ਅਧਿਆਪਕ ਪਿਛਲੇ ਸਾਲ ਦੇ ਪੇਪਰ ਜਾਂਚਣ ਮਿਹਨਤਾਨੇ ਤੋਂ ਅਜੇ ਤੱਕ ਵਾਂਝੇ
ਸੰਜੀਵ ਬੱਬੀ
ਚਮਕੌਰ ਸਾਹਿਬ , 15 ਫਰਵਰੀ
ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਸਾਲਾਨਾ ਪ੍ਰੀਖਿਆਵਾਂ ਸ਼ੁਰੂ ਹੋ ਗਈਆਂ ਹਨ , ਪਰ ਅਧਿਆਪਕਾਂ ਨੂੰ ਅਜੇ ਤੱਕ ਪਿਛਲੇ ਸਾਲ ਦੀਆਂ ਸਾਲਾਨਾ ਪ੍ਰੀਖਿਆਵਾਂ ਦੀਆਂ ਉਤਰ ਪੱਤਰੀਆਂ ਜਾਂਚਣ ਦਾ ਮਿਹਨਤਾਨਾ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਨਹੀਂ ਮਿਲਿਆ। ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਦੱਸਿਆ ਕਿ ਸੂਬੇ ਦੇ ਅਧਿਆਪਕਾਂ ਨੂੰ ਅੱਠਵੀਂ ਦੇ ਪੇਪਰ ਜਾਂਚਣ ਦਾ ਪਹਿਲਾਂ ਹੀ ਕੋਈ ਮਿਹਨਤਾਨਾ ਨਹੀਂ ਦਿੱਤਾ ਜਾਂਦਾ ਅਤੇ ਦਸਵੀਂ ਤੇ ਬਾਰ੍ਹਵੀਂ ਦੇ ਪੇਪਰ ਚੈੱਕ ਕਰਨ ਦਾ ਜੋ ਨਿਗੂਣਾ ਮਿਹਨਤਾਨਾ ਦਿੱਤਾ ਜਾਂਦਾ ਹੈ , ਉਹ ਸਾਲ ਬੀਤਣ ਤੋਂ ਬਾਅਦ ਅਜੇ ਤੱਕ ਵੀ ਬੋਰਡ ਦੀਆਂ ਦਫਤਰੀ ਫਾਈਲਾਂ ਵਿੱਚ ਚੱਕਰ ਕੱਟ ਰਿਹਾ ਹੈ। ਉਧਰ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁਹਾਲੀ ਦਫਤਰ ਵਿਖੇ ਸਬੰਧਤ ਅਧਿਕਾਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਪ੍ਰੀਖਿਆ ਸ਼ਾਖਾ ਵੱਲੋਂ ਸੂਬੇ ਭਰ ਦੇ ਅਧਿਆਪਕਾਂ ਦੇ ਕੇਸ ਕਲੀਅਰ ਕਰਕੇ ਅੱਗੇ ਭੇਜ ਦਿੱਤੇ ਗਏ ਹਨ ਅਤੇ ਜਲਦੀ ਹੀ ਇਨ੍ਹਾਂ ਅਧਿਆਪਕਾਂ ਨੂੰ ਅਦਾਇਗੀ ਦੇ ਚੈੱਕ ਮਿਲ ਜਾਣਗੇ । ਅਧਿਆਪਕਾਂ ਨੇ ਪੰਜਾਬ ਸਿੱਖਿਆ ਬੋਰਡ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਮਿਹਨਤਾਨਾ ਜਾਰੀ ਕੀਤਾ ਜਾਵੇ ।