ਟੇਬਲ ਟੈਨਿਸ: ਭਾਰਤੀ ਪੁਰਸ਼ ਤੇ ਮਹਿਲਾ ਟੀਮਾਂ ਓਲੰਪਿਕ ਲਈ ਕੁਆਲੀਫਾਈ
ਨਵੀਂ ਦਿੱਲੀ, 4 ਮਾਰਚ
ਭਾਰਤੀ ਪੁਰਸ਼ ਅਤੇ ਮਹਿਲਾ ਟੇਬਲ ਟੈਨਿਸ ਟੀਮਾਂ ਨੇ ਅੱਜ ਆਪਣੀ ਵਿਸ਼ਵ ਰੈਂਕਿੰਗ ਦੇ ਆਧਾਰ ’ਤੇ ਪਹਿਲੀ ਵਾਰ ਓਲੰਪਿਕ ਲਈ ਕੁਆਲੀਫਾਈ ਕਰ ਕੇ ਇਤਿਹਾਸ ਰਚ ਦਿੱਤਾ ਹੈ। ਪੈਰਿਸ ਓਲੰਪਿਕ ਲਈ ਵਿਸ਼ਵ ਟੀਮ ਚੈਂਪੀਅਨਸ਼ਿਪ ਆਖਰੀ ਕੁਆਲੀਫਾਇੰਗ ਟੂਰਨਾਮੈਂਟ ਸੀ ਅਤੇ ਇਸ ਦੇ ਸਮਾਪਤ ਹੋਣ ਤੋਂ ਬਾਅਦ ਟੀਮ ਮੁਕਾਬਲਿਆਂ ਵਿੱਚ ਸੱਤ ਸਥਾਨ ਬਚੇ ਸਨ ਜਿਨ੍ਹਾਂ ਲਈ ਟੀਮਾਂ ਦੀ ਚੋਣ ਉਨ੍ਹਾਂ ਦੀ ਦਰਜਾਬੰਦੀ ਦੇ ਆਧਾਰ ’ਤੇ ਕੀਤੀ ਗਈ। ਆਈਆਈਟੀਐੱਫ ਨੇ ਕਿਹਾ, ‘‘ਤਾਜ਼ਾ ਵਿਸ਼ਵ ਟੀਮ ਦਰਜਾਬੰਦੀ ਵਿੱਚ ਸਿਖਰਲੀ ਰੈਂਕਿੰਗ ਵਾਲੀਆਂ ਜਿਹੜੀਆਂ ਟੀਮਾਂ ਕੁਆਲੀਫਾਈ ਨਹੀਂ ਕਰ ਸਕੀਆਂ, ਉਨ੍ਹਾਂ ਨੇ ਪੈਰਿਸ 2024 ਲਈ ਆਪਣੀਆਂ ਟਿਕਟਾਂ ਹਾਸਲ ਕਰ ਲਈਆਂ ਹਨ।’’ ਮਹਿਲਾ ਵਰਗ ਵਿੱਚ 13ਵੇਂ ਸਥਾਨ ’ਤੇ ਕਾਬਜ਼ ਭਾਰਤ ਨੇ ਪੋਲੈਂਡ (12), ਸਵੀਡਨ (15) ਅਤੇ ਥਾਈਲੈਂਡ ਦੇ ਨਾਲ ਪੈਰਿਸ ਓਲੰਪਿਕ ਲਈ ਕੁਆਲੀਫਾਈ ਕੀਤਾ ਜਦਕਿ ਪੁਰਸ਼ ਟੀਮ ਮੁਕਾਬਲੇ ਵਿੱਚ ਕਰੋਏਸ਼ੀਆ (12), ਭਾਰਤ (15) ਅਤੇ ਸਲੋਵੇਨੀਆ (11) ਨੇ ਪੈਰਿਸ ਓਲੰਪਿਕ ਦੀਆਂ ਟਿਕਟਾਂ ਕਟਾਈਆਂ ਹਨ।
2008 ਪੇਈਚਿੰਗ ਓਲੰਪਿਕ ਵਿੱਚ ਹਿੱਸਾ ਹੋਣ ਤੋਂ ਬਾਅਦ ਭਾਰਤ ਪਹਿਲੀ ਵਾਰ ਟੀਮ ਮੁਕਾਬਲੇ ਵਿੱਚ ਹਿੱਸਾ ਲਵੇਗਾ। ਦੋਵੇਂ ਭਾਰਤੀ ਟੀਮਾਂ ਆਈਟੀਟੀਐੱਫ ਵਿਸ਼ਵ ਟੀਮ ਚੈਂਪੀਅਨਸ਼ਿਪ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਹਾਰ ਕੇ ਓਲੰਪਿਕ ਟਿਕਟ ਤੋਂ ਖੁੰਝ ਗਈਆਂ ਸਨ। ਪੁਰਸ਼ ਟੀਮ ਨੂੰ ਦੱਖਣੀ ਕੋਰੀਆ ਤੋਂ 0-3 ਅਤੇ ਮਹਿਲਾ ਟੀਮ ਨੂੰ ਚੀਨੀ ਤਾਇਪੇ ਤੋਂ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। -ਪੀਟੀਆਈ
ਸੁਫ਼ਨਾ ਹੋਇਆ ਪੂਰਾ: ਸ਼ਰਤ ਕਮਲ
ਭਾਰਤੀ ਖਿਡਾਰੀ ਸ਼ਰਤ ਕਮਲ ਨੇ ਐਕਸ ’ਤੇ ਕਿਹਾ, ‘‘ਆਖਰਕਾਰ ਭਾਰਤ ਨੇ ਓਲੰਪਿਕ ਟੀਮ ਈਵੈਂਟ ਲਈ ਕੁਆਲੀਫਾਈ ਕਰ ਲਿਆ ਹੈ। ਮੈਂ ਲੰਮੇ ਸਮੇਂ ਤੋਂ ਇਹ ਦੇਖਣਾ ਚਾਹੁੰਦਾ ਸੀ। ਪੰਜਵੀਂ ਵਾਰ ਓਲੰਪਿਕ ਵਿੱਚ ਖੇਡਣ ਦੇ ਬਾਵਜੂਦ ਇਹ ਸੱਚੀ ਮੇਰੇ ਲਈ ਬਹੁਤ ਖਾਸ ਹੈ। ਇਤਿਹਾਸਕ ਕੋਟਾ ਹਾਸਲ ਕਰਨ ਵਾਲੀ ਮਹਿਲਾ ਟੀਮ ਨੂੰ ਵੀ ਵਧਾਈ।’’