For the best experience, open
https://m.punjabitribuneonline.com
on your mobile browser.
Advertisement

ਜੀਨ ਸੋਧੀਆਂ ਫ਼ਸਲਾਂ ਦੇ ਖ਼ਤਰੇ

07:54 AM Sep 11, 2024 IST
ਜੀਨ ਸੋਧੀਆਂ ਫ਼ਸਲਾਂ ਦੇ ਖ਼ਤਰੇ
Advertisement

ਪਵਨ ਕੁਮਾਰ ਕੌਸ਼ਲ

ਵਿਸ਼ਵ ਭਰ ਅੰਦਰ ਪਿਛਲੇ ਕਾਫ਼ੀ ਸਮੇਂ ਤੋਂ ਭੁੱਖਮਰੀ ਦਾ ਕਾਰਨ ਅਨਾਜ ਦੀ ਥੁੜ੍ਹ ਅਤੇ ਘੱਟ ਪੈਦਾਵਾਰ ਕਿਹਾ ਜਾ ਰਿਹਾ ਹੈ। ਇਸ ’ਤੇ ਕਾਬੂ ਪਾਉਣ ਖ਼ਾਤਰ ਸਾਮਰਾਜਵਾਦੀ ਦੇਸ਼ਾਂ ਦੀਆਂ ਬਹੁਕੌਮੀ ਕੰਪਨੀਆਂ ਵੱਧ ਅਨਾਜ ਪੈਦਾ ਕਰਨ ਲਈ ਅਨੁਵੰਸ਼ਿਕ ਸੋਧੀਆਂ ਫ਼ਸਲਾਂ (ਜੈਨੇਟੀਕਲੀ ਮੌਡੀਫਾਈਡ ਕਰੌਪਸ) ਜਾਂ ਜੀ.ਐੱਮ. ਫ਼ਸਲਾਂ ਦੀ ਕਾਸ਼ਤ ਕਰਨ ਲਈ ਵਿਕਾਸਸ਼ੀਲ ਅਤੇ ਪੱਛੜੇ ਦੇਸ਼ਾਂ ਉੱਪਰ ਉਨ੍ਹਾਂ ਦੇਸ਼ਾਂ ਦੀਆਂ ਹਾਕਮ ਜਮਾਤਾਂ ਤੇ ਵਿਸ਼ਵ ਵਪਾਰ ਸੰਸਥਾ, ਕੌਮਾਂਤਰੀ ਮੁਦਰਾ ਕੋਸ਼ ਤੇ ਵਿਸ਼ਵ ਬੈਂਕ ਰਾਹੀਂ ਮਜਬੂਰ ਕਰ ਰਹੀਆਂ ਹਨ। ਇਹ ਉਸ ਵਕਤ ਹੋ ਰਿਹਾ ਹੈ ਜਦੋਂ ਖ਼ੁਦ ਵਿਕਸਤ ਪੂੰਜੀਵਾਦੀ ਦੇਸ਼ ਇਨ੍ਹਾਂ ਫ਼ਸਲਾਂ ਦੀ ਕਾਸ਼ਤ ਉੱਪਰ ਕਾਨੂੰਨੀ ਤੌਰ ’ਤੇ ਪਾਬੰਦੀ ਲਗਾ ਰਹੇ ਹਨ। ਵੇਖਣ ਵਾਲੀ ਗੱਲ ਇਹ ਹੈ ਕਿ ਕੀ ਵਿਸ਼ਵ ਭਰ ਵਿੱਚ ਸੱਚਮੁੱਚ ਅਨਾਜ ਦੀ ਥੁੜ੍ਹ ਹੈ? ਇੱਕ ਕੌਮਾਂਤਰੀ ਅਖ਼ਬਾਰ ਅਨੁਸਾਰ ਅਸੀਂ ਪਹਿਲਾਂ ਹੀ 10 ਖਰਬ ਲੋਕਾਂ ਲਈ ਕਾਫ਼ੀ ਅਨਾਜ ਪੈਦਾ ਕਰਦੇ ਹਾਂ ਅਤੇ ਫਿਰ ਵੀ ਭੁੱਖ ਨੂੰ ਨਹੀਂ ਮਿਟਾ ਸਕਦੇ। ਭੁੱਖ ਦਾ ਕਾਰਨ ਗ਼ਰੀਬੀ ਅਤੇ ਨਾ-ਬਰਾਬਰੀ ਹੈ, ਨਾ ਕਿ ਥੁੜ੍ਹ। ਵਿਸ਼ਵ ਪਹਿਲਾਂ ਹੀ ਧਰਤੀ ਉੱਪਰ ਹਰ ਇੱਕ ਮਨੁੱਖ ਦਾ ਢਿੱਡ ਭਰਨ ਲਈ ਲੋੜੀਂਦੇ ਨਾਲੋਂ ਡੇਢ ਗੁਣਾ ਤੋਂ ਵੱਧ ਅਨਾਜ ਪੈਦਾ ਕਰਦਾ ਹੈ ਜੋ ਦਸ ਖਰਬ ਲੋਕਾਂ ਦਾ ਢਿੱਡ ਭਰਨ ਲਈ ਕਾਫ਼ੀ ਹੈ ਪਰ ਉਹ ਲੋਕ ਜਿਹੜੇ ਰੋਜ਼ਾਨਾ 30-40 ਰੁਪਏ ਵੀ ਨਹੀਂ ਕਮਾ ਸਕਦੇ ਤੇ ਉਹ ਕਿਸਾਨ ਜਿਹੜੇ ਨਾਮਾਤਰ ਜ਼ਮੀਨ ’ਤੇ ਖੇਤੀ ਕਰਦੇ ਹਨ, ਭੋਜਨ ਖ਼ਰੀਦਣ ਤੋਂ ਅਸਮਰੱਥ ਹੁੰਦੇ ਹਨ।
ਵਰਲਡ ਫੂਡ ਪ੍ਰੋਗਰਾਮ ਅਨੁਸਾਰ ਹਰ ਸਾਲ ਏਡਜ਼, ਮਲੇਰੀਆ ਅਤੇ ਤਪਦਿਕ ਨਾਲ ਹੁੰਦੀਆਂ ਕੁੱਲ ਮੌਤਾਂ ਨਾਲੋਂ ਜ਼ਿਆਦਾ ਲੋਕ ਭੁੱਖ ਨਾਲ ਮਰਦੇ ਹਨ। ਏਸ਼ੀਆ ਅੰਦਰ ਭੁੱਖਮਰੀ ਦੇ ਸ਼ਿਕਾਰ ਲੋਕਾਂ ਦੀ ਗਿਣਤੀ 55 ਕਰੋੜ 20 ਲੱਖ ਤੋਂ ਜ਼ਿਆਦਾ ਹੈ। ਇੱਕ ਵੇਰਵੇ ਮੁਤਾਬਿਕ 87 ਕਰੋੜ ਲੋਕ ਗੰਭੀਰ ਕੁਪੋਸ਼ਣ ਬਿਮਾਰੀਆਂ ਤੋਂ ਪੀੜਤ ਹਨ ਅਤੇ 85 ਕਰੋੜ 20 ਲੱਖ ਭੁੱਖ ਦੇ ਸ਼ਿਕਾਰ ਲੋਕ ਵਿਕਾਸਸ਼ੀਲ ਦੇਸ਼ਾਂ ਅੰਦਰ ਰਹਿੰਦੇ ਹਨ। ‘ਵਰਲਡ ਹੰਗਰ ਸਟੈਟਿਕਸ’ ਅਨੁਸਾਰ 93 ਕਰੋੜ 60 ਲੱਖ ਲੋਕ ਪੇਟ ਭਰ ਭੋਜਨ ਪ੍ਰਾਪਤ ਕਰਨ ਤੋਂ ਅਸਮਰੱਥ ਹਨ ਅਤੇ ਇਨ੍ਹਾਂ ਵਿੱਚੋਂ 65 ਫ਼ੀਸਦੀ ਦੁਨੀਆ ਦੇ 7 ਅਤਿ-ਗ਼ਰੀਬ ਤੇ ਪੱਛੜੇ ਦੇਸ਼ਾਂ ਅੰਦਰ ਰਹਿੰਦੇ ਹਨ। ਇੱਕ ਬਾਲਗ ਵਿਅਕਤੀ ਨੂੰ ਲੋੜੀਂਦੀਆਂ ਕੈਲਰੀਆਂ ਪ੍ਰਾਪਤ ਕਰਨ ਲਈ 200 ਕਿਲੋਗ੍ਰਾਮ ਅਨਾਜ ਦੀ ਪ੍ਰਤੀ ਸਾਲ ਲੋੜ ਹੈ ਜਦੋਂਕਿ ਵਿਸ਼ਵ ਵਿੱਚ 300 ਕਿਲੋਗ੍ਰਾਮ ਅਨਾਜ ਪ੍ਰਤੀ ਸਾਲ ਪ੍ਰਤੀ ਵਿਅਕਤੀ ਪੈਦਾਵਾਰ ਹੈ। ਵੀਹਵੀਂ ਸਦੀ ਵਿੱਚ ਪਏ ਕਾਲਾਂ ਦਾ ਕਾਰਨ ਅਨਾਜ ਦੀ ਥੁੜ੍ਹ ਬਿਲਕੁਲ ਨਹੀਂ ਸੀ; ਅਸਲ ਸਮੱਸਿਆ ਲੋਕਾਂ ਦੀ ਗ਼ਰੀਬੀ ਕਾਰਨ ਭੋਜਨ ਤੱਕ ਪਹੁੰਚ ਦੀ ਅਸਮਰੱਥਾ ਸੀ। ਸੰਨ 1943-44 ਵਿੱਚ ਬੰਗਾਲ ਦਾ ਕਾਲ ਬਰਤਾਨਵੀ ਸਾਮਰਾਜ ਦੀ ਦੇਣ ਸੀ ਜਿਸ ਵਿੱਚ 30 ਲੱਖ ਲੋਕ ਇਸ ਕਰਕੇ ਮਾਰੇ ਗਏ ਸਨ ਕਿ ਚੌਲਾਂ ਦੀਆਂ ਕੀਮਤਾਂ ਵਿੱਚ ਚਾਰ ਗੁਣਾ ਵਾਧਾ ਕਰਨ ਕਰਕੇ ਇਹ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਏ ਸਨ। ਕਾਲ ਜ਼ਿਆਦਾਤਰ ਅਨਾਜ ਦੀ ਕਮੀ ਕਾਰਨ ਨਹੀਂ ਪੈਂਦੇ ਸਗੋਂ ਇਸ ਕਰਕੇ ਪੈਂਦੇ ਹਨ ਕਿਉਂਕਿ ਅਨਾਜ ਭੁੱਖੇ ਵਿਅਕਤੀ ਦੀ ਪਹੁੰਚ ਤੋਂ ਦੂਰ ਹੁੰਦਾ ਹੈ। ਇਥੋਪੀਆ ਵਿੱਚ 1972-74 ’ਚ ਭੁੱਖ ਨਾਲ 2 ਲੱਖ ਲੋਕ ਮਾਰੇ ਗਏ ਸਨ ਜਦੋਂਕਿ ਉੱਥੋਂ ਅਨਾਜ ਹੋਰ ਮੁਲਕਾਂ ਨੂੰ ਭੇਜਿਆ ਜਾ ਰਿਹਾ ਸੀ। ਗ਼ਰੀਬੀ ਭੁੱਖ ਦਾ ਮੁੱਖ ਕਾਰਨ ਹੈ। ਗ਼ਰੀਬੀ ਅਤੇ ਭੁੱਖਮਰੀ ਲੁੱਟ-ਖਸੁੱਟ ’ਤੇ ਆਧਾਰਿਤ ਨਾਕਸ ਪੂੰਜੀਵਾਦੀ ਪ੍ਰਬੰਧ ਹੈ ਜਿੱਥੇ ਕਰੋੜਾਂ ਟਨ ਅਨਾਜ ਭੁੱਖਿਆਂ ਨੂੰ ਵੰਡਣ ਦੀ ਥਾਂ ਸਾੜ ਜਾਂ ਸਮੁੰਦਰ ਵਿੱਚ ਸੁੱਟ ਦਿੱਤਾ ਜਾਂਦਾ ਹੈ।
ਅਨਾਜ ਦੀ ਅਖੌਤੀ ਥੁੜ੍ਹ ਪੈਦਾ ਕਰ ਕੇ ਪੂੰਜੀਵਾਦੀ ਦੇਸ਼ਾਂ ਦੀਆਂ ਹਾਕਮ ਜਮਾਤਾਂ ਆਪਣੀ ਲੁੱਟ-ਖਸੁੱਟ ਜਾਰੀ ਰੱਖਣ ਲਈ ਨਵੇਂ ਮਨਸੂਬੇ ਘੜਦੀਆਂ ਰਹਿੰਦੀਆਂ ਹਨ। ਅਨਾਜ ਦੀ ਅਖੌਤੀ ਥੁੜ੍ਹ ਦੇ ਨਾਂ ’ਤੇ ਸਾਮਰਾਜਵਾਦੀ ਦੇਸ਼ਾਂ ਦੀਆਂ ਬਹੁਕੌਮੀ ਕੰਪਨੀਆਂ ਵਿਸ਼ਵ ਵਪਾਰ ਸੰਸਥਾ ਰਾਹੀਂ ਪੱਛੜੇ ਅਤੇ ਵਿਕਾਸਸ਼ੀਲ ਦੇਸ਼ਾਂ ਨੂੰ ਅਨੁਵੰਸ਼ਿਕ ਸੋਧੇ ਬੀਜ ਵਰਤਣ ਅਤੇ ਸੋਧੀਆਂ ਫ਼ਸਲਾਂ ਦੀ ਕਾਸ਼ਤ ਕਰਨ ਲਈ ਮਜਬੂਰ ਕਰ ਰਹੀਆਂ ਹਨ। ਭਾਰਤ ਵਿੱਚ ਅਜਿਹਾ 1988 ਵਿੱਚ ਵਿਸ਼ਵ ਵਪਾਰ ਸੰਸਥਾ ਨਾਲ ਹੋਈ ਬੀਜ ਸੰਧੀ ਅਧੀਨ ਕੀਤਾ ਜਾ ਰਿਹਾ ਹੈ। ਪਹਿਲਾਂ ਸਿੱਧੇ ਵਿਦੇਸ਼ੀ ਨਿਵੇਸ਼ ਰਾਹੀਂ ਇਨ੍ਹਾਂ ਦੇਸ਼ਾਂ ਦੀ ਆਰਥਿਕਤਾ ’ਤੇ ਕਬਜ਼ਾ ਕੀਤਾ ਗਿਆ। ਹੁਣ ਉੱਥੋਂ ਦੀ ਕਿਸਾਨੀ ਨੂੰ ਜੀ.ਐੱਮ. ਬੀਜਾਂ ਅਤੇ ਫ਼ਸਲਾਂ ਦੇ ਪੇਟੈਂਟ ਅਧਿਕਾਰਾਂ ਤੇ ਇਨ੍ਹਾਂ ਉੱਪਰ ਆਪਣੀ ਅਜ਼ਾਰੇਦਾਰੀ ਸਥਾਪਤ ਕਰ ਕੇ ਖੇਤੀ ਦੇ ਧੰਦੇ ਤੋਂ ਬਾਹਰ ਕਰ ਕੇ ਇਨ੍ਹਾਂ ਫ਼ਸਲਾਂ ਦੀ ਕਾਸ਼ਤ ਰਾਹੀਂ ਸਾਮਰਾਜਵਾਦੀ ਦੇਸ਼ ਇਨ੍ਹਾਂ ਦੇਸ਼ਾਂ ਨੂੰ ਆਪਣੇ ਅਧੀਨ ਕਰਨ ਦੇ ਮਨਸੂਬੇ ਘੜ ਰਹੇ ਹਨ।
ਜੀ.ਐੱਮ. ਫ਼ਸਲਾਂ ਅਜਿਹੇ ਪੌਦੇ ਹਨ ਜਿਨ੍ਹਾਂ ਦੇ ਡੀ.ਐੱਨ.ਏ. ਵਿੱਚ ਜੈਨੇਟਿਕ ਇੰਜੀਨੀਅਰਿੰਗ ਤਕਨੀਕ ਰਾਹੀਂ ਨਵੇਂ ਗੁਣ ਦਾਖ਼ਲ ਕਰ ਕੇ ਉਨ੍ਹਾਂ ਨੂੰ ਸੋਧਿਆ ਜਾਂਦਾ ਹੈ। ਇਹ ਗੁਣ ਪੌਦਿਆਂ ਦੀਆਂ ਮਿਲਦੀਆਂ ਕੁਦਰਤੀ ਜਾਤੀਆਂ ਵਿੱਚ ਨਹੀਂ ਪਾਏ ਜਾਂਦੇ। ਪੌਦਿਆਂ ਦੇ ਜੀਨਾਂ ਨੂੰ ਸੋਧ ਕੇ ਬਣਾਏ ਜਾਂਦੇ ਬੀਜ ਫ਼ਸਲਾਂ, ਕੁਦਰਤ ਅਤੇ ਵਾਤਾਵਰਨ ਦੇ ਅਨੁਕੂਲ ਨਹੀਂ ਹੁੰਦੇ। ਕੁਦਰਤ ਦੇ ਨਿਯਮਾਂ ਵਿਰੁੱਧ ਤਿਆਰ ਕੀਤੀਆਂ ਪੌਦਿਆਂ ਦੀਆਂ ਜਾਤੀਆਂ ਜਾਂ ਉਪ-ਜਾਤੀਆਂ ਮਨੁੱਖ, ਹੋਰ ਜੀਵਾਂ ਅਤੇ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ।
ਵਿਗਿਆਨਕ ਪਰਖਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਜੀ.ਐੱਮ. ਫ਼ਸਲਾਂ ਮਿੱਟੀ ਵਿੱਚੋਂ ਵਾਤਾਵਰਨ ਲਈ ਮਹੱਤਵਪੂਰਨ ਤੱਤਾਂ ਨੂੰ ਸੋਖ ਕੇ ਉਨ੍ਹਾਂ ਨੂੰ ਨਸ਼ਟ ਕਰ ਦਿੰਦੀਆਂ ਹਨ। ਅਨੁਵੰਸ਼ਿਕ ਸੋਧ ਰਾਹੀਂ ਤਿਆਰ ਕੀਤੇ ਇਹ ਪੌਦੇ ਅਜਿਹੇ ਰਸਾਇਣ ਪੈਦਾ ਕਰਦੇ ਹਨ ਜਿਹੜੇ ਪਾਣੀ ਨਾਲ ਮਿਲ ਕੇ ਜ਼ਮੀਨ ਅਤੇ ਹੇਠਲੇ ਪਾਣੀ ਦੇ ਪ੍ਰਦੂਸ਼ਣ ਵਿੱਚ ਖ਼ਤਰਨਾਕ ਹੱਦ ਤਕ ਵਾਧਾ ਕਰਦੇ ਹਨ। ਸੰਸਾਰ ਦੇ ਲਗਪਗ 800 ਵਿਗਿਆਨੀਆਂ ਨੇ ਵਿਸ਼ਵ ਭਰ ਦੀਆਂ ਸਰਕਾਰਾਂ ਨੂੰ ਇੱਕ ਖੁੱਲ੍ਹਾ ਖ਼ਤ ਲਿਖ ਕੇ ਦੱਸਿਆ ਹੈ ਕਿ ਜੀ.ਐੱਮ. ਫ਼ਸਲਾਂ ਮਨੁੱਖੀ ਭੋਜਨ ਲਈ ਖ਼ਤਰਨਾਕ ਹਨ ਅਤੇ ਇਹ ਇੱਕ ਜੀਵ-ਯੁੱਧ ਤੋਂ ਘੱਟ ਹੋਰ ਕੁਝ ਨਹੀਂ ਹਨ। ਅਨੁਵੰਸ਼ਿਕ ਸੋਧੀਆਂ ਫ਼ਸਲਾਂ ਪ੍ਰਤੀ ਭੁਲੇਖੇ ਪੈਦਾ ਕਰਨ ਅਤੇ ਅੰਨ੍ਹੇ ਮੁਨਾਫ਼ੇ ਲਈ ਸਾਮਰਾਜਵਾਦੀ ਦੇਸ਼ ਤੇ ਵਿਸ਼ਵ ਦੇ ਚੋਟੀ ਦੇ ਅਜ਼ਾਰੇਦਾਰ ਕੋਈ ਕਸਰ ਬਾਕੀ ਨਹੀਂ ਛੱਡ ਰਹੇ।
ਸਾਮਰਾਜਵਾਦੀ ਦੇਸ਼ ਅਤੇ ਉਨ੍ਹਾਂ ਦੀਆਂ ਬਹੁਕੌਮੀ ਕੰਪਨੀਆਂ ਇਸ ਗੱਲ ਨੂੰ ਦਰਕਿਨਾਰ ਕਰ ਰਹੀਆਂ ਹਨ ਕਿ ਵਿਸ਼ਵ ਦੇ ਖ਼ੁਰਾਕ ਸੰਕਟ ’ਤੇ ਜੀ.ਐੱਮ. ਫ਼ਸਲਾਂ ਨੂੰ ਵਰਤੋਂ ਵਿੱਚ ਲਿਆਂਦੇ ਬਿਨਾਂ ਕਾਬੂ ਪਾਇਆ ਜਾ ਸਕਦਾ ਹੈ। ਬੀਜ ਖੇਤਰ ਦੀਆਂ ਅਜ਼ਾਰੇਦਾਰ ਅਤੇ ਜੀਵ ਵਿਗਿਆਨ ਤਕਨਾਲੋਜੀ ਦੀਆਂ ਦਿਓ ਕੱਦ ਕੰਪਨੀਆਂ ਲੋਕਾਂ ਦੀਆਂ ਵਿਰੋਧੀ ਭਾਵਨਾਵਾਂ ਨੂੰ ਪਿੱਛੇ ਛੱਡ ਕੇ ਜੀ.ਐੱਮ. ਫ਼ਸਲਾਂ ਦੇ ਕੂੜ ਪ੍ਰਚਾਰ ਵਿੱਚ ਲੱਗੀਆਂ ਹੋਈਆਂ ਹਨ। ਵਿਆਪਕ ਤੌਰ ’ਤੇ ਇਹ ਸਬੂਤ ਮਿਲ ਰਹੇ ਹਨ ਕਿ ਜੀ.ਐੱਮ. ਫ਼ਸਲਾਂ ਨਾਲ ਦਰਿਆ, ਨਦੀਆਂ, ਨਾਲੇ, ਮੀਂਹ ਅਤੇ ਧਰਤੀ ਹੇਠਲਾ ਪਾਣੀ ਵੀ ਪ੍ਰਦੂਸ਼ਿਤ ਹੋ ਜਾਵੇਗਾ ਤੇ ਰੋਗਾਣੂ-ਨਾਸ਼ਕ ਵਿਰੋਧੀ ਜੀਨ ਪੈਦਾ ਹੋ ਜਾਣਗੇ। ਸਵਿਟਜ਼ਰਲੈਂਡ ਦੀ ਇੱਕ ਨਵੀਂ ਖੋਜ ਨੇ ਇੱਕ ਹੋਰ ਤੱਥ ਸਾਹਮਣੇ ਲਿਆਂਦਾ ਹੈ ਕਿ ਜੀ.ਐੱਮ. ਫ਼ਸਲਾਂ ਬੀ.ਟੀ. ਟਾਕਸਿਨ ਨਾਂ ਦਾ ਖ਼ਤਰਨਾਕ ਕੀਟਨਾਸ਼ਕ ਪੈਦਾ ਕਰਦੀਆਂ ਹਨ।
ਅਨੁਵੰਸ਼ਿਕ ਫ਼ਸਲਾਂ ਦਾ ਝਾੜ ਅੱਗੋਂ ਘਟਦਾ ਜਾਂਦਾ ਹੈ। ਸਾਲ 2012 ਵਿੱਚ ਅਮਰੀਕਾ ਨੂੰ ਪਿਛਲੇ 50 ਸਾਲਾਂ ਤੋਂ ਵੀ ਵੱਧ ਭਿਆਨਕ ਔੜ ਦਾ ਸਾਹਮਣਾ ਕਰਨਾ ਪਿਆ ਜਿਸਦੇ ਸਿੱਟੇ ਵਜੋਂ ਇਨ੍ਹਾਂ ਫ਼ਸਲਾਂ ਦਾ ਝਾੜ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਜੀ.ਐੱਮ. ਫ਼ਸਲਾਂ ਦੀ ਕਾਸ਼ਤ ਨੂੰ ਸਨਅਤੀ ਖੇਤੀ ਦਾ ਅੰਤ ਹੀ ਮੰਨਿਆ ਗਿਆ ਹੈ। ਆਰਗੈਨਿਕ ਖੇਤੀ ਵਾਲੀ ਜ਼ਮੀਨ ਦੀ ਮਿੱਟੀ ਦੀ ਉਪਰਲੀ ਪਰਤ ਵਿੱਚ ਲੋੜੀਂਦੇ ਸੂਖ਼ਮ ਜੀਵਾਣੂ ਵਧੇਰੇ ਹੁੰਦੇ ਹਨ। ਇਹ ਪਾਣੀ ਨੂੰ ਆਪਣੇ ਵਿੱਚ ਸਮੋਣ ਵਿੱਚ ਸਹਾਇਤਾ ਕਰਦੀ ਹੈ ਜਿਹੜਾ ਔੜ ਸਮੇਂ ਕੰਮ ਆਉਂਦਾ ਹੈ ਜਦੋਂਕਿ ਜੀ.ਐੱਮ. ਫ਼ਸਲਾਂ ਵਾਤਾਵਰਨ ਲਈ ਬਹੁਤ ਅਹਿਮ ਜ਼ਮੀਨ ਵਿੱਚ ਮੌਜੂਦ ਸੂਖ਼ਮ ਜੀਵਾਂ ਤੇ ਤੱਤਾਂ ਨੂੰ ਜਲਦੀ ਖ਼ਤਮ ਕਰ ਕੇ ਮਿੱਟੀ ਦੀ ਉਪਰਲੀ ਪਰਤ ਨੂੰ ਪਾਣੀ ਸੋਖਣ ਦੇ ਅਯੋਗ ਬਣਾ ਦਿੰਦੀਆਂ ਹਨ। ਇਹ ਧਰਤੀ ਹੇਠਲੇ ਪਾਣੀ ਦੇ ਪ੍ਰਦੂਸ਼ਣ ਵਿੱਚ ਗੰਭੀਰ ਵਾਧਾ ਕਰਕੇ ਦੂਜੀਆਂ ਫ਼ਸਲਾਂ ਤੇ ਮਨੁੱਖੀ ਜੀਵਨ ਲਈ ਖ਼ਤਰਾ ਬਣਦੀਆਂ ਹਨ।
ਇੰਨਾ ਸਭ ਕੁਝ ਸਾਹਮਣੇ ਆਉਣ ਦੇ ਬਾਵਜੂਦ ਭਾਰਤ ਸਰਕਾਰ ਜੀ.ਐੱਮ. ਫ਼ਸਲਾਂ ਦੀ ਕਾਸ਼ਤ ਬਾਰੇ ਕੋਈ ਸਪਸ਼ਟ ਨਿਰਣਾ ਨਹੀਂ ਲੈ ਰਹੀ ਸਗੋਂ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਖੇਡਣ ਦੀ ਨੀਤੀ ’ਤੇ ਚੱਲ ਰਹੀ ਹੈ। ਦੇਸ਼ ਵਿੱਚ ਅਜਿਹਾ ਸਾਲ 1988 ਵਿੱਚ ਵਿਸ਼ਵ ਵਪਾਰ ਸੰਸਥਾ ਨਾਲ ਹੋਈ ਬੀਜ ਸੰਧੀ ਅਧੀਨ ਕੀਤਾ ਜਾ ਰਿਹਾ ਹੈ ਜਦੋਂਕਿ ਪੂੰਜੀਵਾਦੀ ਵਿਕਸਤ ਦੇਸ਼ ਜੀ.ਐੱਮ. ਫ਼ਸਲਾਂ ਤੋਂ ਕਿਨਾਰਾ ਕਰ ਰਹੇ ਹਨ। ਸਾਡੀ ਸਰਕਾਰ ਇਨ੍ਹਾਂ ਫ਼ਸਲਾਂ ਨੂੰ ਆਪਣੇ ਦੇਸ਼ ਅੰਦਰ ਲਿਆਉਣ ਲਈ ਬਹੁਤ ਗੰਭੀਰ ਹੈ। ਸਰਕਾਰ ਬੀਤੇ ਤੋਂ ਵੀ ਕੋਈ ਸਬਕ ਨਹੀਂ ਸਿੱਖ ਰਹੀ। ਭਾਰਤ ਅੰਦਰ ਉੱਤਰੀ ਜ਼ੋਨ ਖ਼ਾਸ ਕਰਕੇ ਮਹਾਰਾਸ਼ਟਰ ਦੇ ਕਿਸਾਨਾਂ ਨੂੰ ਬੀ.ਟੀ. ਕਾਟਨ ਦੀ ਕਾਸ਼ਤ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਜਿਸ ਦਾ ਸਿੱਟਾ ਸਾਡੇ ਸਾਹਮਣੇ ਹੈ। ਬੀ.ਟੀ. ਕਾਟਨ ਦੀ ਕਾਸ਼ਤ ਦਾ ਤਜਰਬਾ ਦੱਸਦਾ ਹੈ ਕਿ ਇਸ ਫ਼ਸਲ ’ਤੇ ਅਜਿਹੇ ਕੀਟਾਂ ਨੇ ਹਮਲਾ ਕੀਤਾ ਜਿਨ੍ਹਾਂ ਨੂੰ ਖ਼ਤਮ ਕਰਨ ਵਿੱਚ ਕੋਈ ਕੀਟਨਾਸ਼ਕ ਅਸਰਦਾਰ ਸਾਬਿਤ ਨਹੀਂ ਹੋਇਆ। ਕਰਜ਼ਿਆਂ ਹੇਠ ਦੱਬੀ ਕਿਸਾਨੀ ਖ਼ੁਦਕੁਸ਼ੀ ਦਾ ਰਾਹ ਫੜਨ ਲਈ ਮਜਬੂਰ ਹੋ ਗਈ। ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦੇ ਜ਼ਿਆਦਾਤਰ ਮਾਮਲੇ ਉਨ੍ਹਾਂ ਖੇਤਰਾਂ ਵਿੱਚੋਂ ਆਏ ਸਨ ਜਿਨ੍ਹਾਂ ਖੇਤਰਾਂ ਵਿੱਚ ਬੀ.ਟੀ. ਕਾਟਨ ਦੀ ਕਾਸ਼ਤ ਕੀਤੀ ਜਾਂਦੀ ਹੈ।
ਸਰਕਾਰ ਸਿਰਫ਼ ਸਨਅਤੀ ਘਰਾਣਿਆਂ ਅਤੇ ਅਜ਼ਾਰੇਦਾਰਾਂ ਦੇ ਮੁਨਾਫ਼ਿਆਂ ਲਈ ਚਿੰਤਤ ਰਹਿੰਦੀ ਹੈ। ਇਸ ਨੇ ਪਹਿਲਾਂ ਬਜਟ ਵਿੱਚ 5 ਲੱਖ ਕਰੋੜ ਰੁਪਏ ਇਨ੍ਹਾਂ ਘਰਾਣਿਆਂ ਦੀ ਸਹਾਇਤਾ ਲਈ ਰੱਖੇ ਅਤੇ ਹੁਣ ਚੁੱਪ-ਚੁਪੀਤੇ 1000 ਕਰੋੜ ਰੁਪਏ ਬੈਂਕਾਂ ਵੱਲੋਂ ਸਨਅਤਕਾਰਾਂ ਦੇ ਕਰਜ਼ਿਆਂ ’ਤੇ ਲੀਕ ਫੇਰ ਦਿੱਤੀ। ਜੀ.ਐੱਮ. ਫ਼ਸਲਾਂ ਦੀ ਆਮਦ ਕਿਸਾਨੀ ਅਤੇ ਮਨੁੱਖੀ ਜੀਵਨ ਲਈ ਘਾਤਕ ਹੋਵੇਗੀ। ਇਹ ਮਨੁੱਖ ਜਾਤੀ ਅਤੇ ਜੀਵ-ਜੰਤੂਆਂ ਦੀ ਹੋਂਦ ’ਤੇ ਪ੍ਰਸ਼ਨ ਚਿੰਨ੍ਹ ਲਗਾ ਦੇਣਗੀਆਂ।

Advertisement

ਸੰਪਰਕ: 98550-04500

Advertisement

Advertisement
Author Image

sukhwinder singh

View all posts

Advertisement