝੋਨਾ ਲਾਉਣ ਲਈ ਕੱਦੂ ਕੀਤੇ ਹੋਏ ਖੇਤ ’ਚ ਰੇਹ ਪਾ ਰਹੇ ਸਨ।
ਸਰਦਾਰ ਦੇ ਆਵਾਜ਼ ਮਾਰਨ ਦੀ ਦੇਰ ਸੀ ਕਿ ਚਾਰੇ ਸੀਰੀ ਵੱਟ ’ਤੇ ਪਹੁੰਚ ਗਏ। ਉਹ ਆਪੋ-ਆਪਣੀ ਝੋਲ਼ੀ ਰੱਖ ਕੇ ਵੱਟ ’ਤੇ ਹੀ ਬਹਿ ਗਏ।
‘‘ਦੱਸ ਦਿਓ ਬਈ ਕਿੰਨਾ ਕੁ ਪਾਵਾਂ?’’ ਇਹ ਆਖਦਿਆਂ ਸਰਦਾਰ ਚਾਹ ਪਾਉਣ ਤੋਂ ਬਾਅਦ ਇੱਕ ਹੋਰ ਚੂਰਾ ਜਿਹਾ ਬਾਟੀਆਂ ਵਿੱਚ ਪਾਉਣ ਲੱਗ ਪਿਆ ਸੀ। ਉਸ ਨੇ ਚੂਰਾ ਤਿੰਨ ਬਾਟੀਆਂ ਵਿੱਚ ਪਾ ਦਿੱਤਾ, ਪਰ ਜਦੋਂ ਚੌਥੇ ਸੀਰੀ ਮੀਤੇ ਦੀ ਬਾਟੀ ਵਿੱਚ ਪਾਉਣ ਲੱਗਾ ਤਾਂ ਮੀਤੇ ਨੇ ਬਾਟੀ ਉੱਪਰ ਹੱਥ ਧਰ ਲਿਆ।
‘‘ਸਰਦਾਰ ਜੀ! ਮੇਰੀ ਬਾਟੀ ਵਿੱਚ ਨਾ ਪਾਇਓ। ਮੇਰੀਆਂ ਰਾਤੀਂ ਲੱਤਾਂ ਬਹੁਤ ਦੁਖਦੀਆਂ ਸਨ।’’ ਮੀਤੇ ਨੇ ਆਖਿਆ।
‘‘ਲੱਤਾਂ ਇਸ ਚੂਰੇ ਨਾਲ ਥੋੜ੍ਹੀ ਦੁਖਦੀਆਂ। ਇਹ ਚੂਰਾ ਸਗੋਂ ਹੱਡ-ਗੋਡੇ ਖੋਲ੍ਹਦਾ ਆ।’’ ਇੱਕ ਸੀਰੀ ਮੀਤੇ ਨੂੰ ਸਮਝਾਉਣ ਲੱਗਾ। ‘‘ਨਹੀਂ! ਲੱਤਾਂ ਇਹ ਚੂਰਾ ਖਾਣ ਨਾਲ ਹੀ ਦੁਖਦੀਆਂ।’’ ਮੀਤੇ ਨੇ ਦੁਬਾਰਾ ਆਖਿਆ। ਮੀਤੇ ਦਾ ਪੱਕਾ ਵਿਸ਼ਵਾਸ ਸੀ ਕਿ ਲੱਤਾਂ ਇਸ ਚੂਰੇ ਕਰਕੇ ਹੀ ਦੁਖਦੀਆਂ ਹਨ। ਉਸ ਨੇ ਪਹਿਲੀ ਵਾਰ ਕੱਲ੍ਹ ਹੀ ਇਹ ਚੂਰੇ ਵਾਲੀ ਚਾਹ ਪੀਤੀ ਸੀ। ਚੂਰੇ ਵਾਲੀ ਚਾਹ ਪੀਣ ਤੋਂ ਬਾਅਦ ਉਸ ਨੂੰ ਦਿਨ ਵਿੱਚ ਇੰਝ ਲੱਗਿਆ ਸੀ, ਜਿਵੇਂ ਉਸ ਵਿੱਚ ਘੋੜੇ ਜਿੰਨੀ ਤਾਕਤ ਆ ਗਈ ਹੋਵੇ। ਉਹ ਕੱਦੂ ਵਿੱਚ ਭੱਜਾ ਜਾਂਦਾ ਸੀ, ਪਰ ਰਾਤ ਨੂੰ ਉਸ ਦੀਆਂ ਲੱਤਾਂ ਦੁਖਣ ਲੱਗ ਪਈਆਂ ਸਨ। ‘‘ਮੀਤਿਆ! ਇਸ ਤੋਂ ਬਿਨਾਂ ਤੈਥੋਂ ਤੁਰਿਆ ਨਹੀਂ ਜਾਣਾ। ਇਸ ਤੋਂ ਬਿਨਾਂ ਝੋਲੀ ਚੁੱਕ ਕੇ ਖੇਤ ਵਿਚਲੀ ਦਲਦਲ ਵਿੱਚੋਂ ਕਿਵੇਂ ਨਿਕਲੇਂਗਾ?’’ ਦੂਜਾ ਸੀਰੀ ਵੀ ਬੋਲ ਪਿਆ ਸੀ, ਪਰ ਮੀਤੇ ਨੇ ਫਿਰ ਵੀ ਆਪਣੀ ਬਾਟੀ ਵਿੱਚ ਉਹ ਚੂਰਾ ਜਿਹਾ ਨਾ ਪਵਾਇਆ। ‘‘ਵੇਖ ਲੈ ਫਿਰ ਕੱਦੂ ਵਿੱਚ ਪਿੱਛੇ ਰਹਿ ਗਿਆ ਤਾਂ ਸਰਦਾਰ ਨੇ ਝਿੜਕਣਾ। ਉਹ ਤੈਨੂੰ ਕੰਮੋਂ ਹਟਾ ਵੀ ਸਕਦਾ।’’ ਤੀਜਾ ਸੀਰੀ ਆਖਣ ਲੱਗਾ।
‘ਇਸ ਦਲਦਲ ਵਿੱਚੋਂ ਤਾਂ ਮੈਂ ਹੌਲੀ ਹੌਲੀ ਤੁਰਦਾ ਹੋਇਆ ਕਿਵੇਂ ਨਾ ਕਿਵੇਂ ਨਿਕਲ ਜਾਵਾਂਗਾ, ਪਰ ਜਿਹੜੀ ਦਲਦਲ ’ਚ ਇਹ ਚੂਰਾ ਮੈਨੂੰ ਲੈ ਕੇ ਜਾਵੇਗਾ, ਉਸ ਵਿੱਚੋਂ ਨਿਕਲਣਾ ਮੁਸ਼ਕਲ ਹੈ। ਉਸ ਦਲਦਲ ਦਾ ਦੂਜਾ ਨਾਂ ਮੌਤ ਹੈ।’ ਮੀਤਾ ਸੋਚਣ ਲੱਗਾ। ਉਸ ਨੇ ਆਪਣੇ ਮਨ ਨਾਲ ਫ਼ੈਸਲਾ ਕਰ ਲਿਆ ਸੀ ਕਿ ਕੁਝ ਵੀ ਹੋ ਜਾਵੇ, ਉਹ ਇਹ ਚੂਰਾ ਜਿਹਾ ਨਹੀਂ ਖਾਵੇਗਾ। ਜੇੇਕਰ ਸਰਦਾਰ ਕੰਮ ਤੋਂ ਜਵਾਬ ਵੀ ਦੇ ਦੇਵੇਗਾ ਤਾਂ ਹੋਰ ਕਿਧਰੇ ਕੰਮ ਕਰਨ ਚਲਾ ਜਾਵੇਗਾ।
ਸੰਪਰਕ: 94165-92149

Advertisement