ਟੈਲੀਕਾਮ ਅਪਰੇਟਰ ਪੰਜ ਸਾਲ ਲਈ ਮਨੀਪੁਰ ਦੇ ਵੇਰਵੇ ਸੰਭਾਲਣ: ਕੇਂਦਰ
ਨਵੀਂ ਦਿੱਲੀ (ਅਨਿਮੇਸ਼ ਸਿੰਘ): ਮਨੀਪੁਰ ’ਚ ਭੜਕੀ ਜਾਤੀ ਹਿੰਸਾ ਵਿਚਾਲੇ ਕੇਂਦਰ ਨੇ ਸੂਬੇ ’ਚ ਦੂਰਸੰਚਾਰ ਅਪਰੇਟਰਾਂ ਨੂੰ ਉੱਥੋਂ ਦੇ ਹਰ ਨਾਗਰਿਕ ਦੀਆਂ ਕਾਲਾਂ ਦਾ ਰਿਕਾਰਡ ਪੰਜ ਸਾਲ ਤੱਕ ਸੰਭਾਲਣ ਦਾ ਨਿਰਦੇਸ਼ ਦਿੱਤਾ ਹੈ। ਉੱਚ ਪੱਧਰੀ ਸੂਤਰਾਂ ਅਨੁਸਾਰ ਟੈਲੀਕਾਮ ਵਿਭਾਗ ਨੂੰ ਇਹ ਹਦਾਇਤਾਂ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਸੂਬੇ ’ਚ ਹਥਿਆਰਬੰਦ ਅਤਿਵਾਦੀਆਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖੀ ਜਾ ਸਕੇ। ਇਹ ਘਟਨਾਕ੍ਰਮ ਮਨੀਪੁਰ ਦੇ ਜਿਰੀਬਾਮ ਜ਼ਿਲ੍ਹੇ ਦੇ ਕਬਾਇਲੀ ਬਹੁ-ਗਿਣਤੀ ਅਬਾਦੀ ਵਾਲੇ ਇੱਥ ਪਿੰਡ ’ਚ ਹਥਿਆਰਬੰਦ ਅਤਿਵਾਦੀਆਂ ਵੱਲੋਂ ਹਮਲਾ ਕਰਨ ਦੀਆਂ ਹਾਲ ਹੀ ਵਿੱਚ ਵਾਪਰੀਆਂ ਘਟਨਾਵਾਂ ਵਿਚਾਲੇ ਵਾਪਰਿਆ ਹੈ। ਇਸ ਹਮਲੇ ਦੌਰਾਨ ਇੱਕ ਮਹਿਲਾ ਨੂੰ ਗੋਲੀ ਮਾਰ ਦਿੱਤੀ ਗਈ ਸੀ ਅਤੇ ਕਥਿਤ ਤੌਰ ’ਤੇ ਜਬਰ ਜਨਾਹ ਮਗਰੋਂ ਉਸ ਨੂੰ ਸਾੜ ਕੇ ਮਾਰ ਦਿੱਤਾ ਗਿਆ ਸੀ। 7 ਨਵੰਬਰ ਨੂੰ ਵਾਪਰੀ ਇਸ ਘਟਨਾ ਮਗਰੋਂ 11 ਨਵੰਬਰ ਨੂੰ ਸ਼ੱਕੀ ਅਤਿਵਾਦੀਆਂ ਨੇ ਸੀਆਰਪੀਐੱਫ ਦੇ ਕੈਂਪ ’ਤੇ ਹਮਲਾ ਕਰ ਦਿੱਤਾ ਸੀ ਜਿਸ ’ਚ 10 ਜਣਿਆਂ ਦੀ ਮੌਤ ਹੋ ਗਈ ਸੀ।
ਸਕੂਲ ਤੇ ਕਾਲਜ ਖੋਲ੍ਹਣ ਦੇ ਹੁਕਮ ਰੱਦ
ਇੰਫਾਲ: ਮਨੀਪੁਰ ਸਰਕਾਰ ਨੇ ਇੰਫਾਲ ਘਾਟੀ ਤੇ ਜਿਰੀਬਾਮ ਜ਼ਿਲ੍ਹੇ ’ਚ ਸਕੂਲ ਤੇ ਕਾਲਜ ਭਲਕੇ ਖੋਲ੍ਹਣ ਦਾ ਆਪਣਾ ਫ਼ੈਸਲਾ ਰੱਦ ਕਰ ਦਿੱਤਾ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਸੂਬੇ ’ਚ ਤਾਜ਼ਾ ਹਿੰਸਾ ਦੇ ਮੱਦੇਨਜ਼ਰ ਜਾਰੀ ਪਾਬੰਦੀ ਦੇ ਹੁਕਮਾਂ ਕਾਰਨ ਇੰਫਾਲ ਪੱਛਮੀ, ਇੰਫਾਲ ਪੂਰਬੀ, ਥੌਬਲ, ਬਿਸ਼ਨੂਪਰ, ਕਾਕਚਿੰਗ ਤੇ ਜਿਰੀਬਾਮ ’ਚ ਸਕੂਲ ਤੇ ਕਾਲਜ ਇੱਕ ਹਫ਼ਤੇ ਤੋਂ ਬੰਦ ਹਨ। ਸਿੱਖਿਆ ਡਾਇਰੈਕਟੋਰੇਟ ਨੇ ਅੱਜ ਰਾਤੀ ਜਾਰੀ ਹੁਕਮਾਂ ’ਚ ਕਿਹਾ, ‘ਸੂਬੇ ਦੇ ਸਾਰੇ ਸਕੂਲ (ਜਿਨ੍ਹਾਂ ’ਚ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ, ਨਿੱਜੀ ਤੇ ਕੇਂਦਰੀ ਸਕੂਲ ਸ਼ਾਮਲ ਹਨ) ਮੁੜ ਤੋਂ ਖੋਲ੍ਹਣ ਦੇ 24 ਨਵੰਬਰ ਦੇ ਹੁਕਮ ਰੱਦ ਕਰ ਦਿੱਤੇ ਗਏ ਹਨ ਅਤੇ ਘਾਟੀ ਦੇ ਸਾਰੇ ਸਕੂਲ 25 ਤੇ 26 ਨਵੰਬਰ ਨੂੰ ਬੰਦ ਰਹਿਣਗੇ।’ ਅਧਿਕਾਰੀਆਂ ਨੇ ਕਿਹਾ ਕਿ ਅਜਿਹੇ ਹੀ ਹੁਕਮ ਕਾਲਜਾਂ ਲਈ ਵੀ ਜਾਰੀ ਕੀਤੇ ਗਏ ਹਨ। -ਪੀਟੀਆਈ