ਗਿੱਧੇ ਦਾ ਵਿਧਾਵੀ ਰੂਪ ਤਮਾਸ਼ਾ
ਭੋਲਾ ਸਿੰਘ ਸ਼ਮੀਰੀਆ
ਗਿੱਧਾ ਸਾਡੀ ਸੱਭਿਆਚਾਰਕ ਪਰੰਪਰਾ ਦਾ ਗੂੜ੍ਹਾ ਹਸਤਾਖਰ ਹੈ। ਹਰ ਖ਼ੁਸ਼ੀ ਦੇ ਮੌਕੇ ’ਤੇ ਨੱਚੇ ਜਾਣ ਵਾਲੇ ਇਸ ਨਾਚ ਨੂੰ ਕੁਝ ਅਰਸਾ ਪਹਿਲਾਂ ਸਿਰਫ਼ ਔਰਤਾਂ ਦਾ ਨਾਚ ਹੀ ਮੰਨਿਆ ਜਾਂਦਾ ਸੀ। ਹੁਣ ਇਸ ਨਾਚ ਵਿੱਚ ਮਰਦਾਂ ਦੀ ਸ਼ਮੂਲੀਅਤ ਵੀ ਹੋਣੀ ਸ਼ੁਰੂ ਹੋ ਗਈ ਹੈ। ਹੁਣ ਇਸ ਵਿਧਾ ਵਿੱਚ ਮਰਦ ਵੀ ਬੋਲੀਆਂ ਪਾ ਦਿੰਦੇ ਹਨ। ਮਰਦ ਨੱਚ ਵੀ ਲੈਂਦੇ ਹਨ। ਕਿਸੇ ਫਿਲਮਾਂਕਣ ਸਮੇਂ ਗਿੱਧੇ ਦੀ ਪੇਸ਼ਕਾਰੀ ਵਿੱਚ ਔਰਤਾਂ ਤੇ ਮਰਦਾਂ ਦੀ ਸ਼ਮੂਲੀਅਤ ਇਕੱਠੀ ਵੀ ਹੋਣੀ ਸ਼ੁੂਰੂ ਹੋ ਗਈ ਹੈ। ਇਸ ਤਰ੍ਹਾਂ ਸਟੇਜੀ ਰੂਪ ਵਿੱਚ ਗਿੱਧਾ ਦਰਸਾਇਆ ਤਾਂ ਜਾ ਸਕਦਾ ਹੈ, ਪਰ ਇਸ ਸਟੇਜੀ ਗਿੱਧੇ ਰਾਹੀਂ ਔਰਤਾਂ ਦੇ ਅੰਦਰੂਨੀ ਵਲਵਲਿਆਂ ਦੀ ਤਹਿ ਤੀਕ ਨਹੀਂ ਪੁੱਜਿਆ ਜਾ ਸਕਦਾ।
ਗਿੱਧਾ ਸਿਰਫ਼ ਨੱਚਣ ਜਾਂ ਖ਼ੁਸ਼ੀ ਦੇ ਪ੍ਰਗਟਾਵੇ ਦਾ ਹੀ ਇੱਕ ਜ਼ਰੀਆ ਨਹੀਂ ਹੁੰਦਾ, ਇਹ ਔਰਤਾਂ ਦੇ ਦੱਬੇ-ਘੁੱਟੇ ਜਜ਼ਬਾਤਾਂ ਦੇ ਪ੍ਰਗਟਾਵੇ ਦਾ ਸਬੱਬ ਵੀ ਬਣਦਾ ਹੈ। ਇਸ ਪਿੜ ਵਿੱਚ ਔਰਤਾਂ ਦੀਆਂ ਅਧੂਰੀਆਂ ਸੱਧਰਾਂ ਨੂੰ ਜੀਭ ਲੱਗਦੀ ਹੈ। ਉਨ੍ਹਾਂ ਦੇ ਟੁੱਟੇ ਹੋਏ ਅਰਮਾਨ ਤੇ ਅਧੂਰੀਆਂ ਖਾਹਿਸ਼ਾਂ ਗਿੱਧੇ ਦੇ ਪਿੜ ਵਿੱਚ ਮੇਹਣੋ-ਮੇਹਣੀ ਹੁੰਦੀਆਂ ਹਨ, ਪਰ ਇਸ ਤਰ੍ਹਾਂ ਦਾ ਪ੍ਰਗਟਾਵਾ ਤਦ ਹੀ ਸਾਕਾਰ ਹੁੰਦਾ ਹੈ ਜੇ ਇਸ ਨੂੰ ਇਕੱਲੀਆਂ ਔਰਤਾਂ (ਮਰਦਾਂ ਦੀ ਗ਼ੈਰ-ਹਾਜ਼ਰੀ ਵਿੱਚ) ਹੀ ਨੱਚਣ। ਆਪਣੀਆਂ ਅੰਦਰੂਨੀ ਪੀੜਾਂ ਜਾਂ ਅਧੂਰੀਆਂ ਕਾਮਿਕ ਪ੍ਰਵਿਰਤੀਆਂ ਦਾ ਖੁਲਾਸਾ ਔਰਤਾਂ ਗਿੱਧੇ ਵਿੱਚ ਪੈਣ ਵਾਲੀਆਂ ਬੋਲੀਆਂ ਰਾਹੀਂ ਖੁੱਲ੍ਹ ਕੇ ਕਰਦੀਆਂ ਹਨ। ਇਸ ਸਮੇਂ ਗਿੱਧਾ ਪੈਰਾਂ ਦੀ ਤਾਲ ਤੇ ਹੱਥਾਂ ਦੀਆਂ ਤਾੜੀਆਂ ਤੱਕ ਹੀ ਸੀਮਤ ਨਹੀਂ ਰਹਿੰਦਾ, ਸਰੀਰਕ ਮੁਦਰਾਵਾਂ ਨੂੰ ਵੀ ਇਸ ਦਾ ਹਿੱਸਾ ਬਣਾਇਆ ਜਾਂਦਾ ਹੈ।
ਗਿੱਧੇ ਰਾਹੀਂ ਔਰਤਾਂ ਆਪਣੀ ਅੰਦਰੂਨੀ ਪੀੜਾ ਦਾ ਪ੍ਰਗਟਾਵਾ ਕਰਦੀਆਂ ਹਨ, ਪਰ ਕਈ ਵਾਰ ਉਸ ਪੀੜ ਦਾ ਵਿਸਥਾਰ ਸਾਹਿਤ ਵਿਸ਼ਲੇਸ਼ਣ ਕਰਨ ਦੇ ਮੰਤਵ ਨਾਲ ਗਿੱਧੇ ਵਿੱਚ ਤਮਾਸ਼ੇ ਦੀ ਵਿਧਾ ਰਾਹੀਂ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਕਰ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਦਾ ਤਮਾਸ਼ਾ ਮਰਦਾਂ ਦੀ ਗ਼ੈਰ-ਹਾਜ਼ਰੀ ਵਿੱਚ ਕੀਤਾ ਜਾਂਦਾ ਹੈ। ਤਮਾਸ਼ਾ ਕਿਸੇ ਭਾਵਨਾ ਨੂੰ ਉਜਾਗਰ ਕਰਨ ਦਾ ਸਿਖਰ ਹੁੰਦਾ ਹੈ। ਇਸ ਤਮਾਸ਼ੇ ਵਿੱਚ ਜ਼ਿਆਦਾ ਕਰਕੇ ਵਿਆਹੀਆਂ ਹੋਈਆਂ ਔਰਤਾਂ ਹੀ ਸ਼ਾਮਲ ਹੁੰਦੀਆਂ ਹਨ ਕਿਉਂਕਿ ਇਹ ਦੁਖਦੀਆਂ ਰਗਾਂ ਦਾ ਹਕੀਕੀ ਰੂਪ ਸਿਰਫ਼ ਵਿਆਹੀਆਂ ਔਰਤਾਂ ਦੇ ਹੀ ਅਨੁਭਵ ਖੇਤਰ ਨਾਲ ਸਬੰਧਿਤ ਹੁੰਦਾ ਹੈ। ਇਸ ਨਾਚ ਨੂੰ ਔਰਤਾਂ ਜ਼ਿਆਦਾ ਕਰਕੇ ਜੰਨ ਚੜ੍ਹ ਜਾਣ ਤੋਂ ਬਾਅਦ ਹੀ ਆਪਣੇ ਵਿਹੜੇ ਵਿੱਚ ਨੱਚਦੀਆਂ ਹਨ ਕਿਉਂਕਿ ਮਰਦ ਮੈਂਬਰ ਸਾਰੇ ਹੀ ਬਰਾਤ ਚਲੇ ਜਾਂਦੇ ਹਨ ਤੇ ਇਕੱਲੀਆਂ ਔਰਤਾਂ ਗਿੱਧੇ ਵਿੱਚ ਤਮਾਸ਼ੇ ਦੀ ਵਿਧਾ ਰਾਹੀਂ ਆਪਣੇ ਗੁੱਭ-ਗਲਾਟ ਕੱਢਦੀਆਂ ਹਨ।
ਤਮਾਸ਼ਾ ਕੋਈ ਵੱਖਰਾ ਨਾਚ ਨਹੀਂ ਹੈ। ਇਹ ਗਿੱਧੇ ਦਾ ਹੀ ਇੱਕ ਹਿੱਸਾ ਹੈ। ਤਮਾਸ਼ੇ ਵਿੱਚ ਲੋਕ-ਕਾਵਿ, ਨਾਚ ਅਤੇ ਨਾਟਕੀ ਅੰਦਾਜ਼ (ਅਭਿਨੈ) ਮਿਸ਼ਰਤ ਰੂਪ ਵਿੱਚ ਪੇਸ਼ ਕੀਤੇ ਜਾਂਦੇ ਹਨ। ਕੁਝ ਨਾ ਦੱਸਣਯੋਗ ਜਾਂ ਮਰਿਆਦਾ ਦੇ ਉਲਟ ਸਮਝੀਆਂ ਜਾਣ ਵਾਲੀਆਂ ਗੱਲਾਂ ਨੂੰ ਤਮਾਸ਼ੇ ਦੇ ਰੂਪ ਵਿੱਚ ਦਰਸਾ ਕੇ ਔਰਤਾਂ ਆਪਣੇ ਮਨ ਨੂੰ ਹੌਲਾ ਕਰਦੀਆਂ ਹਨ। ਇਸ ਅਦਾਕਾਰੀ ਵਿੱਚ ਇੱਕ ਔਰਤ ਗਿੱਧੇ ਦੇ ਗੋਲ-ਘੇਰੇ ਵਿੱਚ ਅੱਗੇ ਆਉਂਦੀ ਹੈ ਤੇ ਇੱਕ ਹੋਰ ਔਰਤ ਉਸ ਦੀ ਵਾਰਤਾਲਾਪ ਦਾ ਹੁੰਗਾਰਾ ਭਰਦੀ ਹੋਈ ਉਸ ਦਾ ਸਹਿਯੋਗ ਦਿੰਦੀ ਹੈ। ਇਸ ਪ੍ਰਸੰਗ ਵਿੱਚ ਸਮੁੱਚਾ ਪੰਡਾਲ ਤੋੜੇ ਦੇ ਰੂਪ ਵਿੱਚ ਇਕੱਠਾ ਹੀ ਉਸ ਦਾ ਸਾਥ ਦਿੰਦਾ ਹੈ। ਇਸ ਤਮਾਸ਼ੇ ਰਾਹੀਂ ਸਮੁੱਚੇ ਬਿਰਤਾਂਤ ਦੇ ਮੁਖ ਮਨੋਰਥ ਨੂੰ ਉਭਾਰਿਆ ਜਾਂਦਾ ਹੈ। ਜਿਵੇਂ ਇੱਕ ਔਰਤ ਆਪਣੇ ਪਤੀ ਤੋਂ ਖੱਟੇ ਨਿੰਬੂ ਮੰਗਵਾਉਂਦੀ ਹੈ। ਔਰਤ ਖੱਟਾ ਕਦੋਂ ਖਾਂਦੀ ਹੈ, ਇਹ ਇੱਕ ਸੰਕੇਤਕ ਇਸ਼ਾਰਾ ਵੀ ਦਿੱਤਾ ਜਾਂਦਾ ਹੈ। ਜਦੋਂ ਉਸ ਦਾ ਪਤੀ ਉਸ ਦਾ ਇਸ਼ਾਰਾ ਨਹੀਂ ਸਮਝਦਾ ਤਾਂ ਉਸ ਨੂੰ ਖਿਝ ਚੜ੍ਹਦੀ ਹੈ। ਉਹ ਹੋਰ ਖਿਝ ਕੇ ਬੋਲਦੀ ਹੈ। ਜਿਵੇਂ;
ਇੱਕ ਔਰਤ: ਵੇ ਰਾਮੇ ਦੇ ਭਾਈਆ
ਸਾਰਾ ਪੰਡਾਲ: ਹਾਂ ਜੀ (ਇਕੱਠੀਆਂ ਇੱਕੋ ਰਾਗ ਵਿੱਚ ਬੋਲਦੀਆਂ ਹਨ)
ਪਹਿਲੀ ਔਰਤ: ਵੇ ਦੋ ਖੱਟੇ ਲਿਆ ਦੇ (ਜ਼ਮੀਨ ’ਤੇ ਲੇਟ ਕੇ ਮੇਲ੍ਹਦੀ ਹੈ)
ਸਾਰਾ ਪੰਡਾਲ: ਹਾਂ ਜੀ (ਇਕੱਠੀਆਂ ਹੀ ਬੋਲਦੀਆਂ ਹਨ)
ਪਹਿਲੀ ਔਰਤ: ਵੇ ਮੇਰੇ ਪੀੜ ਕਲੇਜੇ
ਸਾਰਾ ਪੰਡਾਲ: ਹਾਂ ਜੀ।
ਪਹਿਲੀ ਔਰਤ: ਵੇ ਤੇਰੀ ਸੜ ਜੇ ਹਾਂ ਜੀ (ਹੋਰ ਖਿਝਦੀ ਹੋਈ ਬੋਲਦੀ ਹੈ)
ਸਾਰਾ ਪੰਡਾਲ: ਹਾਂ ਜੀ (ਇਕੱਠੀਆਂ ਹੀ ਸਾਰੀਆਂ ਬੋਲਦੀਆਂ ਹਨ)
ਪਹਿਲੀ ਔਰਤ: ਵੇ ਜਿੰਦ ਨਿਕਲ ਚੱਲੀ (ਹੋਰ ਖਿਝੀ ਤੇ ਗੁੱਸੇ ਦੇ ਭਾਵ ਵਿੱਚ)
ਸਾਰਾ ਪੰਡਾਲ : ਹਾਂ ਜੀ।
ਪਹਿਲੀ ਔਰਤ: ਵੇ ਮੈਂ ਮਰਦੀ ਜਾਂਦੀ (ਭੁੰਜੇ ਲੇਟੀ ਹੋਈ ਹੋਰ ਖਿਝਦੀ ਹੈ)
ਸਾਰਾ ਪੰਡਾਲ : ਹਾਂ ਜੀ।
ਪਹਿਲੀ ਔਰਤ: ਵੇ ਤੈਨੂੰ ਅਕਲ ਨਾ ਆਂਦੀ (ਮੱਥੇ ਨੂੰ ਕੱਸਦੀ ਹੋਈ ਹੋਰ ਖਿਝਦੀ ਹੈ)
ਸਾਰਾ ਪੰਡਾਲ : ਹਾਂ ਜੀ।
ਪਹਿਲੀ ਔਰਤ: ਵੇ ਦੋ ਖੱਟੇ ਲਿਆ ਦੇ ਵੇ, ਮੇਰੇ ਉੱਠੀ ਕਲੇਜੇ ਪੀੜ।
ਇੱਥੇ ਸਾਰਾ ਹੀ ਪੰਡਾਲ ਤੋੜੇ ਦੇ ਰੂਪ ਵਿੱਚ ਉਸ ਦੇ ਨਾਲ ਬੋਲ ਉੱਠਦਾ ਹੈ। ਇਸ ਤਰ੍ਹਾਂ ਇਹ ਤਮਾਸ਼ਾ ਔਰਤ ਵੱਲੋਂ ਗਰਭਵਤੀ ਹੋਣ ਦਾ ਪ੍ਰਮਾਣ ਬਣਦਾ ਹੈ। ਔਰਤ ਵੱਲੋਂ ਖੱਟਾ ਖਾਣ ਤੋਂ ਭਾਵ ਉਸ ਨੂੰ (ਆਪਣੇ ਪਤੀ) ਆਪਣੀ ਗਰਭ ਅਵਸਥਾ ਦਾ ਸੰਕੇਤ ਦੇਣਾ ਹੁੰਦਾ ਹੈ। ਇਨ੍ਹਾਂ ਤਮਾਸ਼ਿਆਂ ਰਾਹੀਂ ਔਰਤ ਆਪਣੀ ਸੱਸ ਜਾਂ ਨਣਦ ਵਰਗੇ ਰਿਸ਼ਤਿਆਂ ਨੂੰ ਵੀ ਖੁੱਲ੍ਹ ਕੇ ਚੁਣੌਤੀ ਦਿੰਦੀ ਹੈ ਕਿਉਂਕਿ ਆਪਣੀਆਂ ਭਾਵਨਾਵਾਂ ਨੂੰ ਵਿਅਕਤ ਕਰਨ ਦਾ ਔਰਤਾਂ ਕੋਲ ਇਹੀ ਸਮਾਂ ਹੁੰਦਾ ਹੈ ਜਦੋਂ ਉਨ੍ਹਾਂ ਦੇ ਅੰਦਰ ਘੁੱਟਿਆ ਹੋਇਆ ਅਰਮਾਨਾਂ ਦਾ ਲਾਵਾ ਬਾਹਰ ਨਿਕਲਦਾ ਹੈ। ਕਿਸੇ ਔਰਤ ਦੇ ਘਰ ਦਾ ਕਲੇਸ਼ ਗੁਆਂਢਣਾਂ ਦੇ ਕੰਨੀ ਪੈਂਦਾ ਹੈ ਤੇ ਗੁਆਂਢਣ ਉਸ ਤੋਂ ਰਾਤ ਦੇ ਰੌਲੇ-ਰੱਪੇ ਬਾਰੇ ਨਾਟਕੀ ਅੰਦਾਜ਼ ਵਿੱਚ ਪੁੱਛਦੀ ਹੈ ਜੋ ਤਮਾਸ਼ੇ ਦੀ ਪੇਸ਼ਕਾਰੀ ਬਣਦੀ ਹੈ। ਇਨ੍ਹਾਂ ਤਮਾਸ਼ਿਆਂ ਰਾਹੀ ਔਰਤਾਂ ਦੇ ਆਪਣੇ ਤਨ ’ਤੇ ਹੰਢਾਏ ਦੁਖਾਂਤ ਵੀ ਚਿਤਰੇ ਜਾਂਦੇ ਹਨ।
ਕਲਾਤਮਿਕ ਬਣਤਰ ਦੇ ਪੱਖੋਂ ਗਿੱਧੇ ਦੀ ਇਹ ਵਿਧਾ ਸਾਂਭਣ ਦੀ ਮੰਗ ਕਰਦੀ ਹੈ ਕਿਉਂਕਿ ਤਮਾਸ਼ਾ ਕਾਵਿਮਈ, ਸੰਗੀਤਮਈ, ਅਦਾਕਾਰੀ ਤੇ ਪੇਸ਼ਕਾਰੀ ਦੇ ਪੱਖ ਤੋਂ ਦਿਲਖਿੱਚਵੀਂ ਵਿਧਾ ਦੇ ਰੂਪ ਵਿੱਚ ਸਾਡੇ ਰੂਬਰੂ ਹੁੰਦਾ ਹੈ। ਜਿੱਥੇ ਇਹ ਪੇਸ਼ ਕੀਤੇ ਜਾ ਰਹੇ ਬਿਰਤਾਂਤ ਦਾ ਕੇਂਦਰ-ਬਿੰਦੂ ਬਣਦਾ ਹੈ, ਉੱਥੇ ਇਹ ਗਿੱਧੇ ਦੇ ਵਿਚਕਾਰਲੇ ਪੱਖ ਦਾ ਵੀ ਕੇਂਦਰ-ਬਿੰਦੂ ਬਣਦਾ ਹੋਇਆ ਹਾਸ-ਰਸ ਦੀ ਵੰਨਗੀ ਵਜੋਂ ਵੀ ਪੇਸ਼ ਹੁੰਦਾ ਹੈ। ਸਾਡਾ ਇਹ ਲੋਕਧਰਾਈ ਰੂਪ ਸਮੇਂ ਦੀ ਧੂੜ ਵਿੱਚ ਗੁੰਮ ਹੁੰਦਾ ਜਾ ਰਿਹਾ ਹੈ। ਸੋ ਅਜਿਹੀ ਵਿਧਾ ਨੂੰ ਸਾਂਭਣ ਦੀ ਲੋੜ ਹੈ।
ਸੰਪਰਕ: 95010-12199