ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਤਲਖ਼ ਹਕੀਕਤਾਂ ਨੂੰ ਬੇਪਰਦ ਕਰਦੀ ਹੈ ਆਈਸੀ 814

07:39 AM Sep 09, 2024 IST

ਜਯੋਤੀ ਮਲਹੋਤਰਾ

ਸੱਚੀ ਕਹਾਣੀ ਵਾਂਗ ਨਜ਼ਰ ਆਉਂਦੀ ਵੈੱਬ ਸੀਰੀਜ਼ ‘ਆਈਸੀ 814: ਕੰਧਾਰ ਹਾਈਜੈਕ’ ਦੀ ਸਮੱਸਿਆ ਇਹ ਹੈ ਕਿ ਇਹ ਬਹੁਤ ਸਾਰੀਆਂ ਯਾਦਾਂ ਤਾਜ਼ਾ ਕਰਾਉਂਦੀ ਹੈ। ਇਸ ਦੀ ਸਮੱਸਿਆ ਇਹ ਹੈ ਕਿ ਇਸ ਨਾਲ ਭਾਰਤ ਇਕ ਕਮਜ਼ੋਰ, ਹੀਣਾ ਤੇ ਲਾਚਾਰ ਦੇਸ਼ ਨਜ਼ਰ ਆਉਂਦਾ ਹੈ। ਸਮੱਸਿਆ ਇਹ ਹੈ ਕਿ ਨਰਿੰਦਰ ਮੋਦੀ ਸਰਕਾਰ 1999 ਦੀ ਕ੍ਰਿਸਮਸ ਪੂਰਬਲੀ ਸ਼ਾਮ ਤੋਂ ਲੈ ਕੇ ਅਗਲਾ ਨਵਾਂ ਸਾਲ ਚੜ੍ਹਨ ਤੋਂ ਪਹਿਲਾਂ ਦੇ ਸਿਆਹ ਦਿਨ ਤੇ ਰਾਤਾਂ, ਜਦੋਂ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਨੇ 300 ਤੋਂ ਵੱਧ ਹਵਾਈ ਮੁਸਾਫ਼ਰਾਂ ਦੀ ਵਾਪਸੀ ਬਦਲੇ ਤਿੰਨ ਦਹਿਸ਼ਤਗਰਦਾਂ ਨੂੰ ਰਿਹਾਅ ਕੀਤਾ ਸੀ, ਦੀਆਂ ਯਾਦਾਂ ਨੂੰ ਦਫ਼ਨ ਕਰਨਾ ਚਾਹੁੰਦੀ ਹੈ ਅਤੇ ਉਨ੍ਹਾਂ ਦੀ ਥਾਂ ਇਕ ਧੁੰਦਲੀ ਗਰਮਾਹਟ ਅਤੇ ਸੁਖਦ ਅਹਿਸਾਸ ਦਿਵਾਉਣਾ ਚਾਹੁੰਦੀ ਹੈ ਜੋ ਤੁਹਾਨੂੰ ਕਿਸੇ ਮਜ਼ਬੂਤ ਦੇਸ਼ ਦੇ ਮਜ਼ਬੂਤ ਆਗੂ ਦੇ ਨਾਲ ਮਹਿਸੂਸ ਹੁੰਦਾ ਹੈ।
ਸਮੱਸਿਆ ਇਹ ਹੈ ਕਿ ਇਤਿਹਾਸ ਬੇਰਹਿਮ ਹੁੰਦਾ ਹੈ। ਇਹ ਜੋ ਸੀ, ਬਸ ਉਹ ਸੀ। ਉਸ ਵੇਲੇ ਦਾ ਕੁਝ ਸੰਖੇਪ ਸਾਰ ਇਸ ਪ੍ਰਕਾਰ ਸੀ। ਹਵਾਈ ਜਹਾਜ਼ ਦੇ ਬੰਧਕ ਬਣਾਏ ਮੁਸਾਫ਼ਰਾਂ ਦੇ ਪਰਿਵਾਰਾਂ ਨੇ ਜਦੋਂ ਇਹ ਧਮਕੀ ਦਿੱਤੀ ਕਿ ਜੇ ਸਰਕਾਰ ਨੇ ਕੋਈ ਸੌਦੇਬਾਜ਼ੀ ਕਰ ਕੇ ਉਨ੍ਹਾਂ ਦੀ ਰਿਹਾਈ ਨਾ ਕਰਵਾਈ ਤਾਂ ਉਹ ਕੁਝ ਵੀ ਕਰ ਸਕਦੇ ਹਨ ਤਾਂ ਵਾਜਪਾਈ ਸਰਕਾਰ ਦੇ ਹੋਸ਼ ਉਡ ਗਏ। ਬਰਤਾਨੀਆ ਦੇ ਪੜ੍ਹੇ ਅਤੇ ਉਨ੍ਹਾਂ ਦੀ ਤਰ੍ਹਾਂ ਹੀ ਅੰਗਰੇਜ਼ੀ ਬੋਲਣ ਵਾਲੇ ਦਹਿਸ਼ਤਗਰਦ ਉਮਰ ਸ਼ੇਖ ਨੂੰ ਜਦੋਂ ਇਕ ਭਾਰਤੀ ਇੰਟੈਲੀਜੈਂਸ ਅਫ਼ਸਰ ਆਨੰਦ ਅਰਨੀ ਨੇ ਕੰਧਾਰ ਪਹੁੰਚ ਕੇ ਪੁੱਛਿਆ ਕਿ ਰਿਹਾਅ ਹੋ ਕੇ ਉਹ ਕੀ ਕਰੇਗਾ ਤਾਂ ਉਸ ਨੇ ਜਵਾਬ ਵਿਚ ਕਈ ਅਪਸ਼ਬਦਾਂ ਦਾ ਪ੍ਰਯੋਗ ਕੀਤਾ। ਪਾਕਿਸਤਾਨ ਦੀ ਆਈਐੱਸਆਈ ਜਿਸ ਦੇ ਨਿਰਦੇਸ਼ਾਂ ’ਤੇ ਸਭ ਹੋ ਰਿਹਾ ਸੀ, ਨੇ ਚਲਦੀ ਵਾਰਤਾ ਦੌਰਾਨ ਹੀ ਪੈਂਤੜੇ ਬਦਲ ਲਏ ਸਨ –29 ਦਸੰਬਰ ਤੱਕ ਸਿਰਫ਼ ਮਸੂਦ ਅਜ਼ਹਰ ਨੂੰ ਰਿਹਾਅ ਕਰਨ ਦਾ ਸਮਝੌਤਾ ਸੀ ਪਰ 30 ਦਸੰਬਰ ਦੀ ਸਵੇਰ ਆਉਂਦੇ-ਆਉਂਦੇ ਅਗਵਾਕਾਰਾਂ ਨੇ ਤਿੰਨ ਦਹਿਸ਼ਤਗਰਦਾਂ ਦੀ ਰਿਹਾਈ ਮੰਗਣੀ ਸ਼ੁਰੂ ਕਰ ਦਿੱਤੀ। ਖ਼ੈਰ, ਜੋ ਸੀ ਉਹ ਸੀ।
ਸਮੱਸਿਆ ਇਹ ਹੈ ਕਿ ਕਦੇ-ਕਦਾਈਂ ਲੋਕ ਅਤੀਤ ਨੂੰ ਵਰਤਮਾਨ ਦੇ ਪ੍ਰਸੰਗ ਵਿਚ ਦੇਖਣ ਲੱਗ ਪੈਂਦੇ ਹਨ। ਉਹ ਇਸ ਤੱਥ ਤੋਂ ਪ੍ਰੇਸ਼ਾਨ ਹੋ ਜਾਂਦੇ ਹਨ ਕਿ ਉਸ ਵੇਲੇ ਦੇ ਵਿਦੇਸ਼ ਮਾਮਲਿਆਂ ਦੇ ਮੰਤਰੀ ਜਸਵੰਤ ਸਿੰਘ ਉਸੇ ਹਵਾਈ ਜਹਾਜ਼ ਵਿਚ ਬੈਠ ਕੇ ਕੰਧਾਰ ਗਏ ਸਨ ਜਿਸ ਵਿਚ ਤਿੰਨੋਂ ਦਹਿਸ਼ਤਗਰਦ ਬੈਠੇ ਉੱਚੀ-ਉੱਚੀ ਉਨ੍ਹਾਂ ਨੂੰ ਕੁਬੋਲ ਬੋਲ ਰਹੇ ਸਨ। ਬਹੁਤ ਸਾਰੇ ਲੋਕਾਂ ਦਾ ਖਿਆਲ ਹੈ ਕਿ ਉਨ੍ਹਾਂ ਨੂੰ ਉੱਥੇ ਜਾਣਾ ਨਹੀਂ ਚਾਹੀਦਾ ਸੀ, ਉੱਥੇ ਜਾ ਕੇ ਉਨ੍ਹਾਂ ਆਪਣੀ ਪੁਜ਼ੀਸ਼ਨ ਖਰਾਬ ਕਿਉਂ ਕੀਤੀ ਸੀ?
ਪਰ ‘ਦਿ ਟ੍ਰਿਬਿਊਨ’ ਦੇ ਪੁਰਾਣੇ ਲੇਖਾਂ ਨੂੰ ਪੜਤਾਲਣ ਤੋਂ ਪਤਾ ਲੱਗਦਾ ਹੈ ਕਿ 1999 ਵਿਚ ਭਾਰਤ ਦਾ ਦਰਜਾ ਕੀ ਸੀ? ਪ੍ਰਮਾਣੂ ਤਜਰਬਿਆਂ ਨੂੰ ਸਾਲ ਕੁ ਹੋਇਆ ਸੀ ਅਤੇ ਭਾਰਤ ਨੂੰ ਹਾਲੇ ਕੌਮਾਂਤਰੀ ਪੱਧਰ ’ਤੇ ਵੀ ਨੀਵੀਂ ਨਜ਼ਰ ਨਾਲ ਦੇਖਿਆ ਜਾਂਦਾ ਸੀ। ਕਲਿੰਟਨ ਦਾ ਦੌਰਾ ਵੀ ਅਗਲੀਆਂ ਗਰਮੀਆਂ ਵਿਚ ਹੋਣ ਵਾਲਾ ਸੀ। ਕੁਝ ਮਹੀਨੇ ਪਹਿਲਾਂ ਹੀ ਪਾਕਿਸਤਾਨ ਨਾਲ ਕਾਰਗਿਲ ਟਕਰਾਅ ਖਤਮ ਹੋ ਕੇ ਹਟਿਆ ਸੀ। ਉਸ ਹਫ਼ਤੇ ਜਦੋਂ ਕਾਠਮੰਡੂ ਤੋਂ ਦਿੱਲੀ ਆਉਣ ਵਾਲੇ ਭਾਰਤੀ ਹਵਾਈ ਜਹਾਜ਼ ਨੂੰ ਅਗਵਾ ਕਰ ਕੇ ਵਾਇਆ ਅੰਮ੍ਰਿਤਸਰ, ਕੰਧਾਰ ਲਿਜਾਇਆ ਗਿਆ ਤਾਂ ਵਿਦੇਸ਼ ਮਾਮਲਿਆਂ ਦੇ ਮੰਤਰੀ ਜਸਵੰਤ ਸਿੰਘ ਨੇ ਮਦਦ ਲਈ ਅਮਰੀਕਾ, ਬਰਤਾਨੀਆ ਅਤੇ ਕਈ ਹੋਰਨੀਂ ਥਾਈਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਹ ਨਵੇਂ ਸਾਲ ਦੀ ਪੂਰਬ ਸੰਧਿਆ ਵੀ ਸੀ। ਜਦੋਂ ਤੁਸੀਂ ਜਸ਼ਨ ਮਨਾ ਰਹੇ ਹੋਵੋ ਤਾਂ ਤੀਜੀ ਦੁਨੀਆ ਦੇ ਕਿਸੇ ਦੇਸ਼ ਦਾ ਪ੍ਰੇਸ਼ਾਨਹਾਲ ਸ਼ਖ਼ਸ ਤੁਹਾਨੂੰ ਫੋਨ ਕਰੇ ਤਾਂ ਤੁਸੀਂ ਸੋਚਦੇ ਹੋਵੋਗੇ ਕਿ ਉਹ ਆਪਣੀਆਂ ਸਮੱਸਿਆਵਾਂ ਦਾ ਆਪ ਖਿਆਲ ਕਿਉਂ ਨਹੀਂ ਰੱਖ ਸਕਦਾ?
ਅਸਲ ’ਚ ਇਹੀ ਕਮਜ਼ੋਰੀ ਹੈ। ਜਦ ਤੁਹਾਡੇ ਬਹੁਤ ਲੋੜਵੰਦ ਹੋਣ ਦੇ ਬਾਵਜੂਦ ਵੀ ਕੋਈ ਤੁਹਾਡੀ ਪੁਕਾਰ ਨਾ ਸੁਣੇ। ਉਸ ਵੇਲੇ ਦੇ ‘ਰਾਅ’ ਮੁਖੀ ਏਐੱਸ ਦੁੱਲਤ ਮੁਤਾਬਕ, ਜਸਵੰਤ ਸਿੰਘ ਉਸ ਹਫ਼ਤੇ ਦਿੱਲੀ ’ਚ ‘ਬੇਵਸ ਜਿਹੇ ਹੋਏ ਪਏ ਸਨ।’ ਉਨ੍ਹਾਂ ਨੂੰ ਅਹਿਸਾਸ ਸੀ ਕਿ ਜੇ ਇਕ ਸੀਨੀਅਰ ਸ਼ਖ਼ਸੀਅਤ ਤਬਾਦਲੇ ਲਈ ਨਿੱਜੀ ਤੌਰ ’ਤੇ ਨਾ ਗਈ ਤਾਂ ਆਖਰੀ ਮੌਕੇ ਕੁਝ ਵੀ ਹੋ ਸਕਦਾ ਹੈ ਜਿਸ ਨਾਲ ਮੁਸਾਫ਼ਰਾਂ ਦੀ ਜਾਨ ਖ਼ਤਰੇ ਵਿਚ ਪੈ ਸਕਦੀ ਹੈ।
ਸੱਚ ਇਹ ਹੈ ਕਿ ਭਾਰਤੀ ਵਿਚੋਲੀਏ ਕੰਧਾਰ ਵਿਚ ਕਮਜ਼ੋਰ ਨਜ਼ਰ ਆ ਰਹੇ ਸਨ ਤੇ ਅਜਿਹਾ ਹੀ ਮਹਿਸੂਸ ਵੀ ਕਰ ਰਹੇ ਸਨ ਕਿਉਂਕਿ ਉਨ੍ਹਾਂ ਦੀ ਪਕੜ ’ਚ ਕੁਝ ਨਹੀਂ ਸੀ। ਜਹਾਜ਼ ਦੁਸ਼ਮਣ ਦੀ ਜ਼ਮੀਨ ’ਤੇ ਖੜ੍ਹਾ ਸੀ। ਆਈਐੱਸਆਈ ਕਠਪੁਤਲੀ ਵਾਂਗ ਸਾਰਿਆਂ ਨੂੰ ਨਚਾ ਰਹੀ ਸੀ। ਸਾਰੇ ਪੱਤੇ ਉਸ ਦੇ ਕੋਲ ਸਨ।
ਨੈੱਟਫਲਿਕਸ ਦੀ ਸੀਰੀਜ਼ ਨੇ, ਇਸ ਨੂੰ ਦੇਖਣ ਵਾਲੇ ਸਾਰੇ ਭਾਰਤੀਆਂ ਦਾ ਸਾਹਮਣਾ ਇਸ ਤਲਖ਼ ਹਕੀਕਤ ਨਾਲ ਕਰਵਾਇਆ ਹੈ। ਕਿ ਅਸੀਂ ਓਦਾਂ ਦਾ ਦੇਸ਼ ਨਹੀਂ ਹਾਂ ਜਿੱਦਾਂ ਦਾ ਸਾਨੂੰ ਲੱਗਦਾ ਹੈ ਕਿ ਅਸੀਂ ਹਾਂ। ਕਿ ਅਸੀਂ ਕਮਜ਼ੋਰ ਸੀ, ਤੇ ਹੋ ਸਕਦਾ ਹੈ, ਸ਼ਾਇਦ, ਅਜੇ ਵੀ ਹਾਂ। ਵੈੱਬ ਸੀਰੀਜ਼ ਨੇ ਸਾਡੇ ਸਾਰਿਆਂ ’ਤੇ ਇਕ ਅਸਰ ਛੱਡਿਆ ਹੈ ਕਿਉਂਕਿ ਜਦ ਸੌਣ ਦਾ ਵਕਤ ਹੁੰਦਾ ਹੈ ਤੇ ਅਸੀਂ ਸਿਰਫ਼ ਆਪਣੇ ਆਪ ਦੇ ਰੂਬਰੂ ਹੁੰਦੇ ਹਾਂ, ਅਸੀਂ ਜਾਣਦੇ ਹੁੰਦੇ ਹਾਂ ਕਿ ਕੀ ਹਕੀਕਤ ਹੈ ਤੇ ਕੀ ਨਹੀਂ। ਅਸੀਂ ਜਾਣਦੇ ਹਾਂ ਕਿ ਓਨੇ ਮਜ਼ਬੂਤ ਅਸੀਂ ਨਹੀਂ ਹਾਂ ਜਿੰਨਾ ਆਪਣੇ ਆਪ ਨੂੰ ਸਮਝਦੇ ਹਾਂ।
ਕਈ ਕਹਿਣਗੇ ਕਿ 25 ਸਾਲ ਬਹੁਤ ਲੰਮਾ ਵਕਫ਼ਾ ਹੁੰਦਾ ਹੈ ਤੇ ਭਾਰਤ ਅੱਗੇ ਵਧ ਚੁੱਕਾ ਹੈ। ਉਹ ਪ੍ਰਧਾਨ ਮੰਤਰੀ ਮੋਦੀ ਵੱਲੋਂ ਪਾਕਿਸਤਾਨ ਨਾਲ ਵਾਰਤਾ ਦੇ ਪੱਖ ਤੋਂ ਅਪਣਾਏ ਸਖ਼ਤ ਰੁਖ਼ ਦਾ ਹਵਾਲਾ ਦੇਣਗੇ। ਕਈ ਹੋਰ 2016 ਵਿਚ ਕੀਤੀ ‘ਸਰਜੀਕਲ ਸਟ੍ਰਾਈਕ’ ਵੱਲ ਇਸ਼ਾਰਾ ਕਰਨਗੇ, ਜੋ ਪਹਿਲਾਂ ਕਦੇ ਨਹੀਂ ਹੋਈ, ਜਦ ਭਾਰਤੀ ਹਥਿਆਰਬੰਦ ਬਲਾਂ ਨੇ ਐਲਓਸੀ ਪਾਰ ਕਰ ਕੇ ਉਨ੍ਹਾਂ ਅਤਿਵਾਦੀਆਂ ਖ਼ਿਲਾਫ਼ ਸਫ਼ਲ ਅਪਰੇਸ਼ਨ ਚਲਾਇਆ ਜਿਨ੍ਹਾਂ ਨੂੰ ਪਾਕਿਸਤਾਨੀ ਫੌਜ ਦਾ ਥਾਪੜਾ ਪ੍ਰਾਪਤ ਸੀ।
ਤੇ ਫੇਰ ਵੀ, ਸਾਨੂੰ ਪਤਾ ਹੈ ਕਿ ਅੰਦਰ ਤੇ ਬਾਹਰ ਦੋਵੇਂ ਪਾਸੇ ਕਮਜ਼ੋਰੀ ਹੈ। ਪਹਿਲਾਂ ਲੱਦਾਖ ਵਿਚ, ਜਿੱਥੇ ਚੀਨੀ ਫੌਜ ਤੁਹਾਡੇ ਸੈਨਿਕਾਂ ਨੂੰ ਖੇਤਰ ਦੇ ਉਸ ਵੱਡੇ ਹਿੱਸੇ ’ਚ ਗਸ਼ਤ ਨਹੀਂ ਕਰਨ ਦੇ ਰਹੀ ਜਿੱਥੇ 2020 ਤੱਕ ਉਹ ਗਸ਼ਤ ਕਰ ਸਕਦੇ ਹਨ, ਹਾਲਾਂਕਿ ਇਸੇ ਹਫ਼ਤੇ ਪ੍ਰਧਾਨ ਮੰਤਰੀ ਮੋਦੀ ਨੇ ਸਿੰਗਾਪੁਰ ਵਿਚ ਚੀਨੀਆਂ ’ਤੇ ਕਟਾਖ਼ਸ਼ ਵੀ ਕੀਤਾ ਹੈ। ਜੰਮੂ ਖੇਤਰ ਵਿਚ, ਜਿੱਥੇ ਅਤਿਵਾਦੀਆਂ ਵੱਲੋਂ ਕੀਤੇ ਹਮਲਿਆਂ ’ਚ ਹਥਿਆਰਬੰਦ ਬਲਾਂ ਦੇ 18 ਸੁਰੱਖਿਆ ਕਰਮੀ ਮਾਰੇ ਜਾ ਚੁੱਕੇ ਹਨ। ਸਿੰਧੂਦੁਰਗ ਵਿਚ, ਜਿੱਥੇ ਸ਼ਿਵਾਜੀ ਦੀ ਮੂਰਤੀ ਉਦਘਾਟਨ ਦੇ ਕੁਝ ਮਹੀਨਿਆਂ ਦੇ ਅੰਦਰ ਹੀ ਡਿੱਗ ਗਈ ਕਿਉਂਕਿ ਮਾੜੇ ਮਿਆਰ ਦਾ ਸਾਮਾਨ ਵਰਤਿਆ ਗਿਆ ਸੀ। ਪੰਜਾਬ ਵਿਚ, ਜਿੱਥੇ ਨਸ਼ੇ ਦੀ ਸਮੱਸਿਆ ਤੁਹਾਡੀ ਕਲਪਨਾ ਤੋਂ ਕਿਤੇ ਜ਼ਿਆਦਾ ਹੈ। ਮਨੀਪੁਰ ਵਿਚ, ਜਿੱਥੇ ਮੈਤੇਈ ਕੱਟੜਪੰਥੀ ਆਪਣੇ ਹੀ ਰਾਜ ਦੇ ਲੋਕਾਂ ਵਿਰੁੱਧ ਡਰੋਨ ਵਰਤ ਰਹੇ ਹਨ।
ਇਸ ਤੋਂ ਬਿਹਤਰ ਇਹ ਸਵੀਕਾਰ ਕਰਨਾ ਹੈ ਤੁਸੀਂ ਚੀਨੀਆਂ ਅੱਗੇ ਨਹੀਂ ਖੜ੍ਹ ਸਕਦੇ। ਘੱਟੋ-ਘੱਟ ਇਹ ਮੰਨਣ ਵਿਚ ਇਮਾਨਦਾਰੀ ਤਾਂ ਹੈ। ਕਿਸੇ ਵੀ ਤਰ੍ਹਾਂ, ਉਹ ਤੁਹਾਡੇ ਨਾਲੋਂ ਪੰਜ ਗੁਣਾ ਵੱਡੇ ਹਨ। ਮੁੱਦੇ ਨੂੰ ਸਾਹਮਣਿਓਂ ਟੱਕਰਨਾ ਤੇ ਖ਼ੁਦ ਨੂੰ ਸਵਾਲ ਕਰਨਾ ਜ਼ਿਆਦਾ ਚੰਗਾ ਹੈ।
ਚੀਨ ਦਾ ਅਰਥਚਾਰਾ ਭਾਰਤ ਨਾਲੋਂ ਪੰਜ ਗੁਣਾ ਵੱਡਾ ਕਿਉਂ ਹੈ, ਜਦਕਿ ਪੇਈਚਿੰਗ ਵਿਚ ਮਾਓ ਦਾ ‘ਲੌਂਗ ਮਾਰਚ’ ਉਨ੍ਹਾਂ ਵੇਲਿਆਂ ’ਚ ਹੀ ਖ਼ਤਮ ਹੋਇਆ ਸੀ (1949 ਵਿਚ), ਜਦ ਭਾਰਤ ਆਜ਼ਾਦ ਹੋਇਆ ਸੀ? ਇਸ ਦੇ ਉੱਤਰ ’ਚ ਖ਼ੁਦ ਨੂੰ ਸ਼ਾਬਾਸ਼ੀ ਦੇ ਕੇ ਖ਼ੁਸ਼ੀ ਮਨਾਉਂਦਿਆਂ ਹੋਇਆਂ ਹਮੇਸ਼ਾ ਇਹੀ ਨਹੀਂ ਕਿਹਾ ਜਾ ਸਕਦਾ ਕਿ ਚੀਨ ਤਾਨਸ਼ਾਹੀ ਹੈ ਤੇ ਭਾਰਤ ਇਕ ਲੋਕਤੰਤਰ।
ਇਸ ਤੋਂ ਵੀ ਮਾੜਾ ਕੁਝ ਹੈ। ਸ਼ਿਵਾਜੀ ਦੀ ਮੂਰਤੀ ਦੇ ਠੇਕੇਦਾਰ ਨੂੰ ਆਖਰਕਾਰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਪਰ ਇਹ ਸਾਨੂੰ ਮੋਦੀ ਦਾ ਇਕ ਪੁਰਾਣਾ ਨਾਅਰਾ ਚੇਤਾ ਕਰਾਉਂਦਾ ਹੈ, ‘ਨਾ ਖਾਊਂਗਾ, ਨਾ ਖਾਨੇ ਦੂੰਗਾ’। ਸਪੱਸ਼ਟ ਜਿਹੀ ਗੱਲ ਹੈ ਕਿ ਦੇਸ਼ ’ਚ ਹੋ ਰਹੀ ਹਰ ਮਾੜੀ ਚੀਜ਼ ਲਈ ਪ੍ਰਧਾਨ ਮੰਤਰੀ ਤਾਂ ਜ਼ਿੰਮੇਵਾਰ ਨਹੀਂ ਹੋ ਸਕਦੇ, ਉਦੋਂ ਵੀ ਜਦ ਉਨ੍ਹਾਂ ਦੀ ਪਾਰਟੀ ਹਾਦਸੇ ਵਾਲੀ ਥਾਂ, ਮਹਾਰਾਸ਼ਟਰ ਵਿਚ ਗੱਠਜੋੜ ’ਚ ਸਰਕਾਰ ਚਲਾ ਰਹੀ ਹੈ।
ਸ਼ਾਇਦ, ਸਾਰੇ ਪਾਸੇ, ਇਹ ਸਵੀਕਾਰ ਕਰ ਲੈਣਾ ਬਹੁਤ ਬਿਹਤਰ ਹੋਵੇਗਾ ਕਿ ਤੁਸੀਂ ਜਿੰਨਾ ਤਾਕਤਵਰ ਬਣ ਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਓਨੇ ਤੁਸੀਂ ਹੋ ਨਹੀਂ। ਨਾ ਲੱਦਾਖ ਵਿਚ, ਨਾ ਸਿੰਧੂਦੁਰਗ ਵਿਚ, ਨਾ ਕੰਧਾਰ ’ਚ।

Advertisement

*ਲੇਖਕਾ ‘ਦਿ ਟ੍ਰਿਬਿਊਨ’ ਦੀ ਮੁੱਖ ਸੰਪਾਦਕ ਹਨ।

Advertisement
Advertisement