ਆਜ਼ਾਦ ਖ਼ਤ
ਜਸਵੰਤ ਗਿੱਲ ਸਮਾਲਸਰ
ਖ਼ਤ ਪੜ੍ਹਨ ਵਾਲਿਓ!
ਮੈਨੂੰ ਜਵਾਬ ਜ਼ਰੂਰ ਲਿਖਣਾ
ਕੀ ਤੁਹਾਨੂੰ
ਆਸਮਾਨ ’ਚ ਫਿਰਦੇ ਜਹਾਜ਼
ਇੱਲ੍ਹਾਂ, ਗਿਰਝਾਂ ਨਹੀਂ ਲੱਗਦੇ
ਜੋ ਚੁਣ-ਚੁਣ ਕੇ
ਲਈ ਜਾ ਰਹੇ ਨੇ ਜਵਾਨੀ ਨੂੰ
ਤੇ ਦੂਰ ਸਮੁੰਦਰਾਂ, ਪਰਬਤਾਂ,
ਜੰਗਲਾਂ ਤੋਂ ਪਰ੍ਹੇ ਲਿਜਾ ਸੁੱਟ ਦਿੰਦੇ ਨੇ...
ਸੱਚ ਦੱਸਿਓ!
ਭੱਠੇ ਦੀ ਚਿਮਨੀ ’ਚੋਂ
ਨਿਕਲ ਰਿਹਾ ਧੂੰਆਂ
ਤੁਹਾਨੂੰ ਮਜ਼ਦੂਰਾਂ ਦੇ
ਅਰਮਾਨਾਂ ਦੀ ਮੱਚ ਰਹੀ
ਚਿਖ਼ਾ ਤਾਂ ਨਹੀਂ ਲੱਗਦਾ
ਜਿਸ ਵਿੱਚ ਝੁਲਸੀ ਗਈ ਹੋਵੇ
ਉਨ੍ਹਾਂ ਦੀ ਮਿਹਨਤ...
ਤੁਸੀਂ ਦੇਖਿਆ ਕਦੇ
ਕਰਜ਼ੇ ਕਾਰਨ
ਖ਼ੁਦਕੁਸ਼ੀ ਕਰ ਗਿਆ
ਵੱਡਾ ‘ਬਰਾੜ’
ਗਹਿਣੇ ਪਏ
ਖੇਤ ਦੀ ਟਾਹਲੀ ਹੇਠ
ਆਪਣੇ ਦੋ ਪੁੱਤਰਾਂ ਨਾਲ
ਦਿੰਦਾ ਏ ਰਾਤ ਨੂੰ ਪਹਿਰਾ
ਦਿਨ ਚੜ੍ਹਦਿਆਂ ਹੀ
ਗੁਆਚ ਜਾਂਦੇ ਨੇ
ਬੈਂਕ ਦੀਆਂ ਫ਼ਾਈਲਾਂ,
ਸ਼ਾਹੂਕਾਰਾਂ ਦੀਆਂ ਵਹੀਆਂ ਵਿੱਚ...
ਤੁਹਾਨੂੰ ਹੈਰਾਨੀ ਨਹੀਂ ਹੋਈ
ਜੋ ਸਾਲ ਭਰ
ਲਾਉਂਦੇ ਰਹੇ ਨਾਅਰੇ
ਕਿਸਾਨ ਮਜ਼ਦੂਰ ਏਕਤਾ ਦੇ
ਉਹ ਮਜ਼ਦੂਰਾਂ ਦੀ
ਕਿਰਤ ਦਾ ਮੁੱਲ ਦੇਣ ਲੱਗਿਆਂ
ਕਿਉਂ ਪਾਉਣ ਲੱਗ ਪਏ ਮਤੇ?
ਨਾਨਕ ਦੇ ਘਰਾਂ ’ਚੋਂ
ਕਿਉਂ ਆਉਣ ਲੱਗੀਆਂ
ਅਜਿਹੀਆਂ ਆਵਾਜ਼ਾਂ
ਕੀ ਮਹਿੰਗਾਈ
ਇੱਕ ਵਰਗ ਲਈ ਹੀ ਵਧੀ ਐ...?
ਮੇਰੇ ਨੌਜਵਾਨ ਦੋਸਤੋ!
ਖ਼ਤ ਜ਼ਰਾ ਧਿਆਨ ਨਾਲ ਪੜ੍ਹਨਾ
ਜਿਸ ਦਿਲਚਸਪੀ ਨਾਲ ਪੜ੍ਹਦੇ ਹੋ
ਆਪਣੀ ਮਹਿਬੂਬਾ ਦਾ ਮੈਸੇਜ...
ਹਾਂ, ਸੱਚ ਦੱਸਣਾ ਜ਼ਰੂਰ
ਉਨ੍ਹਾਂ ਜੱਟਾਂ ਦਾ ਕੀ ਬਣਿਆ
ਜਿਨ੍ਹਾਂ ਨੇ ਆਪਣੇ ਹਿੱਸੇ ਦੀ
ਕਿੱਲਾ ਜ਼ਮੀਨ ਵੇਚ ਕੇ
ਭੇਜਿਆ ਸੀ ਨੂੰਹ ਨੂੰ ਬਾਹਰ
ਸੁਣਿਆ ਮੁੰਡੇ ਨੇ
ਆਤਮ-ਹੱਤਿਆ ਕਰ ਲਈ
ਕੀ ਉਹ ਜੱਟ
ਹੱਥੋਂ ਨਿਕਲੀ ਮਾਂ ਤੇ ਨੂੰਹ ਦਾ
ਸੋਗ ਮਨਾਉਂਦੇ ਨੇ...
ਕਹਿੰਦੇ ਕੁੜੀਆਂ ਹੀ ਨਹੀਂ
ਸਗੋਂ ਕਈ ਮੁੰਡੇ ਵੀ
ਛੱਡ ਗਏ ਇੱਥੇ ਸੱਜ ਵਿਆਹੀਆਂ ਨੂੰ
ਜੋ ਉਮਰਾਂ ਬੀਤਣ ਪਿੱਛੋਂ ਵੀ
ਨਾ ਲਾਹ ਸਕੀਆਂ
ਆਪਣੀਆਂ ਬਾਹਾਂ ’ਚੋਂ
ਇਕੱਲਤਾ ਵਾਲਾ ਚੂੜਾ
ਤੇ ਉਨ੍ਹਾਂ ਦਾ ਬੁੱਢਾ ਪਿਓ
ਅੱਜ ਤੱਕ ਢੋਹ ਰਿਹੈ
ਦਾਜ ਵਿੱਚ ਦਿੱਤੇ
ਕਰਜ਼ੇ ਦੀਆਂ ਪੰਡਾਂ ਨੂੰ...
ਤੁਸੀਂ ਸੋਚਦੇ ਹੋਵੋਗੇ
ਪਿਆਰ, ਮੁਹੱਬਤ ਤੋਂ ਸੱਖਣਾ
ਕਿਸ ਤਰ੍ਹਾਂ ਦਾ ਖ਼ਤ ਏ...
ਹੁਣ ਮੈਂ ਮੁਹੱਬਤ ਬਾਰੇ ਕੀ ਲਿਖਾਂ
ਹਾਂ, ਪਰ ਤੁਹਾਨੂੰ ਦੱਸ ਸਕਦਾਂ
ਮੇਰੀ ਪ੍ਰੇਮਿਕਾ ਨੇ ਸਾਬਤ ਕਰ ਦਿੱਤਾ
ਅਜੇ ਪਾਕ ਪਵਿੱਤਰ
ਰੂਹਾਂ ਜਿਉਂਦੀਆਂ ਨੇ
ਪਿਆਰ ਨੂੰ ਬਾਜ਼ਾਰੂ ਨਾ ਆਖੋ
ਅਜੇ ਸੱਚੇ ਆਸ਼ਿਕ
ਮੌਜੂਦ ਨੇ ਧਰਤੀ ’ਤੇ
ਸਾਰੀਆਂ ਕੁੜੀਆਂ
ਬੇਵਫ਼ਾ ਨਹੀਂ ਹੁੰਦੀਆਂ
ਜਦੋਂ ਕਦੇ ਮੌਕਾ ਮਿਲਿਆ
ਮਿਲਾਵਾਂਗਾ ਤੁਹਾਨੂੰ
ਉਸ ਸਬਰ ਸਿਦਕ ਤੇ
ਉਲਫ਼ਤ ਦੀ ਦੇਵੀ ਨਾਲ
ਤੇ ਦੇਖਣਾ ਉਸ ਅੱਗੇ ਕਿਵੇਂ
ਸਾਰੀ ਕਾਇਨਾਤ ਸੀਸ ਝੁਕਾਉਂਦੀ ਆ...
ਮੈਨੂੰ ਸੌਣ ਨਹੀਂ ਦਿੰਦੀਆਂ
ਸ਼ਮਸ਼ਾਨਘਾਟ ’ਚੋਂ ਆਉਂਦੀਆਂ
ਉਨ੍ਹਾਂ ਮਾਵਾਂ, ਭੈਣਾਂ
ਤੇ ਨਵ-ਵਿਆਹੀਆਂ ਦੀਆਂ ਚੀਕਾਂ
ਜਿਨ੍ਹਾਂ ਦੇ ਪੁੱਤ, ਭਰਾ ਤੇ ਪਤੀ
ਖਾ ਲਏ ਚਿੱਟੇ ਵਾਲੇ ਦੈਂਤ ਨੇ
ਦਿਲ ’ਤੇ ਹੱਥ ਰੱਖ ਕੇ ਦੱਸਣਾ
ਕੀ ਤੁਹਾਡੇ ਪਿੰਡਾਂ-ਸ਼ਹਿਰਾਂ ਦੇ
ਸ਼ਮਸ਼ਾਨ ਸ਼ਾਂਤ ਹਨ...?
ਕੀ ਤੁਹਾਨੂੰ ਵੀ ਹੁੰਦੀ ਹੈ ਬੇਚੈਨੀ
ਮਨ ’ਚ ਉੱਠਦਾ ਹੈ
ਕੋਈ ਵਾਵਰੋਲ਼ਾ
ਜਦ ਦੇਖਦੇ ਹੋ ਕਿਸੇ ਬੁੱਢੇ ਪਿਓ ਨੂੰ
ਆਪਣੇ ਜਵਾਨ ਪੁੱਤ ਦੀ
ਅਰਥੀ ਨੂੰ ਮੋਢਾ ਦਿੰਦਿਆਂ
ਦੱਸਣਾ ਕੀ ਕਿਸੇ ਸਰਕਾਰ ਨੇ
ਬੰਦ ਕਰਨਾ ਚਾਹਿਆ
ਇਸ ਰਾਖਸ਼ ਦਾ ਮੂੰਹ
ਕੋਈ ਹਾਕਮ ਪਹੁੰਚਿਆ
ਚਿੱਟੇ ਦੀ ਗੁਫ਼ਾ ਵਿੱਚ
ਜਵਾਨੀ ਦੇ ਪਿੰਜਰ ਗਿਣਨ ਲਈ...
ਇਸ ਖ਼ਤ ਦੇ
ਅੱਖਰ-ਅੱਖਰ ਵਿੱਚ
ਸਿਆਹੀ ਨਹੀਂ
ਮੇਰੇ ਹੰਝੂ ਤੇ ਖ਼ੂਨ ਘੁਲ਼ਿਆ ਹੈ
ਇਹ ਖ਼ਤ ਹੀ ਨਹੀਂ
ਦਾਸਤਾਂ-ਏ-ਪੀੜ ਏ
ਇਹ ਖ਼ਤ ਆਜ਼ਾਦ ਏ
ਮੇਰੇ ਦੋਸਤੋ!
ਇਸ ਨੂੰ ਆਪਣੇ ਤੱਕ ਹੀ
ਸੀਮਿਤ ਨਾ ਰੱਖਣਾ
ਸਗੋਂ ਇਸ ਨੂੰ ਘੁੰਮਣ ਦੇਣਾ
ਇਸ ਕੱਟੜ ਧਾਰਮਿਕ ਦੇਸ ਅੰਦਰ
ਜਿੱਥੇ ਚੱਲ ਰਹੀ ਹੈ
ਮਜ਼ਹਬਾਂ, ਦੰਗਿਆਂ ਦੀ ਜ਼ਹਿਰੀਲੀ ਹਵਾ...
ਮੇਰੇ ਲਈ ਲੱਭਣਾ
ਸਿਆਸੀ ਇਨਕਲਾਬ ਦੇ ਅਰਥ
ਕੀ ਇੱਕ ਪਾਰਟੀ ਦਾ ਹਾਰ ਜਾਣਾ
ਦੂਜੀ ਦਾ ਜਿੱਤ ਜਾਣਾ
ਇਨਕਲਾਬ ਹੈ?
ਮੈਨੂੰ ਇਸ ਇਨਕਲਾਬ ’ਚੋਂ
ਸਿਆਸਤ ਦੀ ਬੂਅ ਆਉਂਦੀ ਐ
ਵੇਖਿਓ ਕਿਤੇ!
ਭਗਤ ਸਿੰਘ ਵਾਲੇ ਇਨਕਲਾਬ ਦੇ
ਅਰਥ ਹੀ ਨਾ ਬਦਲ ਜਾਣ
ਮੂੰਹ ਅੱਡੀ ਖੜ੍ਹਾ ਸਾਮਰਾਜਵਾਦ
ਜ਼ਹਿਰ ਨਾ ਉਗਲ਼ ਦੇਵੇ
ਤੁਹਾਡੇ ਉੱਠੇ ਹੋਏ ਹੱਥਾਂ ਦੇ ਉੱਤੇ...
ਮੇਰਾ ਖ਼ਤ ਦਰਦ ਭਰਿਆ
ਦੁੱਖ ਹੰਢਾਉਂਦਾ
ਹੰਝੂ ਵਹਾਉਂਦਾ
ਵਿਯੋਗੀ ਰੁੱਤੇ ਵੀ
ਮੁਹੱਬਤ ਦੇ ਗੀਤ ਗਾਉਂਦਾ
ਮਸਤ ਹੋ ਨੱਚਦਾ
ਉਮੀਦ ਦੀ ਕਿਰਨ ਬਣ ਜਚਦਾ
ਜਿਸ ਦਾ ਹਰ ਸ਼ਬਦ
ਦੋਸਤਾਂ-ਦੁਸ਼ਮਣਾਂ ਦੇ ਲਹੂ ਵਿੱਚ ਰਚਦਾ
ਪੈਦਾ ਕਰੇਗਾ ਸੀਨਿਆਂ ’ਚ
ਕੁਝ ਅਣਸੁਲਝੇ ਹੋਏ
ਸਵਾਲਾਂ ਦਾ ਸਿਲਸਿਲਾ
ਉਹ ਮੇਰੇ ਖ਼ਤ ਦੇ ਜਵਾਬ ਲਈ
ਨਿਕਲਣਗੇ ਘਰਾਂ ’ਚੋਂ
ਮਹਿਬੂਬਾ ਦੀਆਂ ਜੁਲਫ਼ਾਂ ਦੀ ਛਾਂ ’ਚੋਂ
ਮਾਰ ਧਰਮਾਂ, ਜਾਤਾਂ ਦੀ ਨਫ਼ਰਤ ਨੂੰ
ਰਾਖ ਸੁੱਟ ਕਿਸੇ ਡੂੰਘੇ ਖੂਹ ਅੰਦਰ
ਭਰ ਦੇਣਗੇ ਭਾਈਚਾਰੇ ਦੀ
ਸਾਂਝੀ ਮਿੱਟੀ ਨਾਲ
ਸਿਆਸਤ ਦਾ ਜ਼ਹਿਰੀਲਾ ਨਾਗ
ਤੋੜ ਦੇਵੇਗਾ ਉਸ ਅੰਦਰ ਆਪਣਾ ਦਮ...
ਜਦ ਵੀ ਮਿਲੇ
ਖ਼ਤ ਦਾ ਜਵਾਬ ਭੇਜਣਾ ਦੋਸਤੋ!
ਮੈਂ ਇੰਤਜ਼ਾਰ ਵਿੱਚ ਰਹਾਂਗਾ
ਤੁਹਾਨੂੰ ਇੱਕ ਹੋਰ ਖ਼ਤ ਲਿਖਣ ਲਈ
ਜਦੋਂ ਮਿਟ ਜਾਣਗੇ
ਇਸ ਖ਼ਤ ਵਿਚਲੇ ਦੋਸ਼...
ਉਹ ਖ਼ਤ ਹੋਵੇਗਾ
ਇਨਕਲਾਬ ਦਾ,
ਜੰਗ ਦਾ, ਤੁਹਾਡੀ ਜਿੱਤ ਦਾ,
ਜ਼ਿੰਦਗੀ ਜਿਉਣ ਦਾ,
ਜਸ਼ਨ ਦਾ, ਮੁਹੱਬਤ ਦਾ,
ਸੁਨਹਿਰੀ ਕਿਰਨਾਂ ਦਾ
ਨਵੇਂ ਖ਼ੁਸ਼ਹਾਲ,
ਹੱਸਦੇ ਵਸਦੇ ਵਤਨ ਦਾ,
ਫ਼ਤਹਿ ਦੇ ਝੰਡੇ ਦਾ,
ਤੁਹਾਡੇ ਚੁੱਕੇ ਕ੍ਰਾਂਤੀ ਦੇ ਡੰਡੇ ਦਾ।
ਤੁਸੀਂ ਵੀ ਉਡੀਕ ਰੱਖਿਓ
ਮੈਂ ਜ਼ਰੂਰ ਲਿਖਾਂਗਾ...
ਸੰਪਰਕ: 97804-51878
* * *
ਸੱਚੇ ਬੋਲ
ਚਰਨ ਸਿੰਘ ਮਾਹੀ
ਆਖਦੇ ਨੇ ਲੋਕੀਂ ਹੁੰਦੀ ਸੱਚ ਤਾਈਂ ਫਾਂਸੀ।
ਪਰ ਸੱਚ ਦੇ ਮੂੰਹ ’ਤੇ ਕਦੇ ਦੇਖੀ ਨ੍ਹੀਂ ਉਦਾਸੀ।
ਝੂਠੇ ਦੀ ਹਾਮੀ ਕਦੇ ਭਰਦਾ ਨ੍ਹੀਂ ਹੁੰਦਾ।
ਤਾਹੀਉਂ ਤਾਂ ਲੋਕੋ ਸੱਚ ਮਰਦਾ ਨ੍ਹੀਂ ਹੁੰਦਾ।
ਸੱਚ ਦੇ ਰਾਹ ਵਿੱਚ ਬੜੇ ਟਿੱਬੇ ਟੋਏ ਨੇ।
ਰਾਹ ਜਿਹੜੇ ਇਸ ਦਾ ਰੋਕ ਕੇ ਖਲੋਏ ਨੇ।
ਕਦੇ ਵੀ ਤੂਫ਼ਾਨਾਂ ਤੋਂ ਡਰਦਾ ਨ੍ਹੀਂ ਹੁੰਦਾ।
ਤਾਹੀਉਂ ਤਾਂ ਲੋਕੋ ਸੱਚ ਮਰਦਾ ਨ੍ਹੀਂ ਹੁੰਦਾ।
ਸੱਚ ਤਾਂ ਹਮੇਸ਼ਾ ਰਹਿੰਦਾ ਸ਼ੇਰ ਵਾਂਗੂੰ ਗੱਜਦਾ।
ਛੱਡ ਕੇ ਮੈਦਾਨ ਇਹ ਕਦੇ ਨਹੀਂ ਭੱਜਦਾ।
ਹੁੰਦਾ ਕਿਤੇ ਜ਼ੁਲਮ ਇਹ ਜਰਦਾ ਨ੍ਹੀਂ ਹੁੰਦਾ।
ਤਾਹੀਉਂ ਤਾਂ ਲੋਕੋ ਸੱਚ ਮਰਦਾ ਨੀਂ ਹੁੰਦਾ।
ਸੱਚ ਤੇ ਹਮੇਸ਼ਾ ਰਹਿੰਦੀ ਦੁਨੀਆ ਹੈ ਮੱਚਦੀ।
ਆਖ਼ਰ ਨੂੰ ਜਿੱਤ ਸਦਾ ਹੁੰਦੀ ਹੈ ਸੱਚ ਦੀ।
ਝੂਠੀ ਗੱਲ ਕਦੇ ਮਾਹੀ ਕਰਦਾ ਨ੍ਹੀਂ ਹੁੰਦਾ।
ਤਾਹੀਉਂ ਤਾਂ ਲੋਕੋ ਸੱਚ ਮਰਦਾ ਨ੍ਹੀਂ ਹੁੰਦਾ।
ਸੰਪਰਕ: 99143-64728
* * *
ਗ਼ਜ਼ਲ
ਬਿੰਦਰਜੀਤ ਕੌਰ
ਉੱਗਣਗੇ ਕਿੱਦਾਂ ਪਥਰੀਲੇ ਰਾਹਾਂ ਦੇ ਵਿੱਚ
ਇਹ ਬੀਜ ਜੋ ਬੀਜੇ ਨੇ ਬੰਜਰ ਥਾਵਾਂ ਦੇ ਵਿੱਚ
ਸੁਗੰਧੀਆਂ ਦੀ ਭਾਲ ਹਾਲੇ ਵੀ ਬਰਕਰਾਰ
ਹਵਾ ਜ਼ਹਿਰ ਘੋਲ ਰਹੀ ਮੇਰਿਆਂ ਸਾਹਾਂ ਦੇ ਵਿੱਚ
ਅਤਿ ਦੀ ਪਿਆਸ ਤੇ ਪਾਣੀ ’ਚ ਵੀ ਜ਼ਹਿਰ
ਜ਼ਿੰਦਗੀ ਦੀ ਭਾਲ ਸਿਸਕੀਆਂ ਆਹਾਂ ਦੇ ਵਿੱਚ
ਬਾਗ਼ਾਂ ’ਚ ਵੀ ਵਾਹ ਮੇਰਾ ਕੰਢਿਆਂ ਦੇ ਨਾਲ
ਕਸੂਰ ਵੀ ਤੇ ਦੱਸੋ ਦਿੱਤੀਆਂ ਸਜ਼ਾਵਾਂ ਦੇ ਵਿੱਚ
ਹੁਣ ਸੂਰਜ ਦੂਰ ਕਰੇ ਮੇਰੇ ਘਰ ਦੇ ਨ੍ਹੇਰੇ
ਦਮ ਘੁੱਟਦਾ ਹੈ ਠੰਢੀਆਂ ਛਾਵਾਂ ਦੇ ਵਿੱਚ
ਨੈਣਾਂ ਨੂੰ ਛੱਡ ਅੰਬਰਾਂ ਤੋਂ ਬਰਸ ਜਾਂਦਾ
ਕੋਈ ਚੀਸ ਹੀ ਨਹੀਂ ਤੇਰੀਆਂ ਧਾਹਾਂ ਦੇ ਵਿੱਚ
ਕਾਇਨਾਤ ਵੀ ਮਿਲਾਵੇ ਜੋ ਮਨ ਤੋਂ ਚਾਹੀਏ
ਮੈਂ ਸ਼ਾਮਿਲ ਨਹੀਂ ਤੇਰੀਆਂ ਦੁਆਵਾਂ ਦੇ ਵਿੱਚ।
ਈ-ਮੇਲ: jitbinderjit@gmail.com
* * *