ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿੱਦਿਆ ਦੇ ਮੰਦਰ

06:10 AM Feb 23, 2024 IST

ਕੁਲਦੀਪ ਧਨੌਲਾ

Advertisement

ਗੱਲ ਕੋਈ ਚਾਰ ਵਰ੍ਹੇ ਪਹਿਲਾਂ ਦੀ ਹੈ। ਪਤਨੀ ਦੀ ਭਤੀਜੀ 10 2 ਕਲਾਸ ਵਿਚ ਪੁੱਜੀ ਤਾਂ ਭੂਆ ਨੂੰ ਉਹਦੀ ਅਗਲੀ ਪੜ੍ਹਾਈ ਦੀ ਚਿੰਤਾ ਵੱਢ ਵੱਢ ਖਾਣ ਲੱਗ ਪਈ ਕਿ ਜੇ ਚੰਗੇ ਨੰਬਰ ਨਾ ਆਏ, ਚੰਡੀਗੜ੍ਹ ਵਿਚ ਦਾਖ਼ਲਾ ਮਿਲਣਾ ਔਖਾ ਹੋ ਜਾਵੇਗਾ। ਪਿੰਡਾਂ ਤੋਂ ਆਉਣ-ਜਾਣ ਸਮੇਂ ਕੁੜੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਰਾਜਧਾਨੀ ਵਿਚ ਘੱਟ ਨੰਬਰਾਂ ਵਾਲਿਆਂ ਨੂੰ ਦਾਖ਼ਲਾ ਨਹੀਂ ਮਿਲਦਾ ਪਰ ਕੁੜੀ ਨੇ ਜਦੋਂ 92 ਫ਼ੀਸਦ ਅੰਕ ਪ੍ਰਾਪਤ ਕੀਤੇ ਤਾਂ ਭੂਆ ਨੂੰ ਇੰਨੀ ਖ਼ੁਸ਼ੀ ਹੋਈ ਜਿਵੇਂ ਨੌਕਰੀ ਮਿਲ ਗਈ ਹੋਵੇ! ਪੜ੍ਹਾਈ ਪੱਖੋਂ ਵਧੀਆ ਸੁਣੀਂਦੇ ਕਾਲਜ ਵਿਚ ਤਾਂ ਸੀਟਾਂ ਫੁੱਲ ਹੋ ਗਈਆਂ; ਹੁਣ ਨਾ ਚਾਹੁੰਦਿਆਂ ਵੀ ਕੁੜੀਆਂ ਦੇ ਇਕ ਹੋਰ ਕਾਲਜ ਵਿਚ ਦਾਖ਼ਲਾ ਲੈਣਾ ਪੈਣਾ ਸੀ। ਕਾਲਜ ਦੀ ਪ੍ਰਿੰਸੀਪਲ ਨੇ ਇਹ ਕਹਿ ਕੇ ਫੀਸ ਭਰਨ ਤੋਰ ਦਿੱਤਾ- “ਅਗਲੇ ਸਾਲ ਭਾਵੇਂ ਕਾਲਜ ਬਦਲ ਲਿਓ।”
ਖ਼ੈਰ! ਭਰੋਸੇ ਬਾਅਦ ਫੀਸ ਭਰ ਦਿੱਤੀ ਗਈ। ਅਗਲੇ ਵਰ੍ਹੇ ਕੁੜੀ ਨੇ ਹੋਰ ਕੁੜੀਆਂ ਨਾਲ ਪਹਿਲੇ ਕਾਲਜ ਵਿਚ ਫੀਸ ਭਰਨ ਦੇ ਨਾਲ ਨਾਲ ਇਕ ਹੋਰ ਕਾਲਜ ਦੀ ਫੀਸ ਵੀ ਭਰ ਦਿੱਤੀ; ਇੱਥੇ ਫੀਸ ਤਾਂ ਭਰਨੀ ਪਈ ਕਿਉਂਕਿ ਜੇ ਅੱਗੇ ਸੀਟ ਨਾ ਮਿਲੀ ਤੇ ਇਹ ਵੀ ਨਾ ਜਾਂਦੀ ਰਹੇ। ਜਦੋਂ 50 ਸੈਕਟਰ ਕਾਲਜ ਵਾਲਿਆਂ ਨੇ ਐੱਨਓਸੀ ਲਿਆਉਣ ਲਈ ਕਿਹਾ ਤਾਂ ਪਹਿਲੇ ਕਾਲਜ ਵਾਲੀ ਪ੍ਰਿੰਸੀਪਲ ਨੇ ਫੀਸ ਵਾਪਸੀ ਦੇ ਵਾਅਦੇ ਅਤੇ ਐੱਨਓਸੀ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ। ਅਸੀਂ ਮੀਆਂ-ਬੀਵੀ ਕਾਲਜ ਗਏ ਤਾਂ ਉੱਥੇ ਇਕ ਵਾਹਵਾ ਸਰਗਰਮ ਮੈਡਮ ਸਾਨੂੰ ਕਹਿਣ ਲੱਗੇ, “ਤੁਹਾਨੂੰ ਕਿਸ ਨੇ ਬੁਲਾਇਐ?”
“ਪ੍ਰਿੰਸੀਪਲ ਮੈਡਮ ਨੇ।” ਪ੍ਰਿੰਸੀਪਲ ਨਾਲ ਪਹਿਲਾਂ ਫੋਨ ’ਤੇ ਸਾਡੀ ਗੱਲ ਹੋ ਚੁੱਕੀ ਸੀ।
ਇੰਨੀ ਗੱਲ ਸੁਣ ਕੇ ਉਹ ਕਮਰੇ ਵਿਚੋਂ ਚਲੇ ਗਏ। ਕੁੜੀਆਂ ਦੇ ਦੱਸਣ ਅਨੁਸਾਰ, ਇਸ ਮੈਡਮ ਦੀ ਮਰਜ਼ੀ ਤੋਂ ਬਿਨਾਂ ਇੱਥੇ ਪੱਤਾ ਨਹੀਂ ਹਿਲਦਾ। ਅਸੀਂ ਪ੍ਰਿੰਸੀਪਲ ਨੂੰ ਦਾਖ਼ਲੇ ਵੇਲੇ ਕੀਤੇ ਵਾਅਦੇ ਯਾਦ ਕਰਵਾਏ ਪਰ ਉਨ੍ਹਾਂ ਉੱਤੇ ਕਿਸੇ ਦਲੀਲ-ਅਪੀਲ ਦਾ ਕੋਈ ਅਸਰ ਹੀ ਨਾ ਹੋਇਆ। ‘ਪੱਥਰ ਉੱਤੇ ਬੂੰਦ ਨਾ ਕੋਈ ਅਸਰ ਪਚਾਵੇ’ ਵਾਲੀ ਗੱਲ ਹੋਈ ਤੇ ਆਖਿ਼ਰਕਾਰ ਅਸੀਂ ਘਰ ਵਾਪਸ ਆ ਗਏ।
ਫਿਰ ਕਰੋਨਾ ਆ ਗਿਆ। ਤਿੰਨ ਸਾਲ ਪੂਰੇ ਹੋਣ ਉੱਤੇ ਕੁੜੀ ਨੂੰ ਉਹੀ ਮੈਡਮ ਕਹਿਣ ਲੱਗੇ, “ਪਹਿਲਾਂ ਐੱਮਕਾਮ ਦੀ ਫੀਸ ਭਰੋ, ਨਹੀਂ ਮੈਂ ਤੁਹਾਡਾ ਸਮਰ ਟਰੇਨਿੰਗ ਪ੍ਰਾਜੈਕਟ ਨਹੀਂ ਲੈਂਦੀ।”
ਜਦੋਂ ਕੁੜੀ ਨੇ ਕਿਹਾ ਕਿ ‘ਮੈਡਮ ਇਹ ਸਮਰ ਟਰੇਨਿੰਗ ਪ੍ਰਾਜੈਕਟ ਤਾਂ ਪਿਛਲੇ ਸਾਲ (ਸੈਸ਼ਨ) ਦਾ ਹੈ ਜਿਸ ਦੀ ਮੈਂ ਫੀਸ ਕਾਲਜ ਨੂੰ ਪਹਿਲਾਂ ਦੇ ਚੁੱਕੀ ਹਾਂ’ ਤਾਂ ਮੈਡਮ ‘ਭੱਠੀ ਦੀ ਖਿੱਲ ਵਾਂਗ’ ਭੜਕ ਪਏ ਅਤੇ ਕਮਰੇ ਵਿਚੋਂ ਬਾਹਰ ਜਾਂਦੇ ਹੋਏ ਕਹਿ ਗਏ, “ਹੁਣ ਤੂੰ ਮੈਨੂੰ ਦੱਸੇਂਗੀ- ਕੀ ਠੀਕ ਐ, ਕੀ ਗ਼ਲਤ?”
ਇਸ ਤੋਂ ਬਾਅਦ ਅਗਲੇ ਦਿਨ ਅਸੀਂ ਮੀਆਂ-ਬੀਵੀ ਫਿਰ ਕਾਲਜ ਗਏ। ਸਾਨੂੰ ਉਸੇ ਮੈਡਮ ਨੂੰ ਮਿਲਣ ਲਈ ਕਹਿ ਦਿੱਤਾ ਗਿਆ। ਅਸੀਂ ਸਾਫ਼ ਕਹਿ ਦਿੱਤਾ ਕਿ ਮੈਡਮ ਦਾ ਵਿਹਾਰ ਠੀਕ ਨਹੀਂ, ਅਸੀਂ ਤਾਂ ਪ੍ਰਿੰਸੀਪਲ ਨੂੰ ਹੀ ਮਿਲਣਾ ਹੈ। ਜਦੋਂ ਪ੍ਰਿੰਸੀਪਲ ਨੂੰ ਸਮਰ ਟਰੇਨਿੰਗ ਪ੍ਰਾਜੈਕਟ ਲੈਣ ਤੋਂ ਨਾਂਹ ਕਰਨ ਬਾਰੇ ਦੱਸਿਆ ਤਾਂ ਉਹ ਕਹਿਣ ਲੱਗੇ, “ਇਹ ਤਾਂ ਪਿਛਲੇ ਸਾਲ ਦਾ ਹੈ, ਇਸ ਤੋਂ ਅਸੀਂ ਇਨਕਾਰ ਨਹੀਂ ਕਰ ਸਕਦੇ” ਪਰ ਨਾਲ ਹੀ ਕਹਿ ਦਿੱਤਾ, “ਬੱਚੀ ਐੱਮਕਾਮ ਦੀ ਫੀਸ ਕਿਉਂ ਨਹੀਂ ਭਰ ਰਹੀ?”
ਅਸੀਂ ਕਿਹਾ, “ਉਹ ਤਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੱਤਰ-ਵਿਹਾਰ ਰਾਹੀਂ ਪੜ੍ਹਨਾ ਚਾਹੁੰਦੀ ਹੈ, ਤੁਸੀਂ ਐੱਨਓਸੀ ਦੇ ਦਿਓ। ਨਾਲੇ ਉਹਦੇ ਮਾਪੇ ਐਨੀ ਫੀਸ ਵੀ ਨਹੀਂ ਦੇ ਸਕਦੇ।”
ਪ੍ਰਿੰਸੀਪਲ ਕਹਿਣ ਲੱਗੇ, “ਯੂਨੀਵਰਸਿਟੀ ਦੀਆਂ ਗਾਈਡ ਲਾਈਨਜ਼ ਦੇਖਾਂਗੀ, ਪਰਸੋਂ ਨੂੰ ਸਾਡੀ ਮੀਟਿੰਗ ਹੈ, ਅਰਜ਼ੀ ’ਤੇ ਮੋਬਾਈਲ ਨੰਬਰ ਲਿਖ ਜਾਓ, ਅਸੀਂ ਤੁਹਾਨੂੰ ਦੱਸ ਦੇਵਾਂਗੇ?”
ਅਸਲ ਵਿਚ ਪ੍ਰਿੰਸੀਪਲ ਵੀ ਸਾਨੂੰ ਟਾਲਣਾ ਚਾਹੁੰਦੀ ਸੀ ਕਿਉਂਕਿ ਉਨ੍ਹਾਂ ਨੂੰ ਇਹ ਪਤਾ ਸੀ ਕਿ ਐੱਮਕਾਮ ਦੀ ਫੀਸ ਭਰਨ ਦੀ ਤਰੀਕ ਨੇੜੇ ਆ ਰਹੀ ਹੈ, ਬੱਚੇ ਸੀਟ ਬਚਾਉਣ ਦੇ ਮਾਰੇ ਮਜਬੂਰੀਵਸ ਫੀਸ ਭਰਨਗੇ।
ਤਿੰਨ-ਚਾਰ ਦਿਨ ਜਦੋਂ ਫੋਨ ਨਾ ਆਇਆ ਤਾਂ ਅਸੀਂ ਫਿਰ ਕਾਲਜ ਚਲੇ ਗਏ। ਫਿਰ ਤਾਂ ਪ੍ਰਿੰਸੀਪਲ ਸਾਹਿਬਾ ਉਲਟਾ ਸਾਨੂੰ ਕਹਿਣ ਲੱਗੇ, “ਤੁਸੀਂ ਆਏ ਹੀ ਨਹੀਂ?”
ਅਸੀਂ ਕਿਹਾ, “ਮੈਡਮ ਤੁਸੀਂ ਆਪ ਹੀ ਤਾਂ ਕਿਹਾ ਸੀ ਕਿ ਅਸੀਂ ਦੱਸਾਂਗੇ।” ਉਹ ਕਹਿੰਦੇ, “ਮੀਟਿੰਗ ਵਿਚ ਤੁਹਾਡੀ ਅਰਜ਼ੀ ਪਾਸ ਨਹੀਂ ਹੋਈ, ਤੁਸੀਂ ਅਗਲੀ ਫੀਸ ਇੱਥੇ ਭਰ ਜਾਓ। ਅਸੀਂ ਲੋਕਲ ਕਾਲਜ ਲਈ ਐੱਨਓਸੀ ਨਹੀਂ ਦਿੰਦੇ।”
ਅਸੀਂ ਉਨ੍ਹਾਂ ਮੂਹਰੇ ਹੋਰ ਕਾਲਜਾਂ ਦੀਆਂ ਐੱਨਓਸੀਜ਼ ਰੱਖ ਦਿੱਤੀਆਂ, “ਇਹ ਸਾਰੇ ਕਾਲਜ ਤਾਂ ਦੇ ਰਹੇ ਨੇ... ਤੁਸੀਂ ਕਿਉਂ ਨਹੀਂ?” ਉਹ ਸਾਡੀ ਗੱਲ ਦਾ ਜਵਾਬ ਦੇਣ ਦੀ ਥਾਂ ਫਿਰ ਕਹਿਣ ਲੱਗੇ, “ਤੁਸੀਂ ਇਉਂ ਕਰੋ, ਫੀਸ ਇੱਥੇ ਹੀ ਭਰ ਦਿਓ।”
ਇਸ ਮੁਕਾਮ ’ਤੇ ਪਹੁੰਚ ਕੇ ਸਾਡੀ ਹਾਲਤ ਦੇਖਣ ਵਾਲੀ ਸੀ। ਅਸੀਂ ਕੁਝ ਉੱਚਾ ਵੀ ਬੋਲੇ। ਅੱਧਾ-ਪੌਣਾ ਘੰਟਾ ਬਹਿਸਦੇ ਰਹੇ ਪਰ ਉਹ ਟੱਸ ਤੋਂ ਮੱਸ ਨਾ ਹੋਏ... ਤੇ ਅਸੀਂ ਕਾਲਜ ਤੋਂ ਬਾਹਰ ਆ ਕੇ ਫੀਸ ਭਰਨ ਪੰਜਾਬ ਯੂਨੀਵਰਸਿਟੀ ਵੱਲ ਚੱਲ ਪਏ।
ਸੰਪਰਕ: 94642-91023

Advertisement
Advertisement