ਟੇਬਲ ਟੈਨਿਸ: ਭਾਰਤੀ ਪੁਰਸ਼ ਟੀਮ ਓਲੰਪਿਕ ’ਚੋਂ ਬਾਹਰ
ਪੈਰਿਸ, 6 ਅਗਸਤ
ਭਾਰਤੀ ਟੀਮ ਅੱਜ ਇੱਥੇ ਪੈਰਿਸ ਓਲੰਪਿਕ ਖੇਡਾਂ ਦੇ ਪੁਰਸ਼ ਟੇਬਲ ਟੈਨਿਸ ਟੀਮ ਮੁਕਾਬਲੇ ਦੇ ਪ੍ਰੀ-ਕੁਆਰਟਰ ਫਾਈਨਲ ’ਚ ਸਿਖਰਲਾ ਦਰਜਾ ਪ੍ਰਾਪਤ ਚੀਨ ਤੋਂ ਇਕਪਾਸੜ ਹਾਰ ਤੋਂ ਬਾਅਦ ਮੁਕਾਬਲੇ ਤੋਂ ਬਾਹਰ ਹੋ ਗਈ ਹੈ। ਚੀਨ ਨੇ ਇਹ ਮੁਕਾਬਲਾ 3-0 ਨਾਲ ਜਿੱਤ ਲਿਆ। ਭਾਰਤ ਦੀ 14ਵਾਂ ਦਰਜਾ ਪ੍ਰਾਪਤ ਟੀਮ ਕੋਲ ਕਈ ਵਾਰ ਦੇ ਓਲੰਪਿਕ ਚੈਂਪੀਅਨ ਚੀਨ ਦਾ ਕੋਈ ਜਵਾਬ ਨਹੀਂ ਸੀ। ਭਾਰਤ ਵੱਲੋਂ ਸਿਰਫ ਤਜਰਬੇਕਾਰ ਅਚੰਤਾ ਸ਼ਰਤ ਕਮਲ ਹੀ ਇੱਕ ਗੇਮ ਜਿੱਤਣ ਵਿੱਚ ਕਾਮਯਾਬ ਰਿਹਾ ਜਦਕਿ ਟੀਮ ਨੂੰ ਬਾਕੀ ਦੋ ਮੈਚਾਂ ਵਿੱਚ ਸਿੱਧੇ ਗੇਮਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਲਈ ਮੈਚ ਦੀ ਸ਼ੁਰੂਆਤ ਵਿਸ਼ਵ ਦੀ 42ਵੇਂ ਨੰਬਰ ਦੀ ਜੋੜੀ ਹਰਮੀਤ ਦੇਸਾਈ ਅਤੇ ਮਾਨਵ ਠੱਕਰ ਨੇ ਕੀਤੀ, ਜਿਸ ਨੂੰ ਚੀਨ ਦੀ ਮਾ ਲੋਂਗ ਅਤੇ ਚੁਕਿਨ ਵਾਂਗ ਦੀ ਦੁਨੀਆ ਦੀ ਨੰਬਰ ਇੱਕ ਜੋੜੀ ਤੋਂ 0-3 (2-11, 3-11, 7-11) ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸ਼ਰਤ ਕਮਲ ਨੇ ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਫੈਨ ਜ਼ੇਨਡੋਂਗ ਖ਼ਿਲਾਫ਼ ਆਪਣੀ ਪਹਿਲੀ ਗੇਮ ਜਿੱਤੀ ਪਰ ਚੀਨ ਦੇ ਖਿਡਾਰੀ ਨੇੇ ਅਗਲੀਆਂ ਤਿੰਨ ਗੇਮਾਂ ਜਿੱਤ ਕੇ ਇਹ ਮੈਚ 3-1 (9-11, 11-7, 11-7, 11-5) ਨਾਲ ਜਿੱਤ ਲਿਆ ਅਤੇ ਚੀਨ ਨੂੰ 2-0 ਦੀ ਲੀਡ ਦਿਵਾਈ। ਕਰੋ ਜਾਂ ਮਰੋ ਦੇ ਮੁਕਾਬਲੇ ’ਚ ਦੁਨੀਆ ਦੇ 59ਵੇਂ ਨੰਬਰ ਦੇ ਖਿਡਾਰੀ ਮਾਨਵ ਨੂੰ ਦੁਨੀਆ ਦੇ ਨੰਬਰ ਇਕ ਖਿਡਾਰੀ ਚੁਕਿਨ ਨੂੰ ਹਰਾਉਣਾ ਜ਼ਰੂਰੀ ਸੀ ਪਰ ਚੀਨ ਦੇ ਖਿਡਾਰੀ ਨੇ ਇਹ ਮੈਚ 3-0 (11-9, 11-6, 11-9) ਨਾਲ ਜਿੱਤ ਕੇ ਆਪਣੀ ਟੀਮ ਨੂੰ ਕੁਆਰਟਰ ਫਾਈਨਲ ਵਿੱਚ ਪਹੁੰਚਾ ਦਿੱਤਾ। ਭਾਰਤੀ ਮਹਿਲਾ ਟੀਮ ਨੇ ਬੀਤੇ ਦਿਨ ਰੋਮਾਨੀਆ ਨੂੰ 3-2 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ ਸੀ। -ਪੀਟੀਆਈ