ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਵਰਦੀਆਂ ਵੰਡਣ ਤੋਂ ਨਾਂਹ
ਨਵਕਿਰਨ ਸਿੰਘ
ਮਹਿਲ ਕਲਾਂ, 6 ਜੁਲਾਈ
ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਵਰਦੀਆਂ ਤਿਆਰ ਕਰਵਾਉਣ ਦਾ ਮਾਮਲਾ ਭਖ ਗਿਆ ਹੈ। ਅਧਿਆਪਕਾਂ ਅਤੇ ਸਕੂਲ ਮੈਨੇਜਮੈਂਟ ਕਮੇਟੀਆਂ ਵੱਲੋਂ ਸਰਕਾਰ ਦੇ ਇਸ ਕਦਮ ਨੂੰ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਬੇਲੋੜੀ ਖੁਆਰੀ ਕਰਾਰ ਦਿੰਦਿਆਂ ਵਰਦੀਆਂ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਵਰਦੀ ਲਈ ਸੂਬਾ ਸਰਕਾਰ 600 ਰੁਪਏ ਪ੍ਰਤੀ ਵਿਦਿਆਰਥੀ ਸਕੂਲਾਂ ਨੂੰ ਭੇਜਦੀ ਰਹੀ ਹੈ। ਸਕੂਲ ਅਧਿਆਪਕ ਅਤੇ ਸਕੂਲ ਮੈਨੇਜਮੈਂਟ ਕਮੇਟੀ ਸਕੂਲ ਪੱਧਰ ਉੱਪਰ ਵਰਦੀਆਂ ਖਰੀਦ ਕੇ ਵਿਦਿਆਰਥੀਆਂ ਨੂੰ ਦਿੰਦੇ ਸਨ ਪਰ ਇਸ ਵਾਰ ਸੂਬਾ ਸਰਕਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਰਾਹੀਂ ਸੈਲਫ ਹੈਲਫ ਗਰੁੱਪਾਂ ਦੀ ਮਦਦ ਨਾਲ ਇਕੋ ਰੰਗ ਵਰਦੀਆਂ ਤਿਆਰ ਕਰਵਾਈਆਂ ਗਈਆਂ ਹਨ। ਅੱਜ ਜਦੋਂ ਬਲਾਕ ਮਹਿਲ ਕਲਾਂ ਦੇ 14 ਸਕੂਲਾਂ ਦੇ ਅਧਿਆਪਕਾਂ ਨੂੰ ਵਰਦੀਆਂ ਲੈਣ ਲਈ ਬੀਪੀਈਓ ਦਫਤਰ ਬੁਲਾਇਆ ਗਿਆ ਤਾਂ ਉਨ੍ਹਾਂ ਵਰਦੀਆਂ ਲੈਣ ਤੋਂ ਇਨਕਾਰ ਕਰ ਦਿੱਤਾ। ਅਧਿਆਪਕਾਂ ਦਾ ਤਰਕ ਹੈ ਕਿ ਇਹ ਸਾਰੀਆਂ ਵਰਦੀਆਂ ਜਿਸ ਰੰਗ ਦੀਆਂ ਹਨ ਉਸ ਰੰਗ ਦੀ ਵਰਦੀ ਪਹਿਲਾਂ ਕਿਸੇ ਸਕੂਲ ਵਿੱਚ ਨਹੀਂ ਹੈ, ਇਸ ਤਰ੍ਹਾਂ ਵਿਦਿਆਰਥੀ ਦੀ ਪੁਰਾਣੀ ਵਰਦੀ ਬੇਕਾਰ ਹੋ ਜਾਵੇਗੀ ਤੇ ਉਸਨੂੰ ਇਕੋ ਵਰਦੀ ਪੂਰਾ ਹਫਤਾ ਪਾਉਣ ਲਈ ਰੋਜ਼ਾਨਾ ਵਰਦੀ ਧੋਣੀ ਪਵੇਗੀ। ਉਨ੍ਹਾਂ ਕਿਹਾ ਕਿ ਸਕੂਲ ਪੱਧਰ ਉੱਪਰ ਵਿਦਿਆਰਥੀ ਦੇ ਕੱਦ-ਕਾਠ ਦੇ ਹਿਸਾਬ ਨਾਲ ਵਰਦੀ ਖਰੀਦੀ ਜਾਂਦੀ ਸੀ ਪਰ ਹੁਣ ਖੱਜਲ-ਖੁਆਰੀ ਵਧੇਗੀ। ਇਸ ਸਬੰਧੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸੂਬਾ ਮੀਤ ਪ੍ਰਧਾਨ ਰਾਜੀਵ ਕੁਮਾਰ ਅਤੇ ਜੀਟੀਯੂ ਦੇ ਹਰਿੰਦਰ ਮੱਲੀਆਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਬਣਦੀਆਂ ਸਹੂਲਤਾਂ ਦੇਣ ਦੀ ਬਜਾਏ ਸੂਬਾ ਸਰਕਾਰ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਖੱਜਲ-ਖੁਆਰ ਕਰ ਰਹੀ ਹੈ।
ਇਸ ਸਬੰਧੀ ਬੀਪੀਈਓ ਗੁਰਦੀਪ ਸਿੰਘ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਇੰਦੂ ਸਿੰਮਕ ਨੇ ਕਿਹਾ ਕਿ ਇਸ ਵਾਰ ਪਹਿਲੀ ਤੋਂ ਪੰਜਵੀਂ ਤੱਕ ਦੇ ਬੱਚਿਆਂ ਦੀਆਂ ਵਰਦੀਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰ ਕਰਵਾਈਆਂ ਗਈਆਂ ਹਨ।