ਟੈਲੀਵਿਜ਼ਨ ਅਜੇ ਵੀ ਹੈ ਪੇਂਡੂ ਪੰਜਾਬ ਦਾ ਪਸੰਦੀਦਾ ਮਨੋਰੰਜਨ
ਖੇਤਰੀ ਪ੍ਰਤੀਨਿਧ
ਪਟਿਆਲਾ, 31 ਮਾਰਚ
ਪੰਜਾਬ ਦੇ ਪਿੰਡਾਂ ਵਿੱਚ ਟੈਲੀਵਿਜ਼ਨ ਦੇ ਪ੍ਰਭਾਵਾਂ ਬਾਰੇ ਪੰਜਾਬੀ ਯੂਨੀਵਰਸਿਟੀ ਦੇ ਤਾਜ਼ਾ ਅਧਿਐਨ ਰਾਹੀਂ ਅਹਿਮ ਨਤੀਜੇ ਸਾਹਮਣੇ ਆਏ ਹਨ। ਇਸ ਅਧਿਐਨ ਰਾਹੀਂ ਪੇਂਡੂ ਪੰਜਾਬ ਉੱਤੇ ਟੈਲੀਵਿਜ਼ਨ ਦੇ ਪ੍ਰਭਾਵਾਂ ਬਾਰੇ ਵੱਖ-ਵੱਖ ਪਾਸਾਰਾਂ ਤੋਂ ਪੜਚੋਲ ਕੀਤੀ ਗਈ ਹੈ। ਇਹ ਖੋਜ ਯੂਨੀਵਰਸਿਟੀ ਦੇ ਸਮਾਜ ਸ਼ਾਸਤਰ ਅਤੇ ਸਮਾਜਿਕ ਮਾਨਵ-ਵਿਗਿਆਨ ਵਿਭਾਗ ਵਿੱਚ ਡਾ. ਦੀਪਕ ਕੁਮਾਰ ਦੀ ਨਿਗਰਾਨੀ ਹੇਠ ਖੋਜਾਰਥੀ ਮਨੀ ਇੰਦਰਪਾਲ ਸਿੰਘ ਵੱਲੋਂ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਟੈਲੀਵਿਜ਼ਨ ਕਦੇ ਪੇਂਡੂ ਪੰਜਾਬ ਵਿੱਚ ਇੱਕ ਨਵੀਨ ਗੱਲ ਸੀ, ਜਿਸ ਨੇ ਲੋਕਾਂ ਦੀਆਂ ਆਦਤਾਂ, ਕੱਪੜਿਆਂ ਦੀ ਚੋਣ, ਸੌਣ ਦੇ ਸਮੇਂ ਅਤੇ ਇੱਥੋਂ ਤੱਕ ਕਿ ਉਨ੍ਹਾਂ ਦੀ ਸੰਚਾਰ ਗਤੀਸ਼ੀਲਤਾ ਨੂੰ ਆਕਾਰ ਦੇਣ ਵਿੱਚ ਆਪਣੀ ਭੂਮਿਕਾ ਨਿਭਾਈ ਹੈ। ਟੈਲੀਵਿਜ਼ਨ ਨੇ ਪੇਂਡੂ ਜੀਵਨ ਨੂੰ ਆਧੁਨਿਕ ਸਮਾਜਿਕ-ਆਰਥਿਕ ਅਭਿਆਸਾਂ ਅਤੇ ਵਿਸ਼ਵੀ ਵਿਚਾਰਾਂ ਨਾਲ ਜੋੜਨ ਦਾ ਕੰਮ ਕੀਤਾ ਹੈ। ਖੋਜ ਰਾਹੀਂ ਲੋਕਾਂ ਦੇ ਖਪਤਕਾਰ ਜਾਂ ਵਰਤੋਂਕਾਰ ਵਜੋਂ ਵਿਚਰਦਿਆਂ ਵਸਤੂਆਂ ਦੀ ਖਰੀਦ ਕਰਨ ਦੇ ਵਿਵਹਾਰ ਉੱਤੇ ਟੈਲੀਵਿਜ਼ਨ ਦੇ ਪ੍ਰਭਾਵ ਨੂੰ ਵੀ ਸਮਝਿਆ ਗਿਆ ਹੈ। ਇਸ਼ਤਿਹਾਰ ਅਤੇ ਟੈਲੀਵਿਜ਼ਨ ਸ਼ੋਅ ਪੇਂਡੂ ਪੱਧਰ ’ਤੇ ਵੀ ਅਜਿਹੀ ਜੀਵਨਸ਼ੈਲੀ ਨੂੰ ਉਤਸ਼ਾਹਿਤ ਕਰਦੇ ਹਨ। ਭਾਵ ਪੇਂਡੂ ਪੰਜਾਬ ਵਿੱਚ ਵੀ ਟੈਲੀਵਿਜ਼ਨ ਰਾਹੀਂ ਸੰਚਾਲਿਤ ਖਪਤਕਾਰ ਸੱਭਿਆਚਾਰ ਨੂੰ ਉਤਸ਼ਾਹਿਤ ਕੀਤਾ ਗਿਆ ਹੈ।
ਬੇਲੋੜੀਆਂ ਚੀਜ਼ਾਂ ਖਰੀਦਣ ਦਾ ਅਜਿਹਾ ਰੁਝਾਨ ਪੇਂਡੂ ਪੰਜਾਬੀ ਲੋਕਾਂ ਦੇ ਰਹਿਣ-ਸਹਿਣ ਦੇ ਢੰਗ ਨੂੰ ਬਦਲ ਰਿਹਾ ਹੈ। ਇਹ ਪੱਖ ਵੀ ਸਾਹਮਣੇ ਆਇਆ ਕਿ ਪੇਂਡੂ ਸਮਾਜ ਵਿੱਚ ਜਾਤੀ ਅਤੇ ਧਾਰਮਿਕ ਚੇਤਨਾ ਨੂੰ ਪ੍ਰਚੰਡ ਕਰਨ ਵਿੱਚ ਵੀ ਟੈਲੀਵਿਜ਼ਨ ਪ੍ਰੋਗਰਾਮਾਂ ਦੀ ਭੂਮਿਕਾ ਰਹੀ ਹੈ। ਹਾਲਾਂਕਿ ਇਹ ਜਾਗਰੂਕਤਾ ਕੁਝ ਤਰੀਕਿਆਂ ਨਾਲ ਚੰਗੀ ਹੋ ਸਕਦੀ ਹੈ, ਪਰੰਤੂ ਇਹ ਲੋਕਾਂ ਵਿੱਚ ਵੰਡੀਆਂ ਪੈਦਾ ਕਰਨ ਦੀ ਸਮਰੱਥਾ ਵੀ ਰੱਖਦੀ ਹੈ। ਇਸੇ ਤਰ੍ਹਾਂ ਟੈਲੀਵਿਜ਼ਨ ਪੇਂਡੂ ਖੇਤਰਾਂ ਵਿੱਚ ਸਮਾਜਿਕ ਅਤੇ ਰਾਜਨੀਤਿਕ ਪਛਾਣਾਂ ਨੂੰ ਆਕਾਰ ਦੇਣ ਦਾ ਇੱਕ ਸਾਧਨ ਵੀ ਬਣ ਰਿਹਾ ਹੈ। ਅਧਿਐਨ ਦਸਦਾ ਹੈ ਕਿ ਮਨੋਰੰਜਨ ਪ੍ਰਾਪਤ ਕਰਨ ਦੇ ਨਵੇਂ ਤਰੀਕਿਆਂ ਦੇ ਬਾਵਜੂਦ, ਟੀਵੀ ਅਜੇ ਵੀ ਪੇਂਡੂ ਪੰਜਾਬ ਦਾ ਪਸੰਦੀਦਾ ਮਨੋਰੰਜਨ ਹੈ। ਬਹੁਗਿਣਤੀ ਲੋਕ ਬਾਹਰੀ ਗਤੀਵਿਧੀਆਂ ਨਾਲੋਂ ਟੈਲੀਵਿਜ਼ਨ ਨੂੰ ਤਰਜੀਹ ਦਿੰਦੇ ਹਨ।