ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਾਉਣੀ ਦੀਆਂ ਫ਼ਸਲਾਂ ’ਚ ਪਾਣੀ ਦੀ ਸੁਚੱਜੀ ਵਰਤੋਂ ਲਈ ਤਕਨੀਕਾਂ

07:56 AM May 04, 2024 IST

ਸੁਖਪ੍ਰੀਤ ਸਿੰਘ/ਵਿਨੈ ਕੁਮਾਰ ਸਿੰਧੂ/ਅਜਮੇਰ ਸਿੰਘ ਬਰਾੜ*

Advertisement

ਪਾਣੀ ਇਕ ਅਨਮੋਲ ਕੁਦਰਤੀ ਸਰੋਤ ਹੈ। ਖੇਤੀ ਪ੍ਰਧਾਨ ਸੂਬਾ ਹੋਣ ਕਾਰਨ ਪੰਜਾਬ ਵਿੱਚ ਪਾਣੀ ਦੀ ਸਭ ਨਾਲੋਂ ਵੱਧ ਵਰਤੋਂ ਖੇਤੀ ਵਿੱਚ ਹੁੰਦੀ ਹੈ। ਪਿੱਛਲੇ ਕੁੱਝ ਦਹਾਕਿਆਂ ਤੋਂ ਸੂਬੇ ’ਚ ਖੇਤੀ ਵਿੱਚ ਪਾਣੀ ਦੀ ਵਰਤੋਂ ਵਧ ਗਈ ਹੈ ਅਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਦਾ ਲਗਾਤਾਰ ਹੇਠਾਂ ਡਿੱਗਣਾ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਆਜ਼ਾਦੀ ਤੋਂ ਬਾਅਦ ਜਦੋਂ ਦੇਸ਼ ਦੀ ਆਬਾਦੀ ਲਗਾਤਾਰ ਵਧ ਰਹੀ ਸੀ ਤਾਂ ਅਨਾਜ ਦੀ ਲੋੜ ਨੂੰ ਪੂਰਾ ਕਰਨ ਲਈ ਹਰੀ ਕ੍ਰਾਂਤੀ ਦੀ ਸ਼ੁਰੂਆਤ ਹੋਈ ਅਤੇ ਪੰਜਾਬ ਵਿੱਚ ਝੋਨੇ ਹੇਠ ਰਕਬੇ ਵਿੱਚ ਵਾਧਾ ਹੋਇਆ। ਇਸ ਰਕਬੇ ਨੂੰ ਜਿੰਨੇ ਪਾਣੀ ਦੀ ਲੋੜ ਸੀ, ਓਨੀ ਮਿਕਦਾਰ ਵਿੱਚ ਬਰਸਾਤੀ ਅਤੇ ਨਹਿਰੀ ਪਾਣੀ ਉਪਲੱਬਧ ਨਹੀਂ ਸੀ। ਇਸ ਕਾਰਨ ਸੂਬੇ ਵਿੱਚ ਧਰਤੀ ਹੇਠਲੇ ਪਾਣੀ ਦੀ ਵਰਤੋਂ ਫ਼ਸਲਾਂ ਵਿੱਚ ਸਿੰਜਾਈ ਅਤੇ ਘਰੇਲੂ ਲੋੜਾਂ ਲਈ ਸ਼ੁਰੂ ਹੋਈ। ਇਸ ਦੇ ਸਿੱਟੇ ਵਜੋਂ ਜਿੱਥੇ ਝੋਨੇ ਹੇਠ ਰਕਬਾ ਜੋ ਕਿ 1960-61 ਵਿੱਚ 2.27 ਲੱਖ ਹੈਕਟੇਅਰ ਸੀ, ਸਾਲ 2022-23 ਵਿੱਚ ਵਧ ਕੇ 31.68 ਲੱਕ ਹੈਕਟੇਅਰ ਹੋ ਗਿਆ। ਇਸੇ ਸਮੇਂ ਦੌਰਾਨ ਟਿਊਬਵੈੱਲਾਂ ਦੀ ਗਿਣਤੀ 70,000 ਤੋਂ ਵਧ ਕੇ 14.82 ਲੱਖ ਹੋ ਗਈ। ਸੂਬੇ ਵਿੱਚ ਪਾਣੀ ਦੀ ਮੌਜੂਦਾ ਸਾਲਾਨਾ ਉਪਲੱਬਧਤਾ 53 ਬਿਲੀਅਨ ਕਿਉਬਿਕ ਮੀਟਰ (ਬੀਸੀਐਮ) ਹੈ ਤੇ ਕੁੱਲ ਸਾਲਾਨਾ ਮੰਗ ਲਗਪਗ 66 ਬੀਸੀਐਮ ਹੈ। ਇਸ ਵਿਚਲੇ 13 ਬੀਸੀਐਮ ਦੇ ਫ਼ਰਕ ਨੂੰ ਪੂਰਾ ਕਰਨ ਲਈ ਅਸੀਂ ਧਰਤੀ ਹੇਠਲੇ ਡੂੰਘੇ ਪਾਣੀ ਦੇ ਸਰੋਤਾਂ ਨੂੰ ਵਰਤ ਰਹੇ ਹਾਂ। ਸੈਂਟਰਲ ਗਰਾਊਂਡ ਵਾਟਰ ਬੋਰਡ ਦੀ 2022 ਦੀ ਰਿਪੋਰਟ ਅਨੁਸਾਰ ਸੂਬੇ ਦੀਆਂ 153 ਮੁਲਾਂਕਣ ਇਕਾਈਆਂ (150 ਬਲਾਕ 3 ਸ਼ਹਿਰੀ ਖੇਤਰ) ਵਿੱਚੋਂ 114 ਬਲਾਕ ਤੇ 3 ਸ਼ਹਿਰੀ ਖੇਤਰ ਅਤਿ-ਨਾਜ਼ੁਕ, 4 ਬਲਾਕ ਨਾਜ਼ੁਕ, 15 ਬਲਾਕ ਅਰਧ-ਨਾਜ਼ੁਕ ਹਨ ਅਤੇ ਸਿਰਫ਼ 17 ਬਲਾਕ ਹੀ ਸੁਰੱਖਿਅਤ ਹਨ। ਅਸਲ ਵਿੱਚ ਇਨ੍ਹਾਂ ਸੁਰੱਖਿਅਤ ਬਲਾਕਾਂ ਵਿੱਚੋਂ ਉਪ-ਪਹਾੜੀ ਹਿੱਸੇ ਖੇਤਰ ਵਿੱਚ ਤਿੰਨ ਵੱਡੇ ਡੈਮਾਂ ਨਾਲ ਲਗਦੇ ਕੇਵਲ 9 ਬਲਾਕ ਹੀ ਸੁਰੱਖਿਅਤ ਹਨ ਜਦੋਂਕਿ ਬਾਕੀ 8 ਬਲਾਕ ਸੂਬੇ ਦੇ ਦੱਖਣ-ਪੱਛਮੀ ਜ਼ਿਲ੍ਹਿਆਂ ਵਿੱਚ ਹਨ ਜਿੱਥੇ ਜ਼ਮੀਨ ਹੇਠਲਾ ਪਾਣੀ ਵਰਤੋਂ ਯੋਗ ਨਹੀਂ ਹੈ ਤੇ ਕੁਝ ਬਲਾਕ ਸੇਮ ਪ੍ਰਭਾਵਿਤ ਹਨ। ਪਾਣੀ ਦੀ ਯੋਗ ਵਰਤੋਂ ਨਾਲ ਨਾ ਸਿਰਫ਼ ਫ਼ਸਲਾਂ ਦੀ ਪੈਦਾਵਾਰ ਅਤੇ ਮੁਨਾਫ਼ੇ ਵਿੱਚ ਵਾਧਾ ਕੀਤਾ ਜਾ ਸਕਦਾ ਹੈ ਬਲਕਿ ਜ਼ਮੀਨੀ ਪਾਣੀ ਦੇ ਡਿੱਗਦੇ ਪੱਧਰ ਨੂੰ ਅਤੇ ਵਧ ਰਹੀਆਂ ਬਿਜਲੀ ਸਬਸਿਡੀਆਂ ਨੂੰ ਵੀ ਰੋਕਿਆ ਜਾ ਸਕਦਾ ਹੈ। ਸਾਉਣੀ ਦੀਆਂ ਪ੍ਰਮੁੱਖ ਫ਼ਸਲਾਂ ਵਿੱਚ ਹੇਠ ਲਿਖੀਆਂ ਤਕਨੀਕਾਂ ਨੂੰ ਅਪਣਾ ਕੇ ਪਾਣੀ ਦੀ ਸੰਜਮ ਨਾਲ ਵਰਤੋਂ ਕੀਤੀ ਜਾ ਸਕਦੀ ਹੈ।
ਧਰਤੀ ਹੇਠਲੇ ਪਾਣੀ ਦੀਆਂ ਮੁਲਾਂਕਣ ਇਕਾਈਆਂ ਦੀ ਮੌਜੂਦਾ ਸਥਿਤੀ: ਪਾਣੀ ਦੀ ਯੋਗ ਵਰਤੋਂ ਨਾਲ ਨਾ ਸਿਰਫ਼ ਫ਼ਸਲਾਂ ਦੀ ਪੈਦਾਵਾਰ ਅਤੇ ਮੁਨਾਫ਼ੇ ਵਿੱਚ ਵਾਧਾ ਕੀਤਾ ਜਾ ਸਕਦਾ ਹੈ ਬਲਕਿ ਜ਼ਮੀਨੀ ਪਾਣੀ ਦੇ ਡਿੱਗਦੇ ਪੱਧਰ ਨੂੰ ਅਤੇ ਵਧ ਰਹੀਆਂ ਬਿਜਲੀ ਸਬਸਿਡੀਆਂ ਨੂੰ ਵੀ ਰੋਕਿਆ ਜਾ ਸਕਦਾ ਹੈ। ਸਾਉਣੀ ਦੀਆਂ ਪ੍ਰਮੁੱਖ ਫ਼ਸਲਾਂ ਵਿੱਚ ਹੇਠ ਲਿਖੀਆਂ ਤਕਨੀਕਾਂ ਨੂੰ ਅਪਣਾ ਕੇ ਪਾਣੀ ਦੀ ਸੰਜਮ ਨਾਲ ਵਰਤੋਂ ਕੀਤੀ ਜਾ ਸਕਦੀ ਹੈ-
ਝੋਨਾ: ਝੋਨੇ-ਕਣਕ ਦਾ ਫ਼ਸਲੀ ਚੱਕਰ ਪੰਜਾਬ ਵਿੱਚ ਸਭ ਤੋਂ ਵੱਧ ਪ੍ਰਚਲਿਤ ਹੈ ਅਤੇ ਲਗਪਗ 31 ਲੱਖ ਹੈਕਟੇਅਰ ਰਕਬੇ ਵਿੱਚ ਇਸ ਦੀ ਕਾਸ਼ਤ ਕੀਤੀ ਜਾਂਦੀ ਹੈ। ਝੋਨੇ ਦੀ ਫ਼ਸਲ ਲਈ ਸਿੰਜਾਈ ਦੀ ਵੱਧ ਲੋੜ ਅਤੇ ਵੱਧ ਰਕਬੇ ਕਾਰਨ ਇਸ ਫ਼ਸਲ ਵਿੱਚ ਸਾਉਣੀ ਰੁੱਤ ਦੇ 80 ਫ਼ੀਸਦੀ ਪਾਣੀ ਦੀ ਖ਼ਪਤ ਹੁੰਦੀ ਹੈ। ਪੰਜਾਬ ਵਿੱਚ ਝੋਨੇ ਦੀ ਕਾਸ਼ਤ ਨੂੰ ਹੀ ਧਰਤੀ ਹੇਠਲੇ ਪਾਣੀ ਦੇ ਪੱਧਰ ਦੀ ਗਿਰਾਵਟ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ। ਇਸ ਫ਼ਸਲ ਦੀ ਸਿੰਜਾਈ ਵਾਲੇ ਪਾਣੀ ਦੀ ਲੋੜ 120 ਤੋਂ 160 ਸੈਂਟੀਮੀਟਰ ਹੈ ਜੋ ਕਿਸਮਾਂ ਦੀ ਚੋਣ, ਲੁਆਈ ਦਾ ਸਮਾਂ ਅਤੇ ਸਿੰਜਾਈ ਦੇ ਤਰੀਕੇ ’ਤੇ ਨਿਰਭਰ ਕਰਦਾ ਹੈ। ਅੱਜ ਦੇਸ਼ ਦੀ ਖ਼ੁਰਾਕ ਸੁਰੱਖਿਆ ਅਤੇ ਮੰਡੀਕਰਨ ਨਾਲ ਸਬੰਧਤ ਮੁੱਦਿਆਂ ਕਾਰਨ ਝੋਨੇ ਦਾ ਬਦਲਾਅ ਹੋਰ ਫ਼ਸਲਾਂ ਨਾਲ ਕਰਨਾ ਮੁਸ਼ਕਲ ਹੈ। ਪਰ ਪਾਣੀ ਦੇ ਸਰੋਤਾਂ ਦੀ ਸੰਭਾਲ ਲਈ ਝੋਨੇ ਦੀ ਫ਼ਸਲ ਵਾਲਾ ਕੁਝ ਰਕਬਾ ਹੋਰ ਫ਼ਸਲਾਂ ਜਿਵੇਂ ਨਰਮਾ, ਬਾਸਮਤੀ, ਮੱਕੀ, ਦਾਲਾਂ ਜਾਂ ਬਾਗ਼ਬਾਨੀ ਹੇਠ ਲਿਆਉਣਾ ਪਵੇਗਾ। ਇਸ ਦੇ ਨਾਲ ਹੀ ਝੋਨੇ ਵਿੱਚ ਵੀ ਵਿਗਿਆਨਕ ਤਕਨੀਕਾਂ ਅਪਣਾ ਕੇ ਸਿੰਜਾਈ ਵਾਲੇ ਪਾਣੀ ਦੀ ਬਚਤ ਕਰਨੀ ਪਵੇਗੀ।
ਝੋਨੇ ਦੀਆਂ ਥੋੜ੍ਹੇ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ: ਝੋਨੇ ਦੀ ਕਾਸ਼ਤ ਜ਼ਿਆਦਾ ਵਾਸ਼ਪੀਕਰਨ ਵਾਲੇ ਮੌਸਮ ਵਿੱਚ ਕੀਤੀ ਜਾਂਦੀ ਹੈ। ਇਸ ਲਈ ਝੋਨੇ ਦੀਆਂ ਲੰਬੇ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਲਗਾਉਣ ਨਾਲ ਸਿੰਜਾਈ ਵਾਲੇ ਪਾਣੀ ਦੀ ਲੋੜ ਵਧ ਜਾਂਦੀ ਹੈ। ਯੂਨੀਵਰਸਿਟੀ ਵੱਲੋਂ ਪ੍ਰਮਾਣਿਤ ਝੋਨੇ ਦੀਆਂ ਥੋੜ੍ਹੇ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਜਿਵੇਂ ਕਿ ਪੀ ਆਰ 126, ਪੀ ਆਰ 131, ਪੀ ਆਰ 130, ਪੀ ਆਰ 129, ਪੀ ਆਰ 128, ਪੀ ਆਰ 121 ਆਦਿ ਨੂੰ ਤਰਜੀਹ ਦੇਣੀ ਚਾਹੀਦੀ ਹੈ। ਲੰਬੇ ਸਮੇਂ ਦੀਆਂ ਕਿਸਮਾਂ ਜਿਵੇਂ ਪੂਸਾ 44/ਪੀਲੀ ਪੂਸਾ/ ਡੋਗਰ ਪੂਸਾ ਦੀ ਕਾਸ਼ਤ ਤੋਂ ਗੁਰੇਜ਼ ਕਰੋ ਕਿਉਂਕਿ ਇਨ੍ਹਾਂ ਕਿਸਮਾਂ ਲਈ ਨਾ ਸਿਰਫ਼ ਪੀ ਆਰ ਕਿਸਮਾਂ ਨਾਲੋਂ 15-20 ਫ਼ੀਸਦੀ ਵਾਧੂ ਪਾਣੀ ਦੀ ਮੰਗ ਹੁੰਦੀ ਹੈ, ਨਾਲ ਹੀ ਕੀਟਨਾਸ਼ਕਾਂ ਦੀਆਂ ਘੱਟੋ-ਘੱਟ ਦੋ ਵਾਧੂ ਸਪਰੇਆਂ ਦੀ ਲੋੜ ਪੈਂਦੀ ਹੈ। ਪੀਏਯੂ ਵੱਲੋਂ ਸਿਫ਼ਾਰਸ਼ ਕਿਸਮਾਂ ਵਿੱਚ ਪਰਾਲੀ ਦੀ ਮਾਤਰਾ ਵੀ ਘੱਟ ਹੁੰਦੀ ਹੈ ਅਤੇ ਇਹ ਖੇਤ ਨੂੰ ਸਮੇਂ ਸਿਰ ਖਾਲੀ ਕਰ ਦਿੰਦੀਆਂ ਹਨ। ਇਸ ਨਾਲ ਪਰਾਲੀ ਦਾ ਪ੍ਰਬੰਧ ਕਰਨਾ ਵੀ ਸੌਖਾ ਹੁੰਦਾ ਹੈ ਅਤੇ ਕਣਕ ਦੀ ਫ਼ਸਲ ਦੀ ਸਮੇਂ ਸਿਰ ਬਿਜਾਈ ਵਿੱਚ ਮਦਦ ਮਿਲਦੀ ਹੈ।
ਝੋਨੇ ਦੀ ਲੁਆਈ ਦਾ ਸਮਾਂ: ਜੇ ਅਸੀਂ ਝੋਨੇ ਦੀ ਪਨੀਰੀ ਦੀ ਅਗੇਤੀ ਲੁਆਈ ਕਰਦੇ ਹਾਂ ਤਾਂ ਜ਼ਮੀਨੀ ਪਾਣੀ ਦੀ ਬਹੁਤ ਜ਼ਿਆਦਾ ਨਿਕਾਸੀ ਹੁੰਦੀ ਹੈ ਕਿਉਂਕਿ ਅਗੇਤੀ ਲੱਗੀ ਫ਼ਸਲ ਦੀ ਸ਼ੁਰੂਆਤ ਦੌਰਾਨ ਵਾਸ਼ਪੀਕਰਨ ਬਹੁਤ ਜ਼ਿਆਦਾ ਹੁੰਦਾ ਹੈ ਜਿਸ ਕਰ ਕੇ ਫ਼ਸਲ ਨੂੰ ਵਾਰ-ਵਾਰ ਪਾਣੀ ਲਗਾਉਣਾ ਪੈਂਦਾ ਹੈ। ਪੀਏਯੂ ਨੇ ਸਿਫ਼ਾਰਸ਼ ਕੀਤੀ ਹੈ ਕਿ ਝੋਨੇ ਦੀ ਪਨੀਰੀ 20 ਮਈ ਤੋਂ ਪਹਿਲਾਂ ਨਾ ਬੀਜੀ ਜਾਵੇ ਅਤੇ 20 ਜੂਨ ਤੋਂ ਪਹਿਲਾਂ ਇਸ ਦੀ ਖੇਤ ਵਿੱਚ ਲੁਆਈ ਨਾ ਕੀਤੀ ਜਾਵੇ। 20 ਜੂਨ ਤੋਂ ਬਾਅਦ ਲੱਗੀ ਫ਼ਸਲ ਬਹੁਤ ਜ਼ਿਆਦਾ ਤਾਪਮਾਨ ਅਤੇ ਜ਼ਿਆਦਾ ਵਾਸ਼ਪੀਕਰਨ ਵਾਲੇ ਦੌਰ ਤੋਂ ਲੰਘ ਜਾਂਦੀ ਹੈ ਅਤੇ ਮੀਂਹ ਦੇ ਪਾਣੀ ਦੀ ਵਧੇਰੇ ਕੁਸ਼ਲਤਾ ਨਾਲ ਵਰਤੋਂ ਕਰਦੀ ਹੈ।
ਖੇਤ ਨੂੰ ਸੁਕਾ ਕੇ ਪਾਣੀ ਲਾਉਣਾ: ਕੱਦੂ ਕੀਤੇ ਖੇਤ ਵਿੱਚ ਪਨੀਰੀ ਲਾਉਣ ਪਿੱਛੋਂ 2 ਹਫ਼ਤੇ ਤੱਕ ਪਾਣੀ ਖੇਤ ਵਿੱਚ ਖੜ੍ਹਾ ਰੱਖਣਾ ਜ਼ਰੂਰੀ ਹੈ। ਇਸ ਨਾਲ ਪਨੀਰੀ ਦੇ ਬੂਟੇ ਖੇਤ ਵਿੱਚ ਚੰਗੀ ਤਰ੍ਹਾਂ ਜੰਮ੍ਹ ਜਾਂਦੇ ਹਨ, ਨਦੀਨ ਘੱਟ ਉਗਦੇ ਹਨ ਤੇ ਲੁਆਈ ਸਮੇਂ ਵਰਤੇ ਨਦੀਨਨਾਸ਼ਕ ਚੰਗੀ ਤਰ੍ਹਾਂ ਅਸਰ ਕਰਦੇ ਹਨ। ਲੁਆਈ ਦੇ ਦੋ ਹਫ਼ਤਿਆਂ ਤੋਂ ਬਾਅਦ ਖੇਤ ਵਿੱਚ ਲਗਾਤਾਰ ਪਾਣੀ ਖੜ੍ਹਾ ਰੱਖਣਾ ਜ਼ਰੂਰੀ ਨਹੀਂ। ਲੁਆਈ ਦੇ ਦੋ ਹਫ਼ਤਿਆਂ ਪਿੱਛੋਂ ਖੇਤ ਨੂੰ ਪਾਣੀ ਪਿਛਲੀ ਸਿੰਜਾਈ ਵਾਲੇ ਪਾਣੀ ਦੇ ਜ਼ਮੀਨ ਵਿੱਚ ਜ਼ੀਰਨ ਤੋਂ 2 ਦਿਨ ਬਾਅਦ ਹੀ ਦੇਣਾ ਚਾਹੀਦਾ ਹੈ। ਕਿਸਾਨਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜ਼ਮੀਨ ਵਿੱਚ ਤ੍ਰੇੜਾਂ ਨਾ ਪੈਣ। ਫ਼ਸਲ ਪੱਕਣ ਤੋਂ ਦੋ ਹਫ਼ਤੇ ਪਹਿਲਾਂ ਪਾਣੀ ਦੇਣਾ ਬੰਦ ਕਰ ਦਿਉ। ਇਸ ਤਰ੍ਹਾਂ ਸਿੰਜਾਈ ਵਾਲੇ ਪਾਣੀ ਦੀ 15 ਤੋਂ 20 ਫ਼ੀਸਦੀ ਬੱਚਤ ਹੋ ਜਾਂਦੀ ਹੈ ਅਤੇ ਫ਼ਸਲ ਦੇ ਝਾੜ ’ਤੇ ਵੀ ਕੋਈ ਮਾੜਾ ਅਸਰ ਨਹੀਂ ਪੈਂਦਾ।
ਝੋਨੇ ਦੀ ਸਿੱਧੀ ਬਿਜਾਈ ਕੱਦੂ ਕਰ ਕੇ ਝੋਨਾ ਲਾਉਣ ਦਾ ਇੱਕ ਬਦਲ ਹੈ। ਇਸ ਨਾਲ 10-20 ਫ਼ੀਸਦੀ ਪਾਣੀ ਦੀ ਬੱਚਤ ਵੀ ਕੀਤੀ ਜਾ ਸਕਦੀ ਹੈ। ਜੇ ਝੋਨੇ ਦੀ ਬਿਜਾਈ ਤਰ-ਵੱਤਰ ਖੇਤ ਵਿੱਚ ਕੀਤੀ ਗਈ ਹੋਵੇ ਤਾਂ ਪਹਿਲੀ ਸਿੰਜਾਈ ਬਿਜਾਈ ਤੋਂ ਤਕਰੀਬਨ 21 ਦਿਨਾਂ ’ਤੇ ਲਾਉ। ਇਸ ਤੋਂ ਬਾਅਦ ਜ਼ਮੀਨ ਦੀ ਕਿਸਮ ਦੇ ਆਧਾਰ ’ਤੇ 5-7 ਦਿਨਾਂ ਦੇ ਵਕਫ਼ੇ ’ਤੇ ਪਾਣੀ ਦੇਣਾ ਚਾਹੀਦਾ ਹੈ। ਜੇ ਝੋਨੇ ਦੀ ਸਿੱਧੀ ਬਿਜਾਈ ਸੁੱਕੇ ਖੇਤ ਵਿੱਚ ਕੀਤੀ ਹੈ ਤਾਂ ਪਹਿਲੀ ਸਿੰਜਾਈ ਬਿਜਾਈ ਤੋਂ ਤੁਰੰਤ ਬਾਅਦ ਕਰੋ ਅਤੇ ਦੂਜੀ ਸਿੰਜਾਈ 4-5 ਦਿਨਾਂ ਬਾਅਦ ਕਰੋ। ਬਰਸਾਤ ਦੇ ਆਧਾਰ ’ਤੇ ਸਿੰਜਾਈ ਦੇ ਵਕਫ਼ੇ ਨੂੰ ਨਿਰਧਾਰਿਤ ਕਰੋ। ਆਖ਼ਰੀ ਪਾਣੀ ਝੋਨਾ ਕੱਟਣ ਤੋਂ ਦਸ ਦਿਨ ਪਹਿਲਾਂ ਦਿਉ। ਝੋਨੇ ਦੀ ਸਿੱਧੀ ਬਿਜਾਈ ਤਰ-ਵੱਤਰ ਖੇਤ ਵਿੱਚ ਬੈੱਡਾਂ ਉੱਪਰ ਵੀ ਕੀਤੀ ਜਾ ਸਕਦੀ ਹੈ ਅਤੇ ਇਸ ਵਿਧੀ ਨਾਲ ਉੱਪਰ ਦੱਸੇ ਦੋ ਤਰੀਕਿਆਂ ਦੇ ਮੁਕਾਬਲੇ ਪਾਣੀ ਦੀ ਜ਼ਿਆਦਾ ਬੱਚਤ ਹੁੰਦੀ ਹੈ। ਭਾਰੀਆਂ ਜ਼ਮੀਨਾਂ ਵਿੱਚ ਝੋਨੇ ਦੀ ਲੁਆਈ ਬੈੱਡਾਂ ’ਤੇ ਕੀਤੀ ਜਾ ਸਕਦੀ ਹੈ। ਇਸ ਤਰੀਕੇ ਨਾਲ 25 ਫ਼ੀਸਦੀ ਪਾਣੀ ਦੀ ਬੱਚਤ ਹੁੰਦੀ ਹੈ ਅਤੇ ਝਾੜ ’ਤੇ ਵੀ ਕੋਈ ਮਾੜਾ ਅਸਰ ਨਹੀਂ ਪੈਂਦਾ।
ਬਾਸਮਤੀ ਦੀ ਕਾਸ਼ਤ: ਗ਼ੈਰ-ਬਾਸਮਤੀ ਪਰਮਲ ਝੋਨੇ ਦੇ ਮੁਕਾਬਲੇ ਬਾਸਮਤੀ ਦੀ ਸਿੰਜਾਈ ਵਾਲੇ ਪਾਣੀ ਦੀ ਲੋੜ ਕਾਫ਼ੀ ਘੱਟ ਹੁੰਦੀ ਹੈ ਕਿਉਂਕਿ ਇਸ ਦੀ ਲੁਆਈ ਦੇਰੀ ਨਾਲ ਕੀਤੀ ਜਾਂਦੀ ਹੈ ਅਤੇ ਇਸ ਦਾ ਬਹੁਤਾ ਵਿਕਾਸ ਦਾ ਸਮਾਂ ਮੌਨਸੂਨ ਸਮੇਂ ਵਿੱਚ ਆ ਜਾਂਦਾ ਹੈ। ਇਸ ਤੋਂ ਇਲਾਵਾ ਬਾਸਮਤੀ ਦੇ ਵਾਧੇ ਦੌਰਾਨ ਬਰਸਾਤ ਦਾ ਮੌਸਮ ਹੋਣ ਕਰ ਕੇ ਤਾਪਮਾਨ ਵੀ ਘੱਟ ਹੁੰਦਾ ਹੈ ਅਤੇ ਵਾਤਾਵਰਨ ਵਿੱਚ ਨਮੀ ਕਾਫ਼ੀ ਹੁੰਦੀ ਹੈ। ਇਸ ਕਰ ਕੇ ਵਾਤਾਵਰਨ ਵਿੱਚ ਵਾਸ਼ਪੀਕਰਨ ਦੀ ਮੰਗ ਘਟ ਜਾਂਦੀ ਹੈ ਅਤੇ ਦੋ ਸਿੰਜਾਈਆਂ ਵਿਚਲਾ ਅੰਤਰ ਵਧ ਜਾਣ ਨਾਲ ਕੁੱਲ ਸਿੰਜਾਈਆਂ ਦੀ ਗਿਣਤੀ ਘਟ ਜਾਂਦੀ ਹੈ।
ਨਰਮਾ/ਕਪਾਹ: ਸੂਬੇ ਦੇ ਦੱਖਣ-ਪੱਛਮੀ ਜ਼ਿਲ੍ਹਿਆਂ ਵਿੱਚ ਨਰਮੇ ਦੀ ਕਾਸ਼ਤ ਕੀਤੀ ਜਾਂਦੀ ਹੈ। ਨਰਮੇ ਦੀ ਫ਼ਸਲ ਦੀ ਬਿਜਾਈ ਅਪਰੈਲ ਤੋਂ ਅੱਧ ਮਈ ਦੌਰਾਨ ਕੀਤੀ ਜਾਂਦੀ ਹੈ। ਗਰਮੀ ਰੁੱਤ ਵਿੱਚ ਵਾਸ਼ਪੀਕਰਨ ਵਧੇਰੇ ਹੁੰਦਾ ਹੈ, ਇਸ ਲਈ ਨਰਮੇ ਦੇ ਵਧੇਰੇ ਉਤਪਾਦਨ ਲਈ ਭੂਮੀ ਵਿੱਚ ਲੋੜੀਂਦੀ ਨਮੀ ਨੂੰ ਬਰਕਰਾਰ ਰੱਖਣਾ ਅਹਿਮ ਹੈ। ਨਰਮੇ ਦੀ ਫ਼ਸਲ ਦੀ ਸਿੰਜਾਈ ਵਾਲੇ ਪਾਣੀ ਦੀ ਲੋੜ ਝੋਨੇ ਦੇ ਮੁਕਾਬਲੇ ਬਹੁਤ ਘੱਟ (50 ਸੈਂਟੀਮੀਟਰ) ਹੁੰਦੀ ਹੈ। ਇਸ ਲਈ ਪੰਜਾਬ ਦੇ ਪਾਣੀ ਦੇ ਸੋਮਿਆਂ ਨੂੰ ਬਚਾਉਣ ਲਈ ਇਸ ਫ਼ਸਲ ਹੇਠ ਰਕਬੇ ਨੂੰ ਵਧਾਉਣ ਦੀ ਲੋੜ ਹੈ। ਪਿਛਲੇ ਕੁਝ ਸਾਲਾਂ ਦੌਰਾਨ ਇਸ ਫ਼ਸਲ ਹੇਠ ਰਕਬਾ ਘਟਿਆ ਹੈ। ਸਾਲ 2006-07 ਵਿੱਚ 6.0 ਲੱਖ ਹੈਕਟੇਅਰ ਤੋਂ ਘਟ ਕੇ ਇਹ ਰਕਬਾ 2022-23 ਵਿੱਚ ਲਗਪਗ 2.47 ਲੱਖ ਹੈਕਟੇਅਰ ਹੀ ਰਹਿ ਗਿਆ ਹੈ। ਵਰਖਾ ਦੇ ਆਧਾਰ ’ਤੇ ਨਰਮੇ ਦੀ ਫ਼ਸਲ ਨੂੰ ਕੁੱਲ 4 ਤੋਂ 6 ਪਾਣੀ ਲਗਦੇ ਹਨ। ਪਹਿਲਾ ਪਾਣੀ ਬਿਜਾਈ ਤੋਂ 4 ਤੋਂ 6 ਹਫ਼ਤੇ ਬਾਅਦ ਅਤੇ ਬਾਅਦ ਵਿੱਚ ਵਰਖਾ ਅਨੁਸਾਰ ਪਾਣੀ 2 ਤੋਂ 3 ਹਫ਼ਤਿਆਂ ਦੇ ਵਕਫ਼ੇ ’ਤੇ ਲਗਾਉਣੇ ਚਾਹੀਦੇ ਹਨ। ਫ਼ਸਲ ਨੂੰ ਫੁੱਲ ਨਿਕਲਣ ਅਤੇ ਫਲ ਪੈਣ ਸਮੇਂ ਪਾਣੀ ਦੀ ਘਾਟ ਨਹੀਂ ਆਉਣ ਦੇਣੀ ਚਾਹੀਦੀ। ਪੀਏਯੂ ਨੇ ਨਰਮੇ ਦੀ ਫ਼ਸਲ ਵਿੱਚ ਸਤ੍ਵਾ ਉੱਪਰਲੀ ਅਤੇ ਧਰਤੀ ਦੀ ਸਤ੍ਵਾ ਹੇਠਲੀ ਤੁਪਕਾ ਸਿੰਜਾਈ ਪ੍ਰਣਾਲੀ ਦੀ ਵੀ ਸਿਫ਼ਾਰਸ਼ ਕੀਤੀ। ਇਸ ਨੂੰ ਅਪਣਾਉਣ ਨਾਲ 40 ਫ਼ੀਸਦੀ ਪਾਣੀ ਅਤੇ 20 ਫ਼ੀਸਦੀ ਨਾਈਟ੍ਰੋਜ਼ਨ ਦੀ ਬੱਚਤ ਹੁੰਦੀ ਹੈ।
ਮੱਕੀ: ਮੁੱਖ ਤੌਰ ’ਤੇ ਮੱਕੀ ਦੀ ਕਾਸ਼ਤ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਰੋਪੜ ਦੇ ਕੰਢੀ ਖੇਤਰਾਂ ਵਿੱਚ ਕੀਤੀ ਜਾਂਦੀ ਹੈ। ਮਈ ਦੇ ਅਖ਼ੀਰਲੇ ਹਫ਼ਤੇ ਤੋਂ ਅੱਧ ਜੂਨ ਤੱਕ ਬਿਜਾਈ ਟਰੈਕਟਰ ਵਾਲੀ ਰਿਜਰ ਮਸ਼ੀਨ ਨਾਲ ਬਣਾਈਆਂ ਖਾਲ਼ੀਆਂ ਵਿੱਚ ਕੀਤੀ ਜਾ ਸਕਦੀ ਹੈ ਜਿਸ ਨਾਲ ਖੁਸ਼ਕ ਅਤੇ ਗਰਮ ਮੌਸਮ ਵਿੱਚ ਪਾਣੀ ਘੱਟ ਅਤੇ ਸੌਖਾ ਲਗਦਾ ਹੈ। ਆਮ ਤੌਰ ’ਤੇ ਮੱਕੀ ਨੂੰ 4-6 ਪਾਣੀਆਂ ਦੀ ਲੋੜ ਹੁੰਦੀ ਹੈ, ਪਰ ਪਾਣੀਆਂ ਦੀ ਗਿਣਤੀ ਵਰਖਾ ’ਤੇ ਨਿਰਭਰ ਕਰਦੀ ਹੈ। ਫ਼ਸਲ ਨੂੰ ਕਿਸੇ ਸਮੇਂ ਵੀ ਪਾਣੀ ਦੀ ਘਾਟ ਨਹੀਂ ਆਉਣ ਦੇਣੀ ਚਾਹੀਦੀ ਖ਼ਾਸ ਕਰ ਕੇ ਮੱਕੀ ਦੇ ਨਿੱਸਰਨ ਅਤੇ ਸੂਤ ਕੱਤਣ ਸਮੇਂ। ਛੋਟੀ ਉਮਰ ਦੀ ਮੱਕੀ ਵਿੱਚ ਪਾਣੀ ਖੜ੍ਹਾ ਹੋਣ ਨਾਲ ਫ਼ਸਲ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ। ਫ਼ਸਲ ਨੂੰ ਖੜ੍ਹੇ ਪਾਣੀ ਤੋਂ ਬਚਾਉਣ ਲਈ ਖੇਤ ਦੇ ਨੀਵੇਂ ਪਾਸੇ ਵੱਲ ਇੱਕ ਲੋੜੀਂਦੀ ਨਿਕਾਸ ਨਾਲੀ ਬਣਾਓ। ਬੈੱਡਾਂ ਜਾਂ ਵੱਟਾਂ ’ਤੇ ਬਿਜਾਈ ਨਾਲ ਵੀ ਮੱਕੀ ਦੇ ਉੱਗਣ ਸਮੇਂ ਜ਼ਿਆਦਾ ਬਾਰਸ਼ ਨਾਲ ਖੜ੍ਹੇ ਪਾਣੀ ਦੇ ਨੁਕਸਾਨ ਤੋਂ ਬੱਚਤ ਹੋ ਜਾਂਦੀ ਹੈ। ਜੇ ਜ਼ਿਆਦਾ ਪਾਣੀ ਨਾਲ ਨੁਕਸਾਨ ਹੋ ਜਾਵੇ ਤਾਂ 6 ਕਿਲੋ ਯੂਰੀਆ 200 ਲਿਟਰ ਪਾਣੀ (3 ਫ਼ੀਸਦੀ) ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਹਫ਼ਤੇ ਦੇ ਫ਼ਰਕ ’ਤੇ ਦੋ ਵਾਰ ਛਿੜਕਾਅ ਕਰੋ। ਜੇ ਨੁਕਸਾਨ ਦਰਮਿਆਨੇ ਤੋਂ ਭਾਰੀ ਹੋ ਜਾਵੇ ਤਾਂ ਫ਼ਸਲ ਵਿੱਚੋਂ ਪਾਣੀ ਕੱਢਣ ਮਗਰੋਂ 25-50 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਉ। ਮੱਕੀ-ਕਣਕ-ਗਰਮੀ ਰੁੱਤ ਦੀ ਮੂੰਗੀ ਫ਼ਸਲੀ ਚੱਕਰ ਲਈ ਧਰਤੀ ਦੀ ਸਤ੍ਵਾ ਹੇਠ ਤੁਪਕਾ ਸਿੰਜਾਈ ਪ੍ਰਣਾਲੀ ਦੀ ਸਿਫ਼ਾਰਸ਼ ਕੀਤੀ ਗਈ ਹੈ ਤਾਂ ਜੋ ਇਸ ਫ਼ਸਲੀ ਚੱਕਰ ਤੋਂ ਘੱਟ ਪਾਣੀ ਅਤੇ ਘੱਟ ਖ਼ੁਰਾਕੀ ਤੱਤਾਂ ਨਾਲ ਵਧੇਰੇ ਝਾੜ ਅਤੇ ਆਮਦਨ ਲਈ ਜਾ ਸਕੇ।
ਚਾਰੇ ਵਾਲੀਆਂ ਫ਼ਸਲਾਂ (ਜੁਆਰ/ਚਰ੍ਹੀ, ਮੱਕੀ, ਬਾਜਰਾ): ਅਗੇਤੇ ਮੌਸਮ ਦੇ ਚਾਰੇ (ਮਾਰਚ-ਜੂਨ) ਨੂੰ ਲਗਪਗ 5 ਪਾਣੀਆਂ ਦੀ ਲੋੜ ਹੁੰਦੀ ਹੈ ਜਦੋਂਕਿ ਬਰਸਾਤ ਦੇ ਮੌਸਮ ਵਾਲੀ ਫ਼ਸਲ ਨੂੰ ਬਾਰਸ਼ ਮੁਤਾਬਕ 1-2 ਪਾਣੀ ਹੀ ਕਾਫ਼ੀ ਹਨ। ਖੇਤ ਵਿੱਚ ਜਲ ਨਿਕਾਸ ਦਾ ਪ੍ਰਬੰਧ ਵੀ ਹੋਣਾ ਚਾਹੀਦਾ ਹੈ। ਵਧੇਰੇ ਲੌਅ ਦੇਣ ਵਾਲੀ ਚਰ੍ਹੀ ਦੀ ਫ਼ਸਲ ਨੂੰ ਚੰਗੇ ਫੁਟਾਰੇ ਲਈ ਹਰ ਕਟਾਈ ਪਿੱਛੋਂ ਪਾਣੀ ਲਾ ਦੇਣਾ ਚਾਹੀਦਾ ਹੈ। ਸੋਕੇ ਦੀਆਂ ਹਾਲਤਾਂ ਵਿੱਚ ਚਾਰੇ ਨੂੰ ਕੱਟਣ ਤੋਂ ਘੱਟੋ-ਘੱਟ ਇਕ ਹਫ਼ਤਾ ਪਹਿਲਾਂ ਪਾਣੀ ਲਗਾਓ। ਬਾਜਰਾ ਚਾਰੇ ਦੀ ਬਹੁਤ ਸਖ਼ਤ ਫ਼ਸਲ ਹੈ ਅਤੇ ਇਹ ਗਰਮ ਅਤੇ ਖੁਸ਼ਕ ਮੌਸਮ ਨੂੰ ਸਹਾਰ ਸਕਦਾ ਹੈ। ਆਮ ਕਰ ਕੇ 2-3 ਪਾਣੀ ਕਾਫ਼ੀ ਹਨ ਫਿਰ ਵੀ ਬਹੁਤੀ ਗਰਮੀ ਦੇ ਦਿਨਾਂ ਵਿਚ ਵੱਧ ਪਾਣੀ ਵੀ ਦਿੱਤੇ ਜਾ ਸਕਦੇ ਹਨ। ਖੇਤ ਵਿਚ ਪਾਣੀ ਖੜ੍ਹਾ ਰਹਿਣਾ ਫ਼ਸਲ ਦਾ ਨੁਕਸਾਨ ਕਰਦਾ ਹੈ ਇਸ ਲਈ ਚੰਗਾ ਹੋਵੇਗਾ ਜੇ ਪਾਣੀ ਹਲਕੇ ਅਤੇ ਬਹੁਤੇ ਦਿੱਤੇ ਜਾਣ। ਦੋਗਲੇ ਨੈਪੀਅਰ ਬਾਜਰੇ ਦੀ ਫ਼ਸਲ ਨੂੰ ਬਹੁਤੀ ਗਰਮੀ ਅਤੇ ਖੁਸ਼ਕ ਮਹੀਨਿਆਂ ਵਿੱਚ 8-10 ਦਿਨਾਂ ਦੇ ਵਕਫ਼ੇ ’ਤੇ ਪਾਣੀ ਦਿਉ ਅਤੇ ਬਾਅਦ ਵਿੱਚ ਮੌਸਮ ਅਨੁਸਾਰ 10 ਤੋਂ 14 ਦਿਨਾਂ ਬਾਅਦ ਪਾਣੀ ਦਿੰਦੇ ਰਹੋ। ਪਾਣੀ ਦੀ ਬੱਚਤ ਅਤੇ ਜ਼ਮੀਨ ਵਿੱਚ ਨਮੀ ਦੀ ਸਾਂਭ ਲਈ ਬਿਜਾਈ ਤੋਂ ਬਾਅਦ ਖੇਤ ਵਿੱਚ 4 ਟਨ ਪਰਾਲੀ ਪ੍ਰਤੀ ਏਕੜ ਦੇ ਹਿਸਾਬ ਨਾਲ ਖਿਲਾਰ ਦਿਉ।
ਦਾਲਾਂ (ਮੁੰਗੀ, ਮਾਂਹ, ਅਰਹਰ, ਸੋਇਆਬੀਨ): ਮੂੰਗੀ ਅਤੇ ਮਾਂਹ ਦੀ ਸਾਉਣੀ ਦੀ ਫ਼ਸਲ ਨੂੰ ਆਮ ਤੌਰ ’ਤੇ ਸਿੰਜਾਈ ਦੀ ਲੋੜ ਨਹੀਂ ਹੁੰਦੀ ਅਤੇ ਇਨ੍ਹਾਂ ਨੂੰ ਬਾਰਸ਼ਾਂ ਦੇ ਪਾਣੀ ਨਾਲ ਹੀ ਉਗਾਇਆ ਜਾ ਸਕਦਾ ਹੈ। ਹਾਲਾਂਕਿ ਜੇ ਬਾਰਸ਼ ਲੰਬੇ ਸਮੇਂ ਤਕ ਨਹੀਂ ਹੁੰਦੀ ਤਾਂ ਇਕ ਪਾਣੀ ਦੇ ਦੇਣਾ ਚਾਹੀਦਾ ਹੈ। ਅਰਹਰ ਅਤੇ ਸੋਇਆਬੀਨ ਨੂੰ ਬਾਰਸ਼ਾਂ ਦੇ ਆਧਾਰ ’ਤੇ 3-4 ਪਾਣੀਆਂ ਦੀ ਜ਼ਰੂਰਤ ਹੁੰਦੀ ਹੈ। ਅੱਧ ਸਤੰਬਰ ਤੋਂ ਬਾਅਦ ਅਰਹਰ ਨੂੰ ਪਾਣੀ ਨਾ ਲਾਉ ਪਰ ਸੋਇਆਬੀਨ ਨੂੰ ਫ਼ਲੀਆਂ ਲੱਗਣ ਸਮੇਂ ਇੱਕ ਪਾਣੀ ਬੇਹੱਦ ਲੋੜੀਂਦਾ ਹੈ। ਅਰਹਰ ਅਤੇ ਸੋਇਆਬੀਨ ਨੂੰ ਦਰਮਿਆਨਿਆਂ ਅਤੇ ਭਾਰੀਆਂ ਜ਼ਮੀਨਾਂ ਵਿੱਚ ਬੈੱਡਾਂ ’ਤੇ ਵੀ ਬੀਜਿਆ ਜਾ ਸਕਦਾ ਹੈ। ਇਸ ਤਰ੍ਹਾਂ ਖਾਲਾਂ ਵਿੱਚ ਸਿੰਜਾਈ ਕਰ ਕੇ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ ਅਤੇ ਨਾਲ ਹੀ ਫ਼ਸਲ ਨੂੰ ਮੀਂਹ ਦੇ ਮਾੜੇ ਪ੍ਰਭਾਵ ਤੋਂ ਵੀ ਬਚਾਇਆ ਜਾ ਸਕਦਾ ਹੈ।
ਇਨ੍ਹਾਂ ਤਕਨੀਕਾਂ ਤੋਂ ਇਲਾਵਾ ਪਾਣੀ ਦੇ ਸਰੋਤਾਂ ਦੀ ਸਹੀ ਵਰਤੋਂ ਲਈ ਕੁਝ ਹੋਰ ਤਕਨੀਕਾਂ ਜਿਵੇਂ ਕਿ ਪਾਣੀ ਦੇ ਸੋਮੇਂ ਤੋਂ ਖੇਤ ਤੱਕ ਪਾਣੀ ਪਹੁੰਚਾਉਣ ਲਈ ਕੰਕਰੀਟ ਜਾਂ ਪਲਾਸਟਿਕ ਦੀਆਂ ਬਣੀਆਂ ਜ਼ਮੀਨਦੋਜ਼ ਪਾਈਪਾਂ, ਲੇਜ਼ਰ ਕਰਾਹੇ ਨਾਲ ਖੇਤ ਪੱਧਰਾ ਕਰਨਾ, ਛੋਟੇ ਕਿਆਰੇ ਪਾਉਣਾ, ਤੁਪਕਾ ਸਿੰਜਾਈ ਪ੍ਰਣਾਲੀ ਅਤੇ ਮਲਚਿੰਗ/ਪਰਾਲੀ ਦੇ ਛੋਰੇ ਨਾਲ ਪਾਣੀ ਦੀ ਬੱੱਚਤ ਆਦਿ ਨੂੰ ਅਪਣਾ ਕੇ ਵੀ ਪਾਣੀ ਦੀ ਸੰਜਮ ਨਾਲ ਵਰਤੋਂ ਕੀਤੀ ਜਾ ਸਕਦੀ ਹੈ।
*ਫ਼ਸਲ ਵਿਗਿਆਨ ਵਿਭਾਗ, ਪੀਏਯੂ।

Advertisement
Advertisement
Advertisement