For the best experience, open
https://m.punjabitribuneonline.com
on your mobile browser.
Advertisement

ਉਲਝੀ ਹੋਈ ਤਾਣੀ

10:22 AM Jan 14, 2024 IST
ਉਲਝੀ ਹੋਈ ਤਾਣੀ
Advertisement

ਜਿੰਦਰ

ਜੀਵਨ ਲੋਅ 33

ਸੰਦੀਪ ਨੇ ਰਾਜਬੀਰ ਵੱਲ ਚੋਰ ਨਜ਼ਰਾਂ ਨਾਲ ਦੇਖਿਆ। ਰਾਜਬੀਰ ਦੇ ਚਿਹਰੇ ’ਤੇ ਖਿਚਾਉ ਸੀ। ਉਸ ਨੂੰ ਲੱਗਿਆ ਕਿ ਰਾਜਬੀਰ ਕੁਝ ਜ਼ਿਆਦਾ ਹੀ ਸੋਚਣ ਲੱਗੀ ਸੀ। ਪ੍ਰਭਜੀਤ ਤੇ ਭੁਪਿੰਦਰ ਉਨ੍ਹਾਂ ਨੂੰ ਆਪਣੀਆਂ ਘਰੇਲੂ ਗੱਲਾਂ ਤੇ ਝਗੜੇ ਵਿੱਚ ਇੰਨਾ ਉਲਝਾ ਲੈਂਦੇ ਹਨ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਉਲਝੀ ਹੋਈ ਤਾਣੀ ਦਾ ਕੋਈ ਸਿਰਾ ਜਾਂ ਮੁੱਖ ਤੰਦ ਨਾ ਲੱਭਦੀ। ਭੁਪਿੰਦਰ ਤੇ ਰਾਜਬੀਰ ਦੋਵੇਂ ਹੀ ਡੀ.ਏ.ਵੀ. ਕਾਲਜ, ਜਲੰਧਰ ਦੇ ਵਿਦਿਆਰਥੀ ਰਹੇ ਸਨ। ਐਦਾਂ ਹੀ ਸੰਦੀਪ ਤੇ ਪ੍ਰਭਜੀਤ ਮਹਿੰਦਰਾ ਕਾਲਜ, ਪਟਿਆਲਾ ਵਿੱਚ ਪੜ੍ਹੇ ਸਨ। ਵਿਦਿਆਰਥੀ ਜੀਵਨ ਵਿੱਚ ਉਹ ਥੋੜ੍ਹਾ-ਬਹੁਤ ਇੱਕ-ਦੂਜੇ ਬਾਰੇ ਜਾਣਦੇ ਸਨ। ਲੋੜ ਕੁ ਜਿੰਨਾ। ਭਾਵੇਂ ਉਨ੍ਹਾਂ ਦੇ ਵਿਸ਼ੇ ਅੱਡ-ਅੱਡ ਸਨ ਪਰ ਤੁਰਦੀਆਂ-ਫਿਰਦੀਆਂ ਗੱਲਾਂ ਉਨ੍ਹਾਂ ਤੱਕ ਵੀ ਪਹੁੰਚ ਜਾਂਦੀਆਂ ਸਨ। ਉਨ੍ਹਾਂ ਕਦੇ ਆਪਸ ਵਿੱਚ ਦੁਆ-ਸਲਾਮ ਨਹੀਂ ਕੀਤੀ ਸੀ। ਬਸ ਮਾੜੀ-ਮੋਟੀ ਇੱਕ ਦੂਜੇ ਦੀ ਪਛਾਣ ਰੱਖਦੇ ਸਨ।
ਸੰਦੀਪ ਤੇ ਰਾਜਬੀਰ ਸਟੱਡੀ-ਬੇਸ ’ਤੇ ਐਡੀਲੇਡ ਆਏ ਸਨ। ਪ੍ਰਭਜੀਤ ਸਟੱਡੀ-ਬੇਸ ’ਤੇ ਆਈ ਸੀ। ਫੇਰ ਉਸ ਨੇ ਭੁਪਿੰਦਰ ਨਾਲ ਵਿਆਹ ਕਰਵਾ ਲਿਆ ਸੀ। ਸਾਲ ਕੁ ਮਗਰੋਂ ਭੁਪਿੰਦਰ ਵੀ ਉਸ ਕੋਲ ਆ ਗਿਆ ਸੀ। ਸਬੱਬੀਂ ਇੱਕ ਦਿਨ ਦੋਵੇਂ ਜੋੜੇ ਬੂਲਵਰਥ ਵਿੱਚ ਸ਼ੌਪਿੰਗ ਕਰਨ ਆਏ ਸਨ। ਪ੍ਰਭਜੀਤ ਨੇ ਪਹਿਲ ਕਰਦਿਆਂ ਸੰਦੀਪ ਨੂੰ ਪੁੱਛਿਆ ਸੀ, ‘‘ਵੀਰ ਜੀ, ਤੁਸੀਂ ਵੀ ਇੱਥੇ ਆ ਗਏ?’’ ਸੰਦੀਪ ਜੁਆਬ ਦਿੰਦਾ, ਇਸ ਤੋਂ ਪਹਿਲਾਂ ਹੀ ਰਾਜਬੀਰ ਨੇ ਭੁਪਿੰਦਰ ਨੂੰ ਛੇੜਿਆ ਸੀ, ‘‘ਉਏ ਭੁਪਿੰਦਰਾ, ਹੁਣ ਉੱਦਾਂ ਸੀਟੀ ਮਾਰ ਜਿੱਦਾਂ ਕਾਲਜ ’ਚ ਕੁੜੀਆਂ ਪਿੱਛੇ ਮਾਰਦਾ ਹੁੰਦਾ ਸੀ।’’ ਭੁਪਿੰਦਰ ਨੇ ਕਿਹਾ ਸੀ, ‘‘ਜਿੱਥੇ ਗਈਆਂ ਬੇੜੀਆਂ, ਉੱਥੇ ਗਏ ਮਲਾਹ।’’ ਫੇਰ ਦੋ ਜੁੱਟ ਬਣ ਗਏ। ਸੰਦੀਪ ਤੇ ਪ੍ਰਭਜੀਤ ਦਾ। ਭੁਪਿੰਦਰ ਤੇ ਰਾਜਬੀਰ ਦਾ। ਉਨ੍ਹਾਂ ਕੋਲ ਬਹੁਤ ਸਾਰੀਆਂ ਕਰਨ ਵਾਲੀਆਂ ਗੱਲਾਂ ਸਨ। ਆਸਟਰੇਲੀਆ ਆ ਕੇ ਉਨ੍ਹਾਂ ਖੁੱਲ੍ਹਾਂ ਮਾਣਨੀਆਂ ਸ਼ੁਰੂ ਕਰ ਦਿੱਤੀਆਂ ਸਨ। ਜ਼ਿਆਦਾ ਗੱਲਾਂ ਕਾਲਜ ਬਾਰੇ ਹੋਈਆਂ। ਉਨ੍ਹਾਂ ਫੂਡ ਕੌਰਨਰ ਵਿੱਚ ਜਾ ਕੇ ਪੀਜ਼ਾ ਖਾਧਾ। ਕੌਫ਼ੀ ਪੀਤੀ। ਇੱਕ-ਦੂਜੇ ਦੇ ਫ਼ੋਨ ਨੰਬਰ ਲਏ। ਫੇਰ ਮਿਲਣ ਦਾ ਵਾਇਦਾ ਕਰ ਕੇ ਆਪੋ-ਆਪਣੀਆਂ ਕਾਰਾਂ ਵੱਲ ਚਲੇ ਗਏ।
ਮਹੀਨੇ ਵਿੱਚ ਇੱਕ ਵਾਰ ਉਹ ਇੱਕ ਦੂਜੇ ਦੇ ਘਰ ਜਾਣ ਲੱਗੇ। ਇਸ ਸ਼ਹਿਰ ਵਿੱਚ ਉਨ੍ਹਾਂ ਦੀ ਬਹੁਤੀ ਵਾਕਫ਼ੀਅਤ ਨਹੀਂ ਸੀ। ਘਰੋਂ ਕੰਮ ’ਤੇ। ਕੰਮ ਤੋਂ ਘਰੇ। ਵੱਧ ਤੋਂ ਵੱਧ ਹੋਇਆ ਦੋ ਹਫ਼ਤਿਆਂ ਮਗਰੋਂ ਘਰ ਲਈ ਸ਼ੌਪਿੰਗ ਕਰ ਲਈ। ਐਡੀਲੇਡ ਛੋਟਾ ਸ਼ਹਿਰ ਸੀ। ਜੇ ਜ਼ਿਆਦਾ ਮਨ ਉਦਾਸ ਹੁੰਦਾ ਜਾਂ ਇਕੱਲਤਾ ਘੇਰ ਲੈਂਦੀ ਤਾਂ ਪਹਾੜੀ ’ਤੇ ਜਾ ਕੇ ਕੰਗਾਰੂ ਦੇਖਣ ਚਲੇ ਜਾਂਦੇ। ਇੱਕ ਦਿਨ ਭੁਪਿੰਦਰ ਇਕੱਲਾ ਹੀ ਸੰਦੀਪ ਨੂੰ ਮਿਲਣ ਆਇਆ। ਉਨ੍ਹਾਂ ਗਲਾਸੀ ਸਾਂਝੀ ਕੀਤੀ। ਭੁਪਿੰਦਰ ਚੁੱਪ ਤੇ ਗੁੰਮ ਜਿਹਾ ਰਿਹਾ। ਸੰਦੀਪ ਨੇ ਉਸ ਨੂੰ ਆਰ ਲਾਈ, ‘‘ਗਲਾਸੀ ਪੀ ਕੇ ਤਾਂ ਪਿਉ-ਪੁੱਤ ਖੁੱਲ੍ਹ ਜਾਂਦੇ ਨੇ। ਤੂੰ ਕਿਉਂ ਰੁੱਸੀ ਹੋਈ ਰੰਨ ਵਰਗਾ ਮੂੰਹ ਬਣਾਈ ਬੈਠਾਂ?’’ ਰੰਨ ਸ਼ਬਦ ਨੇ ਭੁਪਿੰਦਰ ਨੂੰ ਹਿਲਾ ਦਿੱਤਾ, ‘‘ਯਾਰ, ਰੰਨ ਨੂੰ ਸਮਝਣਾ ਬੜਾ ਔਖਾ।’’ ਸੰਦੀਪ ਨੇੇ ਕਿਹਾ, ‘‘ਜੇ ਆਪਾਂ ਦੋਸਤਾਂ ਵਾਂਗੂੰ ਰਹੀਏ ਤਾਂ ਕੋਈ ਔਖਾ ਨ੍ਹੀਂ। ਹੁਣ ਸਾਡੇ ਪਿਉ ਵਾਲੇ ਸਮੇਂ ਨ੍ਹੀਂ ਰਹੇ ਕਿ ਘਰ ਵਾਲੀ ਨੂੰ ਦਬਾਅ ਕੇ ਰੱਖੋ। ਜਦੋਂ ਔਰਤ ਨੇ ਬਰੋਬਰ ਕਮਾਉਣਾ ਏ ਤਾਂ ਘਰ ਦੀ ਅੱਧੀ ਜ਼ਿੰਮੇਵਾਰੀ ਆਦਮੀ ਨੂੰ ਚੁੱਕਣੀ ਪੈਣੀ ਏ। ਮੈਂ ਆਪਣੇ ਆਪ ਨੂੰ ਬਦਲ ਲਿਆ। ਜੇ ਰਾਜਬੀਰ ਚਾਹ ਬਣਾ ਕੇ ਲਿਆਵੇ ਤਾਂ ਮੈਂ ਕੱਪ ਰਸੋਈ ’ਚ ਰੱਖ ਆਉਂਦਾ। ਧੋ-ਮਾਂਜ ਕੇ ਰੱਖ ਦਿੰਨਾਂ। ਅਸੀਂ ਆਪਸ ’ਚ ਕਦੇ ਜ਼ਿੱਦ ਨ੍ਹੀਂ ਕੀਤੀ ਕਿ ਤੂੰ ਆਹ ਕੰਮ ਨ੍ਹੀਂ ਕੀਤਾ? ਕਿਉਂ ਨ੍ਹੀਂ ਕੀਤਾ? ਮੇਰੇ ਇੱਕ ਦੂਰ ਦੇ ਰਿਸ਼ਤੇਦਾਰ ਨੇ ਮੈਨੂੰ ਇਹ ਗੱਲ ਸਮਝਾਈ ਸੀ ਕਿ ਆਸਟਰੇਲੀਆ ਜਾਣ ਲੱਗਾ, ਦਿੱਲੀ ਏਅਰਪੋਰਟ ’ਤੇ ਇੰਡੀਆ ਨੂੰ ਛੱਡ ਜਾਈਂ। ਕਹਿਣ ਨੂੰ ਤਾਂ ਉਸ ਕਹਿ ਦਿੱਤਾ ਸੀ, ਪਰ ਇਹ ਗੱਲ ਐਨੀ ਛੋਟੀ ਵੀ ਨ੍ਹੀਂ ਸੀ। ਪਰ ਮੈਂ ਉਸ ਦੀ ਗੱਲ ਨੂੰ ਲੜ ਬੰਨ੍ਹ ਲਿਆ। ਯਾਰ, ਮੈਂ ਆਪਣੇ ਬਾਰੇ ਦੱਸ ਦਿੱਤਾ। ਹੁਣ ਤੂੰ ਵੀ ਖੁੱਲ੍ਹ ਕੇ ਪ੍ਰਭਜੀਤ ਬਾਰੇ ਦੱਸ। ਤੈਨੂੰ ਉਸ ਕੋਲੋਂ ਕੀ ਸਮੱਸਿਆ ਏ?’’ ਭੁਪਿੰਦਰ ਤਾਂ ਜਿੱਦਾਂ ਭਰਿਆ-ਪੀਤਾ ਬੈਠਾ ਸੀ। ਉਸ ਦੱਸਣਾ ਸ਼ੁਰੂ ਕੀਤਾ, ‘‘ਪ੍ਰਭਜੀਤ ਦੇ ਬਾਹਰ ਸੰਬੰਧ ਨੇ।’’ ਸੰਦੀਪ ਨੇ ਪੁੱਛਿਆ, ‘‘ਵਿਆਹ ਤੋਂ ਪਹਿਲਾਂ ਜਾਂ ਇੱਥੇ ਆ ਕੇ?’’ ਉਸ ਦੱਸਿਆ, ‘‘ਪਹਿਲਾਂ ਵੀ ਸੀ ਤੇ ਹੁਣ ਵੀ ਨੇ।’’ ਸੰਦੀਪ ਨੇ ਕਿਹਾ, ‘‘ਲੱਗਦਾ ਤਾਂ ਨ੍ਹੀਂ।’’ ਭੁਪਿੰਦਰ ਖਿੱਝ ਉੱਠਿਆ, ‘‘ਜਿਸ ਤਨ ਲੱਗਦੀ ਏ- ਉਹੀ ਜਾਣਦਾ।’’
ਸੰਦੀਪ ਨੇ ਕਈ ਵਾਰ ਕੋਸ਼ਿਸ਼ ਕੀਤੀ ਕਿ ਉਨ੍ਹਾਂ ਦੋਵਾਂ ਨੂੰ ਘਰ ਬੁਲਾ ਕੇ ਸੁਲਾਹ ਕਰਵਾ ਦੇਵੇ। ਉਹ ਬੱਚਿਆਂ ਦੇ ਭਵਿੱਖ ਬਾਰੇ ਸੋਚਣ। ਉਹ ਆਉਣ ਦਾ ਕਹਿ ਦਿੰਦੇ, ਪਰ ਆਉਂਦਾ ਕੋਈ ਵੀ ਨਾ। ਸੰਦੀਪ ਨੇ ਰਾਜਬੀਰ ਨੂੰ ਉਨ੍ਹਾਂ ਦੇ ਨਾ ਆਉਣ ਬਾਰੇ ਪੁੱਛਿਆ ਤਾਂ ਉਸ ਦੱਸਿਆ, ‘‘ਉਹ ਸ਼ਰਮ ਦੇ ਮਾਰੇ ਨ੍ਹੀਂ ਆਉਂਦੇ। ਪ੍ਰਭਜੀਤ ਨੇ ਭੁਪਿੰਦਰ ਦੇ ਬਾਹਰਲੇ ਸੰਬੰਧਾਂ ਬਾਰੇ ਬਹੁਤ ਵਧਾ-ਚੜ੍ਹਾਅ ਕੇ ਦੱਸਿਆ ਸੀ। ਭੁਪਿੰਦਰ ਨੇ ਪ੍ਰਭਜੀਤ ਦੇ ਇਸ਼ਕਾਂ ਨੂੰ ਛੱਜ ’ਚ ਪਾ ਕੇ ਛੱਟਿਆ। ਆਪਾਂ ਨੂੰ ਸਭ ਕੁਝ ਦੱਸ ਦਿੱਤਾ। ਇਨ੍ਹਾਂ ’ਚੋਂ ਭਾਵੇਂ ਕੋਈ ਵੀ ਗੱਲ ਸੱਚੀ ਨਾ ਹੋਵੇ, ਪਰ ਚੋਰ ਦੀ ਦਾੜ੍ਹੀ ’ਚ ਤਿਣਕਾ ਵਾਲੀ ਗੱਲ ਏ। ਸਿਆਣਾ ਬੰਦਾ ਤਾਂ ਉਹ ਹੁੰਦਾ ਜਿਹੜਾ ਆਪਣੇ ਪਰਿਵਾਰ ਦੀ ਗੱਲ ਘਰ ’ਚੋਂ ਬਾਹਰ ਨਾ ਨਿਕਲਣ ਦੇਵੇ। ਪ੍ਰਭਜੀਤ ਪੱਕੀ ਮਲਵੈਣ ਏ। ਗੱਲਾਂ ਕਰਦੀ ਥੱਕਦੀ ਨ੍ਹੀਂ। ਸ਼ਰਾਬ ਦੇ ਤਿੰਨ ਪੈੱਗ ਪੀ ਕੇ ਭੁਪਿੰਦਰ ਵੀ ਕੱਪੜਿਆਂ ’ਚੋਂ ਬਾਹਰ ਹੋ ਜਾਂਦਾ। ਸੋਫ਼ੀ ਦੇ ਮੂੰਹੋਂ ਗੱਲ ਨ੍ਹੀਂ ਨਿਕਲਦੀ।’’
ਸੰਦੀਪ ਨੇ ਕਿਹਾ, ‘‘ਤੇਰਾ ਇਸ ਪਾਸੇ ਧਿਆਨ ਗਿਆ ਸੀ ਕਿ ਨ੍ਹੀਂ- ਮੈਂ ਜਿੰਨੀ ਵਾਰ ਉਨ੍ਹਾਂ ਦੇ ਘਰੇ ਗਿਆਂ- ਕਈ ਗੱਲਾਂ ਨੋਟ ਕੀਤੀਆਂ। ਸਿਆਣੇ ਕਹਿੰਦੇ ਹੁੰਦੇ ਕਿ ਘਰ ਦੇ ਭਾਗ ਡਿਊਢੀ ਤੋਂ ਪਤਾ ਚੱਲ ਜਾਂਦੇ ਨੇ। ਉਨ੍ਹਾਂ ਦੇ ਲਾਊਂਜ ’ਚ ਜਿੱਥੇ ਐਲ.ਈ.ਡੀ. ਪਈ ਏ, ਉਸ ਦੇ ਉਪਰਲੇ ਪਾਸੇ ਚਾਰ ਖਾਨਿਆਂ ਦਾ ਸ਼ੋਅ-ਪੀਸ ਬਣਾਇਆ ਹੋਇਆ। ਭਾਵੇਂ ਊਠਾਂ ਦੀ ਜੋੜੀ ਦੇਖ ਲਓ, ਜਾਂ ਘੋੜਿਆਂ ਦੀ ਜਾਂ ਹਾਥੀਆਂ ਦੀ- ਸਾਰਿਆਂ ਦੀ ਇੱਕ ਦੂਜੇ ਵੱਲ ਪਿੱਠ ਏ। ਫੇਰ ਉਨ੍ਹਾਂ ’ਚ ਫੁੱਟ, ਡੇਢ ਫੁੱਟ ਦੀ ਦੂਰੀ ਬਣਾ ਕੇ ਰੱਖੀ ਹੋਈ ਏ- ਇੱਥੋਂ ਮੈਂ ਉਨ੍ਹਾਂ ਦੀ ਸੋਚ ਨੂੰ ਫੜਿਆ ਏ। ਸੰਬੰਧਾਂ ਨੂੰ ਜਾਣਿਆ ਏ। ਆਪਣੇ ਲਾਊਂਜ ’ਚ ਪਈਆਂ ਚੀਜ਼ਾਂ ਦੀ ਪਛਾੜੀ ਤਾਂ ਕੀ ਹੋਣੀ ਏ- ਸਾਡੇ ਕੋਲੋਂ ਤਾਂ ਉਨ੍ਹਾਂ ਦੀ ਦੂਰੀ ਵੀ ਨ੍ਹੀਂ ਰੱਖੀ ਜਾਂਦੀ।’’
ਸੋਚਦਿਆਂ-ਕਰਦਿਆਂ ਕਈ ਸਾਲ ਬੀਤ ਗਏ। ਕੁਝ ਗੱਲਾਂ ਹੁੰਦੀਆਂ ਜਿਨ੍ਹਾਂ ਦਾ ਕੋਈ ਜੁਆਬ ਨਹੀਂ ਹੁੰਦਾ। ਬਸ ਮਹਿਸੂਸ ਕੀਤਾ ਜਾਂਦਾ ਹੈ। ਅਜਿਹੇ ਹੀ ਮੂਡ ਵਿੱਚ ਬੈਠੇ ਉਹ ਕੌਫ਼ੀ ਪੀ ਰਹੇ ਸਨ ਕਿ ਬਾਹਰਲੇ ਦਰਵਾਜ਼ੇ ’ਤੇ ਰਿੰਗ ਹੋਈ। ਸੰਦੀਪ ਨੇ ਦਰਵਾਜ਼ਾ ਖੋਲ੍ਹਿਆ ਤਾਂ ਭੁਪਿੰਦਰ ਤੇ ਪ੍ਰਭਜੀਤ ਖੜ੍ਹੇ ਦਿੱਸੇ। ਉਨ੍ਹਾਂ ਨੂੰ ਜੀ ਆਇਆਂ ਕਹਿਣ ਤੋਂ ਪਹਿਲਾਂ, ਉਸ ਨੇ ਉੱਚੀ ਆਵਾਜ਼ ਵਿੱਚ ਕਿਹਾ, ‘‘ਰਾਜਬੀਰ, ਤੇਲ ਵਾਲੀ ਸ਼ੀਸ਼ੀ ਲੈ ਕੇ ਆ। ਸੁਭਾਗ ਜੋੜੀ ਆਈ ਏ।’’
ਰਾਜਬੀਰ ਨੇ ਤੇਲ ਚੋਇਆ। ਭੁਪਿੰਦਰ ਨੇ ਉਸ ਨੂੰ ਪੰਜਾਹ ਡਾਲਰਾਂ ਦਾ ਨੋਟ ਮੱਲੋਜ਼ੋਰੀ ਫੜਾ ਕੇ ਕਿਹਾ, ‘‘ਤੂੰ ਮੇਰੀ ਨਿੱਕੀ ਭੈਣ ਏਂ। ਤੂੰ ਭਾਵੇਂ ਭੁੱਲ ਜਾ- ਮੈਂ ਭਰਾ ਦੇ ਫ਼ਰਜ਼ਾਂ ਤੋਂ ਭੱਜਣ ਵਾਲਾ ਨ੍ਹੀਂ।’’ ਪ੍ਰਭਜੀਤ ਨੇ ਸੰਦੀਪ ਨੂੰ ਜੱਫੀ ਪਾ ਲਈ। ਫੇਰ ਸੰਦੀਪ ਦੇ ਚਿਹਰੇ ਵੱਲ ਨੀਝ ਲਾ ਕੇ ਪੁੱਛਿਆ, ‘‘ਵੀਰ ਜੀ, ਬੜੇ ਲਿੱਸੇ ਹੋ ਗਏ? ਆਪਣੀ ਸਿਹਤ ਵੱਲ ਧਿਆਨ ਦਿਆ ਕਰੋ।’’ ਸੰਦੀਪ ਤੇ ਰਾਜਬੀਰ ਨੂੰ ਉਨ੍ਹਾਂ ਨੇ ਮੋਹ ਲਿਆ। ਪਹਿਲੀ ਵਾਰ ਉਨ੍ਹਾਂ ਨੇ ਭੈਣ ਤੇ ਵੀਰ ਜੀ ਨਾਲ ਸੰਬੋਧਤ ਕੀਤਾ ਸੀ।
ਰਾਜਬੀਰ ਨੇ ਖਾਣ-ਪੀਣ ਵਾਲੀਆਂ ਚੀਜ਼ਾਂ ਨਾਲ ਮੇਜ਼ ਭਰ ਦਿੱਤਾ। ਉਸ ਨੂੰ ਦੋਵੇਂ ਜਣੇ ਪਹਿਲਾਂ ਨਾਲੋਂ ਜ਼ਿਆਦਾ ਚੰਗੇ ਲੱਗੇ। ਉਸ ਨੂੰ ਚਾਅ ਚੜ੍ਹ ਗਿਆ ਸੀ। ਪ੍ਰਭਜੀਤ ਤੇ ਭੁਪਿੰਦਰ ਦੇ ਚਿਹਰੇ ’ਤੇ ਰੌਣਕ ਸੀ। ਇੱਧਰ ਉੱਧਰ ਦੀਆਂ ਗੱਲਾਂ ਮੁਕਾ ਕੇ ਭੁਪਿੰਦਰ ਨੇ ਕਿਹਾ, ‘‘ਭਾ ਜੀ ਅਸੀਂ ਆਪਣਾ ਘਰ ਲਿਆ। ਜੌਰਜੀਅਨ ਐਵੇਨਿਊ ’ਚ। ਘਰੇ ਛੋਟੀ ਜਿਹੀ ਪਾਰਟੀ ਰੱਖੀ। ਅਸੀਂ ਤੁਹਾਨੂੰ ਫ਼ੋਨ ’ਤੇ ਵੀ ਇਨਵਾਈਟ ਕਰ ਸਕਦੇ ਸੀ। ਪ੍ਰਭਜੀਤ ਨੇ ਕਿਹਾ ਸੀ- ਨ੍ਹੀਂ ਘਰੇ ਜਾ ਕੇ ਸਰਪ੍ਰਾਈਜ਼ ਦੇਵਾਂਗੇ। ਤੁਸੀਂ ਅਗਲਾ ਸਨਡੇਅ ਸਾਡੇ ਲਈ ਫਰੀ ਰੱਖਣਾ।’’
‘‘ਜ਼ਰੂਰ,’’ ਸੰਦੀਪ ਤੇ ਰਾਜਬੀਰ ਨੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ।
ਉਨ੍ਹਾਂ ਦੇ ਮਨਾਂ ਵਿੱਚ ਇੱਕ ਸਵਾਲ ਉਭਰ ਰਿਹਾ ਸੀ ਕਿ ਇਹ ਕ੍ਰਿਸ਼ਮਾ ਕਿੱਦਾਂ ਵਾਪਰ ਗਿਆ।
ਪ੍ਰਭਜੀਤ ਨੇ ਉਨ੍ਹਾਂ ਦੇ ਮਨਾਂ ਤੇ ਨਜ਼ਰਾਂ ਦੀ ਭਾਸ਼ਾ ਪੜ੍ਹ ਲਈ। ਉਹ ਸੋਫੇ ਤੋਂ ਉੱਠ ਕੇ ਕਾਰਪੈਟ ’ਤੇ ਬੈਠ ਗਈ। ਮੇਜ਼ ਤੋਂ ਡੋਲਕੀ ਦਾ ਕੰਮ ਲਿਆ। ਬਾਰੀਕ ਜਿਹੀ ਆਵਾਜ਼ ਵਿੱਚ ਗੁਣਗੁਣਾਉਣ ਲੱਗੀ:
ਗਾਂਠ ਅਗਰ ਲਗ ਜਾਏ ਤੋ ਫਿਰ ਰਿਸ਼ਤੇ ਹੋ ਯਾ ਡੋਰੀ
ਲਾਖ ਕਰੇਂ ਕੋਸ਼ਿਸ਼ ਖੁਲਨੇ ਮੇਂ ਵਕਤ ਤੋਂ ਲਗਤਾ ਹੈ।
ਭੁਪਿੰਦਰ ਨੇ ਉਸ ਦਾ ਸਾਥ ਦਿੱਤਾ:
ਹਮਨੇ ਇਲਾਜ-ਏ-ਜ਼ਖ਼ਮ-ਏ-ਦਿਲ ਤੋ ਢੂੰਡ ਲੀਆ ਲੇਕਿਨ,
ਗਹਰੇ ਜ਼ਖ਼ਮੋਂ ਕੋ ਭਰਨੇ ਮੇਂ ਵਕਤ ਤੋਂ ਲਗਤਾ ਹੈ।
ਰਾਜਬੀਰ ਕੋਲੋਂ ਪੁੱਛਣੋਂ ਰਿਹਾ ਨਾ ਗਿਆ। ਉਸ ਨੇ ਪ੍ਰਭਜੀਤ ਕੋਲੋਂ ਪੁੱਛ ਹੀ ਲਿਆ, ‘‘ਅੜੀਏ, ਹੁਣ ਤੁਹਾਡੇ ਹੱਥ ਕਿਹੜੀ ਗਿਦੜਸਿੰਙੀ ਆ ਗਈ? ਸਾਨੂੰ ਵੀ ਪਤਾ ਤਾਂ ਲੱਗੇ।’’
ਪ੍ਰਭਜੀਤ ਨੇ ਭੁਪਿੰਦਰ ਵੱਲ ਦੇਖਿਆ। ਭੁਪਿੰਦਰ ਨੇ ਪ੍ਰਭਜੀਤ ਵੱਲ। ਜਿੱਦਾਂ ਇੱਕ ਦੂਜੇ ਤੋਂ ਪੁੱਛ ਰਹੇ ਹੋਣ ਕਿ ਕੌਣ ਜੁਆਬ ਦੇਵੇ। ਪ੍ਰਭਜੀਤ ਨੇ ਦੱਸਿਆ, ‘‘ਲਓ- ਇਹ ਕਿਹੜਾ ਵੱਡਾ ਕੰਮ ਸੀ। ਅਸੀਂ ਇੱਕ ਦੂਜੇ ਦੀ ਨਿੰਦਿਆ-ਚੁਗਲੀ ਕਰਨੀ ਛੱਡ ਦਿੱਤੀ। ਇੱਕ ਦੂਜੇ ਵਿਰੁੱਧ ਬੋਲਣਾ ਛੱਡ ਦਿੱਤਾ। ਸਭ ਤੋਂ ਵੱਡੀ ਗੱਲ ਏ ਕਿ ਅਸੀਂ ਇੱਕ ਦੂਜੇ ਨੂੰ ਸਮਝ ਲਿਆ।’’
ਸੰਪਰਕ: 98149-03254

Advertisement

Advertisement
Author Image

sukhwinder singh

View all posts

Advertisement
Advertisement
×