For the best experience, open
https://m.punjabitribuneonline.com
on your mobile browser.
Advertisement

ਬਾਇਓ ਗੈਸ ਫ਼ੈਕਟਰੀਆਂ ਖ਼ਿਲਾਫ਼ ਸੰਘਰਸ਼ ਤੇਜ਼ ਕਰਨ ਦਾ ਐਲਾਨ

05:10 AM Nov 28, 2024 IST
ਬਾਇਓ ਗੈਸ ਫ਼ੈਕਟਰੀਆਂ ਖ਼ਿਲਾਫ਼ ਸੰਘਰਸ਼ ਤੇਜ਼ ਕਰਨ ਦਾ ਐਲਾਨ
ਬਾਇਓ ਗੈਸ ਵਿਰੋਧੀ ਤਾਲਮੇਲ ਕਮੇਟੀ ਦੀ ਮੀਟਿੰਗ ਵਿੱਚ ਹਾਜ਼ਰ ਆਗੂ।
Advertisement

ਗੁਰਿੰਦਰ ਸਿੰਘ
ਲੁਧਿਆਣਾ, 27 ਨਵੰਬਰ
ਜ਼ਿਲ੍ਹੇ ਦੀਆਂ ਬਾਇਓ ਗੈਸ ਫ਼ੈਕਟਰੀਆਂ ਵਿਰੋਧੀ ਤਾਲਮੇਲ ਕਮੇਟੀ ਵੱਲੋਂ ਗੈਸ ਫ਼ੈਕਟਰੀਆਂ ਖ਼ਿਲਾਫ਼ ਸੰਘਰਸ਼ ਤੇਜ਼ ਕਰਨ ਦਾ ਫ਼ੈਸਲਾ ਕਰਦਿਆਂ ਦਸੰਬਰ ਦੇ ਪਹਿਲੇ ਹਫ਼ਤੇ ਸਾਰੇ ਮੋਰਚਿਆਂ ’ਤੇ ਕਾਨਫਰੰਸਾਂ ਕਰਨ ਦਾ ਐਲਾਨ ਕੀਤਾ ਗਿਆ ਹੈ।
ਅੱਜ ਸਥਾਨਕ ਬੀਬੀ ਅਮਰ ਕੌਰ ਯਾਦਗਾਰ ਲਾਇਬਰੇਰੀ ਵਿੱਜ ਡਾ. ਸੁਖਦੇਵ ਸਿੰਘ ਭੂੰਦੜੀ ਕੋਆਰਡੀਨੇਟਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਗੈਸ ਫ਼ੈਕਟਰੀਆਂ ਪ੍ਰਤੀ ਪੰਜਾਬ ਸਰਕਾਰ ਦੇ ਹੁਣ ਤੱਕ ਦੇ ਰਵੱਈਏ ਬਾਰੇ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਵਿੱਚ ਗੈਸ ਫ਼ੈਕਟਰੀਆਂ ਦੇ ਕਨੂੰਨੀ ਪੱਖ ’ਤੇ ਵਿਸਥਾਰ ’ਚ ਵਿਚਾਰ ਵਟਾਂਦਰਾ ਕਰਦਿਆਂ ਮਹਿਸੂਸ ਕੀਤਾ ਗਿਆ ਕਿ ਹਾਈਕੋਰਟ ਵਿੱਚ ਪੰਜਾਬ ਸਰਕਾਰ ਨੇ ਗਲਤ ਜਾਣਕਾਰੀ ਦੇ ਕੇ ਅਦਾਲਤ ਨੂੰ ਗੁੰਮਰਹ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਇਨ੍ਹਾਂ ਫੈਕਟਰੀਆਂ ਖ਼ਿਲਾਫ਼ ਸੰਘਰਸ਼ ਕਰ ਰਹੇ ਪਿੰਡਾਂ ਦਾ ਪੱਖ, ਸਰਕਾਰੀ ਮਾਹਿਰਾਂ ਨਾਲ ਚਾਰ ਮੀਟਿੰਗਾਂ ’ਚ ਹੋਏ ਲੰਮੇ ਵਿਚਾਰ ਵਟਾਂਦਰੇ ਦੀ ਵੀਡੀਓਗਰਾਫੀ ਅਤੇ ਨਿਕਲੇ ਸਿੱਟਿਆਂ ਦਾ ਜ਼ਿਕਰ ਨਾ ਕਰ ਕੇ ਪੂੰਜੀਪਤੀ ਮਾਲਕਾਂ ਦਾ ਪੱਖ ਪੂਰਿਆ ਹੈ। ਤਾਲਮੇਲ ਕਮੇਟੀ ਨੇ ਮਾਣਯੋਗ ਹਾਈਕੋਰਟ ਨੂੰ ਦੋਹੇਂ ਪੱਖ ਵਿਸਥਾਰ ’ਚ ਸੁਣਨ ਮਗਰੋਂ ਫ਼ੈਸਲਾ ਲੈਣ ਦੀ ਅਪੀਲ ਕੀਤੀ। ਤਾਲਮੇਲ ਕਮੇਟੀ ਦੇ ਆਗੂਆਂ ਨੇ ਜ਼ੋਰ ਦੇ ਕੇ ਕਿਹਾ ਕਿ ਬਾਇਓ ਗੈਸ ਫ਼ੈਕਟਰੀਆਂ ਅਸਲ ’ਚ ਕੈਂਸਰ ਫੈਕਟਰੀਆਂ ਹਨ ਅਤੇ ਇਹ ਲੋਕਹਿਤ ਵਿੱਚ ਕਿਸੇ ਵੀ ਕੀਮਤ ’ਤੇ ਨਹੀਂ ਚੱਲਣ ਦਿੱਤੀਆਂ ਜਾਣਗੀਆਂ। ਮੀਟਿੰਗ ਵਿੱਚ ਗੈਸ ਫ਼ੈਕਟਰੀਆਂ ਵਿਰੋਧੀ ਸੰਘਰਸ਼ ਨੂੰ ਤੇਜ਼ ਕਰਨ ਲਈ ਇੱਕ ਦਸੰਬਰ ਨੂੰ ਪਿੰਡ ਅਖਾੜਾ, ਚਾਰ ਦਸੰਬਰ ਨੂੰ ਪਿੰਡ ਮੁਸ਼ਕਾਬਾਦ ਅਤੇ ਅੱਠ ਦਸੰਬਰ ਨੂੰ ਪਿੰਡ ਭੂੰਦੜੀ ’ਚ ਵਿਸ਼ਾਲ ਕਾਨਫਰੰਸਾਂ ਕਰਕੇ ਅਗਲੇ ਤਿੱਖੇ ਪ੍ਰੋਗਰਾਮ ਦਾ ਐਲਾਨ ਕਰਨ ਦਾ ਫ਼ੈਸਲਾ ਵੀ ਕੀਤਾ ਗਿਆ। ਮੀਟਿੰਗ ਵਿੱਚ ਬਲਵੰਤ ਸਿੰਘ ਘੁਡਾਣੀ, ਅਰਵਿੰਦਰ ਸਿੰਘ ਲਵਲੀ, ਹਰਮੇਲ ਸਿੰਘ , ਕੁਲਵਿੰਦਰ ਸਿੰਘ ਮੁਸ਼ਕਾਬਾਦ , ਹਰਪਾਲ ਸਿੰਘ ਕਾਲਾ, ਕੰਵਲਜੀਤ ਖੰਨਾ, ਹਰਦੇਵ ਸਿੰਘ ਅਖਾੜਾ, ਹਰਦੀਪ ਸਿੰਘ ਅਖਾੜਾ, ਜਗਤਾਰ ਸਿੰਘ ਭੂੰਦੜੀ ਅਤੇ ਅਮਰੀਕ ਸਿੰਘ ਭੂੰਦੜੀ ਹਾਜ਼ਰ ਸਨ।

Advertisement

Advertisement
Advertisement
Author Image

Inderjit Kaur

View all posts

Advertisement