ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤਾਏ ਦੀ ਧੀ ਚੱਲੀ...

07:31 AM Aug 05, 2024 IST

ਪ੍ਰੋ. ਕੇ ਸੀ ਸ਼ਰਮਾ

Advertisement

ਸੰਸਾਰ ਦੇ ਪਹਿਲੇ ਅਮੀਬਾ ਤੋਂ ਲੈ ਕੇ ਵਰਤਮਾਨ ਰੂਪ ਤੱਕ ਪੁੱਜਣ ਦਾ ਮਨੁੱਖ ਦਾ ਸਫ਼ਰ ਬਹੁਤ ਲੰਮਾ ਅਤੇ ਸੰਘਰਸ਼ ਵਾਲਾ ਰਿਹਾ ਹੈ। ਹੋਰ ਪਹਿਲੂਆਂ ਤੋਂ ਇਲਾਵਾ ਇਸ ਵਿਚ ਬੌਧਿਕਤਾ ਅਤੇ ਭਾਸ਼ਾ ਦੇ ਗਿਆਨ ਦੀ ਵਿਸ਼ੇਸ਼ ਭੂਮਿਕਾ ਹੈ। ਮਨੁੱਖੀ ਵਤੀਰੇ, ਖ਼ੁਸ਼ੀ, ਗ਼ਮੀ, ਗੁੱਸਾ, ਵਿਅੰਗ, ਮਜ਼ਾਕ ਆਦਿ ਦੇ ਪ੍ਰਗਟਾਵੇ ਲਈ ਹਰ ਭਾਸ਼ਾ ਵਿਚ ਮੁਹਾਵਰੇ, ਅਖੌਤਾਂ ਦਾ ਅਸੀਮ ਭੰਡਾਰ ਹੁੰਦਾ ਹੈ ਅਤੇ ਇਹ ਸਾਡੇ ਵਿਰਸੇ ਦਾ ਅਮੀਰ ਹਿੱਸਾ ਬਣ ਜਾਂਦੇ ਹਨ। ‘ਤਾਏ ਦੀ ਧੀ ਚੱਲੀ, ਮੈਂ ਕਿਉਂ ਰਹਾਂ ’ਕੱਲੀ’ ਪੰਜਾਬੀ ਦੀ ਪ੍ਰਸਿੱਧ ਕਹਾਵਤ ਹੈ।
ਆਮ ਤੌਰ ’ਤੇ ਇਸ ਕਹਾਵਤ ਨੂੰ ਹਲਕੇ ਫੁਲਕੇ ਅਤੇ ਵਿਅੰਗਾਤਮਕ ਲਹਿਜੇ ਵਿਚ ਲਿਆ ਜਾਂਦਾ ਹੈ ਪਰ ਇਸ ਪਿੱਛੇ ਬੜੀ ਡੂੰਘੀ ਮਨੋਵਿਗਿਆਨ ਮਨੌਤ ਲੁਕੀ ਹੋਈ ਹੈ। ਆਮ ਤੌਰ ’ਤੇ ਇਸ ਨੂੰ ਈਰਖਾ ਦੇ ਤੌਰ ’ਤੇ ਲਿਆ ਜਾਂਦਾ ਹੈ। ਗਹਿਰਾਈ ’ਚ ਜਾਣ ’ਤੇ ਇਸ ਪਿੱਛੇ ਕਈ ਹਾਂ ਪੱਖੀ ਤੇ ਨਕਾਰਾਤਮਕ ਭਾਵ ਦਿਸਣਗੇ; ਸਭ ਤੋਂ ਵੱਡਾ ਭਾਵ ਰੀਸ ਤੇ ਸਾੜਾ ਦਿਸਦੇ ਹਨ। ਰੀਸ ਚੌਪਾਇਆਂ ਤੋਂ ਵਿਰਸੇ ਵਿਚ ਮਿਲੀ ਲਗਦੀ ਹੈ।
ਰੀਸ ਦਾ ਅਹਿਸਾਸ ਆਪਣੇ ਸਾਵੇਂ ਪੱਧਰ ਦੇ ਵਰਗ ਵਿਚ ਜਿ਼ਆਦਾ ਮਿਲਦਾ ਹੈ। ਆਪਣੇ ਭੈਣ-ਭਰਾਵਾਂ, ਸ਼ਰੀਕਾਂ, ਸਹਿ-ਕਰਮੀਆਂ, ਦੋਸਤਾਂ ਇੱਕੋ ਵਣਜ ਦੇ ਸਾਥੀਆਂ, ਸਕੂਲਾਂ ਕਾਲਜਾਂ ਦੇ ਸਹਿਪਾਠੀਆਂ, ਆਰਥਿਕ ਤੇ ਸਮਾਜਿਕ ਬਰਾਬਰੀ ਵਾਲਿਆਂ, ਖਿਡਾਰੀਆਂ ਦੀ ਟੀਮ ਦੇ ਮੈਂਬਰਾਂ, ਗੁਆਂਢੀਆਂ ਤੇ ਮੁਹੱਲੇਦਾਰਾਂ ਅਤੇ ਇਕੱਠ ਵਿਚ ਵਸਣ ਵਾਲੇ ਹੋਰ ਲੋਕਾਂ ਵਿਚ ਇਸ ਦੀ ਹੋਂਦ ਵੱਧ ਹੁੰਦੀ ਹੈ।
ਆਪਣੀ ਪਰੋਖੋਂ ਬਾਰੇ ਨਾ-ਸਮਝੀ ਤੋਂ ਉਪਜੀ ਰੀਸ ਪਿੱਛੇ ਹੀਣ ਭਾਵਨਾ, ਸਾੜਾ ਆਦਿ ਨਾਂਹ ਪੱਖੀ ਸੋਚ ਦੇ ਅੰਸ਼ ਹੁੰਦੇ ਹਨ। ਦੂਜਿਆਂ ਦੀ ਅਮੀਰੀ, ਉਚੇਰਾ ਸਮਾਜਿਕ ਪੱਧਰ, ਵਿਲਾਸਤਾ ਦੇ ਸਾਧਨ, ਸੁੰਦਰ ਘਰ, ਜ਼ਮੀਨ ਜਾਇਦਾਦ, ਵਾਹਨ ਆਦਿ ਦਾ ਆਪ ਤੋਂ ਜਿ਼ਆਦਾ ਮਾਤਰਾ ਵਿਚ ਹੋਣਾ ਈਰਖਾ ਨੂੰ ਜਨਮ ਦਿੰਦੇ ਹਨ। ਐਸੀ ਨਕਾਰਾਤਮਕ ਸੋਚ ਪੈਦਾ ਕਰਨ ਵਿਚ ਸਿਨੇਮਾ, ਟੈਲੀਵਿਜ਼ਨ, ਭੜਕਾਊ ਰਸਾਲਿਆਂ ਦੀ ਭੂਮਿਕਾ ਵਧੇਰੇ ਹੈ। ਲੋਕ ਫਿਲਮਾਂ ਵਿਚ ਦੇਖੇ ਨਾਇਕਾਂ ਦੇ ਕੈਮਰਾ ਟ੍ਰਿਕ ਨਾਲ ਫਿਲਮਾਏ ਸਾਹਸੀ ਕਾਰਨਾਮੇ, ਨਾਇਕਾਵਾਂ ਦੇ ਖੂਬਸੂਰਤ ਡਰੈੱਸ, ਕਲੱਬਾਂ ਦੀ ਰੰਗੀਨੀ ਅਤੇ ਨਸ਼ਿਆਂ ਦੀ ਰੀਸ ਕਰਨ ਲੱਗ ਪੈਂਦੇ ਹਨ। ਨੌਜਵਾਨ ਮੋਟਰਸਾਈਕਲਾਂ ਦੇ ਸਟੰਟ ਅਤੇ ਸੈਲਫੀਆਂ ਰਾਹੀਂ ਜਾਨਲੇਵਾ ਕੰਮਾਂ ਵਿਚ ਲੱਗ ਜਾਂਦੇ ਹਨ। ਫੈਸ਼ਨ ਦੀ ਰੀਸ ਔਰਤਾਂ ਵਿਚ ਜਿ਼ਆਦਾ ਮਿਲਦੀ ਹੈ; ਉਂਝ, ਇਸ ਮਾਮਲੇ ਵਿੱਚ ਅੱਜ ਕੱਲ੍ਹ ਮਰਦ ਵੀ ਪਿਛਾਂਹ ਨਹੀਂ। ਐਸੀ ਸੋਚ ਮਾਨਸਿਕ ਸੁਖ, ਸ਼ਾਂਤੀ, ਸਿਹਤ, ਪੈਸਾ ਆਦਿ ਦੀ ਤਬਾਹੀ ਦਾ ਕਾਰਨ ਬਣ ਜਾਂਦੀ ਹੈ। ਕਈ ਵਾਰ ਤਾਂ ‘ਅੱਡੀਆਂ ਚੁੱਕ ਕੇ ਫਾਹਾ ਲੈਣ’ ਵਾਲੀ ਗੱਲ ਹੋ ਜਾਂਦੀ ਹੈ।
ਅੰਧਾਧੁੰਦ ਰੀਸ ਧੋਖਾ ਵੀ ਦਿੰਦੀ ਹੈ। ਇਕ ਵਾਰ ਮੈਂ ਵਿਦਿਆਰਥੀਆਂ ਦੇ ਟੂਰ ਨਾਲ ਮੁੰਬਈ ਗਿਆ। ਰੀਸੋ ਰੀਸ ਮੋਟਾ ਮਾਰਕੀਟ ਤੋਂ ਭਾਅ ਤੋੜ ਕੇ ਦੋ ਚੀਜ਼ਾਂ ਖਰੀਦ ਲਿਆਇਆ: ਇਕ ਉਸ ਸਮੇਂ ਦੇ ਮਸ਼ਹੂਰ ਸਟਰੈਚਲੋਨ ਦਾ ਪੈਂਟ ਪੀਸ ਅਤੇ ਦੂਜੀ ਇਕ ਦੋਸਤ ਦੀ ਬੇਨਤੀ ’ਤੇ ‘ਜਿੱਲਟ’ ਦੀ ਸ਼ੇਵਿੰਗ ਮਸ਼ੀਨ। ਪੰਜਾਹ ਰੁਪਏ ਵਾਲੀ ਮਸ਼ੀਨ ਵੀਹ ਰੁਪਏ ਵਿਚ ਖਰੀਦ ਕੇ ਬੜਾ ਖ਼ੁਸ਼। ਡੇਰੇ ਵਾਪਿਸ ਆ ਕੇ ਬੱਚਿਆਂ ਨੇ ਦੇਖਿਆ ਕਿ ਮਸ਼ੀਨ ਉਪਰ ‘ਜਿੱਲਟੀਨ’ ਲਿਖਿਆ ਸੀ ਅਤੇ ਨਕਲੀ ਸੀ। ਅਗਲੇ ਦਿਨ ਵਾਪਿਸ ਕਰਨ ਗਿਆ ਤਾਂ ਬੰਦਾ ਗਾਇਬ ਸੀ। ਹੋਰਨਾਂ ਨੇ ਦੱਸਿਆ, “ਬਾਬੂ ਜੀ, ਆਪਨ ਛੇ ਰੁਪਏ ਕਾ ਮਾਲ ਬੀਸ ਮੇਂ ਲੇ ਗਏ।” ਸ਼ਹਿਰ ਵਾਪਿਸ, ਦੋਸਤ ਪੰਜਾਹ ਵਾਲੀ ਮਸ਼ੀਨ ਲੈ ਕੇ ਬੜਾ ਖ਼ੁਸ਼ ਸੀ। ਮੈਂ ਸੋਚਿਆ, ‘ਪੁੱਤ, ਸਚਾਈ ਦਾ ਪਤਾ ਬਾਅਦ ਵਿਚ ਲੱਗੂ।’ ਮੇਰੀ ਪੈਂਟ ਇਕ ਧੋ ਪਿੱਛੋਂ ਨੀਕਰ ਬਣ ਗਈ। ਸੁਆਈ ਪੱਲਿਓਂ ਗਈ।
ਉਂਝ ਇਹ ਕਹਾਵਤ ਸਿਹਤਮੰਦ ਮੁਕਾਬਲੇ ਅਤੇ ਪ੍ਰੇਰਨਾ ਦਾ ਸਰੋਤ ਵੀ ਬਣਦੀ ਹੈ। ਸੰਸਾਰ ਵਿਚ ਬੇਸ਼ੁਮਾਰ ਲੋਕਾਂ ਦੀਆਂ ਉਦਾਹਰਨ ਹਨ ਜਿਨ੍ਹਾਂ ਨੇ ਗ਼ਰੀਬੀ ਅਤੇ ਉਲਟ ਹਾਲਾਤ ਦੇ ਬਾਵਜੂਦ ਰਾਜਨੀਤੀ, ਉਦਯੋਗ, ਸਿਵਲ ਸੇਵਾਵਾਂ, ਕਾਰੋਬਾਰ ਆਦਿ ਵਿਚ ਸਿਖਰ ਛੋਹੀ। ਸਾਡੇ ਦੇਸ਼ ਵਿਚ ਸ੍ਰੀ ਲਾਲ ਬਹਾਦੁਰ ਸ਼ਾਸਤਰੀ, ਏਪੀਜੇ ਅਬਦੁਲ ਕਲਾਮ, ਧੀਰੂ ਭਾਈ ਅੰਬਾਨੀ ਅਤੇ ਵਿਦੇਸ਼ਾਂ ਵਿਚ ਬੈਂਜਾਮਿਨ ਫਰੈਂਕਲਿਨ, ਅਬਰਾਹਮ ਲਿੰਕਨ, ਬਿਲ ਗੇਟਸ ਆਦਿ ਅਣਗਿਣਤ ਸਿਤਾਰੇ ਹਨ ਜੋ ਸਾਡੇ ਲਈ ‘ਤਾਏ ਦੀਆਂ ਧੀਆਂ’ ਦੇ ਤੌਰ ’ਤੇ ਆਦਰਸ਼ ਬਣ ਕੇ ਸਾਨੂੰ ਅੱਗੇ ਵਧਣ ਦੀ ਪ੍ਰੇਰਨਾ ਦਿੰਦੇ ਹਨ। ਐਸਾ ਅਹਿਸਾਸ ਆਦਮੀ ਅੰਦਰ ਛੁਪੇ ਹੁਨਰ, ਕਲਾ, ਯੋਗਤਾਵਾਂ ਆਦਿ ਗੁਣਾ ਨੂੰ ਪ੍ਰਫੁਲਤ ਕਰ ਕੇ ਬਾਹਰ ਲਿਆਉਂਦਾ ਹੈ। ਲੋਕ ਇਨ੍ਹਾਂ ਨੂੰ ਦੇਖ ਕੇ ਸਖ਼ਤ ਮਿਹਨਤ, ਲਗਨ ਅਤੇ ਵਿੱਦਿਆ ਰਾਹੀਂ ਮੁਕਾਮ ਹਾਸਲ ਕਰ ਲੈਂਦੇ ਹਨ।
ਮੈਂ ਬਹੁਤ ਸਾਰੇ ਗ਼ਰੀਬ ਪਰ ਹੁਸ਼ਿਆਰ ਵਿਦਿਆਰਥੀ ਨੂੰ ਜਾਣਦਾ ਹਾਂ ਜਿਨ੍ਹਾਂ ਨੇ ਉੱਚੇ ਸਥਾਨ ਪ੍ਰਾਪਤ ਕੀਤੇ। ਮੈਨੂੰ ਇਕ ਦੋਸਤ ਦੀ ਸੱਚੀ ਕਹਾਣੀ ਯਾਦ ਹੈ। ਉਹ ਪਿੰਡ ਵਿਚ ਕੰਮ ਕਰਦੇ ਸਲੋਤਰੀ ਦਾ ਪੁੱਤਰ ਹੈ। ਹਾਈ ਸਕੂਲ ਦੇ ਦਿਨੀਂ ਉਸ ਦੇ ਤਾਏ ਦਾ ਮੁੰਡਾ ਨਾਲ ਦੇ ਘਰ ਵਿਚ ਕਾਰ ’ਤੇ ਆਉਂਦਾ ਸੀ; ਉਸ ਕੋਲ ਟੁੱਟਿਆ ਜਿਹਾ ਸਾਈਕਲ ਸੀ। ਕਾਰਨ? ਤਾਏ ਦਾ ਮੁੰਡਾ ਪੀਸੀਐੱਸ ਅਫਸਰ ਸੀ। ਬੱਸ ਉਸ ਅੰਦਰ ਸਿਹਤਮੰਦ ਮੁਕਾਬਲੇ ਦੀ ਐਸੀ ਚਿਣਗ ਲੱਗੀ ਕਿ ਉਹ ਆਈਏਐੱਸ ਅਫਸਰ ਬਣ ਗਿਆ ਅਤੇ ‘ਤਾਏ ਦੀ ਧੀ’ ਤੋਂ ਵੀ ਅੱਗੇ ਲੰਘ ਗਿਆ।
ਹਾਂ, ਅੰਧਾਧੁੰਦ ਰੀਸ ਜਾਨਲੇਵਾ ਵੀ ਹੋ ਸਕਦੀ ਹੈ। ਅਸੀਂ ਪੰਜਵੀਂ ਵਿਚ ਡੀ ਬੀ ਮਿਡਲ ਸਕੂਲ ਬੰਬੀਹਾ ਭਾਈ ਵਿਚ ਪੜ੍ਹਦੇ ਸੀ। ਇਕ ਦਿਨ ਨਾਲ ਦੇ ਸਾਥੀ ਸਕੂਲ ਪਿੱਛੇ ਵੱਡੇ ਛੱਪੜ ਵਿਚ ਨਹਾਉਣ ਲੱਗ ਪਏ। ਮੈਂ ਸੋਚਿਆ- ‘ਤਾਏ ਦੀਆਂ ਧੀਆਂ’ ਨਹਾ ਰਹੀਆਂ ਹਨ, ਮੈਂ ਕਿਉਂ ਇਕੱਲਾ ਰਹਾਂ! ਸੋ, ਰੀਸੋ ਰੀਸ ਉਨ੍ਹਾਂ ਦੇ ਪਿੱਛੇ ਛੱਪੜ ਵਿਚ ਵੜ ਗਿਆ। ਦੂਜਿਆਂ ਵਾਂਗ ਮੈਨੂੰ ਤੈਰਨਾ, ਕੁੱਦਣਾ ਬਿਲਕੁਲ ਨਹੀਂ ਆਉਂਦਾ ਸੀ। ਅੱਗੇ ਡੂੰਘਾ ਟੋਆ ਸੀ। ਉਸ ਵਿਚ ਜਾਂਦੇ ਹੀ ਡੁੱਬਣ ਲੱਗਾ। ਬਾਹਾਂ ਉੱਤੇ ਚੁੱਕ ਕੇ ‘ਹੱਪੂੰ...! ਹੱਪੂੰ...!!’ ਕਰਨ ਲੱਗ ਪਿਆ। ਕਿਸਮਤ ਚੰਗੀ ਸੀ ਕਿ ਇਕ ਲੜਕੇ ਨੇ ਦੇਖ ਲਿਆ ਅਤੇ ਧੂ ਕੇ ਬਾਹਰ ਕੱਢ ਲਿਆ, ਨਹੀਂ ਤਾਂ ਤੁਸੀਂ ਇਹ ਲੇਖ ਕਿੱਥੇ ਪੜ੍ਹਦੇ ਹੋਣਾ ਸੀ...!
ਸੰਪਰਕ: 95824-28184

Advertisement
Advertisement