ਤਨਵੀਰ ਦਾ ਗ਼ਜ਼ਲ ਸੰਗ੍ਰਹਿ ‘ਫ਼ਤਵਿਆਂ ਦੇ ਦੌਰ ਵਿੱਚ’ ਰਿਲੀਜ਼
ਪੱਤਰ ਪ੍ਰੇਰਕ
ਪਟਿਆਲਾ, 10 ਅਕਤੂਬਰ
ਸਾਹਿਤਕਾਰਾਂ ਦਾ ਕਮਰਾ ਪਟਿਆਲਾ ਵੱਲੋਂ ਅਮਰੀਕਾ ਵਸੇ ਪੰਜਾਬੀ ਸ਼ਾਇਰ ਅਜੈ ਤਨਵੀਰ ਦੀ ਪਲੇਠੀ ਗ਼ਜ਼ਲ ਪੁਸਤਕ ‘ਫ਼ਤਵਿਆਂ ਦੇ ਦੌਰ ਵਿੱਚ’ ਦਾ ਲੋਕ ਅਰਪਣ ਕੀਤਾ ਗਿਆ। ਸਮਾਗਮ ’ਚ ਮੁੱਖ ਮਹਿਮਾਨ ਵਜੋਂ ਡਾ. ਸੁਰਜੀਤ ਸਿੰਘ ਪੁੱਜੇ ਜਦਕਿ ਪ੍ਰਧਾਨਗੀ ਡਾ. ਜਸਵਿੰਦਰ ਸੈਣੀ ਵੱਲੋਂ ਕੀਤੀ ਗਈ। ਸ਼ੁਰੂਆਤ ਵਿੱਚ ਅਜੇ ਤਨਵੀਰ ਦੀਆਂ ਕੁਝ ਗ਼ਜ਼ਲਾਂ ਦਾ ਪਾਠ ਕੀਤਾ ਗਿਆ। ਇਸ ਉਪਰੰਤ ਪੁਸਤਕ ਬਾਰੇ ਡਾ. ਗੁਰਸੇਵਕ ਲੰਬੀ ਨੇ ਕਿਹਾ ਕਿ ਤਨਵੀਰ ਦੀ ਸ਼ਾਇਰੀ ਸਮਾਜਿਕ ਸੰਕਟਾਂ ’ਚੋਂ ਉਪਜੇ ਸੰਘਰਸ਼ਾਂ ਦੀ ਸ਼ਾਇਰੀ ਹੈ। ਇਹ ਸ਼ਾਇਰੀ ਆਪਣੇ ਖ਼ੂਬਸੂਰਤ ਮੁਹਾਵਰੇ, ਬਿਹਤਰੀਨ ਤਸ਼ਬੀਹਾਂ ਅਤੇ ਤਿੱਖੇ ਕਟਾਖਸ਼ ਰਾਹੀਂ ਪਾਠਕ ’ਤੇ ਚੰਗਾ ਅਸਰ ਕਰਦੀ ਹੈ। ਸਤਪਾਲ ਭੀਖੀ ਨੇ ਕਿਹਾ ਕਿ ਇਹ ਸ਼ਾਇਰੀ ਪੀੜਤ ਅਤੇ ਖੰਡਤ ਮਨੁੱਖ ਲਈ ਸੰਵੇਦਨਾ ਵਿਅਕਤ ਕਰਦੀ ਹੋਈ ਪੀੜਤ ਧਿਰ ਦੀ ਬੁਲੰਦ ਆਵਾਜ਼ ਬਣਦੀ ਹੈ। ਖੋਜ ਅਫ਼ਸਰ ਡਾ. ਸਤਪਾਲ ਚਹਿਲ, ਸੁਖਵਿੰਦਰ ਸੁੱਖੀ, ਨਰਿੰਦਰਪਾਲ ਕੌਰ ਅਤੇ ਸੁਖਜੀਵਨ ਨੇ ਤਨਵੀਰ ਦੀ ਸ਼ਾਇਰੀ ਬਾਰੇ ਖ਼ੂਬਸੂਰਤ ਟਿੱਪਣੀਆਂ ਕੀਤੀਆਂ। ਇਸ ਮੌਕੇ ਯੁਵਾ ਗ਼ਜ਼ਲਗੋ ਕਮਲ ਬਾਲਦ ਕਲਾਂ, ਹਸਨਪ੍ਰੀਤ, ਚਮਕੌਰ ਬਿੱਲਾ, ਤਰਸੇਮ ਡਕਾਲਾ, ਅਰਵਿੰਦਰ ਕੌਰ, ਬਖਸ਼ਪ੍ਰੀਤ ਕੌਰ, ਗਿਫਟੀ, ਜਸਦੀਪ ਕੌਰ, ਹਰਦੀਪ ਸਿੰਘ ਆਦਿ ਸ਼ਾਮਲ ਸਨ।